For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਹਾਸ ਵਿਅੰਗ ਦਾ ਦੁਖਾਂਤ

09:59 AM Feb 21, 2024 IST
ਪੰਜਾਬੀ ਹਾਸ ਵਿਅੰਗ ਦਾ ਦੁਖਾਂਤ
Advertisement

ਮੰਗਤ ਕੁਲਜਿੰਦ

Advertisement

ਹਾਸ ਵਿਅੰਗ ਨੇ ਲੋਕਾਂ ਦੇ ਮਨਾਂ ਵਿੱਚ ਆਪਣਾ ਸਥਾਨ ਸਦਾ ਹੀ ਬਣਾ ਕੇ ਰੱਖਿਆ ਹੈ। ਪੰਜਾਬੀ ਸੁਭਾਅ ਵਿੱਚ ਤਾਂ ਇਹ ਸ਼ਬਜੀ ’ਚ ਸਮੋਏ ਹੋਏ ਨਮਕ ਵਾਂਗ ਹੈ। ਜਨਮ ਤੋਂ ਲੈ ਕੇ ਮਰਨ ਤੱਕ ਪੰਜਾਬੀ ਹਾਸਰਸ ਅਤੇ ਵਿਅੰਗ ਦਾ ਮੁਜੱਸਮਾ ਬਣ ਕੇ ਰਹਿੰਦੇ ਹਨ। ਗੱਲ ਗੱਲ ’ਤੇ ਹੱਸਣਾ, ਮਖੌਲ ਕਰਨਾ, ਮਖੌਲ ਸਹਿਣਾ ਚੱਲਦਾ ਰਹਿੰਦਾ ਹੈ। ਵਿਆਹਾਂ ਵਿੱਚ ਤਾਂ ਪਲ ਪਲ ਹਾਸਾ ਬਿਖੇਰਿਆ ਜਾਂਦਾ ਹੈ। ਪੰਜਾਬੀ ਤਾਂ ਮੌਤ ਨੂੰ ਮਖੌਲਾਂ ਕਰਨੋਂ ਵੀ ਬਾਜ਼ ਨਹੀਂ ਆਉਂਦੇ ਪਰ ਸਾਡਾ ਦੁਖਾਂਤ ਇਹ ਹੈ ਕਿ ਹਾਸ ਵਿਅੰਗ ਦੇ ਖ਼ਜ਼ਾਨੇ ਦੇ ਮਾਲਕ ਹੁੰਦਿਆਂ ਵੀ ਅਸੀਂ ਇਸ ਨੂੰ ਲਿਖਤੀ ਰੂਪ ਦੇਣ ’ਚ ਮਾਰ ਖਾ ਗਏ।
ਉੱਧਰ ਪੰਜਾਬੀ ਸਾਹਿਤ ਵਿੱਚ ਅਜੇ ਵੀ ਬਹੁਤੇ ਵਿਦਵਾਨ ਆਲੋਚਕ ਇਹ ਮੰਨਣ ਨੂੰ ਤਿਆਰ ਨਹੀਂ ਕਿ ਹਾਸ ਵਿਅੰਗ ਇੱਕ ਵਿਧਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਅੰਗ ਇੱਕ ਵਿਅੰਗ- ਭਾਵਨਾ ਹੈ ਜੋ ਵੱਖ ਵੱਖ ਵਿਧਾਵਾਂ ਵਿੱਚ ਪ੍ਰਗਟਾਈ ਜਾ ਸਕਦੀ ਹੈ। ਇਸ ਲਈ ਇਸ ਦੀ ਵਰਤੋਂ ਵਿਧੀ ਦੇ ਤੌਰ ’ਤੇ ਹੀ ਠੀਕ ਹੈ। ਜਿਵੇਂ ਕਹਾਣੀ, ਕਵਿਤਾ, ਨਾਵਲ, ਲੇਖ, ਨਾਟਕ ਆਦਿ ਕੋਲ ਆਪਣੇ ਚੌਖਟੇ ਹਨ, ਉਨ੍ਹਾਂ ਦੇ ਆਪਣੇ ਸਿਧਾਂਤ ਹਨ, ਅਸੂਲ ਹਨ, ਹਾਸ ਵਿਅੰਗ ਕੋੋਲ ਆਪਣਾ ਅਜਿਹਾ ਕੁਝ ਨਹੀਂ। ਇਹ ਤਾਂ ਬਸ ਵਾਇਰਸ ਵਾਂਗ ਕਿਸੇ ਵੀ ਵਿਧਾ ਵਿੱਚ ਘੁਸ ਕੇ ਰਚਮਿਚ ਜਾਂਦਾ ਹੈ ਪਰ ਇਹ ਕੋਈ ਤਰਕ ਨਹੀਂ। ਜਿਵੇਂ ਜਿਵੇਂ ਕੋਈ ਸਾਹਿਤ ਲੋਕਾਂ ’ਚ ਮਕਬੂਲ ਹੁੰਦਾ ਜਾਂਦਾ ਹੈ ਤਾਂ ਉਹ ਰਚਨਾਤਮਕ ਪੱਧਰ ਦੀ ਮੰਜ਼ਿਲ ਨੂੰ ਪਾਰ ਕਰਕੇ ਆਪਣੇ ਸਿਧਾਂਤ ਵੀ ਬਣਾ ਲੈਂਦਾ ਹੈ, ਅਸੂਲ ਵੀ ਬਣਾ ਲੈਂਦਾ ਹੈ ਅਤੇ ਚੌਖਟਾ ਤਾਂ ਵੱਟ ’ਤੇ ਹੀ ਪਿਆ ਹੁੰਦੈ।
ਦੁਨੀਆ ਦੀਆਂ ਭਾਸ਼ਾਵਾਂ ਖ਼ਾਸ ਕਰਕੇ ਪੱਛਮੀ ਭਾਸ਼ਾਵਾਂ ਵਿੱਚ ਬਹੁਤ ਚਿਰ ਪਹਿਲਾਂ ਹੀ ਇਸ ਨੂੰ ਵਿਧਾ ਮੰਨ ਲਿਆ ਗਿਆ ਸੀ। ਇਸੇ ਲਈ ਇਸ ਵਿੱਚ ਸਿਰਜਣਾਤਮਕ ਅਤੇ ਸਿਧਾਂਤਕ ਕੰਮ ਹੋਇਆ ਹੈ। ਸੰਸਕ੍ਰਿਤ ਅਤੇ ਹਿੰਦੀ ਵਿੱਚ ਵੀ ਇਸ ਵਿਧਾ ਵਿੱਚ ਬਹੁਤ ਸਾਹਿਤ ਰਚਿਆ ਗਿਆ ਪਰ ਸਿਧਾਂਤਕ ਪੱਖ ਤੋਂ ਕੁਝ ਕਮਜ਼ੋਰ ਰਿਹਾ। ਕਾਰਨ ਇਹ ਸੀ ਕਿ ਇਨ੍ਹਾਂ ਭਾਸ਼ਾਵਾਂ ਦੇ ਵਿਦਵਾਨਾਂ ਕੋਲ ਨੌਂ ਰਸਾਂ ਵਿੱਚ ਸ਼ਾਮਿਲ ਹਾਸ ਰਸ ਲਈ ਤਾਂ ਸਿਧਾਂਤ ਅਤੇ ਅਸੂੁਲ ਸਨ ਪਰ ਵਿਅੰਗ ਨੂੰ ਪਰਖਣ ਲਈ ਕੋਈ ਬਹੁਤੇ ਨਿਯਮ ਨਹੀਂ ਸਨ। ਇਸੇ ਲਈ ਵਿਅੰਗ ਨੂੰ ਵੀ ਹਾਸ ਰਸੀ ਸਿਧਾਂਤਾਂ ਅਧੀਨ ਹੀ ਪਰਖਿਆ ਗਿਆ ਜੋ ਵਿਅੰਗ ਨੂੰ ਆਪਣੇ ਕਲਾਵੇ ’ਚ ਨਾ ਲੈ ਸਕਿਆ। ਕੁਝ ਭਾਰਤੀ ਚਿੰਤਕਾਂ ਜਿਨ੍ਹਾਂ ਵਿੱਚ ਕੁੰਤੀ, ਦੰਡੀ, ਕੁਸ਼ਮੇਂਦਰ ਆਦਿ ਆਉਂਦੇ ਹਨ ਉਨ੍ਹਾਂ ਨੇ ਵਕਰੋਕਤੀ ਸਿਧਾਂਤ ਸਿਰਜਿਆ ਜੋ ਵਿਅੰਗ ਦੀ ਕਿਸਮ ਹੀ ਹੈ ਅਤੇ ਇਸੇ ਅਧੀਨ ਵਿਅੰਗ ਦਾ ਵਿਸ਼ਲੇਸ਼ਣ ਕੀਤਾ ਗਿਆ।
ਜਨਮ ਜਾਤ ਪ੍ਰਵਿਰਤੀ ਹੋਣ ਕਰਕੇ ਹਾਸਾ ਤਾਂ ਮਾਨਵ ਦੇ ਨਾਲ ਹੀ ਪੈਦਾ ਹੋ ਗਿਆ ਜਦੋਂ ਕਿ ਵਿਅੰਗ ਦੇ ਜਨਮ ਦਾ ਸਵਾਲ ਹੈ ਉਹ ਤਾਂ ਮਾਨਵ ਵਿੱਚ ਹੋ ਰਹੇ ਵਿਕਾਸ ਕਾਰਨ ਹੈ। ਉਸ ਵਿੱਚ ਭਾਰੂ ਹੁੰਦੀ ਹਉਮੈਂ ਦੀ ਭਾਵਨਾ, ਦੂਸਰਿਆਂ ਤੋਂ ਉੱਤਮ ਬਣ ਕੇ ਉਨ੍ਹਾਂ ’ਤੇ ਰਾਜ ਕਰਨ ਦੀ ਖਾਹਿਸ਼, ਭੌਤਿਕ ਵਸਤੂਆਂ ਨੂੰ ਜੋੜਨ ਦੀ ਵਧ ਰਹੀ ਪ੍ਰਵਿਰਤੀ ਅਤੇ ਬੁੱਧੀ ਦੇ ਵਿਕਾਸ ਨਾਲ ਵਿਅੰਗ ਦੀ ਉਤਪਤੀ ਹੋਈ ਅਤੇ ਇਸ ਦੀ ਅਹਿਮੀਅਤ ਵਧਦੀ ਗਈ ਹੈ। ਪੁਰਾਣੇ ਇਤਿਹਾਸ ਨੂੰ ਫਰੋਲਿਆਂ ਪਤਾ ਲੱਗੇਗਾ ਕਿ ਹਾਰੇ ਹੋਏ ਰਾਜੇ ਉੱਪਰ ਜੇਤੂ ਰਾਜਾ ਆਪਣੀ ਉੱਤਮਤਾ ਸਿੱਧ ਕਰਨ ਲਈ ਟੇਢੀ ਮੁਸਕਾਨ ਸੁੱਟਦਾ ਸੀ। ਹੁਣ ਦੇ ਸਮਾਜ ਵਿੱਚ ਵਧ ਰਹੀਆਂ ਬੁਰਾਈਆਂ, ਅਸੰਗਤੀਆਂ, ਨਕਾਰਾਤਮਕ ਪ੍ਰਵਿਰਤੀਆਂ, ਖੋਟਾਂ, ਦੋਸ਼ਾਂ ਉੱਪਰ ਕਾਬੂ ਪਾਉਣ ਲਈ ਵਿਅੰਗ ਇੱਕ ਰਾਮਬਾਣ ਸਿੱਧ ਹੋ ਰਿਹਾ ਹੈ। ਪੁਰਾਣੀਆਂ ਸੱਭਿਆਤਾਵਾਂ ਵਿੱਚ ਵੀ ਜੈਨੋਫਲੀਸ, ਅਰਿਸਟੋਫੇਨੀਜ਼, ਅਲੈਕਜੈਂਡਰ ਪੋਪ ਆਦਿ ਵਰਗੇ ਵਿਅੰਗਕਾਰਾਂ ਨੇ ਸ਼ਹਿਨਸ਼ਾਹਾਂ ਦੀਆਂ ਆਪ ਹੁਦਰੀਆਂ ਨੂੰ ਹਾਸ ਵਿਅੰਗ ਨਾਲ ਸੁਧਾਰਿਆ ਸੀ। ਹਾਸੇ ਹਾਸੇ ਵਿੱਚ ਦਿੱਤਾ ਨਿਹੋਰਾ ਮਾਲਕਾਂ ਨੂੰ ਤੁਰੰਤ ਫੱਟੜ ਕਰਨ ਦੀ ਬਜਾਇ ਸੂਈ ਦੇ ਚੁਭਨ ਦਾ ਮਿੰਨ੍ਹਾ ਮਿੰਨ੍ਹਾ ਅਹਿਸਾਸ ਕਰਵਾਉਂਦਾ ਰਿਹਾ ਹੈ।
ਕੀ ਹਾਸ ਅਤੇ ਵਿਅੰਗ ਦੋ ਵੱਖ ਵੱਖ ਵਿਧਾਵਾਂ ਹਨ? ਅਕਸਰ ਇਹ ਸਵਾਲ ਵੀ ਉੱਠਦਾ ਹੈ। ਅਸਲ ਵਿੱਚ ਇਨ੍ਹਾਂ ਦੋਵਾਂ ਨੂੰ ਅਸੀਂ ਵੱਖ ਵੱਖ ਨਹੀਂ ਵੇਖ ਸਕਦੇ ਕਿਉਂਕਿ ਵਿਅੰਗ ਦਾ ਆਧਾਰ ਹੀ ਹਾਸਾ ਹੈ। ਵਿਅੰਗ ਦਾ ਮਹਿਲ ਸਦਾ ਹੀ ਹਾਸੇ ਦੀ ਨੀਂਹ ਉੱਪਰ ਉਸਰਦਾ ਹੈ। ਇਹ ਗੱਲ ਠੀਕ ਹੈ ਕਿ ਜਿਵੇਂ ਜਿਵੇਂ ਵਿਅੰਗ ਤਾਕਤਵਰ ਹੁੰਦਾ ਜਾਂਦਾ ਹੈ ਉਹ ਉਸ ਕਪੁੱਤਰ ਵਾਂਗ ਹੈ ਜੋ ਵਿਆਹ ਕਰਵਾ ਕੇ ਆਪਣਾ ਘਰ ਅੱਡ ਵਸਾ ਤਾਂ ਲੈਂਦਾ ਹੈ ਪਰ ਅੰਦਰੋਂ ਆਪਣੇ ਖਾਸੇ ਨਾਲ ਜੁੜਿਆ ਰਹਿੰਦਾ ਹੈ। ਇਸੇ ਤਰ੍ਹਾਂ ਹਾਸ ਅਤੇ ਵਿਅੰਗ ਹੈ। ਵਿਅੰਗ ਤਕੜਾ ਹੋ ਕੇ ਵੀ ਹਾਸੇ ਤੋਂ ਖਹਿੜਾ ਨਹੀਂ ਛੁਡਾ ਸਕਦਾ। ਹਾਸੇ ਤੋਂ ਵਿਅੰਗ ਤੱਕ ਪਹੁੰਚਣ ਦਾ ਸਫ਼ਰ ਵੀ ਬੜਾ ਵਿਲੱਖਣ ਹੁੰਦਾ ਹੈ। ਰਸਤੇ ’ਚ ਕਈ ਸਥਿਤੀਆਂ ਬਣਦੀਆਂ ਹਨ। ਸ਼ੁਰੂਆਤੀ ਹਾਸਾ ਦੋ ਕਿਸਮ ਦਾ ਹੁੰਦਾ ਹੈ-ਸ਼ੁੱਧ ਹਾਸਾ ਅਤੇ ਬੁੱਧੀ ਮਿਕਸ ਹਾਸਾ। ਚਾਰ ਪੰਜ ਮਹੀਨੇ ਦੇ ਬੱਚੇ ਦਾ ਹਾਸਾ ਸ਼ੁੱਧ ਹੁੰਦਾ ਹੈ ਕਿਉਂਕਿ ਉਸ ਵਿੱਚ ਕੋਈ ਲੁਕੋ ਛਪੋ ਨਹੀਂ ਹੁੰਦਾ। ਉਸ ਸਮੇਂ ਉਸ ਦਾ ਦਿਮਾਗ਼ ਕੋਰੀ ਸਲੇਟ ਹੁੰਦੀ ਹੈ। ਇਸੇ ਤਰ੍ਹਾਂ ਕਿਸੇ ਦੀ ਸਰੀਰਕ ਵਿਰੂਪਤਾ ਨੂੰ ਵੇਖ ਕੇ ਅਚਾਨਕ ਹਾਸਾ ਆ ਜਾਣਾ ਮਜ਼ਾਕ ਹੈ। ਜਦੋਂ ਹੀ ਇਸ ਵਿੱਚ ਵਿਚਾਰ ਤੰਤੂਆਂ ਦੀ ਕਿਰਿਆ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਹਾਸ-ਮਖੌਲ ਬਣਦਾ ਜਾਂਦਾ ਹੈ ਜਿਵੇਂ ਕਿ ਅਕਸਰ ਵਿਹਾਰਕ ਮਖੌਲ, ਪੈਰੋਡੀ, ਮਿਥਿਆ, ਰੀਤੀ ਰਿਵਾਜਾਂ ਦਾ ਮਖੌਲ ਉਡਾਉਣਾ, ਭੜੈਂਤੀ ਆਦਿ ਵਿੱਚ ਹੁੰਦਾ ਹੈ ਪਰ ਜਿਵੇਂ ਜਿਵੇਂ ਇਹਦੇ ਵਿੱਚ ਬੁੱਧੀ ਦਾ ਲੇਸ ਰਲਣ ਲੱਗਦਾ ਹੈ ਇਹ ਬੁੱਧੀ ਦੀ ਮਾਤਰਾ ਦੇ ਹਿਸਾਬ ਨਾਲ ਵਿਅੰਗ ਵੱਲ ਵਧਣ ਲੱਗਦਾ ਹੈ।
ਸ਼ੁੱਧ ਹਾਸੇ ਤੋਂ ਬਾਅਦ ਨਿੰਦਾ-ਵਿਨੋਦ, ਹੇਅਹਾਸ, ਉਪਹਾਸ, ਤਿੱਖੀ ਹਾਜ਼ਰ ਜਵਾਬੀ, ਤਾਅਨਾ, ਬੋਲੀ ਫਿਰ ਜਾ ਕੇ ਵਿਅੰਗ ਬਣਦਾ ਹੈ। ਕ੍ਰੋਧ ਦੀ ਮਾਤਰਾ ਰਲਦਿਆਂ ਅਤੇ ਬੁੱਧੀ ਦੀ ਘਟਦੀ ਜਾਂਦੀ ਮਾਤਰਾ ਦੇ ਆਧਾਰ ਨਾਲ ਉਹ ਚੁੱਭਵੀਂ ਮਸ਼ਕਰੀ, ਨਿੰਦਾ ਲੇਖ, ਫਿਟਕਾਰ ਦੀਆਂ ਸਥਿਤੀਆਂ ਬਣ ਜਾਂਦੀਆਂ ਹਨ। ਵਿਅੰਗ ਦੇ ਪਰਿਵਾਰ ਵਿੱਚ ਹੋਰ ਵੀ ਕਈ ਵਿਧੀ ਰੂਪ ਹਨ ਜੋ ਵਿਅੰਗ ਨੂੰ ਤਾਕਤ ਬਖ਼ਸ਼ਦੇ ਹਨ ਜਿਵੇਂ ਕਿ ਕਿਸੇ ਦੀ ਖਿੱਲੀ ਉਡਾਉਣਾ, ਅਰਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨਾ, ਕਿਸੇ ਬੁਰਾਈ ਨੂੰ ਇੱਕ ਅੰਕੀ ਨਾਟਕ ਨਾਲ ਉਜਾਗਰ ਕਰਨਾ, ਠੱਠਾ ਮਖੌਲ, ਪੈਰੋਡੀ, ਸਵਾਂਗ ਰਚਨਾ, ਨਕਲ ਲਾਹੁਣੀ, ਪਸ਼ੂਆਂ ਪੰਛੀਆਂ ਦੀ ਕਾਲਪਨਿਕ ਵਾਰਤਾਲਾਪ ਰਾਹੀਂ ਕਿਸੇ ਬੁਰਾਈ ਨੂੰ ਪੇਸ਼ ਕਰਨਾ ਆਦਿ। ਵਿਅੰਗ ਰੂਪਾਂ ਦੀ ਸੀਮਾ ਬੜੀ ਮਹੀਨ ਹੁੰਦੀ ਹੈ। ਅਕਸਰ ਵਿਅੰਗ ਰੂਪ ਇੱਕ ਦੂਜੇ ’ਚ ਰਲਗੱਡ ਹੋ ਜਾਂਦੇ ਹਨ।
ਪੰਜਾਬੀ ਸਾਹਿਤ ਵਿੱਚ ਹਾਸ ਵਿਅੰਗ ਵੀ ਨਾਥਾਂ ਯੋਗੀਆਂ ਦੀਆਂ ਰਚਨਾਵਾਂ ਨਾਲ ਸ਼ੁਰੂ ਹੋਇਆ ਮਿਲਦਾ ਹੈ। ਉਸ ਤੋਂ ਬਾਅਦ ਭਗਤੀ ਲਹਿਰ ਤਹਿਤ ਗੁਰਮਤਿ ਸਾਹਿਤ ਵਿੱਚ ਗਰੂਆਂ ਨੇ ਆਪਣੀਆਂ ਰਚਨਾਵਾਂ ਵਿੱਚ ਇਸ ਦੀ ਯਥਾਯੋਗ ਵਰਤੋਂ ਕੀਤੀ। ਬਾਬੇ ਨਾਨਕ ਨੇ ਤਾਂ ਜ਼ਾਲਮ ਬਾਬਰ ਦੀਆਂ ਧੱਕੇਸ਼ਾਹੀਆਂ ’ਤੇ ਵੀ ਰੱਬ ਨੂੰ ਵਿਅੰਗ ਕਸ ਦਿੱਤਾ ਸੀ। ਸੂਫ਼ੀਆਂ ਸੰਤਾਂ ਖ਼ਾਸ ਕਰਕੇ ਬਾਬਾ ਬੁੱਲੇ ਸ਼ਾਹ ਦੀਆਂ ਬਹੁਤੀਆਂ ਕਾਫੀਆਂ ਵਿੱਚ ਪੰਜਾਬੀ ਹਾਸ ਵਿਅੰਗ ਉੱਭਰਵਾਂ ਹੈ। ਕਬੀਰ ਜੀ ਦੀ ਬਾਣੀ ਧਾਰਮਿਕ ਅੰਧ ਵਿਸ਼ਵਾਸਾਂ, ਰਹੁ ਰੀਤਾਂ ਦੇ ਢਕਵੰਜਾਂ ’ਤੇ ਲਾਈਆਂ ਸ਼ਬਦੀ-ਚੋਟਾਂ ਹਨ। ਕਿੱਸਾ ਸਾਹਿਤ ਵਿੱਚ ਪੰਜਾਬੀ ਹਾਸ ਵਿਅੰਗ ਰੁਮਾਂਟਿਕਤਾ ਦੇ ਅੰਗ ਸੰਗ ਚੱਲਦਾ ਹੈ। ਵਾਰਿਸਸ਼ਾਹ ਦੀ ਹੀਰ ਵਿੱਚ ਥਾਂ ਪੁਰ ਥਾਂ ਪੇਸ਼ ਸੰਵਾਦ ਹਾਸੇ ਦੇ ਵੀ ਅਤੇ ਵਿਅੰਗ ਦੇ ਵੀ ਉੱਤਮ ਨਮੂਨੇ ਹਨ। ਪਰਸਾ ਪੰਡਿਤ, ਸੁਥਰਾ, ਜਲਣ, ਨਜ਼ਾਬਤ ਆਦਿ ਦੀਆਂ ਰਚਨਾਵਾਂ ਵਿੱਚ ਪੰਜਾਬੀ ਹਾਸ ਵਿਅੰਗ ਦੇ ਦਰਸ਼ਨ ਹੁੰਦੇ ਹਨ।
