For the best experience, open
https://m.punjabitribuneonline.com
on your mobile browser.
Advertisement

ਬਦਲ ਰਿਹਾ ਹੈ ਵੋਟਰਾਂ ਦਾ ਰੁਝਾਨ

08:03 AM May 18, 2024 IST
ਬਦਲ ਰਿਹਾ ਹੈ ਵੋਟਰਾਂ ਦਾ ਰੁਝਾਨ
Advertisement

ਲੋਕ ਨਾਥ ਸ਼ਰਮਾ

Advertisement

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਇਸ ਵਿਚ ਅਨੇਕਾਂ ਜਾਤਾਂ, ਧਰਮਾਂ, ਕਰਮਾਂ, ਸੰਪਰਦਾਵਾਂ, ਸਭਿਆਚਾਰਾਂ, ਨਸਲਾਂ, ਭਾਸ਼ਾਵਾਂ ਅਤੇ ਖੇਤਰਾਂ ਦੇ ਲੋਕ ਵਸਦੇ ਹਨ। ਲੋਕਤੰਤਰ ਦਾ ਮਹਿਲ ਵੋਟਾਂ ਰੂਪੀ ਇੱਟਾਂ ਨਾਲ ਉਸਰਦਾ ਹੈ। ਅਨੇਕਤਾਵਾਂ ਅਤੇ ਵਿਭਿੰਨਤਾਵਾਂ ਕਰਕੇ ਸਥਾਨਕ ਹਾਲਤ, ਹਾਲਾਤ, ਵਿਚਾਰਧਾਰਾ ਅਤੇ ਪ੍ਰਸਥਿਤੀਆਂ ਵੋਟਰਾਂ ’ਤੇ ਹਾਵੀ ਤੇ ਪ੍ਰਭਾਵੀ ਰਹਿੰਦੀਆਂ ਹਨ।
ਸਾਡੇ ਦੇਸ਼ ਦੀਆਂ ਚੋਣਾਂ ਦੀ ਝਲਕ ਵਿਆਹ ਵਰਗੀ ਹੁੰਦੀ ਹੈ। ਵੋਟਾਂ ਦੇ ਦਿਨਾਂ ਦਾ ਦ੍ਰਿਸ਼ ਬੜੀ ਚਹਿਲ-ਪਹਿਲ ਖਿੱਚੋਤਾਣੀ ਅਤੇ ਭੱਜ-ਨੱਠ ਨਾਲ ਭਰਿਆ ਹੁੰਦਾ ਹੈ। ਅੱਜ ਦਾ ਵੋਟਰ ਬੜਾ ਚੇਤੰਨ, ਚੌਕਸ ਤੇ ਜਾਗਰੂਕ ਹੈ। ਉਸ ਨੂੰ ਬੁੱਧੂ ਨਹੀਂ ਬਣਾਇਆ ਜਾ ਸਕਦਾ। ਯੇਹ ਪਬਲਿਕ ਹੈ ਸਭ ਜਾਨਤੀ ਹੈ। ਤਮਾਮ ਤੱਥਾਂ ਦੀ ਰੌਸ਼ਨੀ ਅਤੇ ਹਕੀਕਤ ਦੇ ਬਾਵਜੂਦ, ਕੁਝ ਤੱਥ ਹਨ ਜਿਹੜੇ ਵੋਟਰ ਨੂੰ ਕਿਸੇ ਵਿਅਕਤੀ ਵਿਸ਼ੇਸ਼ ਦੇ ਹੱਕ ਵਿਚ ਵੋਟ ਪਾਉਣ ਖਾਤਰ ਉਤਸ਼ਾਹਿਤ ਤੇ ਉਤੇਜਿਤ ਕਰਦੇ ਹਨ। ਇਹੋ ਮਤਦਾਤਾ ਦਾ ਮਤਦਾਨ ਵਿਹਾਰ ਅਖਵਾਉਂਦਾ ਹੈ।
ਵੋਟਾਂ ਦੇ ਮਾਮਲੇ ਵਿਚ ਜਾਤ-ਪਾਤ ਅਤੇ ਧਰਮ ਦਾ ਵਿਸ਼ੇਸ਼ ਦਖਲ ਹੈ। ਸਾਡਾ ਸੰਵਿਧਾਨ ਜਾਤ-ਪਾਤ ਨੂੰ ਉੱਕਾ ਰੱਦ ਕਰਦਾ ਹੈ ਤੇ ਧਰਮ ਨਿਰੱਖਪਤਾ ਦਾ ਹੋਕਾ ਦਿੰਦਾ ਹੈ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅਸੀਂ ਫਿਰਕੂ ਅਤੇ ਸੌੜੀ ਸੋਚ ਤੋਂ ਉੱਪਰ ਨਹੀਂ ਉੱਠ ਸਕੇ। ਧਰਮ ਨੂੰ ਨਿੱਜੀ ਮਾਮਲਾ ਮੰਨਿਆ ਗਿਆ ਹੈ ਅਤੇ ਧਰਮ ਦੇ ਨਾਮ ਤੇ ਵੋਟਾਂ ਬਟੋਰਨ ਦੀ ਮਨਾਹੀ ਵੀ ਹੈ। ਫਿਰ ਵੀ ਸਿਆਸਤਦਾਨ ਇਸ ਮਾਨਵੀ ਕਮਜ਼ੋਰੀ ਦਾ ਪੂਰਾ ਫਾਇਦਾ ਉਠਾਉਂਦੇ ਹਨ। ਕਈ ਵਾਰ ਧਰਮਾਂ ਨੂੰ ਖ਼ਤਰੇ ਦਾ ਵਿਰਲਾਪ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਕਸਾਇਆ, ਭੜਕਾਇਆ ਅਤੇ ਭਰਮਾਇਆ ਜਾਂਦਾ ਹੈ। ਜ਼ਹਿਰੀਲੇ ’ਤੇ ਭੜਕੀਲੇ ਭਾਸ਼ਣ ਆਪਸੀ ਮੇਲਜੋਲ ਤੇ ਸਦਭਾਵਨਾ ਨੂੰ ਸੱਟ ਮਾਰ ਕੇ ਰਾਜਨੀਤਿਕ ਮਾਹੌਲ ਗੰਧਲਾ ਕਰਦੇ ਹਨ। ਕਈ ਵਾਰ ਅੰਧਵਿਸ਼ਵਾਸ਼ ਅਤੇ ਅਨਪੜ੍ਹਤਾ ਕਰਕੇ ਦੰਗੇ ਫਸਾਦ ਹੋਏ ਹਨ ਅਤੇ ਮਨੁੱਖਤਾ ਦਾ ਘਾਣ ਹੋਇਆ ਹੈ।
ਅਜਿਹੇ ਵਿਅਕਤੀਆਂ ਦੀ ਵੀ ਘਾਟ ਨਹੀਂ ਜਿਹੜੇ ਰਾਜਨੀਤਿਕ ਦਲਾਂ ਦੇ ਕੰਮਕਾਜਾਂ ਅਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਮਤ ਅਧਿਕਾਰ ਦੀ ਵਰਤੋਂ ਕਰਦੇ ਹਨ। ਵੋਟਾਂ ਸਮੇਂ ਦਲਾਂ ਦੇ ਘੋਸ਼ਣਾ ਪੱਤਰ, ਲੋਕਵਾਦੀ ਨਾਅਰੇ ਅਤੇ ਇਸ਼ਤਿਹਾਰਬਾਜ਼ੀ ਵੀ ਬਾਜ਼ੀ ਮਾਰ ਜਾਂਦੀ ਹੈ। ਗਰੀਬੀ ਹਟਾਓ, ਪੰਜਾਬ ਬਚਾਓ, ਧਰਮ ਬਚਾਓ, ਫਲਾਣਾ ਹਟਾਓ, ਢਿਮਕਾ ਹਟਾਓ, ਸਾਨੂੰ ਬਣਾਓ ਦੇ ਨਾਅਰੇ ਵੀ ਮੇਲਾ ਲੁੱਟਦੇ ਰਹੇ ਹਨ। ਅਖੇ, ਰੱਬਾ ਸਭ ਦਾ ਭਲਾ ਕਰੀਂ ਪਰ ਸ਼ੁਰੂ ਸਾਥੋਂ ਕਰੀਂ।
