For the best experience, open
https://m.punjabitribuneonline.com
on your mobile browser.
Advertisement

ਗਾਜ਼ਾ ਦੇ ਬੱਚਿਆਂ ਦਾ ਦੁਖਾਂਤ

11:18 AM Dec 31, 2023 IST
ਗਾਜ਼ਾ ਦੇ ਬੱਚਿਆਂ ਦਾ ਦੁਖਾਂਤ
Advertisement
ਪ੍ਰੋ. ਸ਼ੈਲੀ ਵਾਲੀਆ

ਮੈਂ ਇਹ ਸਤਰਾਂ ਗਾਜ਼ਾ ਦੇ ਬੱਚਿਆਂ ਦੀਆਂ ਮੌਤਾਂ, ਸੰਤਾਪ ਅਤੇ ਪੀੜਾ ਦੇ ਪਰਬਤੋਂ ਭਾਰੀ ਤੇ ਗਹਿਰੇ ਅਨੁਭਵ ’ਚੋਂ ਲਿਖ ਰਿਹਾ ਹਾਂ। ਜਿਨ੍ਹਾਂ ਬੱਚਿਆਂ ਦਾ ਬਚਪਨ ਖੋਹ ਲਿਆ ਗਿਆ ਹੈ, ਉਨ੍ਹਾਂ ਦੀ ਇਹ ਕਠੋਰ ਹਕੀਕਤ ਸਾਡਾ ਮੂੰਹ ਚਿੜਾ ਰਹੀ ਹੈ। ਗਾਜ਼ਾ ਦੀ ਤ੍ਰਾਸਦੀ ਬਹੁਤ ਨਿੱਜੀ ਹੈ ਜਿਸ ਨੂੰ ਜਿਊਣ ਵਾਲੇ ਦੁਨੀਆ ਭਰ ਵਿਚ ਹੋਰ ਬਹੁਤ ਸਾਰੇ ਲੋਕ, ਖ਼ਾਸਕਰ ਨਸਲਕੁਸ਼ੀ ਦੇ ਦੌਰ ’ਚੋਂ ਜ਼ਿੰਦਾ ਬਚਣ ਵਾਲੇ ਜਾਂ ਰੁਖ਼ਸਤ ਹੋ ਚੁੱਕੇ ਸ਼ਾਇਰ, ਮਹਿਸੂਸ ਕਰਦੇ ਹਨ। ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਖ਼ੁਸ਼ੀਆਂ ਦੇ ਮਾਹੌਲ ਵਿਚ ਸਾਨੂੰ ਰਤਾ ਕੁ ਠਹਿਰ ਕੇ ਇਸ ਦੁੱਖ ਦਰਦ, ਤਬਾਹੀ ਅਤੇ ਇਕ ਭਾਈਚਾਰੇ ਦੀ ਨਸਲਕੁਸ਼ੀ ਦੇ ਜੋਖ਼ਮ ਪ੍ਰਤੀ ਆਪਣੇ ਪ੍ਰਤੀਕਰਮ ਬਾਰੇ ਸੋਚਣ ਦੀ ਲੋੜ ਹੈ। ਇਹ ਸਮਾਂ ਹੈ ਕਿ ਅਸੀਂ ਜ਼ੁਲਮ ਤੋਂ ਆਜ਼ਾਦੀ ਅਤੇ ਜੰਗ ਤੋਂ ਮੁਕਤੀ ਲਈ ਅਮਨ ਦੀ ਖ਼ਾਤਰ ਲੜਾਈ ਬਾਰੇ ਆਪਣੀ ਆਵਾਜ਼ ਬੁਲੰਦ ਕਰੀਏ।
