ਨੌਜਵਾਨਾਂ ’ਚ ਪਰਵਾਸ ਦਾ ਰੁਝਾਨ ਤੇ ਪੰਜਾਬ
ਦਵਿੰਦਰ ਕੌਰ ਖੁਸ਼ ਧਾਲੀਵਾਲ
ਨੌਜਵਾਨਾਂ ਵਿੱਚ ਪਰਵਾਸ ਦਾ ਰੁਝਾਨ ਵਧ ਰਿਹਾ ਹੈ। ਬਹੁਤੇ ਲੋਕ ਭਾਰਤ ਵਿੱਚ ਸਿੱਖਿਆ ਪ੍ਰਣਾਲੀ ਦੇ ਨਿਘਾਰ, ਘਟਦੇ ਰੁਜ਼ਗਾਰ ਦੇ ਮੌਕੇ, ਬੱਚਿਆਂ ਦੇ ਭਾਰਤ ਵਿੱਚ ਅਸੁਰੱਖਿਅਤ ਭਵਿੱਖ ਕਾਰਨ ਬਾਹਰਲੇ ਮੁਲਕਾਂ ਵਿੱਚ ਜਾਣ ਨੂੰ ਮਜਬੂਰ ਹਨ। ਪੰਜਾਬ ਤੋਂ ਹੀ ਨਹੀਂ, ਸਾਰੇ ਭਾਰਤ ਦੇ ਵਿਦਿਆਰਥੀਆਂ ਵਿੱਚ ਬਾਹਰ ਜਾਣ ਦਾ ਰੁਝਾਨ ਦੇਖਣ ਨੂੰ ਮਿਲ਼ ਰਿਹਾ ਹੈ। ਪੰਜਾਬ ’ਚ ਪਿਛਲੇ ਸਮੇਂ ਤੋਂ ਵਿਦੇਸ਼ਾਂ ’ਚ ਜਾਣ ਦਾ ਰੁਝਾਨ ਵਧਿਆ ਹੈ, ਇਸ ਦਾ ਕਾਰਨ ਸਪੱਸ਼ਟ ਤੌਰ ’ਤੇ ਜੱਗ ਜ਼ਾਹਿਰ ਹੈ ਕਿ ਅੱਜ ਪੰਜਾਬ ਸਰਕਾਰ ਕੋਲ ਨੌਜਵਾਨਾਂ ਲਈ ਭਾਂਡੇ ਖਾਲੀ ਹਨ। ਬੇਰੁਜ਼ਗਾਰੀ ਦਾ ਆਲਮ ਇਸ ਤਰ੍ਹਾਂ ਹੈ ਕਿ ‘ਪੇਂਡੂ ਤੇ ਸਨਅਤੀ ਵਿਕਾਸ ਸਰਵੇਖਣ’ ਦੀ ਇੱਕ ਰਿਪੋਰਟ ਮੁਤਾਬਕ ਪੰਜਾਬ ਦੀ 2 ਕਰੋੜ, 77 ਲੱਖ ਅਬਾਦੀ ’ਚੋਂ 22.22 ਲੱਖ ਨੌਜਵਾਨ ਬੇਰੁਜ਼ਗਾਰ ਨੇ, 15.55 ਲੱਖ ਨੌਕਰੀ ਦੀ ਭਾਲ ’ਚ ਨੇ ਤੇ 14.46 ਲੱਖ ਉਹ ਹਨ ਜਿਨ੍ਹਾਂ ਨੂੰ 3-6 ਮਹੀਨੇ ਹੀ ਕੰਮ ਮਿਲ਼ਦਾ ਹੈ। ਪੰਜਾਬ ’ਚ ਅੱਜ ਪੜ੍ਹੇ ਲਿਖੇ ਨੌਜਵਾਨਾਂ ਨੂੰ ਵੀ ਆਪਣਾ ਭਵਿੱਖ ਧੁੰਦਲਾ ਹੀ ਨਜ਼ਰ ਆ ਰਿਹਾ ਹੈ। ਪੰਜਾਬ ’ਚ ਬਾਦਲ ਸਰਕਾਰ ਦੇ ਬਦਲ ’ਚ ਆਈ ਕੈਪਟਨ ਸਰਕਾਰ ਤੇ ਫਿਰ ‘ਆਪ’ ਦੀ ਸਰਕਾਰ ਨੇ ਵੀ ਲੋਕਾਂ ਨੂੰ ਘਰ-ਘਰ ਨੌਕਰੀ ਦੇ ਬੱਸ ਲਾਰਿਆਂ ਨਾਲ਼ ਹੀ ਟਰਕਾ ਦਿੱਤਾ। ਇੱਥੋਂ ਦੀਆਂ ਮਾੜੀਆਂ ਜੀਵਨ ਹਾਲਤਾਂ ਨੌਜਵਾਨਾਂ ਨੂੰ ਵਿਦੇਸ਼ ਦੇ ਸੁਫਨੇ ਵੱਲ ਲੈ ਕੇ ਜਾਂਦੀਆਂ ਹਨ। ਪੰਜਾਬ ਦੇ ਮੁਕਾਬਲਤਨ ਵਿਦੇਸ਼ਾਂ ’ਚ ਜ਼ਿਆਦਾ ਬਿਹਤਰ ਜੀਵਨ ਹਾਲਤਾਂ ਦੀ ਖਿੱਚ ਸਦਕਾ ਨੌਜਵਾਨਾਂ ਨੂੰ ਆਪਣਾ ਭਵਿੱਖ ਕੁੱਝ ਰੁਸ਼ਨਾਉਂਦਾ ਨਜ਼ਰ ਆਉਂਦਾ ਹੈ। ਨੌਜਵਾਨ ਨੂੰ ਸੁਫਨਿਆਂ ਦੀ ਉਡਾਰੀ ਦੀ ਕਾਹਲ ’ਚ ਚੰਗੇ ਭਵਿੱਖ ਲਈ ਕਈ ਤਰ੍ਹਾਂ ਦੀ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ ਹਨ। ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਹੋਏ ਪੰਜਾਬ ’ਚ ਟਰੈਵਲ ਏਜੰਟਾਂ ਦਾ ਗੈਰਕਨੂੰਨੀ ਢੰਗ ਨਾਲ਼ ਵਿਦੇਸ਼ਾਂ ’ਚ ਭੇਜਣ ਦਾ ਕਾਰੋਬਾਰ ਵੀ ਚੱਲਦਾ ਹੈ। ਲੋਕ ਜ਼ਮੀਨ ਵੇਚਕੇ, ਉਧਾਰ ਜਾਂ ਵਿਆਜ ’ਤੇ ਪੈਸੇ ਫੜ੍ਹਕੇ, ਘਰ-ਬਾਰ, ਗਹਿਣਾ-ਗੱਟਾ ਵੇਚਕੇ ਵਿਦੇਸ਼ ਜਾਣ ਦਾ ਹੀਲਾ ਕਰਦੇ ਹਨ। ਇਨ੍ਹਾ ਵਿੱਚੋਂ ਬਹੁਤਿਆਂ ਨਾਲ਼ ਠੱਗੀ ਵੱਜਦੀ ਹੈ, ਜਿਹੜੇ ਘਰੋਂ ਤੁਰ ਪੈਂਦੇ ਹਨ ਉਹ ਰਸਤੇ ਵਿੱਚ ਚੋਰ ਮੋਰੀਆਂ ਲੰਘਦੇ ਠੰਢ ਨਾਲ਼, ਭੁੱਖੇ ਤਿਹਾਏ ਜਾਂ ਬਿਮਾਰ ਹੋ ਕੇ ਮੌਤ ਨੂੰ ਵੀ ਗਲ਼ ਲਾਉਂਦੇ ਨੇ ਜਾਂ ਫਿਰ ਸਮੁੰਦਰਾਂ ’ਚ ਡੋਬਕੇ ਮਾਰ ਦਿੱਤੇ ਜਾਂਦੇ ਹਨ। ਕਈਆਂ ਨੂੰ ਏਜੰਟਾਂ ਵੱਲੋਂ ਭਾਰਤ ’ਚ ਹੀ ਮਾਰ ਕੇ ਜਾਂ ਅਗਵਾ ਕਰਕੇ ਰੋਲ ਦਿੱਤਾ ਜਾਂਦਾ ਹੈ। ਜਿਹੜੇ ਕਿਸੇ ਮੁਲਕ ਵਿੱਚ ਚੋਰੀ ਛਿਪੇ ਪਹੁੰਚ ਵੀ ਜਾਂਦੇ ਹਨ, ਉਹਨਾਂ ’ਚੋਂ ਵੀ ਬਹੁਤਿਆਂ ਨੁੰ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਨਾ ਪੈਂਦਾ ਹੈ, ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਬੰਧੂਆ ਮਜ਼ਦੂਰ ਬਣਾ ਲਿਆ ਜਾਂਦਾ ਹੈ ਜਾਂ ਫਿਰ ਫੜ੍ਹੇ ਜਾਣ ’ਤੇ ਜੇਲ੍ਹਾਂ ਵਿੱਚ ਰੁਲਣਾ ਪੈਂਦਾ ਹੈ। ਇਸ ਸਬੰਧੀ “ਯੂਨਾਈਟਿਡ ਨੇਸ਼ਨਜ਼ ਆਫ ਡਰੱਗਜ਼ ਐਂਡ ਕਰਾਈਮ” ਵੱਲੋਂ ਹਾਲ ਹੀ ਵਿੱਚ ਜਾਰੀ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਹਰ ਸਾਲ 50 ਹਜ਼ਾਰ ਪੰਜਾਬੀ ਗੈਰ-ਕਨੂੰਨੀ ਢੰਗ ਨਾਲ਼ ਵਿਦੇਸ਼ਾਂ ਵਿੱਚ ਜਾਂਦੇ ਹਨ ਅਤੇ ਇਸ ਵੇਲੇ ਇੱਕ ਲੱਖ ਪੰਜਾਬੀ ਵਿਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਰਿਪੋਰਟ ਅਨੁਸਾਰ ਇਨ੍ਹਾਂ ਨੌਜਵਾਨਾਂ ਤੋਂ ਠੱਗ ਏਜੰਟਾਂ ਨੇ ਖੂਨ ਪਸੀਨੇ ਦੀ ਕਮਾਈ ਦਾ 2,000 ਕਰੋੜ ਰੁਪਿਆ ਡਕਾਰ ਲਿਆ ਹੈ ਅਤੇ 50 ਹਜ਼ਾਰ ਪਰਿਵਾਰ ਇਸ ਲੁੱਟ ਕਾਰਨ ਅੱਜ ਨਰਕ ਦੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਇਕ ਸਰਵੇਖਣ ਮੁਤਾਬਕ ਜਨਵਰੀ 2016 ਤੋਂ ਜੂਨ 2023 ਤੱਕ ਇਕ ਲੱਖ ਲੋਕਾਂ ਤੋਂ 22 ਹਜ਼ਾਰ, 870 ਕਰੋੜ ਰੁਪਏ ਠੱਗੇ ਜਾ ਚੁਕੇ ਹਨ। ਇਸ ਮੁਤਾਬਕ ਹਰ ਵਿਅਕਤੀ ਤੋਂ ਔਸਤਨ 19 ਲੱਖ ਰੁਪਏ ਠੱਗੇ ਜਾਂਦੇ ਨੇ ਤੇ ਹੋਰ ਛੋਟੇ-ਛੋਟੇ ਮਾਮਲੇ ਤਾਂ ਦਰਜ ਹੀ ਨਹੀਂ ਹੁੰਦੇ। ਸਰਵੇਖਣ ’ਚ 100 ਤੋਂ ਵੱਧ ਪੀੜਤ ਪਰਿਵਾਰਾਂ ਨਾਲ਼ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਪੁਲੀਸ ਤੋਂ ਸਾਨੂੰ ਕੁੱਝ ਖਾਸ ਉਮੀਦ ਨਹੀਂ ਹੁੰਦੀ। ਜ਼ਿਆਦਾਤਰ ਮਾਮਲਿਆ ’ਚ ਪੁਲੀਸ ਇਹਨਾਂ ਟਰੈਵਲ ਏਜੰਟਾਂ ਤੋਂ ਕਮਿਸ਼ਨ ਖਾਂਦੀ ਹੈ ਜਿਸ ਕਰਕੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ। 150 ਤੋਂ ਵੱਧ ਟਰੈਵਲ ਏਜੰਸੀਆਂ ਚੱਲ ਰਹੀਆਂ ਹਨ ਜਿਹੜੀਆਂ ਫਰਜ਼ੀ ਨੇ ਤੇ ਸਰਕਾਰ ਵੱਲੋਂ ਉਹਨਾਂ ਵਿਰੁੱਧ ਕੋਈ ਸਖਤ ਕਾਰਵਾਈ ਨਹੀਂ ਹੁੰਦੀ। ਤੁਸੀਂ ਇਸ ਸਰਵੇਖਣ ਤੋਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੀਆਂ ਸਰਕਾਰਾਂ ਦਾ ਰੌਂਅ ਲੋਕਾਂ ਵੱਲ ਕਿਹੋ ਜਿਹਾ ਹੈ ਇੱਕ ਤਾਂ ਸਰਕਾਰ ਸਾਡੇ ਨੌਜਵਾਨਾਂ ਦੇ ਭਵਿੱਖ ਲਈ ਕੋਈ ਜ਼ਿੰਮੇਵਾਰੀ ਨਹੀਂ ਚੁਕਦੀ ਤੇ ਦੂਸਰਾ ਆਪਣਾ ਭਵਿੱਖ ਸੰਵਾਰਨ ਲਈ ਮਜਬੂਰ ਹੋਏ ਪਰਿਵਾਰਾਂ ਨੂੰ ਪਰਵਾਸ ਦੇ ਨਾਂ ’ਤੇ ਠੱਗਣ ਵਾਲ਼ਿਆ ਵੱਲ ਕਿੰਨੇ ਕੁ ਸਖਤ ਕਦਮ ਚੁੱਕਦੀ ਹੈ। ਇਹ ਖੁੱਲ੍ਹੇਆਮ ਲੋਕਾਂ ਤੋਂ ਪੈਸਾ ਠੱਗ ਰਹੇ ਹਨ ਤੇ ਇਹਨਾਂ ਠੱਗਣ ਵਾਲ਼ਿਆਂ ਦੀ ਗਿਣਤੀ ਸਰਕਾਰ ਦੀ ਮਿਹਰਬਾਨੀ ਨਾਲ਼ ਲਗਾਤਾਰ ਵਧ ਰਹੀ ਹੈ। ਬੇਰੁਜ਼ਗਾਰੀ ਨੇ ਸਭ ਤੋਂ ਵੱਧ ਬੱਚਿਆਂ ਨੂੰ ਦੇਸ਼ ਵਿਚੋਂ ਜਾਣ ਲਈ ਮਜਬੂਰ ਕੀਤਾ ਹੈ, ਨਸ਼ਿਆਂ ਦਾ ਰੁਝਾਨ, ਮਾਪਿਆਂ ਦਾ ਆਪਣੀ ਔਲਾਦ ਨੂੰ ਇੰਨਾ ਅਲਾਮਤਾਂ ਤੋਂ ਬਚਾਉਣਾ ਵੀ ਮੁੱਖ ਕਾਰਨ ਹੋ ਸਕਦਾ ਹੈ ਪਰ ਪਰਵਾਸ ਦੇ ਰੁਝਾਨ ਨੇ ਪੰਜਾਬ ਦੀ ਜੁਆਨੀ ਨੂੰ ਉਨ੍ਹਾਂ ਔਝੜੇ ਰਾਹਾਂ ’ਤੇ ਪਾ ਦਿਤਾ ਹੈ। ਉਹਨਾਂ ਨੂੰ ਆਪਣਾ ਭਵਿੱਖ ਨਹੀਂ ਪਤਾ ਅੱਗੇ ਕੀ ਹੈ। ਮਾਪਿਆਂ ਦਾ ਇਕੱਲਾਪਨ ਬਿਰਧ ਆਸ਼ਰਮ ਵਿੱਚ ਰੁਲ ਰਿਹਾ ਹੈ। ਪੰਜਾਬ ਨੂੰ ਪਰਵਾਸ ਨੇ ਖਾਲੀ ਕਰ ਦਿੱਤਾ ਹੈ। ਜੇ ਕਿਸੇ ਨੂੰ ਪਰਵਾਸ ਨਾਲ ਫਾਇਦਾ ਹੋਇਆ ਹੈ ਤਾਂ ਉਹ ਸਰਕਾਰ ਤੇ ਏਜੰਟਾਂ ਨੂੰ ਜਿੰਨਾ ਦੀ ਪਰਵਾਸ ਕਰਕੇ ਚਾਂਦੀ ਹੋਈ ਹੈ। ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਥਾਂ ਆਈਲੈਟਸ ਸੈਂਟਰ ਧੜਾਧੜ ਖੋਲ੍ਹ ਦਿੱਤੇ ਹਨ । ਪਰਵਾਸ ਦੇ ਰੁਝਾਨ ਦਾ ਖਮਿਆਜਾ ਸਭ ਤੋਂ ਵੱਧ ਖੁੱਲੇ ਕੁਝ ਸਿੱਖਿਆ ਤੇ ਪ੍ਰੋਫੈਸ਼ਨਲ ਕਾਲਜਾਂ ਨੂੰ ਭੁਗਤਣਾ ਪੈ ਰਿਹਾ ਹੈ। ਸਭ ਤੋਂ ਵੱਧ ਲੋਕ ਡੌਂਕੀ ਲੈ ਕੇ ਦੋ ਨੰਬਰ ਵਿੱਚ ਜਾ ਰਹੇ ਹਨ। ਜਿਨਾਂ ਦੇ ਸਾਹਮਣੇ ਮੌਤ ਹੈ , ਪਰਵਾਸ ਦੇ ਬਾਵਜੂਦ ਨੌਜਵਾਨਾਂ ਦਾ ਭਵਿੱਖ ਖਾਲੀ ਹੈ।