ਸਾਖਰ ਅਤੇ ਨਿਰਅੱਖਰ ਵਿਚ ਇਕ ਅਤੇ ਸੌ ਜਿੰਨਾ ਅੰਤਰ ਹੈ। ਪੜ੍ਹੇ ਲਿਖੇ ਵਿਅਕਤੀ ਸੂਝ ਬੂਝ, ਚੇਤਨਾ ਤੇ ਜਾਗਰੂਕਤਾ ਕਰਕੇ ਰਾਜਨੀਤਕ ਦਲਾਂ ਅਤੇ ਚੋਣਾਂ ਵਿਚ ਅਨਪੜ੍ਹਾਂ ਨਾਲੋਂ ਵਧੇਰੇ ਦਿਲਚਸਪੀ ਰੱਖਦੇ ਹਨ ਪਰੰਤੂ ਲੋਕਤੰਤਰ ਵਿਚ ਵੋਟ ਤੇ ਵੋਟਰ ਦਾ ਬਰਾਬਰ ਮਹੱਤਵ ਹੈ। ਹੈਰਾਨੀ ਦੀ ਗੱਲ ਹੈ ਕਿ ਬਹੁਤ ਲੋਕ ਕਿਸੇ ਕਾਰਨ ਵੋਟ ਤਾਂ ਪਾ ਆਉਂਦੇ ਹਨ ਪਰ ਉਹਨਾਂ ਨੇ ਉਮੀਦਵਾਰ ਨਾ ਵੋਟਾਂ ਤੋਂ ਪਹਿਲਾਂ ਨਾ ਹੀ ਬਾਅਦ ਵਿਚ ਦੇਖਿਆ ਹੁੰਦਾ ਹੈ। ਜੇਤੂਆਂ ਦੇ ਦਰਸ਼ਨ ਤਾਂ ਹੋਰ ਵੀ ਮਹਿੰਗੇ ਹੋ ਜਾਂਦੇ ਹਨ। ਚੋਣਾਂ ਸਮੇਂ ਅਸੀਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਕਿ ਧਨ-ਸ਼ਕਤੀ ਵੀ ਆਪਣਾ ਰੰਗ ਦਿਖਾਉਂਦੀ ਹੈ। ਸਰਮਾਏਦਾਰ ‘ਦਾਮ ਬਨਾਏ ਕਾਮ’ ਦੇ ਨੁਕਤੇ ਚੱਲ ਕੇ ਆਪਣਾ ਉਲੂ ਸਿੱਧਾ ਕਰਦੇ ਹਨ। ਗੁਰਬਤ ਦੇ ਮਾਰੇ ਕੁਝ ਲੋਕ ਪੈਸੇ ਦੇ ਲਾਲਚਵੱਸ ਵੋਟਾਂ ਵੇਚ ਦਿੰਦੇ ਹਨ। ਉਹ ਵੋਟ ਨੂੰ ਕਾਗਜ਼ ਦਾ ਟੁਕੜਾ ਮੰਨਦੇ ਹਨ। ਨੋਟਾਂ ਬਦਲੇ ਵੋਟਾਂ ਦੀ ਖਰੀਦੋ-ਫਰੋਖ਼ਤ ਦੀ ਕਹਾਣੀ ਪੁਰਾਣੀ ਹੈ। ਰੋਟੀ ਕੱਪੜੇ ਤੇ ਮਕਾਨ ਵਰਗੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਦਾ ਭਰੋਸਾ, ਜਲਸੇ ਜਲੂਸ, ਗਲਤ ਵੋਟਾਂ ਬਣਾਉਣ ਦੀ ਕੋਸ਼ਿਸ਼, ਨਿੱਜੀ ਸੰਪਰਕ, ਰੇਡੀਓ. ਟੀ.ਵੀ. ਦਾ ਆਸਰਾ, ਫੇਸਬੁਕ, ਵਟਸਐਪ, ਟਵਿਟਰ ਅਤੇ ਜੋਸ਼ੀਲੇ ਭਾਸ਼ਣ ਵੀ ਮਤਦਾਨ ਵਿਹਾਰ ਨੂੰ ਪ੍ਰਭਾਵਿਤ ਕਰਦੇ ਹਨ।
ਨਸ਼ੀਲੀਆਂ ਵਸਤਾਂ ਦੀ ਵੰਡ ਵੰਡਾਈ ਚੋਣ ਪ੍ਰੀਕਿਰਿਆ ਵਿਚ ਹਰ ਸੂਝਵਾਨ ਵਿਅਕਤੀ ਦੀਆਂ ਅੱਖਾਂ ਵਿਚ ਰੜਕਦੀ ਹੈ। ਲਗਪਗ ਹਰ ਥਾਂ ਤੇ ਨਸ਼ਿਆਂ ਦਾ ਬੋਲਬਾਲਾ ਹੈ। ਨੌਜਵਾਨ ਪੀੜ੍ਹੀ ਨਸ਼ਿਆ ਦੀ ਗ੍ਰਿਫਤ ਵਿਚ ਕੁਝ ਵਧੇਰੇ ਹੀ ਨਜ਼ਰ ਆ ਰਹੀ ਹੈ। ਚੋਣਾ ਦੇ ਦਿਨਾਂ ਦਾ ਦ੍ਰਿਸ਼ ਕਿਸ ਦੀ ਨਜ਼ਰ ਤੋਂ ਲੁਕਿਆ ਹੈ। ਹਰ ਤਰ੍ਹਾਂ ਦਾ ਨਸ਼ਾ ਵੰਡਿਆ ਜਾਂਦਾ ਹੈ। ਸ਼ਰਾਬ ਦੀਆਂ ਨਦੀਆਂ ਵਹਾ ਦਿੱਤੀਆਂ ਜਾਂਦੀਆਂ ਹਨ। ਬੋਤਲਾਂ ਬਦਲੇ ਵੋਟਾਂ ਵਿਕਦੀਆਂ ਹਨ। ਵੋਟਾਂ ਵਾਲੇ ਦਿਨ ਤਾਂ ਵੋਟ ਦਾ ਪ੍ਰਯੋਗ ਕਰਨ ਆਏ ਵੋਟਰਾਂ ਦੇ ਪੈਰ ਨਸ਼ੇ ਕਰਕੇ ਲੜਖੜਾਉਂਦੇ ਹਨ ਅਤੇ ਉਹ ਠੀਕ ਤਰ੍ਹਾਂ ਬੋਲ ਤੇ ਤੁਰ ਵੀ ਨਹੀਂ ਸਕਦੇ। ਕਦੇ-ਕਦੇ ਬੈਲੈਟ ਦੀ ਬਜਾਏ ਬੁਲੇਟ ਦਾ ਰਾਜ ਹੋ ਜਾਂਦਾ ਹੈ। ਅਫ਼ਸੋਸ, ਸਾਡੇ ਸਿਸਟਮ ਵਿਚ ਸਿਰ ਗਿਣੇ ਜਾਂਦੇ ਹਨ, ਤੋਲੇ ਨਹੀਂ ਜਾਂਦੇ। ਅਤੇ ਜਿਸ ਦੀ ਲਾਠੀ ਉਸੇ ਦੀ ਮੱਝ ਬਣ ਜਾਂਦੀ ਹੈ। ਅਮਲੀਆਂ ਅਤੇ ਨਸ਼ੇੜੀਆਂ ਲਈ ਵੋਟਾਂ ਦੇ ਦਿਨ ਤੀਆਂ ਵਾਂਗ ਲੱਗਦੇ ਹਨ।
ਨਿਰਸੰਦੇਹ, ਅੱਜ ਮਤਦਾਤਾ ਦੇ ਵਿਹਾਰ ਵਿਚ ਵੱਡਾ ਪਰਿਵਰਤਨ ਨਜ਼ਰ ਆ ਰਿਹਾ ਹੈ। ਉਹ ਬੜਾ ਸਿਆਣਾ ਹੋਣ ਜਾ ਰਿਹਾ ਹੈ। ਉਹ ਜਿੱਥੇ ਮਰਜ਼ੀ ਖੜੇ, ਘੁੰਮੇ। ਆਪਣਾ ਦਿਲ ਕਿਸੇ ਨੂੰ ਨਹੀਂ ਦੱਸਦਾ। ਗੁਪਤ ਵੋਟ ਪ੍ਰਣਾਲੀ ਦਾ ਇਹੋ ਤਾਂ ਲਾਭ ਹੈ।
