For the best experience, open
https://m.punjabitribuneonline.com
on your mobile browser.
Advertisement

ਢੋਆ-ਢੁਆਈ ਦੇ ਰੇਟ ਘੱਟ ਤੈਅ ਕਰਨ ਤੋਂ ਖਫ਼ਾ ਟਰੱਕ ਅਪਰੇਟਰਾਂ ਵੱਲੋਂ ਕੰਮਕਾਜ ਠੱਪ

08:01 AM Sep 04, 2024 IST
ਢੋਆ ਢੁਆਈ ਦੇ ਰੇਟ ਘੱਟ ਤੈਅ ਕਰਨ ਤੋਂ ਖਫ਼ਾ ਟਰੱਕ ਅਪਰੇਟਰਾਂ ਵੱਲੋਂ ਕੰਮਕਾਜ ਠੱਪ
ਸੰਗਰੂਰ ’ਚ ਐੱਫਸੀਆਈ ਦੇ ਗੁਦਾਮ ਵਿੱਚ ਢੋਆ-ਢੁਆਈ ਕਰਨ ਲਈ ਬਾਹਰੋਂ ਲਿਆਂਦੇ ਟਰੱਕਾਂ ਨੂੰ ਰੋਕਦੇ ਹੋਏ ਟਰੱਕ ਅਪਰੇਟਰ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਸਤੰਬਰ
ਸਥਾਨਕ ਉਭਾਵਾਲ ਰੋਡ ’ਤੇ ਸਥਿਤ ਐੱਫਸੀਆਈ ਦੇ ਗੁਦਾਮ ਵਿੱਚ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਢੋਆ-ਢੁਆਈ ਦੇ ਘੱਟ ਰੇਟ ਤੈਅ ਕਰਨ ਤੋਂ ਖਫ਼ਾ ਅਤੇ ਕੰਮਕਾਜ ਠੱਪ ਕਰ ਕੇ ਪ੍ਰਦਰਸ਼ਨ ਕਰ ਰਹੇ ਟਰੱਕ ਅਪਰੇਟਰਾਂ ਨੇ ਢੋਆ-ਢੁਆਈ ਕਰ ਰਹੇ ਯੂਨੀਅਨ ਤੋਂ ਬਾਹਰਲੇ ਟਰੱਕਾਂ ਨੂੰ ਘੇਰ ਲਿਆ। ਜ਼ੋਰਦਾਰ ਹੰਗਾਮੇ ਦੌਰਾਨ ਕਥਿਤ ਤੌਰ ’ਤੇ ਹੋਏ ਪਥਰਾਅ ਕਾਰਨ ਇੱਕ ਟਰੱਕ ਦੇ ਸ਼ੀਸ਼ੇ ਵੀ ਟੁੱਟੇ ਹਨ, ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਟਰੱਕ ਅਪਰੇਟਰਾਂ ਵਲੋਂ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਟਰੱਕ ਅਪਰੇਟਰਾਂ ਦੀ ਸਹਿਮਤੀ ਨਾਲ ਸਰਕਾਰੀ ਰੇਟ ਅਨੁਸਾਰ ਟੈਂਡਰ ਨਹੀਂ ਕਰਵਾਏ ਜਾਂਦੇ ਉਦੋਂ ਤੱਕ ਕਿਸੇ ਵੀ ਹਾਲਤ ਵਿੱਚ ਸਪੈਸ਼ਲ ਢੋਆ-ਢੋਆਈ ਦਾ ਕੰਮ ਨਹੀਂ ਹੋਣ ਦੇਣਗੇ ਅਤੇ ਸਮੁੱਚਾ ਕੰਮਕਾਜ ਠੱਪ ਰੱਖਿਆ ਜਾਵੇਗਾ।
ਇਸ ਤੋਂ ਪਹਿਲਾਂ ਸੁਨਾਮ ਰੋਡ ’ਤੇ ਸਥਿਤ ਦੀ ਦਸਮੇਸ਼ ਟਰੱਕ ਅਪਰੇਟਰਜ਼ ਯੂਨੀਅਨ ਵਿੱਚ ਜੁੜੇ ਟਰੱਕ ਅਪਰੇਟਰਾਂ ਵੱਲੋਂ ਯੂਨੀਅਨ ਦੇ ਪਹਿਲਾਂ ਹੀ ਚੱਲ ਰਹੇ ਪ੍ਰਧਾਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਉਸ ਉਪਰ ਠੇਕੇਦਾਰ ਨਾਲ ਕਥਿਤ ਮਿਲੀਭੁਗਤ ਕਰਕੇ ਢੋਆ-ਢੁਆਈ ਦੇ ਘੱਟ ਰੇਟ ’ਤੇ ਟੈਂਡਰ ਪਾਉਣ ਦੇ ਦੋਸ਼ ਲਗਾਏ। ਇਸੇ ਦੌਰਾਨ ਟਰੱਕ ਅਪਰੇਟਰਾਂ ਨੂੰ ਜਿਉਂ ਹੀ ਪਤਾ ਲੱਗਿਆ ਕਿ ਬਾਹਰਲੇ ਟਰੱਕ ਲਿਆ ਕੇ ਢੋਆ-ਢੁਆਈ ਦਾ ਕੰਮ ਚੱਲ ਰਿਹਾ ਹੈ ਤਾਂ ਟਰੱਕ ਅਪਰੇਟਰ ਯੂਨੀਅਨ ’ਚੋ ਸਿੱਧੇ ਐੱਫਸੀਆਈ ਗੁਦਾਮ ਪੁੱਜੇ ਅਤੇ ਰੋਹ ਵਿਚ ਆਏ ਅਪਰੇਟਰਾਂ ਵਲੋਂ ਬਾਹਰਲੇ ਟਰੱਕਾਂ ਨੂੰ ਗੁਦਾਮ ’ਚੋ ਬਾਹਰ ਕੱਢ ਦਿੱਤਾ। ਮੌਕੇ ’ਤੇ ਸਥਿਤੀ ਤਣਾਅਪੂਰਨ ਬਣ ਗਈ। ਸੂਚਨਾ ਮਿਲਦਿਆਂ ਹੀ ਥਾਣਾ ਸਿਟੀ, ਥਾਣਾ ਸਿਟੀ-1 ਅਤੇ ਥਾਣਾ ਸਦਰ ਦੇ ਐੱਸਐੱਚਓ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਮਾਹੌਲ ਨੂੰ ਸ਼ਾਂਤ ਕੀਤਾ ਗਿਆ। ਇਸ ਮੌਕੇ ਟਰੱਕ ਅਪਰੇਟਰਾਂ ਰਾਜਿੰਦਰਪਾਲ ਸਿੰਘ, ਜਗਦੀਪ ਕੁਮਾਰ, ਸੁਰਿੰਦਰ ਸਿੰਘ ਆਦਿ ਨੇ ਦੋਸ਼ ਲਾਇਆ ਕਿ ਇਸ ਵਾਰ ਢੋਆ-ਢੋਆਈ ਦੇ ਟੈਂਡਰ ਯੂਨੀਅਨ ਪ੍ਰਧਾਨ ਵੱਲੋਂ ਕਥਿਤ ਮਿਲੀਭੁਗਤ ਨਾਲ ਘੱਟ ਰੇਟ ’ਤੇ ਪਾਏ ਗਏ ਅਤੇ ਘੱਟ ਰੇਟ ਤੈਅ ਕੀਤੇ ਗਏ। ਇਨ੍ਹਾਂ ਘੱਟ ਰੇਟਾਂ ਉਪਰ ਟਰੱਕ ਅਪਰੇਟਰਾਂ ਦੇ ਪੱਲੇ ਕੁੱਝ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਸਰਕਾਰੀ ਰੇਟ ਵੱਧ ਹਨ ਪਰੰਤੂ ਟਰੱਕ ਅਪਰੇਟਰਾਂ ਨੂੰ ਘੱਟ ਰੇਟ ਦੇ ਕੇ ਆਰਥਿਤ ਲੁੱਟ ਕੀਤੀ ਜਾ ਰਹੀ ਹੈ ਜਿਸ ਕਾਰਨ ਸਮੂਹ ਟਰੱਕ ਅਪਰੇਟਰਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਘੱਟ ਰੇਟ ’ਤੇ ਢੋਆ-ਢੁਆਈ ਦਾ ਕੰਮ ਨਹੀਂ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਬਾਹਰੋਂ ਟਰੱਕ ਲਿਆ ਕੇ ਟਰੱਕ ਅਪਰੇਟਰਾਂ ਦੇ ਹੱਕਾਂ ਉਪਰ ਡਾਕਾ ਮਾਰਿਆ ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਕਾਨੂੰਨ ਹੱਥ ’ਚ ਲੈਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਡੀਐੱਸਪੀ

ਡੀਐੱਸਪੀ ਸੰਜੀਵ ਸਿੰਗਲਾ ਦਾ ਕਹਿਣਾ ਹੈ ਕਿ ਪੁਲੀਸ ਵਲੋਂ ਜ਼ਖ਼ਮੀ ਵਿਅਕਤੀ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਿਸਨੇ ਵੀ ਕਾਨੂੰਨ ਆਪਣੇ ਹੱਥ ਵਿਚ ਲਿਆ ਹੈ ਅਤੇ ਕੰਮ ਵਿਚ ਵਿਘਨ ਪਾਇਆ ਹੈ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

Advertisement