For the best experience, open
https://m.punjabitribuneonline.com
on your mobile browser.
Advertisement

ਟਰੱਕ ਚਾਲਕ ਨੇ ਸਕੂਲ ਜਾਂਦੀ ਵਿਦਿਆਰਥਣ ਨੂੰ ਦਰੜਿਆ

08:23 AM Aug 06, 2024 IST
ਟਰੱਕ ਚਾਲਕ ਨੇ ਸਕੂਲ ਜਾਂਦੀ ਵਿਦਿਆਰਥਣ ਨੂੰ ਦਰੜਿਆ
ਪਿੰਡ ਲੋਹਗੜ੍ਹ ਫਿੱਡੇ ਵਿੱਚ ਧਰਨਾ ਦਿੰਦੇ ਹੋਏ ਲੋਕ।
Advertisement

ਜਗਮੋਹਨ ਸਿੰਘ
ਘਨੌਲੀ, 5 ਅਗਸਤ
ਇੱਥੋਂ ਨੇੜਲੇ ਪਿੰਡ ਲੋਹਗੜ੍ਹ ਫਿੱਡੇ ਵਿੱਚ ਅੰਬੂਜਾ ਫੈਕਟਰੀ ਤੋਂ ਸੀਮਿੰਟ ਲਿਜਾ ਰਹੇ ਟਰੱਕ ਹੇਠ ਆ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਦੀਮਾਜਰਾ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਹੋ ਗਈ। ਇਸ ਮੌਕੇ ਇਲਾਕੇ ਦੇ ਲੋਕ ਇਕੱਤਰ ਹੋ ਗਏ ਤੇ ਹਾਦਸੇ ਵਾਲੀ ਥਾਂ ’ਤੇ ਧਰਨਾ ਲਗਾ ਕੇ ਅੰਬੂਜਾ ਮਾਰਗ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਮੁਤਾਬਕ ਰਵਨੀਤ ਕੌਰ (15) ਪੁੱਤਰੀ ਸੁਰਿੰਦਰ ਸਿੰਘ ਵਾਸੀ ਲੋਹਗੜ੍ਹ ਫਿੱਡੇ ਤੇ ਉਸ ਦੀਆਂ ਹੋਰ ਸਹੇਲੀਆਂ ਆਪੋ-ਆਪਣੇ ਸਾਈਕਲਾਂ ’ਤੇ ਸਕੂਲ ਜਾ ਰਹੀਆਂ ਸਨ। ਪਿੰਡ ਲੋਹਗੜ੍ਹ ਫਿੱਡੇ ਵਿੱਚ ਹੀ ਅੰਬੂਜਾ ਸੀਮਿੰਟ ਫੈਕਟਰੀ ਵੱਲ ਤੋਂ ਆ ਰਹੇ ਟਰੱਕ ਨੇ ਰਵਨੀਤ ਕੌਰ ਦੇ ਸਾਈਕਲ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ ਅਤੇ ਟਰੱਕ ਉਸ ਨੂੰ ਕਾਫ਼ੀ ਦੂਰ ਤੱਕ ਘੜੀਸਦਾ ਹੋਇਆ ਲੈ ਗਿਆ। ਇਸ ਕਾਰਨ ਵਿਦਿਆਰਥਣ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਵਾਪਰਨ ਉਪਰੰਤ ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਵਿਦਿਆਰਥਣ ਦੀ ਲਾਸ਼ ਨੂੰ ਸਿਵਲ ਹਸਪਤਾਲ ਰੂਪਨਗਰ ਪਹੁੰਚਾ ਦਿੱਤਾ ਤੇ ਹਾਦਸਾਗ੍ਰਸਤ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕਰ ਕੇ ਟਰੱਕ ਚਾਲਕ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਧਰਨਾਕਾਰੀਆਂ ਵੱਲੋਂ ਡੀਸੀ ਰੂਪਨਗਰ ਨੂੰ ਲਿਖਤੀ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਅੰਬੂਜਾ ਮਾਰਗ ’ਤੇ ਵਾਹਨਾਂ ਦਾ ਲੋਡ ਵਧਣ ਕਾਰਨ ਸੀਮਿੰਟ ਫੈਕਟਰੀ ਤੋਂ ਰਾਵਲਮਾਜਰੇ ਪਾਸੇ ਤੋਂ ਪ੍ਰਸਤਾਵਿਤ ਬਾਈਪਾਸ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇ ਤੇ ਮ੍ਰਿਤਕ ਲੜਕੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ।
ਡੀਐੱਸਪੀ ਰੂਪਨਗਰ ਹਰਪਿੰਦਰ ਕੌਰ ਗਿੱਲ ਦੀ ਅਗਵਾਈ ਅਧੀਨ ਐੱਸਐੱਚਓ ਸਦਰ ਦੀਪਇੰਦਰ ਸਿੰਘ ਅਤੇ ਚੌਕੀ ਇੰਚਾਰਜ ਹਰਮੇਸ਼ ਕੁਮਾਰ ਨੇ ਘਟਨਾ ਸਥਾਨ ’ਤੇ ਪੁੱਜ ਕੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਪ੍ਰਦਰਸ਼ਨਕਾਰੀ ਮ੍ਰਿਤਕ ਪਰਿਵਾਰ ਲਈ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ’ਤੇ ਅੜੇ ਹੋਏ ਸਨ।

ਪੀੜਤ ਪਰਿਵਾਰ ਲਈ ਦਸ ਲੱਖ ਮੁਆਵਜ਼ੇ ਦਾ ਐਲਾਨ

ਦੇਰ ਸ਼ਾਮ ਅੰਬੂਜਾ ਫੈਕਟਰੀ ਵੱਲੋਂ ਪੁੱਜੇ ਅਧਿਕਾਰੀਆਂ ਸੀਐੱਸਓ ਸੰਦੀਪ ਕੁਮਾਰ, ਅੰਬੂਜਾ ਫਾਊਂਡੇਸ਼ਨ ਦੇ ਖੇਤਰੀ ਪ੍ਰਬੰਧਕ ਸੰਜੇ ਸ਼ਰਮਾ ਅਤੇ ਫਾਊਡੇਸ਼ਨ ਦੇ ਸੀਨੀਅਰ ਐਗਜ਼ੀਕਿਊਟਿਵ ਅਮਨਦੀਪ ਸੈਣੀ ਵੱਲੋਂ ਮ੍ਰਿਤਕਾ ਦੇ ਪਰਿਵਾਰ ਨੂੰ ਦਸ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ। ਇਸ ਵਿੱਚੋਂ 5 ਲੱਖ ਰੁਪਏ ਦਾ ਚੈੱਕ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਅਤੇ ਬਕਾਇਆ ਰਕਮ ਪੰਜ ਲੱਖ ਰੁਪਏ ਦਾ ਭਲਕੇ ਦੇਣ ਦਾ ਵਾਅਦਾ ਕੀਤਾ ਗਿਆ। ਇਸ ਉਪਰੰਤ ਧਰਨਾਕਾਰੀਆਂ ਨੇ ਧਰਨਾ ਚੁੱਕ ਦਿੱਤਾ।

Advertisement

Advertisement
Author Image

sukhwinder singh

View all posts

Advertisement