ਆਧੁਨਿਕ ਪੰਜਾਬੀ ਹਾਸ ਵਿਅੰਗ ਸਾਹਿਤ ਦਾ ਮੁੱਢ ਐੱਸ.ਐੱਸ. ਚਰਨ ਸਿੰਘ ਸ਼ਹੀਦ ਤੋਂ ਬੱਝਦਾ ਹੈ। ਲੇਖਕਾਂ ਦੀ ਇੱਕ ਲੰਬੀ ਚੌੜੀ ਲੜੀ ਹੈ ਜਿਨ੍ਹਾਂ ਨੇ ਰਚਨਾਤਮਕ ਕੰਮ ਤਾਂ ਬਹੁਤ ਕੀਤਾ ਹੈ ਪਰ ਆਲੋਚਨਾਤਮਕ ਕੰਮ ਨਾਂਹ ਦੇ ਬਰਾਬਰ ਹੀ ਹੈ। ਦੋ ਚਾਰ ਵਿਦਵਾਨ ਆਲੋਚਕਾਂ ਨੂੰ ਛੱਡ ਕੇ ਕਿਸੇ ਵੀ ਆਲੋਚਕ ਨੇ ਇਸ ਵਿਧਾ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਇਸ ਵਿਧਾ ਦੇ ਲੇਖਕਾਂ ਨੇ ਆਪ ਹੀ ਥੋੜ੍ਹਾ ਮੋਟਾ ਆਲੋਚਨਾ ਦਾ ਲਿਖਤੀ ਕੰਮ ਕੀਤਾ, ਜਿਵੇਂ ਕਿ ਡਾ. ਗੁਰਨਾਮ ਸਿੰਘ ਤੀਰ ਨੇ ‘ਪੰਜਾਬੀ ਕਵਿਤਾ ਵਿੱਚ ਹਾਸ ਵਿਅੰਗ’, ਦਲੀਪ ਸਿੰਘ ਭੁਪਾਲ ਨੇ ‘ਪੰਜਾਬੀ ਵਾਰਤਕ ਵਿੱਚ ਹਾਸ-ਵਿਅੰਗ’ ਡਾ. ਆਤਮ ਹਮਰਾਹੀ ਨੇ ‘ਲੋਕ ਯਾਨਿਕ ਹਾਸ-ਵਿਅੰਗ’ ਆਦਿ ਕਿਤਾਬਾਂ ਲਿਖੀਆਂ ਹਨ। ਉਂਝ ਕੇ.ਐੱਲ. ਗਰਗ, ਪਿਆਰਾ ਸਿੰਘ ਦਾਤਾ, ਬਿਪਨ ਗੋਇਲ, ਡਾ. ਧਰਮ ਸਿੰਘ ਆਦਿ ਹਾਸ ਵਿਅੰਗ ਲੇਖਕਾਂ ਨੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਆਲੋਚਨਾਤਮਕ ਕੰਮ ਕੀਤਾ ਹੈ। ਹਰ ਇੱਕ ਇਨਸਾਨ ਵਿੱਚ ਕੁਝ ਨਾ ਕੁਝ ਘਾਟਾਂ ਹੁੰਦੀਆਂ ਹੀ ਹਨ। ਹੋ ਸਕਦੈ ਕਿ ਵਿਦਵਾਨ ਇਸ ਗੱਲੋਂ ਡਰਦਿਆਂ ਵੀ ਇਸ ਵਿਧਾ ਨੂੰ ਹੱਥ ਨਾ ਪਾਉਂਦੇ ਹੋਣ ਕਿਉਂਕਿ ਹਾਸ ਵਿਅੰਗ ਲਿਖਣਾ ਹੀ ਕੰਡਿਆਂ ਦੀ ਵਾੜ ’ਤੇ ਤੁਰਨਾ ਹੈ। ਫਿਰ ਆਲੋਚਨਾ ਇਹ ਤਾਂ ਕਰੇਲਾ ਨਿੰਮ ’ਤੇ ਚੜ੍ਹਾਉਣ ਬਰਾਬਰ ਹੋ ਜਾਂਦਾ ਹੈ ਪਰ ਸੀਸ ਤਲੀ ’ਤੇ ਰੱਖ ਕੇ ਨਿੱਤਰਨ ਵਾਲੇ ਵੀ ਮਿਲ ਜਾਂਦੇ ਹਨ ਜਿਵੇਂ ਡਾ. ਪਰਮਜੀਤ ਸਿੰਘ ਢੀਂਗਰਾ, ਡਾ. ਕੁਲਦੀਪ ਸਿੰਘ ਦੀਪ, ਨਿਰੰਜਨ ਬੋਹਾ ਆਦਿ ਦਾ ਨਾਂ ਲਿਆ ਜਾ ਸਕਦਾ ਹੈ।
