ਕਕਰੀਲੀਆਂ ਰਾਤਾਂ ਦਾ ਦਰਦਨਾਮਾ
ਡਾ. ਗੁਰਬਖ਼ਸ਼ ਸਿੰਘ ਭੰਡਾਲ
ਸਿੱਖ ਇਤਿਹਾਸ ਵਿੱਚ ਪੋਹ-ਮਾਘ ਦੀਆਂ ਕਕਰੀਲੀਆਂ ਰਾਤਾਂ ਦਾ ਜ਼ਿਕਰ ਬਹੁਤ ਅਹਿਮ ਹੈ। ਇਨ੍ਹਾਂ ਰਾਤਾਂ ਵਿੱਚ ਸਿੱਖ ਇਤਿਹਾਸ ਸ਼ਹਾਦਤਾਂ ਦੇ ਰੰਗ ਵਿੱਚ ਰੰਗਿਆ ਗਿਆ ਸੀ। ਇਨ੍ਹਾਂ ਰਾਤਾਂ ਵਿੱਚੋਂ ਹੀ ਇਹ ਜੱਗ ਜ਼ਾਹਿਰ ਹੋਇਆ ਕਿ ਜਿੰਦਾ ਦਿਲ ਕੌਮਾਂ ਇੰਝ ਹੀ ਆਪਣੇ ਖ਼ੂਨ ਨਾਲ ਇਤਿਹਾਸ ਲਿਖਦੀਆਂ ਹਨ। ਇਹ ਯੱਖ ਰਾਤਾਂ ਸੀਨਿਆਂ ਵਿਚਲੀ ਮਘਦੀ ਜਵਾਲਾ ਵਿੱਚ ਪਿਘਲ ਗਈਆਂ ਸਨ। ਸਿੱਖਾਂ ਦੇ ਜੋਸ਼ ਤੇ ਜਜ਼ਬੇ ਸਾਹਵੇਂ ਨਤਮਸਤਕ ਹੋਈਆਂ ਇਨ੍ਹਾਂ ਰਾਤਾਂ ਵਿਚਲੇ ਰਾਹਾਂ ਨੂੰ ਸਿੱਖੀ ਸੋਚ ਨੇ ਰੁਸ਼ਨਾਇਆ ਅਤੇ ਸ਼ਹਾਦਤਾਂ ਦਾ ਨਿਵੇਕਲਾ ਅਤੇ ਅਲੋਕਾਰੀ ਸਫ਼ਰ ਸ਼ੁਰੂ ਹੋਇਆ। ਇਸ ਸਫ਼ਰ ਵਿੱਚ ਇਹ ਵੀ ਸਾਬਤ ਹੋਇਆ ਕਿ ਸਰਬੰਸਦਾਨੀ ਬਣਨ ਲਈ ਸਾਰੇ ਪਰਿਵਾਰ ਨੂੰ ਵਾਰ ਕੇ ਰੱਬ ਦਾ ਸ਼ੁਕਰਾਨਾ ਕਰਨ ਦਾ ਵੱਲ ਆਉਣਾ ਚਾਹੀਦਾ ਹੈ।
ਕਕਰੀਲੀਆਂ ਰਾਤਾਂ ਵਿੱਚ ਸਭ ਤੋਂ ਪਹਿਲੀ ਉਹ ਰਾਤ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਚਾਲੀ ਸਿੱਖਾਂ ਵੱਲੋਂ ਬੇਦਾਵਾ ਦੇਣ ਅਤੇ ਲੰਮੀ ਘੇਰਾਬੰਦੀ ਤੋਂ ਬਾਅਦ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦਾ ਫ਼ੈਸਲਾ ਕੀਤਾ ਸੀ। ਕਿਲ੍ਹੇ ਵਿੱਚੋਂ ਬਾਹਰ ਪੈਰ ਪੁੱਟਦਿਆਂ ਸਾਰ ਹੀ ਰਾਤ ਨੇ ਆਪਣਾ ਕਹਿਰਾਨਾ ਰੰਗ ਦਿਖਾਇਆ ਜਦੋਂ ਮੁਗ਼ਲ ਫ਼ੌਜਾਂ ਨੇ ਆਪਣੀਆਂ ਖਾਧੀਆਂ ਕਸਮਾਂ ਅਤੇ ਕੀਤੇ ਵਾਅਦਿਆਂ ਨੂੰ ਤੋੜ ਕੇ ਸਿੱਖਾਂ ਦੀ ਵਹੀਰ ’ਤੇ ਹਮਲਾ ਕਰ ਦਿੱਤਾ। ਉਸ ਰਾਤ ਨੇ ਦੇਖਿਆ ਹੋਣਾ ਗੁਰੂ ਜੀ ਸਮੇਤ ਸਿੱਖਾਂ ਦੇ ਨੈਣਾਂ ਵਿਚਲਾ ਦ੍ਰਿਸ਼ ਕਿ ਆਪਣਾ ਘਰ ਛੱਡ ਕੇ ਬੇਘਰ ਹੋਣਾ ਕਿੰਨਾ ਅਸਹਿ ਅਤੇ ਦਰਦੀਲਾ ਹੁੰਦਾ ਹੈ।
ਸਿੱਖ ਯੋਧਿਆਂ ਨੇ ਮੁਗ਼ਲ ਫ਼ੌਜਾਂ ਨੂੰ ਦਲੇਰੀ ਨਾਲ ਪਛਾੜਦਿਆਂ ਰਾਤ ਨੂੰ ਵੀ ਦਿਖਾ ਦਿੱਤਾ ਹੋਣਾ ਕਿ ਸਿੱਖ ਕਿਸ ਮਿੱਟੀ ਦੇ ਬਣੇ ਹੋਏ ਹਨ ਕਿ ਉਹ ਭੁੱਖਣਭਾਣੇ ਵੀ ਵੈਰੀਆਂ ਨੂੰ ਪਛਾੜ ਕੇ ਆਪਣਾ ਸਫ਼ਰ ਜਾਰੀ ਰੱਖ ਸਕਦੇ ਹਨ। ਉਸ ਰਾਤ ਨੂੰ ਸ਼ਾਇਦ ਹੁਣ ਤੀਕ ਵੀ ਯਾਦ ਹੋਵੇਗੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਸਿੱਖਾਂ ਦੀ ਤੋਰ ਵਿਚਲੀ ਮੜ੍ਹਕ ਕਿ ਸ਼ੇਰ ਕੌਮਾਂ ਕਦੇ ਵੀ ਗਿੱਦੜ ਭਬਕੀਆਂ ਤੋਂ ਨਹੀਂ ਡਰਦੀਆਂ। ਉਨ੍ਹਾਂ ਦੇ ਕਦਮਾਂ ਵਿੱਚ ਉੱਗਿਆ ਸਫ਼ਰ ਹੀ ਉਨ੍ਹਾਂ ਦੀਆਂ ਮੰਜ਼ਿਲਾਂ ਨਿਸ਼ਚਿਤ ਕਰਦਾ ਹੈ।
ਸਿਆਲ ਦੀ ਉਹ ਕੇਹੀ ਰਾਤ ਸੀ ਜਦੋਂ ਬਾਰਸ਼ ਦਾ ਕਹਿਰ ਅਤੇ ਸਰਸਾ ਨਦੀ ਦੇ ਪਾਣੀ ਦਾ ਉਛਾਲ ਸਿੱਖਾਂ ਦੀ ਦ੍ਰਿੜਤਾ ਪਰਖਣ ਲਈ ਕਾਹਲਾ ਸੀ। ਨਦੀ ਦੀਆਂ ਹਠੀਲੀਆਂ ਅਤੇ ਮੂੰਹ-ਜ਼ੋਰ ਲਹਿਰਾਂ ਜਦੋਂ ਸਿੱਖਾਂ ਦੇ ਹਠ ਨਾਲ ਟਕਰਾਈਆਂ ਤਾਂ ਉਹ ਠਠੰਬਰ ਗਈਆਂ ਅਤੇ ਸਿੱਖਾਂ ਨੂੰ ਰਾਹ ਦੇ ਦਿੱਤਾ। ਭਾਵੇਂ ਸਰਸਾ ਨਦੀ ਵਿੱਚ ਉਸ ਰਾਤ ਨੂੰ ਬਹੁਤ ਸਾਰੇ ਹੱਥ ਲਿਖਤ ਗ੍ਰੰਥ ਅਤੇ ਸਿੱਖਾਂ ਦੀਆਂ ਅਨਮੋਲ ਨਿਸ਼ਾਨੀਆਂ ਵਹਿ ਗਈਆਂ, ਪਰ ਨਦੀ ਸਿੱਖਾਂ ਦੇ ਹੌਸਲੇ ਤੇ ਹਠ ਦੇ ਆਵੇਗ ਨੂੰ ਠੱਲ੍ਹ ਨਾ ਸਕੀ।
ਇਸ ਰਾਤ ਦਾ ਸਭ ਤੋਂ ਵੱਡਾ ਕਹਿਰੀਲਾ ਦੁਖਾਂਤ ਸੀ ਗੁਰੂ ਜੀ ਦੇ ਪਰਿਵਾਰ ਦਾ ਤਿੰਨ ਹਿੱਸਿਆਂ ਵਿੱਚ ਵੰਡੇ ਜਾਣਾ ਅਤੇ ਵੱਖ ਵੱਖ ਦਿਸ਼ਾਵਾਂ ਨੂੰ ਤੁਰ ਪੈਣਾ। ਦਰਅਸਲ, ਪਰਿਵਾਰ ਦਾ ਵਿੱਛੜਨਾ ਹੀ ਸਿੱਖੀ ਇਤਿਹਾਸ ਦੇ ਪੰਨਿਆਂ ਦਾ ਉਹ ਸੁਰਖ਼ ਪੰਨਾ ਬਣਨਾ ਸੀ ਜਿਸ ਨੂੰ ਪੜ੍ਹ ਕੇ ਹਰ ਸਿੱਖ ਦੇ ਮਨ ਵਿੱਚ ਰੋਹ ਅਤੇ ਸੋਚ ਵਿੱਚ ਸ਼ਹੀਦਾਂ ਪ੍ਰਤੀ ਅਕੀਦਤ ਨੇ ਜਨਮ ਲੈਣਾ ਸੀ। ਦਰਅਸਲ, ਇਸ ਰਾਤ ਵਿੱਚ ਪਿਆ ਵਿਛੋੜਾ ਹੀ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦੇ ਪਰਿਵਾਰ ਅਤੇ ਸਿੱਖਾਂ ਲਈ ਪਰਖ ਦੀ ਘੜੀ ਸੀ ਜਿਸ ਨੇ ਸਿੱਖੀ ਸਿਧਾਂਤਾਂ ਪ੍ਰਤੀ ਸਿੱਖਾਂ ਦੀ ਨਿਸ਼ਠਾ ਅਤੇ ਬਹਾਦਰੀ ਦੇ ਕਿੱਸਿਆਂ ਨੂੰ ਲਿਖਣਾ ਸੀ। ਇਸ ਰਾਤ ਤੋਂ ਬਾਅਦ ਸਰਹਿੰਦ ਅਤੇ ਚਮਕੌਰ ਸਾਹਿਬ ਵਿੱਚ ਵਾਪਰੀਆਂ ਦਰਦਨਾਕ ਘਟਨਾਵਾਂ ਨੂੰ ਕਲਮਬੰਦ ਕਰਦਿਆਂ ਯਾਰ ਅੱਲ੍ਹਾ ਖਾਂ ਜੋਗੀ ਦੇ ਨੈਣਾਂ ਵਿੱਚ ਵਗਦੇ ਹੰਝੂਆਂ ਨੇ ਹੀ ਸਿਆਹੀ ਬਣ ਕੇ ਵਰਕਿਆਂ ’ਤੇ ਫੈਲਣਾ ਸੀ।
ਇਸ ਰਾਤ ਵਿੱਚੋਂ ਹੀ ਉਸ ਰਾਤ ਦਾ ਆਗਮਨ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਅਤੇ ਜੁਝਾਰ ਸਿੰਘ ਸਮੇਤ ਕੁੱਝ ਸਿੱਖਾਂ ਨਾਲ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਸ਼ਰਨ ਲੈਣੀ ਅਤੇ ਪਿੱਛਾ ਕਰ ਰਹੀ ਮੁਗ਼ਲ ਫ਼ੌਜ ਨੂੰ ਸਾਹਵੇਂ ਹੋ ਕੇ ਟੱਕਰਨਾ ਸੀ। ਇਸ ਰਾਤ ਵਿੱਚੋਂ ਹੀ ਕੱਚੀ ਗੜ੍ਹੀ ਦੇ ਦੁਆਲੇ ਪਏ ਘੇਰੇ ਵਿੱਚ ਵੀ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਕੁੱਝ ਕੁ ਸਿੱਖਾਂ ਨੇ ਇਹ ਵੀ ਦਰਸਾਉਣਾ ਸੀ ਕਿ ’ਕੱਲਾ ’ਕੱਲਾ ਸਿੱਖ ਕਿਵੇਂ ਸਵਾ ਲੱਖ ਦਾ ਮੁਕਾਬਲਾ ਕਰ ਸਕਦਾ ਹੈ? ਕਿਵੇਂ ਕੋਈ ਬਾਪ ਆਪਣੇ ਨੌਜਵਾਨ ਪੁੱਤਰਾਂ ਨੂੰ ਸਿੱਖਾਂ ਵਾਂਗ ਤਿਆਰ ਬਰ ਤਿਆਰ ਕਰ ਜੰਗੇ ਮੈਦਾਨ ਵਿੱਚ ਤੋਰ, ਉਨ੍ਹਾਂ ਦੀ ਦਲੇਰੀ ਅਤੇ ਜੰਗਜੂ ਬਿਰਤੀ ਨੂੰ ਸਾਹਮਣੇ ਦੇਖਦਿਆਂ, ਸ਼ਹਾਦਤ ਨੂੰ ਅੱਖਾਂ ਸਾਹਵੇਂ ਦ੍ਰਿਸ਼ਟਮਾਨ ਕਰ ਸਕਦਾ ਹੈ? ਇਸ ਰਾਤ ਨੇ ਉਹ ਵੀ ਦ੍ਰਿਸ਼ ਦੇਖਿਆ ਹੋਵੇਗਾ ਜਦੋਂ ਗੁਰੂ ਜੀ ਨੇ ਪਿਆਰੇ ਸਿੱਖਾਂ ਅਤੇ ਸਾਹਿਬਜ਼ਾਦਿਆਂ ਦੀ ਮੈਦਾਨੇ ਜੰਗ ਵਿੱਚ ਦਿਖਾਈ ਬਹਾਦਰੀ ਅਤੇ ਤੀਰਾਂ ਨਾਲ ਵਿੰਨ੍ਹੀਂ ਹਿੱਕ ਨੂੰ ਦੇਖ ਕੇ ਖ਼ੁਦਾ ਦਾ ਸ਼ੁਕਰ ਕੀਤਾ ਹੋਵੇਗਾ। ਬੇਕਫ਼ਨੇ ਸਿੰਘਾਂ ਦੀਆਂ ਲਾਸ਼ਾਂ ’ਤੇ ਕਫ਼ਨ ਪਾਉਣ ਅਤੇ ਇਨ੍ਹਾਂ ਨੂੰ ਆਪਣੇ ਵਿੱਚ ਸਮਾਉਣ ਲਈ ਕੁਦਰਤ ਨੂੰ ਅਰਦਾਸ ਕੀਤੀ ਹੋਵੇਗੀ।
ਰਾਤ ਨੇ ਇਹ ਵੀ ਜ਼ਰੂਰ ਅੱਖੀਂ ਦੇਖਿਆ ਹੋਵੇਗਾ ਕਿ ਗੁਰੂ ਪਾਤਸ਼ਾਹ ਨੇ ਸਿੱਖਾਂ ਦੇ ਹੁਕਮਨਾਮੇ ਸਾਹਵੇਂ ਸਿਰ ਝੁਕਾਉਂਦਿਆਂ ਅਤੇ ਜ਼ੁਲਮ ਖ਼ਿਲਾਫ਼ ਜੰਗ ਜਾਰੀ ਰੱਖਣ ਲਈ ਗੜ੍ਹੀ ਵਿੱਚੋਂ ਨਿਕਲਦਿਆਂ ਲਲਕਾਰਾ ਮਾਰਿਆ ਹੋਵੇਗਾ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਕਿਉਂਕਿ ਮਰਦ ਦਲੇਰ ਕਦੇ ਵੀ ਲੁਕ ਛਿਪ ਕੇ ਮੈਦਾਨ ਨਹੀਂ ਛੱਡਦੇ। ਲਲਕਾਰਾ ਸੁਣ ਕੇ ਬਿਰਖਾਂ ਤੋਂ ਉੱਡੇ ਪੰਛੀਆਂ ਦੇ ਪਰਾਂ ਦੇ ਸੰਗੀਤ ਵਿੱਚ ਕੁਦਰਤ ਨੇ ਗੁਰੂ ਜੀ ਦੀ ਬਹਾਦਰੀ ਅਤੇ ਦਲੇਰੀ ਦੀ ਉਸਤਤੀ ਵਿੱਚ ਗੁਣਗੁਣਾਇਆ ਹੋਵੇਗਾ;
ਉਸ ਕਕਰੀਲੀ ਰਾਤ ਨੂੰ ਕੇਹਾ ਆਲਮ ਹੋਵੇਗਾ
ਜਦ ਗੁਰੂ ਗੋਬਿੰਦ ਸਿੰਘ ਜੀ ਨੇ
ਮਾਛੀਵਾੜੇ ਨੂੰ ਤੁਰਨ ਲੱਗਿਆਂ
ਕੱਚੀ ਗੜ੍ਹੀ ਨੂੰ ਨਦਰਿ ਨਿਹਾਲ ਕੀਤਾ ਹੋਵੇਗਾ
ਜਿਸ ਨੇ ਕੱਚੀ ਹੋ ਕੇ ਵੀ ਪੱਕੀ ਵਰਗਾ ਸਾਥ ਨਿਭਾਇਆ।
ਉਨ੍ਹਾਂ ਦੇ ਲਲਕਾਰੇ ਨਾਲ
ਹਵਾ ਤਾਂ ਹੁਲਾਸੀ ਗਈ ਹੋਵੇਗੀ
ਦਰੱਖਤਾਂ ਨੇ ਚੌਰ ਕੀਤਾ ਹੋਵੇਗਾ
ਪਰਿੰਦਿਆਂ ਨੇ ਸੋਹਲੇ ਗਾਏ ਹੋਣਗੇ
ਚਾਨਣੀ ਪੈਰੀਂ ਵਿਛੀ ਹੋਵੇਗੀ
ਅਤੇ ਨੰਗੇ ਪੈਰਾਂ ਦੀ ਛੋਹ ਨਾਲ
ਸਰੂਰਿਆ ਗਿਆ ਹੋਵੇਗਾ ਜੰਗ ਦਾ ਮੈਦਾਨ।
ਤੁਰਿਆ ਜਾਂਦਾ ਗੁਰ-ਬਾਬਾ
ਸਾਹਿਬਜ਼ਾਦਿਆਂ ਤੇ ਸਿੰਘਾਂ ਦੀਆਂ
ਬੇ ਕਫ਼ਨੀਆਂ ਲਾਸ਼ਾਂ ਨਿਹਾਰਦਾ
ਹਿੱਕ ’ਤੇ ਲੱਗੇ ਫੱਟ ਅਤੇ ਸੀਨੇ ’ਚ ਖੁੱਭੇ ਤੀਰ ਗਿਣਦਾ
ਲਾਡਲਿਆਂ ਦੇ ਚਿਹਰਿਆਂ ’ਚੋਂ
ਸ਼ਹਾਦਤ ਦਾ ਸ਼ੁਕਰਾਨਾ ਤਾਂ ਜ਼ਰੂਰ ਪੜ੍ਹਦਾ ਹੋਵੇਗਾ
ਤੇ ਫਿਰ ਅਸਮਾਨ ਵੱਲ ਦੇਖਿਆ ਹੋਵੇਗਾ
ਤਾਂ ਹੀ ਉਨ੍ਹਾਂ ਮਾਛੀਵਾੜੇ ਵਿੱਚ
ਪਰਵਰਦਿਗਾਰ ਨੂੰ ਪਰਿਵਾਰ ਹੁੰਦਿਆਂ
‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ
ਦਾ ਕਹਿਣਾ’ ਉਚਾਰਿਆ ਸੀ।
ਗੁਰੂ ਜੀ ਨੂੰ ਤੁਰੇ ਜਾਂਦਿਆਂ ਦੇਖ ਕੇ
ਤਾਰੇ ਜ਼ਰੂਰ ਰਸ਼ਕ ਕਰਦੇ ਹੋਣਗੇ
ਕਿ
ਕੇਹਾ ਕਮਾਲ!
ਪੁੱਤ ਤੇ ਸਿੰਘ ਵਾਰ ਕੇ ਵੀ
ਚਿਹਰੇ ’ਤੇ ਜਲਾਲ।
ਉਨ੍ਹਾਂ ਦੀ ਪੈੜਚਾਲ ਦੀ ਰਾਗਣੀ ’ਚ
ਰਾਤ ਦੀ ਚੁੱਪ ਨੇ ਗੁਰ-ਉਸਤਤ ਦਾ
ਗੀਤ ਗਾਇਆ ਹੋਵੇਗਾ
ਤੇ ਉਹ ਕਕਰੀਲੀ ਰਾਤ ਸਦੀਆਂ ਤੀਕ
ਖ਼ੁਦ ਨੂੰ ਵਡਿਆਉਂਦੀ ਰਹੇਗੀ
ਕਿ ਰਾਤ ਦੇ ਪਿੰਡੇ ’ਤੇ ਇਤਿਹਾਸ
ਇੰਝ ਵੀ ਲਿਖਿਆ ਜਾਂਦਾ।
ਕਕਰੀਲੀਆਂ ਰਾਤਾਂ ਵਿੱਚੋਂ ਹੀ ਉੱਗੀ ਸੀ ਖਿਦਰਾਣੇ ਦੀ ਢਾਬ ਵਿੱਚ ਹੋਈ ਗਹਿਗੱਚ ਲੜਾਈ ਜਿਸ ਵਿੱਚ ਬੇਦਾਵਾ ਦੇ ਕੇ ਆਏ ਸਿੰਘਾਂ ਨੇ ਗੁਰੂ ਕੋਲੋਂ ਭੁੱਲ ਬਖ਼ਸ਼ਾਉਣ ਲਈ ਮਾਈ ਭਾਗੋ ਦੀ ਕਮਾਨ ਹੇਠ ਮੁਗ਼ਲ ਫ਼ੌਜਾਂ ਨੂੰ ਇਹ ਦਰਸਾ ਦਿੱਤਾ ਸੀ ਕਿ ਸਿੰਘਾਂ ਦੀ ਦਲੇਰ ਕੌਮ ਸ਼ੇਰਾਂ ਦੀ ਕੌਮ ਹੈ। ਉਹ ਆਪਣੇ ਗੁਰੂ ਦੇ ਅਕੀਦੇ ਲਈ ਜਾਨ ਕੁਰਬਾਨ ਕਰਨ ਲੱਗਿਆਂ ਪਲ ਵੀ ਨਹੀਂ ਲਾਉਂਦੇ। ਉਹ ਕੇਹਾ ਦ੍ਰਿਸ਼ ਹੋਵੇਗਾ ਜਦੋਂ ਜੰਗ ਦੇ ਲਹੂ ਰੱਤੇ ਮੈਦਾਨ ਵਿੱਚ ਆਖ਼ਰੀ ਸਾਹ ਲੈ ਰਹੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਦ ਵਿੱਚ ਲੈ ਕੇ ਗੁਰੂ ਜੀ ਨੇ ਦੁਲਾਰਦਿਆਂ ਉਸ ਦੀ ਆਖ਼ਰੀ ਇੱਛਾ ਦੀ ਪੂਰਤੀ ਲਈ ਕਮਰਕੱਸੇ ਵਿੱਚੋਂ ਬੇਦਾਵੇ ਨੂੰ ਕੱਢ ਕੇ ਪਾੜਿਆ ਹੋਵੇਗਾ। ਟੁੱਟੀ ਗੰਢੀ ਦਾ ਵਰਦਾਨ ਆਪਣੇ ਚਾਲੀ ਮੁਕਤਿਆਂ ਦੇ ਨਾਮ ਕਰਕੇ, ਸਾਬੋ ਕੀ ਤਲਵੰਡੀ ਵੱਲ ਨੂੰ ਚਾਲੇ ਪਾਏ ਹੋਣਗੇ।
ਬੜਾ ਸਹਿਜ ਹੁੰਦਾ ਹੈ ਕਿਸੇ ਬੇਇਤਬਾਰੇ ’ਤੇ
ਯਕੀਨ ਨਾ ਕਰਨਾ
ਪਰ ਬੜਾ ਅਸਹਿਜ ਸੀ ਕੁਰਾਨ ਦੀ
ਝੂਠੀ ਕਸਮ ’ਤੇ ਇਤਬਾਰ ਕਰਕੇ
ਆਪਣੇ ਘਰ ਨੂੰ ਅਲਵਿਦਾ ਕਹਿ ਦੇਣਾ।
ਬੜਾ ਸਹਿਜ ਹੁੰਦਾ ਬਿਫਰੇ ਪਾਣੀਆਂ ਨੂੰ
ਦੇਖ ਕੇ ਸਹਿਮ ਜਾਣਾ
ਪਰ ਬੜਾ ਅਸਹਿਜ ਸੀ ਵਹਿੰਦੀ ਮੌਤ ਨੂੰ
ਗਲਵੱਕੜੀ ਪਾਉਣ ਲਈ
ਲਹਿਰਾਂ ਦੀ ਹਿੱਕ ’ਤੇ ਤੈਰ ਜਾਣਾ।
ਬੜਾ ਸਹਿਜ ਹੁੰਦਾ ਗੜ੍ਹੀ ਦੀਆਂ ਕੱਚੀਆਂ ਕੰਧਾਂ ’ਚੋਂ
ਆਪਣੇ ਮਰਸੀਏ ਦੇ ਨਕਸ਼ ਚਿਤਾਰਨੇ
ਪਰ ਬੜਾ ਅਸਹਿਜ ਸੀ ਕੱਚੀ ਗੜ੍ਹੀ ਨੂੰ
ਬਖ਼ਤਰਬੰਦ ਬਣਾ ਕੇ
ਦੁਸ਼ਮਣ ਲਈ ਲਲਕਾਰ ਬਣ ਜਾਣਾ।
ਬੜਾ ਸਹਿਜ ਹੁੰਦਾ ਚੁਫ਼ੇਰੇ ਦਨਦਨਾਉਂਦੀ
ਮੌਤ ਸਾਹਵੇਂ ਖੌਫ਼ਜ਼ਦਾ ਹੋ ਜਾਣਾ
ਪਰ ਬੜਾ ਅਸਹਿਜ ਸੀ ਜਾਨ ਤੋਂ ਵੀ ਵੱਧ
ਪਿਆਰਿਆਂ ਦਾ ਅੱਖਾਂ ਸਾਹਵੇਂ ਨੇਜ਼ਿਆਂ
ਅਤੇ ਬਰਛਿਆਂ ਵਿੱਚ ਪਰੋਏ ਜਾਣਾ।
ਬੜਾ ਸਹਿਜ ਹੁੰਦਾ ਆਪਣਿਆਂ ਦੀਆਂ ਲਾਸ਼ਾਂ ’ਤੇ
ਅੱਗ ਦੇ ਕੀਰਨੇ ਪਾਉਣਾ
ਪਰ ਬੜਾ ਅਸਹਿਜ ਸੀ ਆਪਣਿਆਂ ਦੀਆਂ
ਬੇਕੱਫਣ ਲਾਸ਼ਾਂ ਵਿੱਚੋਂ ਭਾਣੇ ’ਚ
ਰਹਿੰਦਿਆਂ ਗੁਜ਼ਰ ਜਾਣਾ।
ਬੜਾ ਸਹਿਜ ਹੁੰਦਾ ਸੀਨੇ ’ਚ ਲੱਗੇ
ਜ਼ਖ਼ਮਾਂ ਦੀ ਚੀਸ ਨਾਲ ਕੁਰਲਾਉਣਾ
ਪਰ ਬੜਾ ਸਹਿਜ ਸੀ ਟਿੰਡ ਦਾ ਸਿਰਹਾਣਾ ਲੈ
