ਟੋਹਾਣਾ-ਮੂਨਕ ਸੜਕ ’ਤੇ ਟਰੱਕ ਪਲਟਿਆ
ਪੱਤਰ ਪ੍ਰੇਰਕ
ਟੋਹਾਣਾ, 21 ਅਗਸਤ
ਟੋਹਾਣਾ-ਮੂਨਕ ਸੜਕ ’ਤੇ ਪੱਥਰ ਨਾਲ ਭਰਿਆ ਇੱਕ ਟਰੱਕ ਅੱਜ ਸੜਕ ਕਿਨਾਰੇ ਵੀਹ ਫੁੱਟ ਡੂੰਘੇ ਖੱਡ ’ਚ ਪਲਟ ਗਿਆ। ਇਸ ਦੌਰਾਨ ਟਰੱਕ ਦਾ ਡਰਾਈਵਰ ਵਾਲ-ਵਾਲ ਬਚ ਗਿਆ। ਇਹ ਹਾਦਸਾ ਬੀਤੀ ਰਾਤ 10.30 ਵਜੇ ਵਾਪਰਿਆ। ਇਸ ਬਾਰੇ ਪਤਾ ਲੱਗਣ ਮਗਰੋਂ ਪਿੰਡ ਰਾਮਪੁਰਾ ਦੇ ਲੋਕਾਂ ਨੇ ਪੀੜਤ ਟਰੱਕ ਚਾਲਕ ਦੀ ਮਦਦ ਕੀਤੀ ਅਤੇ ਪੁਲੀਸ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਘੱਗਰ ਦੇ ਤੇਜ ਵਹਾਅ ਕਾਰਨ ਪਿੰਡ ਰਾਮਪੁਰਾ ਕੋਲ ਸੜਕ ’ਚ ਵੱਡਾ ਪਾੜ ਪੈ ਜਾਣ ਮਗਰੋਂ ਤਿੰਨ ਦਿਨ ਪਹਿਲਾਂ ਮਿੱਟੀ ਪਾ ਕੇ ਇਹ ਸੜਕ ਚਾਲੂ ਕੀਤੀ ਗਈ ਸੀ। ਇਸ ਪਾੜ ਕਾਰਨ ਪਹਿਲਾਂ ਵੀ ਇਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਟਰੱਕ ਚਾਲਕ ਨੇ ਦੱਸਿਆ ਕਿ ਪਾੜ ਵਾਲੀ ਥਾਂ ’ਤੇ ਪਹਿਲਾਂ ਵੀ ਇੱਕ ਟਰੱਕ ਧਸਿਆ ਹੋਇਆ ਸੀ। ਲੋਕਾਂ ਦੇ ਕਹਿਣੇ ’ਤੇ ਜਦੋਂ ਉਸ ਨੇ ਦੂਜੇ ਪਾਸਿਓਂ ਟਰੱਕ ਲੰਘਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸੰਤੁਲਨ ਗੁਆ ਬੈਠਾ ਤੇ ਟਰੱਕ ਪਲਟ ਗਿਆ। ਚਾਲਕ ਮੁਤਾਬਕ ਉਹ ਰਾਾਜਸਥਾਨ ਤੋਂ ਪੱਥਰ ਲੈ ਕੇ ਹਿਮਾਚਲ ਜਾ ਰਿਹਾ ਸੀ। ਹਾਦਸੇ ਤੋਂ ਥੋੜੀ ਦੂਰ ਜਗਰਾਤਾ ਕਰ ਰਹੇ ਲੋਕਾਂ ਨੇ ਉਸ ਦੀ ਮਦਦ ਕੀਤੀ। ਅੱਜ ਦੁਪਹਿਰ ਬਾਅਦ ਕਰੇਨਾਂ ਦੀ ਮਦਦ ਨਾਲ ਟਰੱਕ ਨੂੰ ਖੱਡ ’ਚੋਂ ਕੱਢਿਆ ਗਿਆ।
ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਜ਼ਖ਼ਮੀ
ਰਤੀਆ (ਪੱਤਰ ਪ੍ਰੇਰਕ): ਡੁਲਟ ਕੋਲ ਟਰੈਕਟਰ ਦੀ ਮੋਟਰਸਾਈਕਲ ਨੂੰ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਜ਼ਖ਼ਮੀ ਹੋ ਗਏ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਇੰਦਾਛੁਈ ਨਿਵਾਸੀ ਸੋਮਵੀਰ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ। ਬੀਤੇ ਦਿਨ ਉਹ ਪਿੰਡ ਦੇ ਹੀ ਸੁਰਜੀਤ ਨਾਲ ਮੋਟਰਸਾਈਕਲ ’ਤੇ ਭੂਨਾ ਜਾ ਰਹੇ ਸੀ। ਜਿਵੇਂ ਹੀ ਉਹ ਪਿੰਡ ਡੁਲਟ ਕੋਲ ਪਹੁੰਚੇ ਤਾਂ ਸਾਹਮਣਿਓਂ ਆ ਰਹੇ ਇਕ ਤੇਜ਼ ਰਫਤਾਰ ਟਰੈਕਟਰ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਹ ਦੋਵੇਂ ਸੜਕ ’ਤੇ ਡਿੱਗ ਕੇ ਜ਼ਖ਼ਮੀ ਹੋ ਗਏ।