For the best experience, open
https://m.punjabitribuneonline.com
on your mobile browser.
Advertisement

ਪੁਲ ਉੱਪਰੋਂ ਟਰੱਕ ਨਹਿਰ ਵਿੱਚ ਡਿੱਗਿਆ, 2 ਜ਼ਖ਼ਮੀ

10:49 AM Apr 14, 2024 IST
ਪੁਲ ਉੱਪਰੋਂ ਟਰੱਕ ਨਹਿਰ ਵਿੱਚ ਡਿੱਗਿਆ  2 ਜ਼ਖ਼ਮੀ
ਹਾਦਸੇ ਕਾਰਨ ਨਹਿਰ ਵਿੱਚ ਪਲਟਿਆ ਹੋਇਆ ਟਰੱਕ।-ਫੋਟੋ:ਬੇਦੀ
Advertisement

ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 13 ਅਪਰੈਲ
ਇਥੋਂ ਨਜ਼ਦੀਕੀ ਜੀਟੀ ਰੋਡ ’ਤੇ ਸਥਿਤ ਨਹਿਰ ਦੇ ਪੁਲ ਉੱਪਰੋਂ ਟਰੱਕ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗਾ। ਟਰੱਕ ਵਿੱਚ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ। ਟਰੱਕ ਡਰਾਈਵਰ ਅਮਰੀਕ ਸਿੰਘ ਵਾਸੀ ਪਿੰਡ ਟੋਬਾ ਰਮਦਾਸ ਨੇ ਦੱਸਿਆ ਉਹ ਹਰਿਆਣਾ ਦੇ ਇੰਦਰੀ ਤੋਂ ਖੰਡ ਲੈ ਕੇ ਅੰਮ੍ਰਿਤਸਰ ਜਾ ਰਿਹਾ ਸੀ, ਇੱਥੇ ਪਹੁੰਚਣ ’ਤੇ ਟਰੱਕ ਪੀਬੀ 02 ਈਕਿਊ 8705 ਦਾ ਪਿਛਲਾ ਟਾਇਰ ਫਟ ਗਿਆ ਅਤੇ ਟਰੱਕ ਬੇਕਾਬੂ ਹੋ ਕੇ ਸੜਕ ਦੀ ਰੇਲਿੰਗ ਤੋੜਦਾ ਹੋਇਆ ਨਹਿਰ ਵਿੱਚ ਡਿੱਗ ਗਿਆ। ਇਸ ਦੌਰਾਨ ਟਰੱਕ ਪਲਟ ਗਿਆ। ਨਹਿਰ ਬੰਦ ਹੋਣ ਕਾਰਨ ਨੁਕਸਾਨ ਹੋਣ ਤੋਂ ਟਲ ਗਿਆ ਪਰ ਟਰੱਕ ਨੂੰ ਅੱਗ ਲੱਗ ਗਈ। ਲੋਕਾਂ ਨੇ ਨਹਿਰ ਦੇ ਪਾਣੀ ਅਤੇ ਫਾਇਰ ਬ੍ਰਿਗੇਡ ਦੇ ਵਾਹਨਾਂ ਨਾਲ ਅੱਗ ਬੁਝਾ ਦਿੱਤੀ। ਜ਼ਖਮੀਆਂ ਨੂੰ ਜੰਡਿਆਲਾ ਗੁਰੂ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

Advertisement

ਨੌਸ਼ਹਿਰਾ ਪੁਲ ਨੇੜੇ ਕਾਰ ਨੂੰ ਬਚਾਉਂਦਿਆਂ ਟਰੱਕ ਪਲਟਿਆ

ਗੁਰਦਾਸਪੁਰ (ਨਿੱਜੀ ਪੱਤਰ ਪ੍ਰੇਰਕ): ਇੱਥੇ ਪੁਲ ਨੌਸ਼ਹਿਰਾ ਨੇੜੇ ਮੁਕੇਰੀਆਂ ਵੱਲੋਂ ਆਉਂਦਾ ਟਰੱਕ ਪਲਟ ਗਿਆ। ਟਰੱਕ ਦੇ ਪਲਟਣ ਕਾਰਨ ਇਸ ਵਿੱਚ ਲੱਦੀਆਂ ਚੋਕਰ ਅਤੇ ਫੀਡ ਦੀਆਂ ਬੋਰੀਆਂ ਸੜਕ ਕੰਢੇ ਫੈਲ ਗਈਆਂ ਜਿਸ ਕਾਰਨ ਲੋਹੇ ਦੀ ਰੇਲਿੰਗ ਵੀ ਟੁੱਟ ਗਈ । ਟਰੱਕ ਡਰਾਈਵਰ ਅਤੇ ਉਸ ਦੇ ਨਾਲ ਬੈਠਾ ਸਹਿਯੋਗੀ ਵਾਲ-ਵਾਲ ਬਾਲ ਬਚ ਗਏ। ਟਰੱਕ ਦੇ ਡਰਾਈਵਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਟਰੱਕ ਰਾਹੀਂ ਖਲ , ਫੀਡ ,ਚੋਕਰ ਦੀਆਂ ਬੋਰੀਆਂ ਭਰ ਕੇ ਜੰਮੂ ਜਾ ਰਿਹਾ ਸੀ ਕਿ ਮੁਕੇਰੀਆਂ ਗੁਰਦਾਸਪੁਰ ਰੋਡ ’ਤੇ ਸਥਿਤ ਨੌਸ਼ਹਿਰਾ ਪੱਤਣ ਪੁਲ ਦੇ ਗੁਰਦਾਸਪੁਰ ਵੱਲ ਦੇ ਨਾਕੇ ਤੋਂ ਪਹਿਲਾਂ ਹੀ ਉਸ ਦੇ ਅੱਗੇ ਜਾ ਰਹੀ ਤੇਜ਼ ਰਫ਼ਤਾਰ ਕਾਰ ਨੇ ਅਚਾਨਕ ਬਰੇਕ ਮਾਰ ਦਿੱਤੀ। ਬਰੇਕ ਮਾਰਨ ਕਾਰਨ ਸੜਕ ਕਿਨਾਰੇ ਟਰੱਕ ਪਲਟ ਗਿਆ।

ਸੜਕ ਹਾਦਸੇ ਵਿੱਚ ਸਕੂਟਰੀ ਸਵਾਰ ਵਿਆਹੁਤਾ ਦੀ ਮੌਤ

ਕਾਹਨੂੰਵਾਨ (ਪੱਤਰ ਪ੍ਰੇਰਕ):ਸਥਾਨਕ ਕਸਬੇ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਵਿਆਹੁਤਾ ਦੀ ਮੌਤ ਹੋ ਗਈ ਹੈ। ਮ੍ਰਿਤਕਾ ਦੇ ਸਹੁਰਾ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਵਿਸਾਖੀ ਪੁਰਬ ਮੌਕੇ ਪਰਿਵਾਰ ਸਣੇ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਤੋਂ ਨਤਮਸਤਕ ਹੋ ਕੇ ਮੋਟਰਸਾਈਕਲ ’ਤੇ ਵਾਪਸ ਪਿੰਡ ਹੰਬੋਵਾਲ ਨੂੰ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਸਥਾਨਕ ਕਸਬੇ ਵਿੱਚ ਪੈਂਦੀ ਐੱਚਡੀਐੱਫਸੀ ਬੈਂਕ ਦੇ ਅੱਗੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਬਲੈਨੋ ਕਾਰ ਨੰਬਰ ਪੀਬੀ 06 ਬੀਈ 9284 ਨੇ ਸੜਕ ਦੇ ਗ਼ਲਤ ਪਾਸੇ ਜਾ ਕੇ ਉਨ੍ਹਾਂ ਨੂੰ ਟੱਕਰ ਮਾਰੀ। ਇਸ ਦੌਰਾਨ ਉਹ, ਉਸ ਦੀ ਪਤਨੀ ਅਤੇ 9 ਮਹੀਨੇ ਦੀ ਪੋਤਰੀ ਤਾਂ ਬਚ ਗਏ ਪਰ ਉਸ ਦੇ ਪਿੱਛੇ ਸਕੂਟਰੀ ਉੱਤੇ ਆ ਰਹੀ ਉਸ ਦੀ ਨੂੰਹ ਕਰਮਜੀਤ ਕੌਰ (27) ਪਤਨੀ ਹਰਪ੍ਰੀਤ ਸਿੰਘ ਦੀ ਹਾਦਸੇ ਦੌਰਾਨ ਮੌਕੇ ਉੱਤੇ ਹੀ ਮੌਤ ਹੋ ਗਈ।

Advertisement
Author Image

sukhwinder singh

View all posts

Advertisement
Advertisement
×