ਡਰ ਤੇ ਸਹਿਮ ਦੇ ਮਾਹੌਲ ਵਿਚ ਦੁਨੀਆਂ ਦੇ ਲੋਕ ਗਾਜ਼ਾ ਦੀਆਂ ਘਟਨਾਵਾਂ ਦੇਖ ਰਹੇ ਹਨ ਅਤੇ ਨਿਡਰ ਫ਼ਲਸਤੀਨੀ ਕਵੀ ਆਪਣੀਆਂ ਰਚਨਾਵਾਂ ਰਾਹੀਂ ਯੁਵਾ ਮਨਾਂ ਦੀ ਚੇਤਨਾ ਦੀ ਭਾਵਪੂਰਤ ਅੱਕਾਸੀ ਵਿਚ ਭਰਵਾਂ ਯੋਗਦਾਨ ਪਾ ਰਹੇ ਹਨ। ਬੱਚਿਆਂ ਦੇ ਸੰਤਾਪ ਨੂੰ ਮੁਖ਼ਾਤਬ ਹੋ ਕੇ ਹੀ ਦੁਨੀਆ ਦੀ ਯਕੀਨਦਹਾਨੀ ਕਰਵਾਈ ਜਾ ਸਕਦੀ ਹੈ ਕਿ ਫ਼ਲਸਤੀਨ ਵਿਚ ਰਹਿਣ ਦਾ ਕੀ ਮਤਲਬ ਹੈ।
ਅਸੀਂ ਬੱਚਿਆਂ ਦੀਆਂ ਜ਼ਿੰਦਗੀਆਂ ਬਾਰੇ ਸੋਚਣਾ ਕਦੋਂ ਛੱਡ ਦਿੱਤਾ ਸੀ? ਆਪਣੇ ਦੁਸ਼ਮਣ ਤੱਕ ਅੱਪੜਨ ਲਈ ਬੱਚਿਆਂ ਨੂੰ ਬੇਰਹਿਮੀ ਨਾਲ ਮਾਰ ਮੁਕਾਉਣ ਦਾ ਕੀ ਮਤਲਬ ਹੈ? ਇਹ ਦੁਨੀਆ ਬੱਚਿਆਂ ਦੀਆਂ ਜਾਨਾਂ ਦੀ ਬਲੀ ਲੈਣ ਦੀ ਐਨੀ ਸਨਕੀ ਕਿਉਂ ਬਣ ਗਈ ਹੈ? ਅਸੀਂ ਯੂਕਰੇਨ ਵਿਚ ਬੱਚਿਆਂ ਦੇ ਕਤਲੇਆਮ ਨੂੰ ਨਹੀਂ ਭੁੱਲ ਸਕਦੇ ਅਤੇ ਇਸ ਤੋਂ ਪਹਿਲਾਂ ਯਮਨ, ਸੀਰੀਆ ਜਾਂ ਇਰਾਕ ਨੂੰ ਨਹੀਂ ਭੁਲਾ ਸਕਦੇ ਜਿੱਥੇ ਤਕਰੀਬਨ ਪੰਜਾਹ ਹਜ਼ਾਰ ਬੱਚੇ ਮਾਰੇ ਗਏ ਸਨ। ਇਸ ਹਕੀਕਤ ਤੋਂ ਅੱਖਾਂ ਮੀਟਣ ਦਾ ਮਤਲਬ ਹੈ ਕਿ ਤੁਸੀਂ ਹਤਿਆਰਿਆਂ ਦੇ ਨਾਲ ਰਲ਼ੇ ਹੋਏ ਹੋ। ਇਸ ਤੋਂ ਅੱਖਾਂ ਚੁਰਾ ਕੇ ਅਸੀਂ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਹੇ ਹੋਵਾਂਗੇ।
ਕੈਨੇਡੀਅਨ ਲੇਖਕ ਤੇ ਫਿਲਮਸਾਜ਼ ਨਾਓਮੀ ਕਲੀਨ ਦਾ ਕਹਿਣਾ ਹੈ ਕਿ ਕਵੀ ਹੀ ‘ਅੰਤਰਝਾਤ ਪੁਆਉਂਦੇ ਅਤੇ ਉਸ ਪਲ ਦਾ ਅਹਿਸਾਸ ਕਰਵਾਉਂਦੇ ਹਨ।’ ਫ਼ਲਸਤੀਨੀ ਕਵੀ ਮੋਸਾਬ ਅਬੂ ਤੋਹਾ ਉਪਰ ਕੁਝ ਦਿਨ ਪਹਿਲਾਂ ਇਜ਼ਰਾਇਲੀ ਫ਼ੌਜੀਆਂ ਨੇ ਹਮਲਾ ਕੀਤਾ ਸੀ। ਉਸ ਨੇ ਅਜਿਹੀ ਹੀ ਇਕ ਕਵਿਤਾ ‘ਮੇਰੇ ਪੁੱਤਰ ਨੇ ਮੇਰੀ ਧੀ ਉਪਰ ਕੰਬਲ ਪਾਇਆ’ ਲਿਖੀ ਹੈ। ਉਹ ਲਿਖਦਾ ਹੈ: ‘‘ਗੁਲਾਬੀ ਫ਼ਰਾਕ ਪਹਿਨੀ ਮੇਰੀ ਚਾਰ ਸਾਲਾਂ ਦੀ ਧੀ ਯਾਫ਼ਾ ਨੇ ਇਕ ਬੰਬ ਧਮਾਕਾ ਸੁਣਿਆ। ਉਹ ਆਪਣੀ ਫ਼ਰਾਕ ਦੇ ਪੱਲੇ ਨਾਲ ਮੂੰਹ ਢੱਕ ਕੇ ਵਾਹੋ ਦਾਹ ਭੱਜਦੀ ਹੈ। ਉਸ ਦਾ ਪੰਜ ਵਰ੍ਹਿਆਂ ਦਾ ਭਰਾ ਯਾਜ਼ਾਨ ਆਪਣੇ ਦੁਆਲਿਓਂ ਗਰਮ ਕੰਬਲ ਲਾਹੁੰਦਾ ਹੈ ਤੇ ਆਪਣੀ ਭੈਣ ’ਤੇ ਕੰਬਲ ਪਾਉਂਦਾ ਹੈ। ਤੇ ਉਸ ਨੂੰ ਧਰਵਾਸ ਦਿੰਦਾ ਹੈ ਕਿ ਹੁਣ ਉਹ ਲੁਕ ਸਕਦੀ ਹੈ। ਜਿੱਥੋਂ ਤੱਕ ਮੈਂ ਤੇ ਮੇਰੀ ਬੀਵੀ ਮਾਰਾਮ ਦਾ ਸੁਆਲ ਹੈ ਤਾਂ ਅਸੀਂ ਦੁਆ ਕਰਦੇ ਹਾਂ, ਕਿ ਇਹ ਚਮਤਕਾਰੀ ਕੰਬਲ ਸਾਡੇ ਸਾਰੇ ਘਰਾਂ ਨੂੰ ਬੰਬਾਂ ਤੋਂ ਬਚਾ ਲਵੇ ਅਤੇ ਸਹੀ ਸਲਾਮਤ ਸਾਨੂੰ ਕਿਤੇ ਲੈ ਜਾਵੇ। ਪਰ ਬਚਾਅ ਲਈ ਕੋਈ ਜਗ੍ਹਾ ਨਹੀਂ ਬਚੀ, ਹਸਪਤਾਲ ਤੇ ਸਕੂਲ ਵੀ ਨਹੀਂ।’’
ਇਹ ਇਕ ਛੋਟੀ ਜਿਹੀ ਕੌਮ ਨੂੰ ਬੇਦੋਸ਼ੇ ਬੱਚਿਆਂ ਦੇ ਕਬਰਿਸਤਾਨ ਵਿਚ ਬਦਲ ਦੇਣ ਦੀ ਵਿਥਿਆ ਹੈ। ਮੋਸਾਬ ਵਰਗੇ ਕਵੀ ਸ਼ੀਸ਼ਿਆਂ, ਪੱਥਰਾਂ ਅਤੇ ਇਸਪਾਤੀ ਛੜਾਂ ਦੇ ਕਿਣਕਿਆਂ ਨੂੰ ਜੋੜ ਕੇ ਕਵਿਤਾਵਾਂ ਰਚਣ ਵਿਚ ਜੁਟੇ ਹੋਏ ਹਨ। ਉਹ ਅੱਗੇ ਲਿਖਦਾ ਹੈ, ‘‘ਕੀ ਇਹ ਸੌਖਾ ਨਹੀਂ, ਕਦੇ ਕਦੇ ਮੇਰੇ ਹੱਥਾਂ ’ਚੋਂ ਖ਼ੂਨ ਸਿੰਮਣ ਲੱਗ ਪੈਂਦਾ ਹੈ।’’ ਇਹ ਉਨ੍ਹਾਂ ਨੌਉਮਰਾਂ ਦੀ ਕਵਿਤਾ ਹੈ ਜੋ ਨਿਰੰਤਰ ਘੇਰਾਬੰਦੀ ਅਤੇ ਸਿੱਧੇ ਹਮਲੇ ਦੀ ਜ਼ਦ ਵਿਚ ਰਹਿੰਦੇ ਹਨ। ਜਦੋਂ ਹਰ ਸਮੇਂ ਨਿਗਰਾਨੀ ਕਰਨ ਵਾਲੇ ਦੁਸ਼ਮਣ ਦੇ ਡਰੋਨਾਂ ਅਤੇ ਬੰਬਾਰਾਂ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ ਤਾਂ ਇਕ ਆਦਮੀ ਨੂੰ ‘‘ਟੈਂਕ ਦੇ ਅਣਚੱਲੇ ਗੋਲੇ ਨੂੰ ਗਮਲੇ ਵਜੋਂ ਵਰਤ ਕੇ ਗੁਲਾਬ ਦਾ ਬੂਟਾ ਲਗਾਉਂਦੇ ਹੋਏ ਦੇਖਿਆ ਜਾਂਦਾ ਹੈ।’’
ਬਿਪਤਾ ਦੀ ਮਾਰੀ ਇਸ ਸਰਜ਼ਮੀਨ ’ਚੋਂ ਅਜਿਹੇ ਲੋਕਾਂ ਦੀਆਂ ਕਹਾਣੀਆਂ ਆਉਂਦੀਆਂ ਰਹਿੰਦੀਆਂ ਹਨ ਜੋ ਗੋਡੇ ਟੇਕਣ ਤੋਂ ਇਨਕਾਰੀ ਹਨ। ‘ਵੀ ਆਰ ਨਾੱਟ ਨੰਬਰਜ਼’ (ਅਸੀਂ ਅੰਕੜੇ ਨਹੀਂ ਹਾਂ) ਨਾਂ ਦਾ ਇਕ ਗਰੁੱਪ ਅਜਿਹੀਆਂ ਜ਼ਮੀਨਦੋਜ਼ ਕਹਾਣੀਆਂ ਲੱਭ ਲੱਭ ਕੇ ਸਾਹਮਣੇ ਲਿਆ ਰਿਹਾ ਹੈ ਅਤੇ ਇਸ ਦੁਨੀਆ ਦੇ ਲੋਕਾਂ ਨੂੰ ਪੁਰਜ਼ੋਰ ਸੱਦਾ ਦੇ ਰਿਹਾ ਹੈ ਕਿ ਉਹ ਉਨ੍ਹਾਂ ਲੋਕਾਂ ਅਤੇ ਮਾਰੇ ਗਏ ਬੱਚਿਆਂ ਦੀ ਤ੍ਰਾਸਦੀ ਬਾਰੇ ਆਪਣੀਆਂ ਅੱਖਾਂ ਖੋਲ੍ਹਣ।
ਸ਼ਾਇਦ ਮੋਸਾਬ ਤੋਂ ਵਧ ਕੇ ਬੱਚਿਆਂ ਦੀ ਇਹ ਕਥਾ ਕੋਈ ਨਹੀਂ ਦੱਸ ਸਕਦਾ ਜੋ ਕਿ ਆਪਣੀਆਂ ਕਵਿਤਾਵਾਂ ਦੇ ਸੰਗ੍ਰਹਿ ‘ਥਿੰਗਜ਼ ਯੂ ਫਾਈਂਡ ਹਿਡਨ ਇਨ ਮਾਈ ਈਅਰਜ਼’ (ਮੇਰੇ ਕੰਨਾਂ ਵਿਚ ਛੁਪੀਆਂ ਚੀਜ਼ਾਂ ਜੋ ਤੁਹਾਨੂੰ ਮਿਲ ਸਕਦੀਆਂ ਹਨ) ਵਿਚ ਲਿਖਦਾ ਹੈ: ‘‘ਜਦੋਂ ਮੈਂ ਤੁਰਿਆ ਤਾਂ ਆਪਣਾ ਬਚਪਨ ਇੰਦਰਾਜ ਵਿਚ, ਤੇ ਕਿਚਨ ਦੇ ਮੇਜ਼ ’ਤੇ ਛੱਡ ਗਿਆ ਸਾਂ। ਮੇਰਾ ਖਿਡੌਣਾ ਘੋੜਾ ਪਲਾਸਟਿਕ ਦੇ ਬੈਗ ਵਿਚ ਰਹਿ ਗਿਆ ਸੀ, ਮੇਰੇ ਥੱਕੇ ਹੰਭੇ ਮਾਪੇ ਪਿੱਛੇ ਤੁਰਦੇ ਆ ਰਹੇ ਸਨ, ਮੇਰੇ ਪਿਤਾ ਨੇ ਸਾਡੇ ਘਰ ਅਤੇ ਅਸਤਬਲ ਦੀਆਂ ਚਾਬੀਆਂ ਮੁੱਠੀ ਵਿਚ ਲੈ ਕੇ ਆਪਣੇ ਸੀਨੇ ਨਾਲ ਲਾਈਆਂ।’
ਕੁਝ ਦਿਨ ਪਹਿਲਾਂ ਨਾਮਵਰ ਫ਼ਲਸਤੀਨੀ ਕਵੀ ਪ੍ਰੋ. ਰਿਫ਼ਾਤ ਅਲਾਰੀਰ ਨੂੰ ਉੱਤਰੀ ਗਾਜ਼ਾ ਵਿਚ ਮਾਰ ਦਿੱਤਾ ਗਿਆ। ਉਸ ਨੇ ‘ਗਾਜ਼ਾ ਰਾਈਟਸ ਬੈਕ’ (ਗਾਜ਼ਾ ਲਿਖ ਕੇ ਜਵਾਬ ਦਿੰਦਾ ਹੈ) ਵਿਚ ਲਿਖਿਆ ਸੀ: ‘‘ਕਦੇ ਕਦੇ ਸਰਜ਼ਮੀਨ ਇਕ ਕਹਾਣੀ ਬਣ ਜਾਂਦੀ ਹੈ। ਅਸੀਂ ਕਹਾਣੀ ਨੂੰ ਸਲਾਹੁੰਦੇ ਹਾਂ ਕਿਉਂਕਿ ਇਹ ਸਾਡੇ ਵਤਨ ਦੀ ਕਹਾਣੀ ਹੈ ਅਤੇ ਇਸ ਕਹਾਣੀ ਸਦਕਾ ਅਸੀਂ ਆਪਣੇ ਵਤਨ ਨੂੰ ਹੋਰ ਜ਼ਿਆਦਾ ਚਾਹੁਣ ਲੱਗੇ ਹਾਂ।’’ ਭਾਵੇਂ ਪ੍ਰੋ. ਅਲਾਰੀਰ ਮਰ ਚੁੱਕਾ ਹੈ ਪਰ ਉਸ ਦੀ ਕਵਿਤਾ ਉਸ ਦੇ ਦੇਸ਼ ਦੇ ਹਰ ਬਾਸ਼ਿੰਦੇ, ਹਰ ਬੱਚੇ ਦੀ ਕਹਾਣੀ ਹੈ: ਇਹ ਇਕ ਡਰਾਉਣੇ ਸੁਫ਼ਨੇ ਵਿਚ ਜ਼ਿੰਦਾ ਰਹਿਣ ਦੀ ਕਵਿਤਾ ਹੈ। ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਉਸ ਨੇ ਲਿਖਿਆ ਸੀ: ‘‘ਜੇ ਮੈਨੂੰ ਮਰਨਾ ਹੀ ਪਿਆ, ਤੁਹਾਨੂੰ ਜਿਊਣਾ ਪਵੇਗਾ ਤਾਂ ਕਿ ਤੁਸੀਂ ਮੇਰੀ ਕਹਾਣੀ ਦੱਸ ਸਕੋ, ਮੇਰਾ ਕੁਝ ਸਾਮਾਨ ਵੇਚ ਕੇ ਕੁਝ ਗਜ਼ ਕੱਪੜਾ ਖਰੀਦ ਸਕੋ ਅਤੇ ਤੇ ਇਸ ਨੂੰ ਕੁਝ ਤਣੀਆਂ ਲਾ ਸਕੋ (ਚਿੱਟੇ ਰੰਗ ਦੇ ਇਸ ਕੱਪੜੇ ਦੀ ਇਕ ਲੰਮੀ ਤਣੀ ਰੱਖਿਓ), ਤਾਂ ਕਿ ਗਾਜ਼ਾ ਵਿਚ ਕਿਤੇ ਕੋਈ ਬੱਚਾ ਆਪਣੀਆਂ ਅੱਖਾਂ ਵਿਚ ਸੁਰਗ ਦੀ ਤਲਾਸ਼ ਵਿਚ ਆਪਣੇ ਪਿਤਾ ਦੀ ਉਡੀਕ ਕਰ ਰਿਹਾ ਹੋਵੇ ਜੋ ਅੱਗ ਦੀ ਭੇਟ ਚੜ੍ਹ ਗਿਆ, ਤੇ ਬਿਨਾਂ ਕਿਸੇ ਨੂੰ ਅਲਵਿਦਾ ਆਖੇ। ਆਪਣੇ ਮਾਸ ਨੂੰ ਵੀ ਨਾ, ਨਾ ਹੀ ਆਪਣੇ ਆਪ ਨੂੰ। ਤੇ ਉਂਝ ਹੀ ਉੱਡ ਜਾਵੇ ਅਤੇ ਇਕ ਪਲ ਲਈ ਸੋਚੇ ਕਿ ਉੱਪਰ ਬੈਠਾ ਕੋਈ ਫ਼ਰਿਸ਼ਤਾ, ਪਿਆਰ ਵਾਪਸ ਲੈ ਆਵੇ। ਜੇ ਮੈਂ ਮਰਨਾ ਹੀ ਹੈ ਤਾਂ ਆਸ ਜਾਗ ਪਵੇ, ਇਕ ਕਹਾਣੀ ਬਣ ਜਾਵੇ।’’
