ਸੜਕ ਦੇ ਕਿਨਾਰੇ ਖੜ੍ਹੇ ਟਰੱਕ ਬਣੇ ਜਾਨ ਦਾ ਖੌਅ
ਪੱਤਰ ਪ੍ਰੇਰਕ
ਜਲੰਧਰ, 30 ਮਾਰਚ
ਸ਼ਹਿਰ ਦੀ ਪੁਲੀਸ ਵੱਲੋਂ ਸੜਕ ਕਿਨਾਰੇ ਲੱਗੇ ਰੇਹੜੀ-ਫੜ੍ਹੀ ਵਾਲਿਆਂ ਅਤੇ ਟਰੈਫਿਕ ਜਾਮ ਨੂੰ ਰੋਕਣ ਲਈ ਫੁੱਟਪਾਥਾਂ ਅਤੇ ਸੜਕ ਦੀ ਥਾਂ ’ਤੇ ਕਬਜ਼ੇ ਕਰਨ ਵਾਲੇ ਰੇਹੜੀ-ਫੜ੍ਹੀ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ, ਪਰ ਉਹ ਸੜਕਾਂ ਦੇ ਕਿਨਾਰੇ ਟਰੱਕਾਂ ਅਤੇ ਭਾਰੀ ਵਾਹਨਾਂ ਦੀ ਗੈਰ-ਕਾਨੂੰਨੀ ਪਾਰਕਿੰਗ ’ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਕਾਰਨ ਕਿਸੇ ਵੀ ਸਮੇਂ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਰਿਹਾ। ਇਥੋਂ ਦੇ ਪਟੇਲ ਚੌਕ ਤੋਂ ਵਰਕਸ਼ਾਪ ਚੌਕ, ਪਠਾਨਕੋਟ ਚੌਕ, ਟਾਂਡਾ ਰੇਲਵੇ ਕਰਾਸਿੰਗ ਵਰਗੇ ਇਲਾਕੇ ਇਸ ਅਣ-ਅਧਿਕਾਰਤ ਪਾਰਕਿੰਗ ਲਈ ਹਾਟ-ਸਪਾਟ ਬਣ ਗਏ ਹਨ, ਜਿਸ ਕਾਰਨ ਆਉਣ-ਜਾਣ ਵਾਲਿਆਂ ਲਈ ਕਾਫੀ ਖਤਰਾ ਬਣਿਆ ਹੋਇਆ ਹੈ, ਪਰ ਟਰੈਫਿਕ ਪੁਲੀਸ ਕਾਰਵਾਈ ਕਰਨ ’ਚ ਨਾਕਾਮ ਰਹੀ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਇਸ ਸਬੰਧੀ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਪਰ ਕੋਈ ਫਾਇਦਾ ਨਹੀਂ ਹੋਇਆ। ਇੱਕ ਵਸਨੀਕ ਕਵਿਤਾ ਸ਼ਰਮਾ ਨੇ ਕਿਹਾ, ‘‘ਪਟੇਲ ਚੌਕ ਤੋਂ ਵਰਕਸ਼ਾਪ ਚੌਕ ਤੱਕ ਸੜਕ ਲੱਗਭਗ ਟਰੱਕਾਂ ਦੀ ਖਾੜੀ ਵਿੱਚ ਤਬਦੀਲ ਹੋ ਗਈ ਹੈ ਕਿਉਂਕਿ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿੱਚ ਟਰੱਕ ਗਲਤ ਢੰਗ ਨਾਲ ਖੜ੍ਹੇ ਨਜ਼ਰ ਆ ਰਹੇ ਹਨ।” ਇਸ ਦੇ ਬਾਵਜੂਦ ਟਰੈਫਿਕ ਪੁਲੀਸ ਇਨ੍ਹਾਂ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਖੇਚਲ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਦਫ਼ਤਰ ਨੇ ਪ੍ਰਸ਼ਾਸਨ ਅਤੇ ਸੀਪੀ ਜਲੰਧਰ ਨੂੰ ਹਦਾਇਤਾਂ ਜਾਰੀ ਕਰਦਿਆਂ ਟਰਾਂਸਪੋਰਟਰਾਂ ਨਾਲ ਮੀਟਿੰਗਾਂ ਕਰਨ ਅਤੇ ਉਨ੍ਹਾਂ ਦੇ ਬੁਕਿੰਗ ਦਫ਼ਤਰਾਂ ਅਤੇ ਗੁਦਾਮਾਂ ਨੂੰ ਟਰਾਂਸਪੋਰਟ ਨਗਰ ਵਰਗੇ ਇਲਾਕੇ ਵਿੱਚ ਤਬਦੀਲ ਕਰਨ ਦੇ ਹੁਕਮ ਲਾਗੂ ਕਰਨ ਲਈ ਕਿਹਾ ਹੈ। ਉਸ ਨੇ ਕਿਹਾ ਕਿ ਨਿਰਦੇਸ਼ਾਂ ਵਿੱਚ ਉਦਯੋਗਿਕ ਖੇਤਰ ਅਤੇ ਪਟੇਲ ਚੌਕ ਵਰਗੇ ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ ਕਾਰਵਾਈਆਂ ਨੂੰ ਰੋਕਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ।