ਕਿਸਾਨਾਂ ਵਿੱਚ ਮੱਕੀ ਬੀਜਣ ਦਾ ਰੁਝਾਨ ਵਧਿਆ
ਗੁਰਜੰਟ ਕਲਸੀ
ਸਮਾਲਸਰ, 25 ਅਪਰੈਲ
ਸਮਾਲਸਰ ਦੇ ਆਸ ਪਾਸ ਪਿੰਡਾਂ ਵਿੱਚ ਕਣਕ ਤੇ ਤੂੜੀ ਦੀ ਸੰਭਾਲ ਦਾ ਕੰਮ ਪੂਰੇ ਜ਼ੋਰਾਂ ’ਤੇ ਹੈ ਪਰ ਨਾਲੋ ਨਾਲ ਕਿਸਾਨ ਵੱਲੋਂ ਪਸ਼ੂਆਂ ਦੇ ਹਰੇ ਚਾਰੇ ਲਈ ਮੱਕੀ ਦੀ ਬਿਜਾਂਦ ਦਾ ਕੰਮ ਵੀ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ। ਕਣਕ ਅਤੇ ਤੂੜੀ ਦੀ ਸੰਭਾਲ ਮਗਰੋਂ ਕਿਸਾਨ ਰਾਤੋ ਰਾਤ ਖੇਤ ਵਾਹ ਕੇ ਮੱਕੀ ਦੀ ਬਿਜਾਂਦ ਲਈ ਦਿਨ ਰਾਤ ਇੱਕ ਕਰ ਰਹੇ ਹਨ। ਡੇਮਰੂ ਕਲਾਂ ਦੇ ਕਿਸਾਨ ਹਰਮੰਦਰ ਸਿੰਘ, ਬੁੱਕਣ ਸਿੰਘ, ਗੇਜ ਸਿੰਘ ਆਦਿ ਨੇ ਦੱਸਿਆ ਕਿ ਮੱਕੀ ਨਵੀਂ ਤਕਨੀਕ ਨਾਲ ਖਾਲੀਆਂ ਵਿੱਚ ਬੀਜੀ ਜਾ ਰਹੀ ਹੈ ਜਿਸ ਨਾਲ ਪਾਣੀ ਦੀ ਖਪਤ ਘੱਟ ਹੁੰਦੀ ਹੈ। ਕਿਸਾਨਾਂ ਨੇ ਦੱਸਿਆ ਕਿ ਸਾਉਣੀ ਦੀ ਮੁੱਖ ਫਸਲ ਝੋਨੇ ਲਈ ਹੁਣ ਤੋਂ ਕਰੀਬ 70-75 ਦਿਨ ਬਾਕੀ ਹਨ ਅਤੇ ਇੰਨੇ ਹੀ ਸਮੇਂ ਵਿਚ ਮੱਕੀ ਦੀ ਫਸਲ ਪਸ਼ੂਆਂ ਦੇ ਹਰੇ ਚਾਰੇ ਅਤੇ ਮੱਕੀ ਦੇ ਅਚਾਰ ਲਈ ਪੱਕ ਕੇ ਤਿਆਰ ਹੋ ਜਾਂਦੀ ਹੈ। ਇੰਜ ਕਿਸਾਨ ਖੇਤ ਵਿਚੋਂ ਤਿੰਨ-ਤਿੰਨ ਫਸਲਾਂ ਦਾ ਲਾਹਾ ਲੈ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਪਸ਼ੂ ਪਾਲਣ ਦੇ ਧੰਦੇ ’ਤੇ 65-70 ਫੀਸਦੀ ਖਰਚਾ ਪਸ਼ੂਆਂ ਦੀ ਖੁਰਾਕ ’ਤੇ ਆਉਂਦਾ ਹੈ ਜਿਸ ਵਿਚੋਂ ਹਰਾ ਚਾਰਾ ਮੁੱਖ ਹੈ। ਪਸ਼ੂਆਂ ਲਈ ਹਰਾ ਚਾਰਾ ਅਤੇ ਆਚਾਰ ਪਸ਼ੂਆਂ ਨੂੰ ਦੁੱਧ ਵਧਾਉਣ ਲਈ ਦਿੱਤੀ ਜਾਂਦੀ ਫੀਡ ਆਦਿ ਤੋਂ ਸਸਤਾ ਪੈਂਦਾ ਹੈ । ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਲੰਡੇ ਇਕਾਈ ਦੇ ਪ੍ਰਧਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਪਸ਼ੂ ਪਾਲਣ ਦਾ ਧੰਦਾ ਹੀ ਕਿਸਾਨ ਲਈ ਸਹਾਇਕ ਧੰਦਾ ਬਚਿਆ ਹੈ।