ਠਰੀ ਰਾਤੇ ‘ਮਿੱਤਰ ਪਿਆਰੇ ਨੂੰ...’ ਗੁਣਗੁਣਾਉਣਾ।
ਬੜਾ ਸਹਿਜ ਹੁੰਦਾ ਹਾਕਮ ਦੇ ਘੇਰੇ ’ਚੋਂ
ਨਿਕਲਣ ਲੱਗਿਆਂ ਡਰ ਜਾਣਾ
ਪਰ ਬੜਾ ਅਸਹਿਜ ਸੀ ਉੱਚ ਦਾ ਪੀਰ ਬਣ ਕੇ
ਦੁਸ਼ਮਣਾਂ ਦੇ ਅੱਖੀਂ ਘੱਟਾ ਪਾਉਣਾ
ਬੜਾ ਸਹਿਜ ਹੁੰਦਾ ਆਪਣੀਆਂ
ਆਂਦਰਾਂ ਦੀ ਵਿਦਾਇਗੀ ’ਤੇ
ਅੱਥਰੂਆਂ ’ਚ ਭਿੱਜ ਜਾਣਾ
ਪਰ ਬੜਾ ਸਹਿਜ ਸੀ, ਅਲੂੰਏਂ ਫੁੱਲਾਂ ਦੇ ਮਰੁੰਡੇ ਜਾਣ ’ਤੇ
ਜ਼ੁਲਮ ਨੂੰ ਧਰਤੀ ਤੋਂ ਮਿਟਾਉਣ ਦੀ ਕਸਮ ਖਾਣਾ।
ਬੜਾ ਸਹਿਜ ਹੁੰਦਾ ਹੈ ਮਾਸੂਮਾਂ ਦੀ ਰੱਤ ਨਾਲ ਲਿੱਬੜੇ
ਹੱਥਾਂ ਨੂੰ ਸਦਾ ਲਈ ਪਤਾਲ ’ਚ ਦਫ਼ਨਾ ਦੇਣਾ
ਪਰ ਬੜਾ ਅਸਹਿਜ ਸੀ ਆਪਣੇ ਮਨ ਨੂੰ
ਹਰਫ਼ਾਂ ਦੇ ਹਵਾਲੇ ਕਰ
‘ਜ਼ਫ਼ਰਨਾਮਾ’ ਦੀ ਰਚਨਾ ਕਰਨਾ।
ਬੜਾ ਸਹਿਜ ਹੁੰਦਾ ਭੀੜ ਪੈਣ ’ਤੇ ਬੇਵਫ਼ਾ ਹੋਇਆਂ ਨੂੰ
ਸਦਾ ਲਈ ਸੋਚ ’ਚੋਂ ਮਨਫ਼ੀ ਕਰ ਦੇਣਾ
ਪਰ ਬੜਾ ਅਸਹਿਜ ਸੀ ਹਿੱਕ ਨਾਲ ਲਾ
ਹੱਥੀਂ ਬੇਦਾਵਾ ਪਾੜ ਕੇ ਖ਼ਿਤਾਬਾਂ ਦੀ ਬਖ਼ਸ਼ਿਸ ਕਰਨਾ।
ਬੜਾ ਸਹਿਜ ਹੁੰਦਾ ਪੀੜਾਂ ’ਚੋਂ ਕਿਰਪਾਨਾਂ
ਬੰਦੂਕਾਂ ਅਤੇ ਬਦਲੇ ਦੀ ਕਾਸ਼ਤ ਕਰਨਾ
ਪਰ ਬੜਾ ਅਸਹਿਜ ਸੀ ਕਲਮਾਂ ਦੀ ਭਰਵੀਂ ਫ਼ਸਲ ਨਾਲ
ਜ਼ਾਲਮ ਨੂੰ ਕੀਤੇ ਦਾ ਅਹਿਸਾਸ ਕਰਵਾਉਣਾ।
ਅਸੀਂ ਸਾਰੇ ਹਾਂ ਸਹਿਜ ਵਰਤਾਰੇ ਦੀ ਪ੍ਰਯੋਗਸ਼ਾਲਾ
ਪਰ ਸੰਤ ਸਿਪਾਹੀ ਸਨ ਅਸਹਿਜਤਾ ਦੀ ਅਧਾਰ ਸ਼ਿਲਾ।
ਕਕਰੀਲੀਆਂ ਰਾਤਾਂ ਵਿੱਚੋਂ ਸਭ ਤੋਂ ਭਿਆਨਕ ਅਤੇ ਦਰਦਵੰਤਾ ਸੀ ਮਾਤਾ ਗੁਜਰੀ ਦਾ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਨਾਲ ਸਰਸਾ ਨਦੀ ਦੇ ਕੰਢੇ ’ਤੇ ਪਰਿਵਾਰ ਨਾਲੋਂ ਵਿੱਛੜਨਾ ਅਤੇ ਗੁਰੂ ਘਰ ਦੇ ਰਸੋਈਏ ਗੰਗੂ ਬ੍ਰਾਹਮਣ ਨਾਲ ਮੋਰਿੰਡੇ ਵੱਲ ਨੂੰ ਚਾਲੇ ਪਾਉਣਾ। ਸੀਤ ਹਵਾਵਾਂ ਨੇ ਉਸ ਰਾਤ ਜ਼ਰਾ ਵੀ ਰਹਿਮ ਨਾ ਕੀਤਾ। ਇਹ ਛੋਟੇ ਸਾਹਿਬਜ਼ਾਦਿਆਂ ਅਤੇ ਦਾਦੀ ਮਾਂ ਲਈ ਔਖੇ ਇਮਤਿਹਾਨ ਦਾ ਸਮਾਂ ਸੀ। ਰਾਤ ਦੇ ਕਹਿਰ ਨੂੰ ਵੰਗਾਰਦਿਆਂ ਆਪਣੀ ਤੋਰੇ ਤੁਰੇ ਜਾਣਾ, ਸਿੱਖ ਇਤਿਹਾਸ ਦਾ ਅਜਿਹਾ ਪੰਨਾ ਹੈ ਜਿਸ ਨੂੰ ਪੜ੍ਹ ਸੁਣ ਕੇ ਹਰ ਅੱਖ ਨਮ ਹੋ ਜਾਂਦੀ ਹੈ, ਸੋਚ ਸੁੰਨ ਹੋ ਜਾਂਦੀ ਹੈ, ਮਨ ਵੈਰਾਗ ਨਾਲ ਭਰ ਜਾਂਦਾ ਹੈ ਅਤੇ ਚਿੱਤ ਹਤਾਸ਼ ਹੋ ਜਾਂਦਾ ਹੈ।
ਉਹ ਕੇਹੀ ਕਾਲੀ ਅਤੇ ਕਹਿਰ ਭਰੀ ਰਾਤ ਸੀ ਜਦੋਂ ਰਾਤ ਦੇ ਹਨੇਰੇ ਵਿੱਚ ਲਾਲਚੀ ਗੰਗੂ ਦੇ ਮਨ ਵਿੱਚ ਪੈਦਾ ਹੋਏ ਕਪਟ ਤੇ ਲਾਲਚ ਨੇ ਉਸ ਨੂੰ ਨਮਕ ਹਰਾਮੀ ਹੋਣ ਦੇ ਰਾਹ ਤੋਰ ਦਿੱਤਾ ਸੀ। ਉਸ ਰਾਤ ਨੇ ਵੀ ਗੰਗੂ ਬ੍ਰਾਹਮਣ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇਗੀ, ਪਰ ਲਾਲਚ ਵਿੱਚ ਅੰਨ੍ਹੇ ਵਿਅਕਤੀ ਦੀ ਮਰੀ ਮੱਤ ਉਸ ਦੀਆਂ ਕਈ ਕੁਲਾਂ ਨੂੰ ਗਾਲ ਦਿੰਦੀ ਹੈ। ਲਾਲਚ-ਵੱਸ ਮਾਤਾ ਜੀ ਅਤੇ ਬੱਚਿਆਂ ਨੂੰ ਮੁਗ਼ਲਾਂ ਦੇ ਹਵਾਲੇ ਕਰਨਾ ਅਤੇ ਮੋਰਿੰਡਾ ਦੀ ਜੇਲ੍ਹ ਵਿੱਚ ਕੱਟੀ ਹੋਈ ਰਾਤ ਖ਼ੁਦ ’ਤੇ ਸ਼ਰਮਿੰਦਾ ਹੁੰਦੀ ਗੰਗੂ ਨੂੰ ਲਾਹਨਤਾਂ ਤਾਂ ਜ਼ਰੂਰ ਪਾਉਂਦੀ ਹੋਵੇਗੀ। ਇਸ ਦੇ ਨਾਲ ਹੀ ਜੇਲ੍ਹ ਦੀ ਕੋਠੜੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਛੋਹ ਨਾਲ ਪਵਿੱਤਰ ਹੋਈ ਸਦੀਆਂ ਤੀਕ ਪੂਜਣਯੋਗ ਅਸਥਾਨ ਬਣੀ ਰਹੇਗੀ।
ਕਕਰੀਲੀਆਂ ਰਾਤਾਂ ਦਾ ਦਰਦ ਰੂਹ ਵਿੱਚ ਕੰਬਣੀ ਛੇੜ ਜਾਂਦਾ ਹੈ ਜਦੋਂ ਯਾਦ ਆਉਂਦੀ ਹੈ ਉਹ ਰਾਤ ਜਦੋਂ ਮਾਤਾ ਗੁਜਰੀ ਠੰਢੇ ਬੁਰਜ ਵਿੱਚ ਆਪਣੇ ਪੋਤਿਆਂ ਨੂੰ ਹਿੱਕ ਨਾਲ ਲਾ ਕੇ ਨਿੱਘ ਦੇ ਰਹੀ ਸੀ। ਆਪਣੇ ਪਤੀ ਅਤੇ ਸਹੁਰੇ ਗੁਰੂ ਅਰਜਨ ਦੇਵ ਜੀ ਦੀਆਂ ਸ਼ਹਾਦਤਾਂ ਦੀ ਕਥਾ ਸੁਣਾਉਂਦਿਆਂ ਉਹ ਲਾਡਲਿਆਂ ਦੇ ਸੀਨਿਆਂ ਵਿੱਚ ਰੋਹ ਦਾ ਸੇਕ ਭਰਦੀ, ਸਿੱਖੀ ਅਸੂਲਾਂ ’ਤੇ ਪਹਿਰਾ ਦੇਣ ਦੀ ਤਾਕੀਦ ਕਰਦੀ, ਉਨ੍ਹਾਂ ਦੇ ਮਨਾਂ ਵਿੱਚ ਸ਼ਹੀਦ ਹੋਣ ਦੀ ਤਤਪਰਤਾ ਦੀ ਜਾਗ ਵੀ ਲਾਉਂਦੀ ਹੋਵੇਗੀ। ਰਾਤ ਵਿੱਚ ਤਾਰਿਆਂ ਦੀ ਲੋਅ ਵਿੱਚ ਦਗਦਾ ਮਾਤਾ ਅਤੇ ਸਾਹਿਬਜ਼ਾਦਿਆਂ ਦੇ ਮੁੱਖੜੇ ਦਾ ਨੂਰ ਰਾਤ ਦੀ ਕੁੱਖ ਵਿੱਚ ਚਾਨਣ ਧਰਦਾ, ਇਹ ਸੰਦੇਸ਼ ਜ਼ਰੂਰ ਦਿੰਦਾ ਹੋਵੇਗਾ ਕਿ ਨਿੱਕੇ ਨਿੱਕੇ ਚਿਰਾਗ਼ਾਂ ਦਾ ਵਜੂਦ ਭਾਵੇਂ ਖ਼ਤਮ ਹੋ ਜਾਵੇਗਾ, ਪਰ ਚਾਨਣ ਨੂੰ ਕੋਈ ਕਤਲ ਨਹੀਂ ਕਰ ਸਕਦਾ। ਇਸ ਚਾਨਣ ਨੇ ਸਦਾ ਸਿੱਖੀ ਪਰੰਪਰਾਵਾਂ ਅਤੇ ਸਿਧਾਂਤਾਂ ਨੂੰ ਜਿਊਂਦਾ ਰੱਖਣਾ ਹੈ। ਸਰਹਿੰਦ ਦੇ ਸੂਬੇਦਾਰ ਦੇ ਜ਼ੁਲਮ ਸਾਹਵੇਂ ਇਨ੍ਹਾਂ ਨੇ ਝੁਕਣਾ ਨਹੀਂ ਕਿਉਂਕਿ ਜਾਗਦੀ ਜ਼ਮੀਰ ਵਾਲੇ ਸਿਰ ਉੱਚਾ ਰੱਖਦੇ ਹਨ, ਸਿਰਫ਼ ਮਰੀਆਂ ਜ਼ਮੀਰਾਂ ਵਾਲੇ ਹੀ ਸਿਰ ਝੁਕਾਉਂਦੇ ਹਨ। ਮੋਤੀ ਰਾਮ ਮਹਿਰਾ ਨੂੰ ਜ਼ਰੂਰ ਰਾਤ ਨੇ ਨੀਝ ਨਾਲ ਨਿਹਾਰਿਆ ਹੋਵੇਗਾ ਜਿਹੜਾ ਠਰੀਆਂ ਰਾਤਾਂ ਵਿੱਚ ਸਾਹਿਬਜ਼ਾਦਿਆਂ ਨੂੰ ਕੋਸਾ ਦੁੱਧ ਪਿਆਉਣ ਲਈ ਆਪਣੀ ਜਾਨ ਜੋਖ਼ਮ ਵਿੱਚ ਪਾਉਂਦਾ ਰਿਹਾ।
ਕਕਰੀਲੀਆਂ ਰਾਤਾਂ ਵਿੱਚ ਉਹ ਕਹਿਰਵਾਨ ਦਿਨ ਵੀ ਉੱਗਿਆ ਹੋਵੇਗਾ ਜਦੋਂ ਮਾਸੂਮ, ਪਰ ਦਲੇਰ ਅਤੇ ਆਪਣੇ ਧਰਮ ਤੇ ਅਕੀਦੇ ਵਿੱਚ ਪਰਿਪੱਕ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ। ਸੱਚੇ ਸਿੱਖ ਦੀਵਾਨ ਟੋਡਰ ਮੱਲ ਨੇ ਧਰਤੀ ’ਤੇ ਖੜ੍ਹੀਆਂ ਮੋਹਰਾਂ ਵਿਛਾ ਕੇ ਜ਼ਮੀਨ ਖ਼ਰੀਦ ਕੇ ਸ਼ਰਧਾ ਪੂਰਨ ਉਨ੍ਹਾਂ ਦਾ ਸਸਕਾਰ ਕੀਤਾ। ਇਹ ਕਕਰੀਲੀਆਂ ਰਾਤਾਂ ਹਰ ਸਿੱਖ ਦੇ ਚੇਤੇ ਵਿੱਚ ਰੜਕ ਤੇ ਕਸਕ ਪੈਦਾ ਕਰਦੀਆਂ ਹਨ। ਉਨ੍ਹਾਂ ਰਾਤਾਂ ਵਿੱਚ ਵਰਤਿਆਂ ਭਾਵੀ ਬਿਰਤਾਂਤ ਅੱਖਾਂ ਸਾਹਵੇਂ ਉਜਾਗਰ ਹੋ ਜਾਂਦਾ ਹੈ ਅਤੇ ਅੱਖਾਂ ਵਿੱਚੋਂ ਹੰਝੂ ਵਹਿਣ ਲੱਗਦੇ ਹਨ। ਇਨ੍ਹਾਂ ਰਾਤਾਂ ਵਿੱਚੋਂ ਉੱਗੇ ਸਿੱਖ ਇਤਿਹਾਸ ਦੇ ਪੰਨੇ ਹੀ ਹਨ ਜਿਨ੍ਹਾਂ ਵਿੱਚ ਉੱਗੇ ਸ਼ਹਾਦਤੀ ਸੂਰਜਾਂ ਦੀ ਲੋਅ ਵਿੱਚ ਸਿੱਖ ਜਾਗਰੂਕ ਹੋ, ਸਿੱਖੀ ਸਿਧਾਂਤਾਂ ਦੇ ਪਹਿਰੇਦਾਰ ਬਣੇ। ਉਹ ਇਸ ਦੀ ਪਹਿਰੇਦਾਰੀ ਵਿੱਚ ਸਭ ਕੁਝ ਨਿਛਾਵਰ ਕਰਨ ਲਈ ਹਰ ਪਲ ਤਤਪਰ ਰਹਿੰਦੇ ਹਨ। ਸਿੱਜਦਾ ਹੈ ਇਨ੍ਹਾਂ ਕਕਰੀਲੀਆਂ ਰਾਤਾਂ ਵਿੱਚ ਚੰਨ-ਤਾਰਿਆਂ ਵਾਂਗ ਚਮਕਦੇ ਉਨ੍ਹਾਂ ਸ਼ਹੀਦ ਸੂਰਮਿਆਂ ਨੂੰ ਜਿਨ੍ਹਾਂ ਸਦਕਾ ਹਰ ਸਿੱਖ ਆਪਣੇ ਵਿਰਸੇ ’ਤੇ ਨਾਜ਼ ਕਰਦਾ ਰਹੇਗਾ। ਇਹੀ ਸਿੱਖੀ ਦੀ ਵਿਰਾਸਤ ਦਾ ਮਾਣਮੱਤਾ ਖ਼ਜ਼ਾਨਾ ਹੈ।
ਸੰਪਰਕ: 216-556-2080