ਝੱਖੜ ਆਉਣ ਕਾਰਨ ਦਰੱਖਤ ਡਿੱਗੇ
ਕੇ.ਕੇ. ਬਾਂਸਲ
ਰਤੀਆ, 25 ਜੁਲਾਈ
ਤੇਜ਼ ਬਾਰਸ਼ਾਂ ਅਤੇ ਝੱਖੜ ਆਉਣ ਕਾਰਨ ਇਸ ਖੇਤਰ ‘ਚ ਬਹੁਤ ਸਾਰੇ ਹਰੇ ਭਰੇ ਦਰਖਤ ਨੁਕਸਾਨੇ ਗਏ। ਜ਼ਿਕਰਯੋਗ ਹੈ ਕਿ ਇਸ ਖੇਤਰ ਦੀਆਂ ਨਹਿਰਾਂ, ਨਾਲਿਆਂ, ਖੇਤਾਂ ਅਤੇ ਮੁੱਖ ਸੜਕਾਂ ਦੇ ਕਨਿਾਰੇ ਜ਼ਿਆਦਾਤਰ ਦਰੱਖਤ ਲੱਗੇ ਹੋਏ ਸਨ। ਸਬੰਧਤ ਵਿਭਾਗ ਇਨ੍ਹਾਂ ਦਰੱਖਤਾਂ ਨੂੰ ਸੁਰੱਖਿਅਤ ਰੱਖਣ ਲਈ ਨਾਕਾਮ ਰਿਹਾ ਹੈ ਕਿਉਂਕਿ ਤੇਜ਼ ਝੱਖੜ ਕਾਰਨ ਸੁੱਕੇ ਦਰੱਖਤਾਂ ਦੇ ਨਾਲ ਹਰੇ ਭਰੇ ਦਰੱਖਤ ਵੀ ਕੁਦਰਤ ਦੀ ਬਲੀ ਚੜ੍ਹ ਜਾਂਦੇ ਹਨ। ਵਾਤਾਵਰਣ ਪ੍ਰੇਮੀਆਂ ਨਰੇਸ਼ ਕੁਮਾਰ, ਚਰਨਜੀਤ ਸਿੰਘ, ਬੂਟਾ ਸਿੰਘ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਕਾਫੀ ਲੰਬੇ ਅਰਸੇ ਤੋ ਟੋਹਾਣਾ ਰੋਡ ਤੇ ਭੂਨਾ ਕੈਂਚੀਆਂ ਤੋ ਲੈ ਕੇ ਬਾਈਪਾਸ ਤੱਕ ਬਹੁਤ ਸਾਰੇ ਦਰਖਤ ਸੁੱਕ ਕੇ ਡਿੱਗ ਪਏ। ਜਨਿ੍ਹਾਂ ਦੀ ਵਿਭਾਗ ਕੋਈ ਸਾਂਭ-ਸੰਭਾਲ ਨਹੀਂ ਕਰ ਰਿਹਾ। ਕੁੱਝ ਲੋਕ ਇਨ੍ਹਾਂ ਦਰਖਤਾਂ ਨੂੰ ਚੋਰੀ ਛੁਪੇ ਕੱਟ ਕੇ ਲੈ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਵਿਭਾਗ ਨੇ ਕੋਈ ਧਿਆਨ ਨਾ ਦਿੱਤਾ ਤਾਂ ਜਲਦ ਹੀ ਸਾਰੇ ਦਰੱਖ਼ਤ ਗਾਇਬ ਹੋ ਜਾਣਗੇ। ਵਣ-ਵਿਭਾਗ ਦੇ ਬਲਾਕ ਅਧਿਕਾਰੀ ਵੀਰੇਂਦਰ ਕੁਮਾਰ ਦਾ ਕਹਿਣਾ ਹੈ ਕਿ ਕੁਦਰਤੀ ਆਫਤ ਨਾਲ ਡਿੱਗੇ ਦਰਖਤਾਂ ’ਤੇ ਵਿਭਾਗ ਦੀ ਪੂਰੀ ਨਜ਼ਰ ਹੈ ਅਤੇ ਨੁਕਸਾਨੇ ਦਰਖਤਾਂ ਨੂੰ ਜਲਦ ਚੁੱਕਣ ਲਈ ਵਿਭਾਗ ਨੂੰ ਲਿਖ ਕੇ ਭੇਜਿਆ ਜਾਵੇਗਾ ਪਰ ਦਰੱਖਤਾਂ ਦੇ ਗਾਇਬ ਹੋਣ ਦੀ ਕੋਈ ਸ਼ਿਕਾਇਤ ਨਹੀ ਆਈ। ਜੇ ਕੋਈ ਅਜਿਹਾ ਮਾਮਲਾ ਸਾਹਮਣੇ ਆਇਆ ਤਾਂ ਤੁਰੰਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।