ਕਵੀ ਕਦੇ ਮਰਦੇ ਨਹੀਂ ਹੁੰਦੇ, ਉਹ ਆਪਣੇ ਦੇਸ਼ਵਾਸੀਆਂ ਦੇ ਗੀਤਾਂ ਅਤੇ ਸੁਪਨਿਆਂ ਵਿਚ ਜਿਊਂਦੇ ਰਹਿੰਦੇ ਹਨ ਤਾਂ ਕਿ ਇਕ ਉੱਜਲਾ ਤੇ ਸ਼ਾਂਤਮਈ ਭਵਿੱਖ ਸਿਰਜਿਆ ਜਾ ਸਕੇ। ਕਲਾ ਤਾਂ ਹੀ ਜ਼ਿੰਦਾ ਰਹਿੰਦੀ ਹੈ ਜੇ ਮਾਨਵੀ ਜਜ਼ਬਾ ਆਸ ਦੇ ਸਹਾਰੇ ਜ਼ਿੰਦਾ ਹੋਵੇ। ਮਹਿਮੂਦ ਦਰਵੇਸ਼ ਜਿਹੇ ਮਹਾਨ ਕਵੀ ਮਰ ਕੇ ਵੀ ਵਿਰੋਧ ਅਤੇ ਆਜ਼ਾਦੀ ਦੀ ਆਪਣੀ ਕਹਾਣੀ ਪਾਉਣ ਵਿਚ ਸਫ਼ਲ ਹੋ ਜਾਂਦੇ ਹਨ, ਉਨ੍ਹਾਂ ਦੀ ਕਹਾਣੀ ਇਸ ਚਾਹਤ ਦੇ ਪੰਧ ’ਤੇ ਚਲਦੀ ਰਹਿੰਦੀ ਹੈ: ‘‘ਮੈਂ ਉਸ ਮੁੰਡੇ ਨੂੰ ਲੱਭ ਰਿਹਾ ਹਾਂ ਜਿਸ ਨੂੰ ਮੈਂ ਇੱਥੇ ਛੱਡ ਗਿਆ ਸਾਂ। ਮੈਨੂੰ ਉਹ ਸ਼ਹਿਤੂਤ ਦਾ ਰੁੱਖ ਨਹੀਂ ਦਿਸ ਰਿਹਾ ਜਿਸ ’ਤੇ ਉਹ ਚੜ੍ਹਦਾ ਹੁੰਦਾ ਸੀ ਜਾਂ ਉਹ ਵਿਹੜਾ ਨਜ਼ਰ ਨਹੀਂ ਆਉਂਦਾ ਜਿੱਥੇ ਉਹ ਖੇਡ ਵਿਚ ਮਸਤ ਹੋ ਜਾਂਦਾ ਸੀ। ਕੁਝ ਵੀ ਨਹੀਂ - ਸਿਰਫ਼ ਇਕ ਗਿਰਜਾਘਰ ਦਾ ਖੰਡਰ ਬਚਿਆ ਹੈ ਪਰ ਉਸ ਦੀ ਘੰਟੀ ਨਜ਼ਰ ਨਹੀਂ ਆ ਰਹੀ।’’
ਅਜਿਹੇ ਸਮੇਂ ’ਤੇ ਜੇ ਅਸੀਂ ਮਨੁੱਖੀ ਸੁਭਾਅ ਅਤੇ ਮਨੁੱਖੀ ਹਾਲਾਤ ਬਾਰੇ ਧਿਆਨ ਲਾਵਾਂਗੇ ਤਾਂ ਸਾਨੂੰ ਕ੍ਰਿਸਮਸ ਤੋਂ ਮਦਦ ਮਿਲ ਸਕਦੀ ਹੈ। ਸਾਨੂੰ ਚੇਤਾ ਆਵੇਗਾ ਕਿ ਅਮਨ, ਸਿਆਣਪ ਅਤੇ ਇਕਸੁਰਤਾ ਦਾ ਪੈਗ਼ਾਮ ਦਿੰਦਾ 26 ਨਵੰਬਰ ਦਾ ਵਿਸ਼ਵ ਜੈਤੂਨ ਦਿਵਸ ਕਿਵੇਂ ਡਰੋਨਾਂ ਅਤੇ ਬੰਬਾਰੀ ਦੀ ਗੂੰਜਾਰ ਵਿਚ ਡੁੱਬ ਗਿਆ ਅਤੇ ਜੈਤੂਨ ਦੇ ਦਰਖ਼ਤਾਂ ਨੂੰ ਤਬਾਹ ਕਰ ਦਿੱਤਾ ਗਿਆ ਜਿਨ੍ਹਾਂ ਆਸਰੇ ਸਦੀਆਂ ਤੋਂ ਫ਼ਲਸਤੀਨੀ ਅਵਾਮ ਜ਼ਿੰਦਾ ਚਲੇ ਆ ਰਹੇ ਹਨ। ਮਨੁੱਖ ਜਾਤੀ ਨੂੰ 60 ਸਾਲਾਂ ਦੀ ਇਕ ਔਰਤ ਮਹਿਫ਼ੋਦਾ ਸ਼ਤਾਯੇਹ ਦੇ ਇਨ੍ਹਾਂ ਬੋਲਾਂ ਨੂੰ ਸੁਣਨਾ ਚਾਹੀਦਾ ਹੈ ਜਿਹੜੇ ਉਸ ਨੇ ਆਪਣੇ ਪਾਲੇ ਜੈਤੂਨ ਦੇ ਬਾਗ਼ ਵਿਚ ਇਕ ਬਰਬਾਦ ਹੋਏ ਦਰਖ਼ਤ ਦੇ ਗਲ਼ ਲੱਗ ਕੇ ਆਖੇ ਸਨ: ‘‘ਬਸਤੀਵਾਦੀ ਕਦੇ ਵੀ ਸਾਡੀ ਜ਼ਮੀਨ ਹਥਿਆ ਨਹੀਂ ਸਕਣਗੇ। ਅਸੀਂ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਦੁਨੀਆ ਖ਼ਤਮ ਨਹੀਂ ਹੋ ਜਾਂਦੀ।’’
ਅਸੀਂ ਸਾਰੇ ਇਕਜੁੱਟ ਹੋ ਕੇ ਮਾਨਵਤਾ ਨੂੰ ਇਸ ਬੇਰਹਿਮ ਬਦਲੇਖੋਰੀ ਦੇ ਪਾਪ ਤੋਂ ਬਚਾ ਸਕਦੇ ਹਾਂ। ਸੱਭਿਅਤਾ ਤਾਂ ਹੀ ਬਚੀ ਰਹਿ ਸਕਦੀ ਹੈ ਕਿਉਂਕਿ ਲੋਕ ਆਪਣੇ ਪਿਆਰਿਆਂ ਨੂੰ ਗੁਆ ਲੈਣ ਤੋਂ ਬਾਅਦ ਵੀ ਮੁਆਫ਼ ਕਰਨ ਲਈ ਤਿਆਰ ਹੋ ਜਾਂਦੇ ਹਨ। ਇਹ ਵੀ ਬਕਮਾਲ ਗੱਲ ਹੈ ਕਿ ਇਜ਼ਰਾਈਲ ਦੇ ਯਹੂਦੀ ਨਸਲਘਾਤ ਦੇ ਬਿਰਤਾਂਤ ਨੂੰ ਆਪਣੇ ਫ਼ੌਜੀ ਭਰਾਵਾਂ ਵੱਲੋਂ ਫ਼ਲਸਤੀਨੀਆਂ ਦੇ ਕੀਤੇ ਜਾ ਰਹੇ ਨਸਲਘਾਤ ਦਾ ਬਹਾਨਾ ਨਹੀਂ ਬਣਨ ਦੇ ਰਹੇ। ਕਿਤੇ ਨਾ ਕਿਤੇ ਉਨ੍ਹਾਂ ਦੇ ਦਿਲਾਂ ਵਿਚ ਦਹਿਸ਼ਤਗਰਦੀ, ਤੰਗਨਜ਼ਰ ਹਿੰਸਾ ਅਤੇ ਨੈਤਿਕ ਤਵਾਜ਼ਨ ਤੋਂ ਵਿਰਵੀ ਇਕ ਅਜਿਹੀ ਦੁਨੀਆ ਵਿਚ ਅਮਨ ਅਤੇ ਇਕਸੁਰਤਾ ਦਾ ਜੈਤੂਨੀ ਪੈਗ਼ਾਮ ਜ਼ਿੰਦਾ ਹੈ। ਨਸਲਪ੍ਰਸਤੀ ਦੇਸ਼ ਨੂੰ ਤਬਾਹ ਕਰ ਦਿੰਦੀ ਹੈ। ਗਾਜ਼ਾ ਦੇ ਬੱਚਿਆਂ ਲਈ ਸਭ ਤੋਂ ਵੱਡਾ ਤੋਹਫ਼ਾ ਜੰਗਬੰਦੀ ਹੋਵੇਗਾ ਪਰ ਮੈਂ ਹੈਰਾਨ ਹਾਂ ਕਿ ਕੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਇਹ ਖਿਆਲ ਆ ਸਕੇਗਾ ਜੋ ਉਸ ਖਿੱਤੇ ਅੰਦਰ ਹੋਰ ਜ਼ਿਆਦਾ ਮਿਜ਼ਾਈਲਾਂ ਭਿਜਵਾ ਰਹੇ ਹਨ।
* ਪ੍ਰੋਫੈਸਰ, ਅੰਗਰੇਜ਼ੀ ਅਤੇ ਸਭਿਆਚਾਰਕ ਅਧਿਐਨ ਵਿਭਾਗ, ਪੰਜਾਬ ਯੂਨੀਵਰਸਿਟੀ।

Advertisement

ਫ਼ਲਸਤੀਨੀ ਬੱਚੇ ਨੂੰ ਲੋਰੀ

ਫ਼ੈਜ਼ ਅਹਿਮਦ ਫ਼ੈਜ਼

ਮਤ ਰੋ ਬੱਚੇ
ਰੋ ਰੋ ਕੇ ਅਭੀ
ਤੇਰੀ ਅੰਮੀ ਕੀ ਆਂਖ ਲਗੀ ਹੈ

ਮਤ ਰੋ ਬੱਚੇ
ਕੁਛ ਹੀ ਪਹਲੇ
ਤੇਰੇ ਅੱਬਾ ਨੇ
ਅਪਨੇ ਗ਼ਮ ਸੇ ਰੁਖ਼ਸਤ ਲੀ ਹੈ

ਮਤ ਰੋ ਬੱਚੇ
ਤੇਰਾ ਭਾਈ
ਅਪਨੇ ਖ਼ਵਾਬ ਕੀ ਤਿਤਲੀ ਪੀਛੇ
ਦੂਰ ਕਹੀਂ ਪਰਦੇਸ ਗਯਾ ਹੈ

ਮਤ ਰੋ ਬੱਚੇ
ਤੇਰੀ ਬਾਜੀ ਕਾ
ਡੋਲਾ ਪਰਾਏ ਦੇਸ ਗਯਾ ਹੈ

ਮਤ ਰੋ ਬੱਚੇ
ਤੇਰੇ ਆਂਗਨ ਮੇਂ
ਮੁਰਦਾ ਸੂਰਜ ਨਹਲਾ ਕੇ ਗਏ ਹੈਂ
ਚੰਦਰਮਾ ਦਫ਼ਨਾ ਕੇ ਗਏ ਹੈਂ

ਮਤ ਰੋ ਬੱਚੇ
ਅੰਮੀ, ਅੱਬਾ, ਬਾਜੀ, ਭਾਈ
ਚਾਂਦ ਔਰ ਸੂਰਜ
ਤੂ ਗਰ ਰੋਏਗਾ ਤੋ ਯੇ ਸਬ
ਔਰ ਭੀ ਤੁਝ ਕੋ ਰੁਲਵਾਏਂਗੇ

ਤੂ ਮੁਸਕਾਏਗਾ ਤੋ ਸ਼ਾਇਦ
ਸਾਰੇ ਇਕ ਦਿਨ ਭੇਸ ਬਦਲ ਕਰ
ਤੁਝ ਸੇ ਖੇਲਨੇ ਲੌਟ ਆਏਂਗੇ।

Advertisement
Author Image

sanam grng

View all posts

Advertisement
Advertisement
×