ਉਚੇਰੀ ਸਿੱਖਿਆ ਲਈ ਵਿਦੇਸ਼ ਜਾਣਾ ਮਾੜੀ ਗੱਲ ਨਹੀਂ ਪਰ ਆਈਲੈਟਸ ਦੇ ਨਾਂ ਉੱਤੇ ਵਿਦੇਸ਼ਾਂ ਵਿਚ ਜਾ ਕੇ ਹੀਲੇ-ਵਸੀਲੇ ਉਥੇ ਹੀ ਟਿਕ ਜਾਣਾ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੀ ਜੁਆਨੀ ਦੇ ਹਰ ਸਾਲ ਲੱਖਾਂ ਦੀ ਤਦਾਦ ’ਚ ਪੰਜਾਬ ਛੱਡਣ ਦੇ ਨਾਲ ਅਰਥਾਂ ਰੁਪਿਆ ਵੀ ਹਰ ਸਾਲ ਪੰਜਾਬ ਤੋਂ ਬਾਹਰ ਵਿਦੇਸ਼ੀ ਯੂਨੀਵਰਸਿਟੀਆਂ ਕਾਲਜਾਂ ਨੂੰ ਫੀਸ ਦੇ ਰੂਪ ਵਿੱਚ ਜਾ ਰਿਹਾ ਹੈ।
ਪੰਜਾਬ ਤਾਂ ਪਹਿਲਾਂ ਹੀ ਆਰਥਿਕ ਸੰਕਟ ’ਚ ਗ੍ਰਸਿਆ ਹੈ। ਇਥੋਂ ਦੀ ਕਿਰਸਾਨੀ ਵੀ ਮਾਨਸਿਕ ਤੌਰ ’ਤੇ ਦਿਨੋ-ਦਿਨ ਟੁੱਟਦੀ ਜਾ ਰਹੀ ਹੈ। ਸੂਬੇ ਦੇ ਮੱਧਵਰਗ ਪਰਿਵਾਰਾਂ ਨੂੰ ਇਹ ਨਾ ਸਹਿਣਯੋਗ ਮਾਲੀ ਬੋਝ ਅੰਦਰੋ ਅੰਦਰੀ ਖੋਖਲੇ ਕਰੀ ਜਾ ਰਿਹਾ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ਪੰਜਾਬ ਦੇ 90 ਫੀਸਦੀ ਕਿਸਾਨ ਕਰਜ਼ੇ ਦੀ ਮਾਰ ਹੇਠ ਹਨ, ਪਰਵਾਸ ਨੇ ਤਾਂ ਤਕਰੀਬਨ ਹਰ ਪੰਜਾਬੀ ਹੀ ਵੱਡੇ ਕਰਜ਼ੇ ਦੀ ਮਾਰ ਹੇਠ ਕਰ ਦਿੱਤਾ ਹੈ। ਦੇਸ਼ ’ਚ ਸਭ ਤੋਂ ਵੱਧ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰ ਕੇ ਆਪ ਰੇਗਿਸਤਾਨ ਬਣਨ ਵਲ ਪੁਲਾਘਾਂ ਪੁੱਟ ਰਿਹਾ ਪੰਜਾਬ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਟੁੱਟ ਰਿਹਾ ਹੈ। ਇਸ ਲਈ ਲੋੜ ਇਸ ਅਣਚਾਹੇ ਪਰਵਾਸ ਨੂੰ ਰੋਕਣ ਦੀ ਹੈ, ਉਤਸ਼ਾਹਤ ਕਰਨ ਦੀ ਨਹੀਂ। ਪੰਜਾਬ ਸਰਕਾਰ ਆਈਲੈਂਟਸ ਸੈਂਟਰ ਕੋਚਿੰਗ ਸੈਂਟਰ ਖੋਲ੍ਹਣ ਦੀ ਥਾਂ ਕਾਲਜਾਂ /ਯੂਨੀਵਰਸਿਟੀਆਂ ’ਚ ਦੇਸ਼ ਪੱਧਰ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ‘ਚ ਬੈਠਣ ਲਈ ਕੋਚਿੰਗ ਸੈਂਟਰ ਖੋਲ੍ਹੇ, ਕਾਲਜਾਂ/ਯੂਨੀਵਰਸਿਟੀਆਂ ’ਚ ਵੋਕੇਸ਼ਨਲ ਕੋਰਸ ਚਾਲੂ ਕੀਤੇ ਜਾਣ। ਸੂਬੇ ਦੇ ਕਾਰਖਾਨੇਦਾਰਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਟੈਕਨੀਸ਼ਨਾਂ ਨੂੰ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਜਾਵੇ, ਮਲਟੀ ਸਕਿੱਲ ਪ੍ਰੈਕਟੀਕਲ ਕੋਰਸ ਚਾਲੂ ਕਰਕੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਤਿਆਰ ਕੀਤਾ ਜਾਵੇ। ਇਸ ਤੋਂ ਵੀ ਵੱਡੀ ਗੱਲ ਇਹ ਕਿ ਮੁਫ਼ਤ ਅੰਨ-ਦਾਣਾ ਸਕੀਮਾਂ ਦੀ ਥਾਂ ਹਰ ਘਰ ਵਿਚ ਘੱਟੋ-ਘੱਟ ਇਕ ਜੀਅ ਨੂੰ ਰੁਜ਼ਗਾਰ ਦੇਣ ਦਾ ਪ੍ਰਬੰਧ ਕਰੇ ਤੇ ਉਹ ਸਾਰੀਆਂ ਸਰਕਾਰੀ ਨੌਕਰੀਆਂ ਭਰ, ਜਿਨ੍ਹਾਂ ਵਿਚ ਸਰਕਾਰੀ ਸਕੂਲਾਂ ਦੇ ਅਧਿਆਪਕ, ਦਫਤਰਾਂ ’ਚ ਕਲਰਕ, ਕੰਪਿਊਟਰ ਅਪਰੇਟਰ, ਵੱਖੋ-ਵੱਖਰੇ ਮਹਿਕਮਿਆਂ ’ਚ ਟੈਕਨੀਕਲ ਸਟਾਫ ਸ਼ਾਮਲ ਹਨ ਅਤੇ ਜਿਨ੍ਹਾਂ ਦੀਆਂ ਮਨਜ਼ੂਰਸ਼ੁਦਾ ਪੋਸਟਾਂ ਸਾਲਾਂ ਤੋਂ ਖਾਲੀ ਪਈਆਂ ਹਨ, ਭਰਨ ਵਿੱਚ ਪਹਿਲ ਕਰੇ। ਜੇ ਪੰਜਾਬ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਵੇ ਤਾਂ ਹੀ ਇਸ ਪਰਵਾਸ ਨੂੰ ਠੱਲ ਪਏਗੀ ਅਤੇ ਮਾਪੇ ਆਪਣੇ ਲਾਡਲਿਆਂ ਨੂੰ ਵਿਦੇਸ਼ਾਂ ਦੇ ਔਝੜੇ ਰਾਹਾਂ ’ਤੇ ਭੇਜਣ ਲਈ ਮਜਬੂਰ ਨਹੀਂ ਹੋਣਗੇ। ਪੰਜਾਬ ਖੁਸ਼ਹਾਲ ਹੋਵੇਗਾ।
ਸੰਪਰਕ: 88472-27740