ਹੜ੍ਹ ਨਾਲ ਨੁਕਸਾਨੇ ਪੁਲ ਉੱਤੇ ਟਰੱਕ ਪਲਟਿਆ
ਵਰਿੰਦਰਜੀਤ ਸਿੰਘ ਜਾਗੋਵਾਲ
ਕਾਹਨੂੰਵਾਨ, 24 ਅਗਸਤ
ਬੇਟ ਖੇਤਰ ਵਿੱਚ ਹੜ੍ਹ ਪ੍ਰਭਾਵਿਤ ਸੇਮ ਨਾਲੇ ਦੇ ਪੁਲ ਉੱਤੇ ਬੱਜਰੀ ਦਾ ਭਰਿਆ ਟਰੱਕ ਹਾਦਸਾਗ੍ਰਸਤ ਹੋ ਗਿਆ ਹੈ। ਇਸ ਸਬੰਧੀ ਕਿਸਾਨ ਆਗੂ ਸਤਨਾਮ ਸਿੰਘ ਬਾਗੜੀਆਂ ਨੇ ਦੱਸਿਆ ਕਿ ਸੇਮ ਨਾਲੇ ਉੱਤੇ ਪਿੰਡ ਬਲਵੰਡਾ ਵਿੱਚ ਪੈਂਦਾ ਪੁਲ ਬੀਤੇ ਸਾਲ ਹੜ੍ਹਾਂ ਦੌਰਾਨ ਨੁਕਸਾਨਿਆ ਗਿਆ ਸੀ। ਇਹ ਪੁਲ ਬੇਟ ਖੇਤਰ ਦੇ ਕਰੀਬ 50 ਪਿੰਡਾਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਅਤੇ ਸਬ ਤਹਿਸੀਲ ਨਾਲ ਜੋੜਦਾ ਹੋਣ ਕਾਰਨ ਬਹੁਤ ਮੁਹੱਤਤਾ ਰੱਖਦਾ ਹੈ। ਪੁਲ ਬੰਦ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਇਲਾਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਹ ਪੁਲ ਦੀ ਜਲਦੀ ਮੁਰੰਮਤ ਕਰ ਕੇ ਇਸ ਉੱਤੇ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ ਪਰ ਇੱਕ ਸਾਲ ਬਾਅਦ ਵੀ ਇਸ ਪੁਲ ਦੀ ਮੁਰੰਮਤ ਨਾ ਹੋਣ ਕਾਰਨ ਬੀਤੇ ਸਮੇਂ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢ ਦਿੱਤਾ ਸੀ। ਇਲਾਕੇ ਦੇ ਇੰਚਾਰਜ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਮੀਟਿੰਗ ਦੌਰਾਨ ਪੁਲ ਦੀ ਉਸਾਰੀ 15 ਦਿਨਾਂ ਤੱਕ ਕਰਨ ਦਾ ਵਾਅਦਾ ਕਰ ਕੇ ਸੰਘਰਸ਼ ਬੰਦ ਕਰਵਾ ਦਿੱਤਾ ਸੀ ਪਰ ਹੁਣ ਤੱਕ ਇੱਕ ਮਹੀਨ ਤੋਂ ਵੱਧ ਦਾ ਸਮਾਂ ਬੀਤਣ ਬਾਅਦ ਇਹ ਪੁਲ ਦੀ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਸ਼ੁਰੂ ਨਹੀਂ ਹੋ ਸਕੀ। ਇਲਾਕੇ ਦੇ ਲੋਕਾਂ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਵੱਡੇ ਦਾਅਵੇ ਅਤੇ ਵਾਅਦੇ ਕਰਨ ਵਾਲੀ ਭਗਵੰਤ ਸਿੰਘ ਮਾਨ ਦੀ ਸਰਕਾਰ ਪਿਛਲੀਆਂ ਸਰਕਾਰਾਂ ਨਾਲੋਂ ਵੀ ਨਿਕੰਮੀ ਸਾਬਤ ਹੋ ਰਹੀ ਹੈ।