ਉਹ ਜੱਜ ਵਾਂਗ ਸਭ ਦੀ ਸੁਣਦਾ ਹੈ। ਸਰਕਾਰ ਦੀ ਕਾਰਜ ਕੁਸ਼ਲਤਾ ਤੇ ਨਜ਼ਰ ਬਣਾਈ ਰੱਖਦਾ ਹੈ। ਸਰਕਾਰੀ ਦੀ ਲਾਪਰਵਾਹੀ, ਜ਼ਿਆਦਤੀ ਜਾਂ ਅਸਫ਼ਲਤਾ ਦਾ ਕਰਾਰਾ ਜਵਾਬ ਚੋਣ ਮੈਦਾਨ ਵਿਚ ਦੇ ਕੇ ਪਾਸਾ ਪਲਟਣ ਤੋਂ ਜਰਾ ਸੰਕੋਚ ਨਹੀਂ ਕਰਦਾ।
ਆਓ, ਆਪਾਂ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਕਰਦੇ ਹੋਏ, ਵੋਟ ਦੇ ਅਸਲੀ ਅਧਿਕਾਰੀ ਨੂੰ ਹੀ ਵੋਟ ਪਾਈਏ ਜਿਹੜਾ ਸਮਦ੍ਰਿਸ਼ਟ, ਦੂਰਦ੍ਰਿਸ਼ਟ ਅਤੇ ਸਾਂਝੀਵਾਲਤਾ ਦਾ ਪਹਿਰੇਦਾਰ ਹੋਵੇ। ਸਰਬਹਿਤਕਾਰੀ ਹੋਵੇ, ਸਭ ਦੇ ਦੁੱਖ ਸੁੱਖ ਵਿਚ ਸ਼ਰੀਕ ਹੋਵੇ, ਧਰਮ ਨਿਰਪੇਖਤਾ, ਅਖੰਡਤਾ, ਅਹਿੰਸਾ ਵਿਚ ਅਟੁੱਟ ਵਿਸ਼ਵਾਸ਼ ਰੱਖਣ ਵਾਲਾ ਹੋਵੇ ਅਤੇ ਆਪਣੀ ਨੈਤਿਕ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ, ਆਮ ਜਨਤਾ ਦੇ ਹਿੱਤ ਤੇ ਹੱਕਾ ਦੀ ਰਾਖੀ ਕਰੇ, ਨਾ ਕਿ ਆਪਣੇ ਚਹੇਤਿਆ ਨੂੰ ਸੀਰਨੀ ਵੰਡਦਾ ਰਹੇ। ਅੱਜ ਦਾ ਵੋਟਰ ਸੂਬੇ ਦਾ ਵਿਕਾਸ ਚਾਹੁੰਦਾ ਹੈ, ਅਮਨ-ਸ਼ਾਂਤੀ ਮੰਗਦਾ ਹੈ, ਧਰਮ ਦੀ ਪਵਿੱਤਰਤਾ ਲੋਚਦਾ ਹੈ, ਸਮਾਨਤਾ ਦੀ ਭਾਵਨਾ ਚਾਹੁੰਦਾ ਹੈ, ਅੰਤਰ-ਰਾਸ਼ਟਰੀ ਪੱਧਰ ਤੇ ਸੂਬੇ ਦੀ ਰਹਿਨੁਮਾਈ ਵੇਖਣ ਦੀ ਆਸ ਰੱਖਦਾ ਹੈ ਅਤੇ ਰੋਜੀ ਰੋਟੀ ਲਈ ਰੋਜ਼ਗਾਰ ਦੀ ਕਾਮਨਾ ਕਰਦਾ ਹੋਇਆ ਦੇਸ਼ ਦੇ ਉਜਵਲ ਭਵਿੱਖ ਲਈ ਵੋਟ ਦੇ ਅਧਿਕਾਰ ਦੀ ਉਚਿਤ ਵਰਤੋਂ ਕਰਨ ਵਿਚ ਮਾਣ ਮਹਿਸੂਸ ਕਰੇਗਾ। ਆਮੀਨ!
ਸੰਪਰਕ: 9417176877

Advertisement
Author Image

joginder kumar

View all posts

Advertisement
Advertisement
×