For the best experience, open
https://m.punjabitribuneonline.com
on your mobile browser.
Advertisement

ਸਿਵਲ ਹਸਪਤਾਲ ਵਿੱਚ ਟਾਰਚਾਂ ਦੀ ਰੋਸ਼ਨੀ ’ਚ ਹੋਇਆ ਇਲਾਜ

08:37 AM Mar 02, 2024 IST
ਸਿਵਲ ਹਸਪਤਾਲ ਵਿੱਚ ਟਾਰਚਾਂ ਦੀ ਰੋਸ਼ਨੀ ’ਚ ਹੋਇਆ ਇਲਾਜ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਮਾਰਚ
ਲੁਧਿਆਣਾ ਦੇ ਸਿਵਲ ਹਸਪਤਾਲ ’ਚ ਬੀਤੀ ਦੇਰ ਰਾਤ ਬਿਜਲੀ ਬੰਦ ਹੋਣ ਕਾਰਨ ਹਨੇਰਾ ਛਾ ਗਿਆ। ਐਮਰਜੈਂਸੀ, ਮੈਡੀਸਨ ਵਿਭਾਗ, ਨਰਸਿੰਗ ਸਟੇਸ਼ਨ, ਮਹਿਲਾ ਵਾਰਡ, ਜ਼ੱਚਾ-ਬੱਚਾ ਯੂਨਿਟ ਤੇ ਪਖਾਨਿਆਂ ਤੋਂ ਲੈ ਕੇ ਪੂਰਾ ਇਲਾਕਾ ਹਨੇਰੇ ’ਚ ਘਿਰ ਗਿਆ। ਬਿਜਲੀ ਬੰਦ ਹੋਣ ਤੋਂ ਬਾਅਦ ਡਾਕਟਰ ਅਤੇ ਨਰਸਿੰਗ ਸਟਾਫ ਮੋਬਾਈਲ ਦੀਆਂ ਟਾਰਚਾਂ ਦੀ ਰੋਸ਼ਨੀ ’ਚ ਮਰੀਜ਼ਾਂ ਦਾ ਇਲਾਜ ਕਰਦਾ ਰਿਹਾ।
ਹਰ ਇੱਕ ਵਿਭਾਗ ’ਚ ਹਨੇਰਾ ਹੋਣ ਦੇ ਬਾਵਜੂਦ ਕਿਸੇ ਵੀ ਮੁਲਾਜ਼ਮ ਨੇ ਜੈਨਰੇਟਰ ਚਾਲੂ ਨਹੀਂ ਕੀਤਾ ਅਤੇ ਡਾਕਟਰ ਅਤੇ ਨਰਸਾਂ ਹਨੇਰੇ ’ਚ ਹੀ ਟਾਰਚਾਂ ਦੀ ਰੋਸ਼ਨੀ ਨਾਲ ਮਰੀਜ਼ਾਂ ਨੂੰ ਦਵਾਈਆਂ ਤੇ ਟੀਕੇ ਲਾਉਂਦੇ ਨਜ਼ਰ ਆਏ। ਹਾਲਾਂਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਇਤਰਾਜ਼ ਜ਼ਾਹਿਰ ਕਰਨ ਤੋਂ ਬਾਅਦ ਇਲੈਕਟ੍ਰਾਨਿਕ ਸਟਾਫ਼ ਇੱਧਰ ਉਧਰ ਭੱਜ ਕੇ ਜੈਨਰੇਟਰ ਚਲਾਉਣ ਦੀ ਕੋਸ਼ਿਸ਼ ਕਰਦਾ ਤਾਂ ਨਜ਼ਰ ਆਇਆ ਪਰ ਜੈਨਰੇਟਰ ਨਹੀਂ ਚਲਾਇਆ। ਤਕਰੀਬਨ ਅੱਧੇ ਘੰਟੇ ਬਾਅਦ ਬਿਜਲੀ ਸਪਲਾਈ ਬਹਾਲ ਹੋਣ ’ਤੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ।
ਉਧਰ, ਸਿਵਲ ਹਸਪਤਾਲ ਦੇ ਦਾਖ਼ਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇੱਥੇ ਬਿਜਲੀ ਜਾਣਾ ਆਮ ਗੱਲ ਹੈ। ਹਸਪਤਾਲ ’ਚ ਜੈਨਰੇਟਰ ਦੀ ਸਹੂਲਤ ਹੈ, ਪਰ ਬਿਜਲੀ ਮੁਲਾਜ਼ਮ ਡੀਜ਼ਲ ਬਚਾਉਣ ਦੇ ਚੱਕਰ ’ਚ ਉਸ ਦੀ ਵਰਤੋਂ ਨਹੀਂ ਕਰਦੇ। ਇਸ ਲਾਪਰਵਾਹੀ ਨਾਲ ਮਰੀਜ਼ਾਂ ਦੇ ਨਾਲ ਨਾਲ ਹਸਪਤਾਲ ਦਾ ਸਟਾਫ ਵੀ ਪ੍ਰੇਸ਼ਾਨ ਹੈ। ਰਾਤ ਨੂੰ ਟਾਰਚ ਲਾਈਟ ਤੇ ਮੋਮਬੱਤੀ ਦੀ ਰੋਸ਼ਨੀ ’ਚ ਮਰੀਜ਼ਾਂ ਦਾ ਇਲਾਜ ਕਰਨਾ ਪੈਂਦਾ ਹੈ।

Advertisement

ਜੈਨਰੇਟਰ ਨਾ ਚਲਾਉਣ ਬਾਰੇ ਜਵਾਬ ਤਲਬੀ ਹੋਵੇਗੀ: ਐੱਸਐੱਮਓ

ਸਿਵਲ ਹਸਪਤਾਲ ਦੇ ਐੱਸਐੱਚਓ ਮਨਦੀਪ ਕੌਰ ਨੇ ਕਿਹਾ ਕਿ ਸਿਵਲ ਹਸਪਤਾਲ ਵਿੱਚ ਬਿਜਲੀ ਹਾਟ ਲਾਈਨ ਦੇ ਮੁਤਾਬਕ ਆਉਂਦੀ ਹੈ ਪਰ ਕਈ ਵਾਰ ਤਕਨੀਕੀ ਸਮੱਸਿਆ ਕਰ ਕੇ ਬਿਜਲੀ ਚਲੀ ਜਾਂਦੀ ਹੈ। ਹਸਪਤਾਲ ਕੋਲ ਜੈਨਰੇਟਰ ਹੈ ਪਰ ਕਈ ਵਾਰ ਜੈਨਰੇਟਰ ਚਲਾਉਂਦੇ ਸਮੇਂ ਤਕ ਬਿਜਲੀ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇ ਬੀਤੀ ਰਾਤ ਜੈਨਰੇਟਰ ਨਹੀਂ ਚਲਾਇਆ ਗਿਆ ਤਾਂ ਉਹ ਮੁਲਾਜ਼ਮ ਕੋਲੋਂ ਜਵਾਬ ਤਲਬੀ ਕਰਨਗੇ।

ਸਿਵਲ ਹਸਪਤਾਲ ਵਿੱਚ 29 ਫਰਵਰੀ ਨੂੰ ਸੱਤ ਬੱਚੇ ਜੰਮੇ

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸਿਵਲ ਹਸਪਤਾਲ ’ਚ 29 ਫਰਵਰੀ ਨੂੰ ਕੁੱਲ 7 ਬੱਚਿਆਂ ਨੇ ਜਨਮ ਲਿਆ। ਇਨ੍ਹਾਂ ਵਿੱਚ 4 ਲੜਕੇ ਤੇ 3 ਲੜਕੀਆਂ ਸ਼ਾਮਲ ਹਨ। ਖ਼ਾਸ ਗੱਲ ਇਹ ਹੈ ਕਿ ਲੀਪ ਵਾਲੇ ਸਾਲ 29 ਫਰਵਰੀ ਨੂੰ ਇਨ੍ਹਾਂ ਦਾ ਜਨਮ ਹੋਣ ਕਾਰਨ ਹੁਣ ਚਾਰ ਸਾਲਾਂ ਬਾਅਦ ਇਨ੍ਹਾਂ ਦੀ ਜਨਮ ਤਾਰੀਕ ਆਇਆ ਕਰੇਗੀ। ਸ਼ਹਿਰ ’ਚ 29 ਫਰਵਰੀ ਦੀ ਰਾਤ 12 ਵਜੇ ਤੱਕ ਸਿਵਲ ਹਸਪਤਾਲ ’ਚ 7 ਬੱਚਿਆਂ ਨੇ ਜਨਮ ਲਿਆ। ਇਸ ’ਚ 4 ਲੜਕੇ ਤੇ 3 ਲੜਕੀਆਂ ਹਨ। ਉਧਰ, ਪ੍ਰਾਈਵੇਟ ਹਸਪਤਾਲਾਂ ’ਚ 33 ਬੱਚਿਆਂ ਨੇ ਜਨਮ ਲਿਆ। ਪਰਿਵਾਰਾਂ ’ਚ ਖੁਸ਼ੀ ਦਾ ਮਾਹੌਲ ਹੈ, ਪਰ ਉਹ ਨਿਰਾਸ਼ ਵੀ ਹਨ ਕਿ ਬੱਚਾ 29 ਫਰਵਰੀ ਨੂੰ ਪੈਦਾ ਹੋਇਆ ਹੈ, ਇਸ ਲਈ ਉਸ ਦਾ ਜਨਮ ਦਿਨ 4 ਸਾਲ ਬਾਅਦ ਆਵੇਗਾ। ਲੀਪ ਦਾ ਸਾਲ ਹੋਣ ਕਾਰਨ ਹੁਣ ਉਨ੍ਹਾਂ ਦੇ ਬੱਚੇ ਦੀ ਅਗਲੀ ਜਨਮ ਤਾਰੀਕ 4 ਸਾਲ ਬਾਅਦ ਆਵੇਗੀ, ਜਦੋਂ ਬੱਚੇ ਵੱਡੇ ਹੋਣਗੇ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਉਹ ਬਾਕੀ ਬੱਚਿਆਂ ਤੋਂ ਵੱਖ ਹਨ। ਸਿਵਲ ਹਸਪਤਾਲ ਵਿੱਚ ਸਾਰੇ ਹੀ ਬੱਚੇ ਨਾਰਮਲ ਡਿਲਿਵਰੀ ਨਾਲ ਪੈਦਾ ਹੋਏ। ਜਿਨ੍ਹਾਂ ਦੇ ਮਾਪੇ ਖੁ਼ੁਸ਼ ਤਾਂ ਨਜ਼ਰ ਆਏ, ਪਰ ਇਸ ਗੱਲੋਂ ਵੀ ਪ੍ਰੇਸ਼ਾਨ ਹੋਏ ਕਿ 29 ਫਰਵਰੀ ਚਾਰ ਸਾਲਾਂ ਬਾਅਦ ਆਉਂਦੀ ਹੈ। ਉਧਰ, ਹਸਤਪਾਲ ਵਿੱਚ ਦਾਖ਼ਲ ਪ੍ਰੇਮ ਵਿਹਾਰ ਦੇ ਰਹਿਣ ਵਾਲੇ ਰਮਨਦੀਪ ਕੌਰ ਦੇ ਮਾਤਾ ਕਿਰਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੋਹਤੇ ਨੇ ਅੱਜ ਜਨਮ ਲਿਆ ਹੈ। ਹੁਣ ਉਸ ਦੇ ਜਨਮ ਦੀ ਅਗਲੀ ਤਾਰੀਕ 4 ਸਾਲ ਬਾਅਦ 29 ਫਰਵਰੀ ਨੂੰ ਆਵੇਗੀ। ਉਹ ਉਸ ਦਾ ਜਨਮ ਦਿਨ 4 ਸਾਲ ਬਾਅਦ ਧੂਮਧਾਮ ਨਾਲ ਮਨਾਉਣਗੇ। ਪੂਜਾ ਭੱਟੀ ਦੇ ਪਤੀ ਈਸ਼ੂ ਭੱਟੀ ਨੇ ਕਿਹਾ ਕਿ ਉਸ ਦੀ ਖ਼ੁਦ ਦਾ ਜਨਮ ਦਿਨ 25 ਫਰਵਰੀ ਨੂੰ ਹੁੰਦਾ ਹੈ। ਉਸ ਦੀ ਭਤੀਜੀ ਦਾ ਜਨਮ ਦਿਨ 29 ਫਰਵਰੀ ਨੂੰ ਆਉਂਦਾ ਹੈ। ਹੁਣ ਉਸ ਦੀ ਭਤੀਜੀ ਤੇ ਉਸ ਦਾ ਲੜਕਾ ਉਸ ਨਾਲ 25 ਫਰਵਰੀ ਨੂੰ ਜਨਮ ਦਿਨ ਮਨਾਇਆ ਕਰਨਗੇ। ਉਨ੍ਹਾਂ ਕਿਹਾ ਕਿ ਇਹ ਗੱਲ ਦੀ ਕਈ ਵਾਰ ਜ਼ਰੂਰ ਪ੍ਰੇਸ਼ਾਨੀ ਹੋ ਜਾਂਦੀ ਹੈ ਕਿ 29 ਫਰਵਰੀ ਦੀ ਤਾਰੀਕ ਹੀ ਚਾਰ ਸਾਲਾਂ ਬਾਅਦ ਆਵੇਗੀ। ਛੋਟੇ ਬੱਚਿਆਂ ਨੂੰ ਕਈ ਵਾਰ ਸਮਝਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ। ਫੂਲ ਕੁਮਾਰੀ ਦੇ ਪਤੀ ਰਿਤਿਕ ਨੇ ਕਿਹਾ ਕਿ ਉਨ੍ਹਾਂ ਦੇ ਘਰ 29 ਫਰਵਰੀ ਨੂੰ ਲਕਸ਼ਮੀ ਆਈ ਹੈ। ਲੜਕੀ ਦਾ ਉਹ 28 ਫਰਵਰੀ ਨੂੰ ਹੀ ਜਨਮ ਦਿਨ ਮਨਾਇਆ ਕਰਨਗੇ। ਲੜਕੀ ਦੇ ਜਨਮ ਕਾਰਨ ਪਰਿਵਾਰ ’ਚ ਅੱਜ ਖੁਸ਼ੀਆਂ ਦਾ ਆਲਮ ਹੈ।

Advertisement
Author Image

joginder kumar

View all posts

Advertisement
Advertisement
×