ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਰੋਕੋ ਮੋਰਚਾ ਮੁਲਤਵੀ
ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 25 ਸਤੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਦੇਵੀਦਾਸਪੁਰ ਰੇਲਵੇ ਲਾਈਨ ’ਤੇ ਰੇਲ ਰੋਕੋ ਮੋਰਚਾ ਸ਼ੁਰੂ ਕਰਨ ਦਾ ਐਲਾਨ ਕਰਕੇ ਉਸ ਦੀ ਤਿਆਰੀ ਵੀ ਲਾਈਨਾਂ ’ਤੇ ਸ਼ੁਰੂ ਕਰ ਦਿੱਤੀ ਗਈ ਸੀ। ਇਸ ਮੌਕੇ ਡੀਸੀ ਅਤੇ ਐੱਸਐੱਸਪੀ ਦਿਹਾਤੀ ਅੰਮ੍ਰਿਤਸਰ ਵੱਲੋਂ ਮੌਕੇ ’ਤੇ ਜਾ ਕੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨਾਂ ਦੀਆਂ ਕੁਝ ਮੰਗਾਂ ਮੰਨ ਲਈਆਂ ਗਈਆਂ। ਇਸ ਕਾਰਨ ਰੇਲ ਰੋਕੋ ਮੋਰਚਾ ਕਿਸਾਨਾਂ ਵੱਲੋਂ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕੱਲ੍ਹ ਡੀਸੀ ਦਫ਼ਤਰ ਮੋਰਚੇ ਦੌਰਾਨ ਫੇਲ੍ਹ ਹੋਈ ਗੱਲਬਾਤ ਮਗਰੋਂ ਅੱਜ ਜਥੇਬੰਦੀ ਵੱਲੋਂ ਰੇਲ ਰੋਕੋ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ।
ਜਥੇਬੰਦੀ ਵੱਲੋਂ ਪ੍ਰਸ਼ਾਸਨ ਨੂੰ ਦੁਪਹਿਰ 12 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ। ਇਸ ਦੌਰਾਨ ਅੱਜ ਦੇਵੀਦਾਸਪੁਰ ਵਿਖੇ ਅੰਮ੍ਰਿਤਸਰ ਦਿੱਲੀ ਰੇਲ ਮਾਰਗ ’ਤੇ ਕਿਸਾਨ ਮਜ਼ਦੂਰ ਇੱਕਠੇ ਹੋਏ। ਅੱਜ ਪ੍ਰਸ਼ਾਸਨ ਵੱਲੋਂ ਮੰਗਾਂ ਸਬੰਧੀ ਗੱਲਬਾਤ ਦੀ ਪੇਸ਼ਕਸ਼ ਕੀਤੀ ਗਈ। ਮਗਰੋਂ ਡੀਸੀ ਅੰਮ੍ਰਿਤਸਰ ਵੱਲੋਂ ਕਿਸਾਨਾਂ ਮਜ਼ਦੂਰਾਂ ਵੱਲੋਂ ਰੇਲ ਲਾਈਨ ਨੇੜੇ ਜਾਰੀ ਸਟੇਜ ’ਤੇ ਆ ਕੇ ਵਿਸ਼ਵਾਸ ਦਿਵਾਉਂਦੇ ਦੱਸਿਆ ਕਿ ਸ਼ਹੀਦ ਪਰਿਵਾਰਾਂ ਨੂੰ 5-5 ਲੱਖ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ, ਤਲਵੰਡੀ ਦਸੌਂਧਾ ਸਿੰਘ ਦੇ ਕਿਸਾਨਾਂ ਮਜ਼ਦੂਰਾਂ ਦੀ ਹਾਦਸਾਗ੍ਰਸਤ ਹੋਈ ਬੱਸ ਦੌਰਾਨ ਜ਼ਖ਼ਮੀਆਂ ਨੂੰ 1-1 ਲੱਖ, ਇੱਕ ਕਿਸਾਨ ਨੂੰ 50 ਹਜ਼ਾਰ ਦਾ ਚੈੱਕ ਦਿੱਤਾ ਗਿਆ, ਮਾਮੂਲੀ ਜ਼ਖ਼ਮੀ ਕਿਸਾਨਾਂ ਨੂੰ 10-10 ਹਜ਼ਾਰ ਰੁਪਏ ਦੀ ਸਹਾਇਤਾ ਅਤੇ ਬਾਕੀ ਕਿਸਾਨਾਂ ਨੂੰ ਹੋਏ ਮੈਡੀਕਲ ਦੀ ਰਿਪੋਰਟ ਮੁਤਾਬਕ ਮੁਆਵਜ਼ਾ ਦੇਣ ਦੀ ਗੱਲ ਉਪਰ ਸਹਿਮਤੀ ਬਣੀ।
ਬਜ਼ੁਰਗ ਕਿਸਾਨਾਂ ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨਾਂ ਅਤੇ ਅੰਗ ਗੁਆ ਚੁੱਕੇ ਕਿਸਾਨਾਂ ਨੂੰ ਅੰਗਹੀਣ ਪੈਨਸ਼ਨ ਦਿੱਤੀ ਜਾਵੇਗੀ, ਭਾਰਤ ਮਾਲਾ ਪ੍ਰਾਜੈਕਟ ’ਤੇ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦੁਆਇਆ ਗਿਆ ਕਿ ਜ਼ਮੀਨਾਂ ਦੇ ਯੋਗ ਮੁਆਵਜ਼ੇ ਦਿੱਤੇ ਬਿਨਾਂ ਕਬਜ਼ੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਵੇਗੀ। ਬਾਕੀ ਮੰਗਾਂ ਲਈ 5 ਅਕਤੂਬਰ ਨੂੰ ਪ੍ਰਿੰਸੀਪਲ ਸਕੱਤਰ ਸੀਐੱਮ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸਟੇਜ ਤੋਂ ਲੋਕਾਂ ਨੂੰ 3 ਅਕਤੂਬਰ ਨੂੰ ਲਖੀਮਪੁਰ ਖੀਰੀ ਕਤਲਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਰੇਲਾਂ ਰੋਕਣ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ।