ਅਜੈ ਦੇਵਗਨ ਦੀ ਫਿਲਮ ‘ਮੈਦਾਨ’ ਦਾ ਟਰੇਲਰ ਅੱਜ ਹੋਵੇਗਾ ਜਾਰੀ
ਮੁੰਬਈ: ਬੌਲੀਵੁੱਡ ਅਦਾਕਾਰ ਅਜੈ ਦੇਵਗਨ ਦੀ ਫਿਲਮ ‘ਮੈਦਾਨ’ ਆਖ਼ਰਕਾਰ ਰਿਲੀਜ਼ ਹੋਣ ਜਾ ਰਹੀ ਹੈ। ਅਦਾਕਾਰ ਵੱਲੋਂ ਭਲਕੇ ਵੀਰਵਾਰ ਨੂੰ ਫਿਲਮ ਦਾ ਟਰੇਲਰ ਜਾਰੀ ਕੀਤਾ ਜਾਵੇਗਾ। ਹਾਲ ਹੀ ਵਿੱਚ ਫਿਲਮ ਦਾ ਟੀਜ਼ਰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਕੁੱਝ ਬੱਚੇ ਗਲੀ ਵਿੱਚ ਫੁਟਬਾਲ ਖੇਡਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਫੁਟਬਾਲ ਅਜੈ ਵੱਲੋਂ ਨਿਭਾਏ ਜਾ ਰਹੇ ਕਿਰਦਾਰ ਵੱਲ ਚਲਾ ਜਾਂਦਾ ਹੈ ਅਤੇ ਉਹ ਪੇਸ਼ੇਵਰ ਖਿਡਾਰੀਆਂ ਵਾਂਗ ਕਿੱਕ ਮਾਰ ਕੇ ਫੁਟਬਾਲ ਬੱਚਿਆਂ ਵੱਲ ਭੇਜ ਦਿੰਦਾ ਹੈ। ਉਸ ਨੇ ਇਸ ਸਬੰਧੀ ਇੰਸਟਾਗ੍ਰਾਮ ’ਤੇ ਕਿਹਾ, ‘‘ਆ ਜਾਓ ਮੈਦਾਨ ’ਚ। ਅਸੀਂ ਭਾਰਤੀ ਫੁਟਬਾਲ ਦੇ ਸੁਨਹਿਰੀ ਦੌਰ ਦੀ ਕਹਾਣੀ ਤੁਹਾਡੇ ਅੱਗੇ ਪੇਸ਼ ਕਰਨ ਲਈ ਤਿਆਰ ਹਾਂ। ਟਰੇਲਰ ਭਲਕੇ ਜਾਰੀ ਕੀਤਾ ਜਾਵੇਗਾ ਅਤੇ ਫਿਲਮ ਈਦ ਮੌਕੇ ਰਿਲੀਜ਼ ਹੋਵੇਗੀ।’’ ਅਮਿਤ ਰਵਿੰਦਰਨਾਥ ਸ਼ਰਮਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਭਾਰਤੀ ਫੁਟਬਾਲ ਦੇ ਸੁਨਹਿਰੀ ਦੌਰ ਨੂੰ ਸਰਪਿਤ ਹੈ। ਫਿਲਮ ਦੇ ਸਹਿ-ਨਿਰਮਾਤਾ ਬੋਨੀ ਕਪੂਰ ਅਤੇ ਜ਼ੀ ਸਟੂਡੀਓਜ਼ ਹਨ। ਫਿਲਮ ਵਿੱਚ ਅਜੈ ਉੱਘੇ ਕੋਚ ਸਈਦ ਅਬਦੁਲ ਰਹੀਮ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ ਜਿਸ ਨੂੰ ਭਾਰਤੀ ਫੁਟਬਾਲ ਦੇ ਮੋਢੀ ਵਜੋਂ ਜਾਣਿਆ ਜਾਂਦਾ ਹੈ। ਫਿਲਮ ਵਿੱਚ ਪ੍ਰਿਯਾਮਣੀ, ਗਜਰਾਜ ਰਾਓ ਅਤੇ ਬੰਗਾਲੀ ਅਦਾਕਾਰ ਰੁਦਰਨੀਲ ਘੋਸ਼ ਵੀ ਨਜ਼ਰ ਆਉਣਗੇ। ਨਿਰਮਾਤਾਵਾਂ ਨੇ ਪਿਛਲੇ ਸਾਲ ਫਿਲਮ ਦਾ ਟੀਜ਼ਰ ਜਾਰੀ ਕੀਤਾ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਜ਼ਿਕਰਯੋਗ ਹੈ ਕਿ ਅਜੈ 8 ਮਾਰਚ ਨੂੰ ਰਿਲੀਜ਼ ਹੋ ਰਹੀ ਫਿਲਮ ‘ਸ਼ੈਤਾਨ’ ਵਿੱਚ ਵੀ ਆਰ. ਮਾਧਵਨ ਨਾਲ ਸਕਰੀਨ ਸਾਂਝੀ ਕਰਦਾ ਨਜ਼ਰ ਆਵੇਗਾ। -ਏਐੱਨਆਈ