ਪੰਜਾਹ ਲੱਖ ਰੁਪਏ ਦੇ ਕਾਜੂ ਲੈ ਕੇ ਫ਼ਰਾਰ ਹੋਇਆ ਟਰੱਕ ਡਰਾਈਵਰ ਕਾਬੂ
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੁਲਾਈ
ਕੇਸ਼ਵਪੁਰਮ ਥਾਣਾ ਖੇਤਰ ਤੋਂ 50 ਲੱਖ ਰੁਪਏ ਦੇ ਕਾਜੂ ਲੈ ਕੇ ਫਰਾਰ ਹੋਏ ਟਰੱਕ ਡਰਾਈਵਰ ਅਤੇ ਉਸ ਦੇ ਸਾਥੀ ਨੂੰ ਪੁਲੀਸ ਨੇ 12 ਘੰਟਿਆਂ ਵਿੱਚ ਹੀ ਕਾਬੂ ਕਰ ਲਿਆ। ਸੂਚਨਾ ’ਤੇ ਸਦਰ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ ਅਤੇ ਪੁਰਾਣੀ ਦਿੱਲੀ ਦੇ ਕਈ ਹਿੱਸਿਆਂ ਵਿੱਚ ਛੁਪਾ ਕੇ ਰੱਖੇ ਕਾਜੂ ਬਰਾਮਦ ਕੀਤੇ ਗਏ ਹਨ। ਮੁਲਜ਼ਮ ਤੋਂ ਪੁੱਛ-ਪੜਤਾਲ ਕਰਨ ਮਗਰੋਂ ਪੁਲੀਸ ਫ਼ਰਾਰ ਮੁਲਜ਼ਮ ਨੂੰ ਵੀ ਲੱਭ ਰਹੀ ਹੈ। ਕਾਜੂ ਦਾ ਨਿਪਟਾਰਾ ਕਰਨ ਤੋਂ ਬਾਅਦ ਮੁਲਜ਼ਮ ਆਦਰਸ਼ ਨਗਰ ਮੈਟਰੋ ਸਟੇਸ਼ਨ ਨੇੜੇ ਟਰੱਕ ਛੱਡ ਕੇ ਫ਼ਰਾਰ ਹੋ ਗਏ। 80 ਤੋਂ ਵੱਧ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰਨ ਤੋਂ ਬਾਅਦ ਪੁਲੀਸ ਨੇ ਟਰੱਕ ਡਰਾਈਵਰ ਫੈਜ਼ਾਨ ਨੂੰ ਵੱਡਾ ਹਿੰਦੂਰਾਓ ਅਤੇ ਉਸ ਦੇ ਸਾਥੀ ਸ਼ਬੀਰ ਨੂੰ ਮਲਕਾਗੰਜ ਤੋਂ ਗ੍ਰਿਫਤਾਰ ਕੀਤਾ। ਉੱਤਰ-ਪੱਛਮੀ ਜ਼ਿਲ੍ਹਾ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਇੱਕ ਵਪਾਰੀ ਨੇ ਕੇਸ਼ਵਪੁਰਮ ਪੁਲੀਸ ਸਟੇਸ਼ਨ ਵਿੱਚ ਟਰੱਕ ਡਰਾਈਵਰ ਫੈਜ਼ਾਨ ਖ਼ਿਲਾਫ਼ 50 ਲੱਖ ਰੁਪਏ ਦੇ ਕਾਜੂ ਚੋਰੀ ਕਰਨ ਦੀ ਸ਼ਿਕਾਇਤ ਕੀਤੀ ਸੀ। ਮਾਲਕ ਨੇ ਦੱਸਿਆ ਕਿ ਉਸ ਨੇ ਫੈਜ਼ਾਨ ਨੂੰ ਲਾਰੈਂਸ ਰੋਡ ’ਤੇ ਸਥਿਤ ਗੋਦਾਮ ਤੋਂ 6 ਟਨ ਕਾਜੂ ਲੋਡ ਕਰਕੇ ਬਦਰਪੁਰ ਸਥਿਤ ਗੋਦਾਮ ਵਿੱਚ ਪਹੁੰਚਾਉਣ ਲਈ ਕਿਹਾ ਸੀ। ਕਾਫੀ ਸਮਾਂ ਬੀਤ ਜਾਣ ‘ਤੇ ਵੀ ਜਦੋਂ ਟਰੱਕ ਡਰਾਈਵਰ ਨਾ ਪੁੱਜਿਆ।
ਟਰੱਕ ਵਿੱਚ ਜੀਪੀਐੱਸ ਲੱਗਿਆ ਹੋਣ ਕਾਰਨ ਉਸ ਦੀ ਲੋਕੇਸ਼ਨ ਆਦਰਸ਼ ਨਗਰ ਮੈਟਰੋ ਸਟੇਸ਼ਨ ਨੇੜੇ ਮਿਲੀ। ਮੌਕੇ ’ਤੇ ਪਹੁੰਚ ਕੇ ਟਰੱਕ ਦੀ ਤਲਾਸ਼ੀ ਲਈ ਗਈ ਪਰ ਟਰੱਕ ‘ਚੋਂ ਕਾਜੂ ਗਾਇਬ ਸਨ। ਸ਼ਿਕਾਇਤ ‘ਤੇ ਕੇਸ਼ਵਪੁਰਮ ਥਾਣਾ ਪੁਲੀਸ ਨੇ ਚੋਰੀ ਦਾ ਕੇਸ ਦਰਜ ਕਰ ਲਿਆ ਹੈ।