ਨਾੜ ਨੂੰ ਲਾਈ ਅੱਗ ਕਾਰਨ ਦਰੱਖ਼ਤ ਸੜੇ
ਪੱਤਰ ਪ੍ਰੇਰਕ
ਪਾਇਲ, 17 ਮਈ
ਕਣਕ ਦੇ ਨਾੜ ਨੂੰ ਲਾਈ ਜਾ ਰਹੀ ਅੱਗ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਜਿੱਥੇ ਇਸ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਆਉਂਦੀ ਹੈ, ਉੱਥੇ ਸੜਕਾਂ ਦੇ ਆਲੇ ਦੁਆਲੇ ਖੜ੍ਹੇ ਰੁੱਖ ਵੀ ਸੜ ਰਹੇ ਹਨ। ਸਮਾਜਸੇਵੀ ਗੁਰਪ੍ਰੀਤ ਸਿੰਘ ਬਿੱਲਾ ਘੁਡਾਣੀ ਨੇ ਘੁਡਾਣੀ ਤੋਂ ਰਾੜਾ ਸਾਹਿਬ ਸਕੂਲ ਅੱਗੇ ਦਰੱਖਤਾਂ ਨੂੰ ਲੱਗੀ ਅੱਗ ਬੁਝਾਉਣ ਸਮੇਂ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਨਾੜ ਨੂੰ ਲਾਈ ਅੱਗ ਕਾਫ਼ੀ ਤੇਜ਼ੀ ਨਾਲ ਸੜਕ ਪਾਰ ਕਰਕੇ ਦੂਜੇ ਪਾਸੇ ਖੇਤਾਂ ’ਚ ਜਾ ਪੁੱਜੀ, ਪਰ ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਰਹੇ। ਉਨ੍ਹਾਂ ਦੱਸਿਆ ਕਿ ਰਾੜਾ ਸਾਹਿਬ ਤੋਂ ਮਲੌਦ ਨੂੰ ਜਾਣ ਵਾਲੀ ਮੇਨ ਸੜਕ ’ਤੇ ਅੱਗ ਨੇ ਕੋਈ ਰੁੱਖ ਨਹੀਂ ਛੱਡਿਆ। ਉਨ੍ਹਾਂ ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਅੱਗ ਲਗਾਉਣ ਵਾਲੇ ਵਿਅਕਤੀਆਂ ਤੋਂ ਜੁਰਮਾਨੇ ਵਸੂਲੇ ਜਾਣ ਤੇ ਕਾਰਵਾਈ ਕੀਤੀ ਜਾਵੇ। ਡੀਐੱਫਓ ਲੁਧਿਆਣਾ ਨੇ ਕਿਹਾ ਕਿ ਨਾੜ ਨੂੰ ਲਾਈ ਅੱਗ ਕਾਰਨ ਜੰਗਲਾਤ ਵਿਭਾਗ ਦੇ ਦਰੱਖਤਾਂ ਦੇ ਹੋਏ ਨੁਕਸਾਨ ਦੀ ਭਰਪਾਈ ਜੁਰਮਾਨਿਆਂ ਰਾਹੀਂ ਜ਼ਰੂਰ ਵਸੂਲੀ ਜਾਵੇਗੀ।