ਮਾਂ ਬੋਲੀ ਪੰਜਾਬੀ ਕੋਲ ਅੱਜ ਹਾਸ ਵਿਅੰਗ ਦੀਆਂ ਕਿਤਾਬਾਂ- ਹੱਸਦੇ ਹੰਝੂ, ਓਰਲ ਪਰਲ, ਹੱਸਦੀ ਦੁਨੀਆ, ਤੁੱਥ ਮੁੱਥ, ਅਕਲ ਦਾੜ੍ਹ, ਹਾਸੇ ਅਤੇ ਹਾਦਸੇ, ਮੈਂ ਕਿਹਾ ਜੀ, ਬੂਰ ਦੇ ਲੱਡੂ, ਚਿੱਠੀਆਂ ਲਿਖ ਸਤਿਗੁਰ ਵੱਲ ਪਾਈਆਂ, ਧਰਤ ਵਲਾਇਤੀ ਦੇਸੀ ਚੋਭਾਂ, ਦੇਖ ਕਬੀਰਾ ਰੋਇਆ, ਗੋਰਾ ਜਿੰਨ, ਕੁੱਤਾ ਕਿਤਾਬ ਤੇ ਗੁਲਾਬ, ਤਾਊ ਰੰਗੀ ਰਾਮ, ਕਾਕਾ ਵਿਕਾਊ ਹੈ, ਸਾਰੀ ਰੌਂਗ ਨੰਬਰ, ਮੂਰਖਸਤਾਨ ਜ਼ਿੰਦਾਬਾਦ, ਬਸ ਦੋ ਹੀ ਕਾਫ਼ੀ, ਹੀਰੋ ਜਾਂ ਜ਼ੀਰੋ, ਸਿੱਧੇ ਅਫ਼ਸਰ ਪੁੱਠੇ ਲੋਕ, ਮਸਲਾ ਲਟਕ ਗਿਆ, ਕਲੀਨ ਚਿੱਟ ਦੇ ਦਿਓ ਜੀ, ਹੋਰ ਫਿਰ, ਮੂਰਖਸਤਾਨ, ਵਲੈਤੀ ਹਾਸੇ, ਖੁੱਲ੍ਹੀਆਂ ਗੱਲਾਂ ਆਦਿ ਕਿਤਾਬਾਂ ਦਾ ਵਿਸ਼ਾਲ ਭੰਡਾਰ ਹੈ ਜਿਸ ਵਿੱਚ ਕਾਵਿ ਦੀਆਂ ਵੱਖ ਵੱਖ ਵੰਨਗੀਆਂ ਹਨ, ਨਾਵਲ, ਨਾਟਕ, ਵਾਰਤਕ, ਕਹਾਣੀ ਆਦਿ ਅਨੇਕਾਂ ਰੂਪ ਹਨ। ਚਾਚਾ ਚੰਡੀਗੜ੍ਹੀਆ ਦੇ ਨਾਂ ਨਾਲ ਚਰਚਿਤ ਗੁਰਨਾਮ ਸਿੰਘ ਤੀਰ ਨੇ ਪੰਜਾਬੀ ਸਾਹਿਤ ਦੀ ਹਰ ਵਿਧਾ ਵਿੱਚ ਹਾਸ ਵਿਅੰਗ ਰਚਿਆ ਹੈ। ਪੰਜਾਬੀ ਵਿੱਚ ਛਪੇ ਹਾਸ ਵਿਅੰਗ ਦੇ ਅਨੇਕਾਂ ਨਾਵਲ ਜਿਵੇਂ ਕੇ.ਐੱਲ. ਗਰਗ ਦਾ ‘ਤਮਾਸ਼ਾ’, ਅਸ਼ਵਨੀ ਗੁਪਤਾ ਦਾ ‘ਦੋ ਦੂਣੀ ਪੰਜ’ ਆਦਿ ਉਚਪਾਏ ਦੇ ਹਾਸ ਵਿਅੰਗੀ ਨਾਵਲ ਤਾਂ ਹਿੰਦੀ ਦੇ ‘ਰਾਗ ਦਰਬਾਰੀ’ ਵਰਗੇ ਸ਼ਾਹਕਾਰ ਨਾਵਲ ਹਨ।
ਅੱਜ ਦੇ ਯੁੱਗ ਵਿੱਚ ਮਾਨਵ ਨੂੰ ਮਸ਼ੀਨ ਵਾਂਗ ਕੰਮ ਕਰਨਾ ਪੈ ਰਿਹਾ, ਉਦੋਂ ਹਾਸ ਰਸੀ ਸਾਹਿਤ ਦੀ ਸਾਰਥਿਕਤਾ ਹੋਰ ਵੀ ਵਧ ਜਾਂਦੀ ਹੈੇੇ। ਫਿਰ ਵੀ ਕਾਵਿ ਨਾਲ ਉਹਦਾ ਮੋਹ ਬਰਕਰਾਰ ਹੈ। ਵਿਅੰਗਮਈ ਹਾਸ ਰਸੀ ਕਾਵਿ ਲੋਕਾਂ ਨੂੰ ਸਦਾ ਹੀ ਹਸਾਉਂਦਾ, ਨਚਾਉਂਦਾ, ਟਪਾਉਂਦਾ, ਥਰਥਰਾਉਂਦਾ, ਜਗਾਉਂਦਾ ਜਾਂ ਕਹਿ ਲਓ ਸੁਚੇਤ ਕਰਦਾ ਆਇਆ ਹੈ ਤੇ ਅੱਜ ਵੀ ਕਰ ਰਿਹਾ ਹੈ। ਕਿਸੇ ਵੇਲੇ ਭਾਈਆਂ ਈਸ਼ਰ ਸਿੰਘ ਈਸ਼ਰ, ਐੱਸ. ਐੱਸ. ਚਰਨ ਸਿੰਘ ਸ਼ਹੀਦ, ਸੂਬਾ ਸਿੰਘ, ਅਨੰਤ ਸਿੰਘ ਕਾਬੁਲੀ, ਚਿਮਨ ਲਾਲ ਸ਼ੁਗਲ ਅਤੇ ਹੋਰ ਅਨੇਕਾਂ ਹੀ ਹਾਸ ਵਿਅੰਗੀ ਲੇਖਕ ਅਤੇ ਅੱਜ ਦੇ ਦੌਰ ਦੇ ਬਲਦੇਵ ਸਿੰਘ ਆਜ਼ਾਦ, ਹਰੀ ਸਿੰਘ ਦਿਲਬਰ, ਜਸਵੰਤ ਕੈਲਵੀ, ਹਰਦੀਪ ਢਿੱਲੋਂ, ਸਾਧੂ ਰਾਮ ਲੰਗੇਆਣਾ, ਸੇਵਕ ਸ਼ਮੀਰੀਆ, ਗੁਰਸੇਵਕ ਬੀੜ ਆਦਿ ਆਪਣੇ ਕਾਵਿ ਵਿਅੰਗਾਂ ਨਾਲ ਲੋਕਾਂ ਨੂੰ ਮੋਹਿਤ ਕਰ ਰਹੇ ਹਨ। ਕਾਵਿ ਭਾਵੇਂ ਗੰਭੀਰ ਅਤੇ ਸੰਜੀਦਾ ਹੋਵੇ ਭਾਵੇਂ ਹਲਕਾ ਫੁਲਕਾ ਉਹ ਸਦਾ ਹੀ ਮਨੁੱਖ ਦੀਆਂ ਭਾਵਨਾਵਾਂ ਨੂੰ ਟੁੰਬਦਾ ਹੈ। ਵੈਸੇ ਵੀ ਸਾਹਿਤ ਵਿੱਚ ਕਾਵਿ ਦੀ ਉਤਪਤੀ ਪਹਿਲਾਂ ਹੋਈ ਹੈ ਵਾਰਤਕ ਦੀ ਬਾਅਦ ਵਿੱਚ।
ਇਹ ਵੀ ਸੱਚਾਈ ਹੈ ਕਿ ਕਿਸੇ ਵੇਲੇ ਕਾਵਿ ਵਿਅੰਗ ਨੂੰ ਕਵਿਤਾ ਦੀ ਸ਼੍ਰੇਣੀ ਵਿੱਚ ਨਹੀਂ ਸੀ ਰੱਖਿਆ ਜਾਂਦਾ। ਉਦੋਂ ਇਹ ਮੰਨਿਆ ਜਾਂਦਾ ਸੀ ਕਿ ਵਿਅੰਗ ਕਵਿਤਾ ਬਿਲਕੁਲ ਨਹੀਂ ਹੁੰਦਾ ਇਹ ਤਾਂ ਕੇਵਲ ਸ਼ਬਦ ਹੁੰਦੇ ਹਨ ਜੋ ਛੰਦਾਂ ’ਚ ਬੰਨ੍ਹ ਕੇ ਰੱਖ ਦਿੱਤੇ ਜਾਂਦੇ ਹਨ ਜਦੋਂ ਕਿ ਉਨ੍ਹਾਂ ਨੂੰ ਵਾਰਤਕ ਵਿੱਚ ਵੀ ਰੱਖਿਆ ਜਾ ਸਕਦਾ ਹੈ। ਕਵਿਤਾ ਅਤੇ ਵਿਅੰਗ ਵਿੱਚ ਕਿਉਂਕਿ ਬਹੁਤ ਵੱਡਾ ਪਾੜਾ ਹੈ, ਇਸੇ ਲਈ ਹੂਗ ਵਾਕਰ ਨੇ ਇਹ ਕਹਿ ਦਿੱਤਾ ਸੀ ਕਿ ਵਿਅੰਗਾਤਮਕ ਭਾਵਨਾ ਵਾਰਤਕ ਹੁੰਦੀ ਹੈ ਕਾਵਿਕ ਨਹੀਂ ਹੁੰਦੀ। ਅਸਲ ਵਿੱਚ ਕਵਿਤਾਵਾਂ ਵਿੱਚ ਭਾਵੁਕਤਾ ਮੁੱਖ ਹੁੰਦੀ ਹੈ ਜਦੋਂ ਕਿ ਵਿਅੰਗ ਵਿੱਚ ਭਾਵਨਾਵਾਂ ਲਈ ਕੋਈ ਸਥਾਨ ਨਹੀਂ ਹੁੰਦਾ ਪਰ ਅੱਜ ਲੇਖਕਾਂ ਵਿਦਵਾਨਾਂ ਨੇ ਮੰਨ ਲਿਆ ਹੈ ਕਿ ਕਵਿਤਾ ਵਿਚਾਰਾਂ ਅਤੇ ਯਥਾਰਥਿਕਤਾ ਦੀ ਵੀ ਤਰਜਮਾਨੀ ਕਰ ਸਕਦੀ ਹੈ।
ਅੱਜਕੱਲ੍ਹ ਤਾਂ ਸਾਰੇ ਹੀ ਅਖ਼ਬਾਰ ਤੇ ਰਸਾਲੇ ਹਾਸ ਵਿਅੰਗ ਲਈ ਕੁਝ ਨਾ ਕੁਝ ਥਾਂ ਰਾਖਵਾਂ ਰੱਖ ਰਹੇ ਹਨ। ਕਿਸੇ ਵੇਲੇ ਫਿਲਰ ਦੇ ਤੌਰ ’ਤੇ ਹਾਸਰਸੀ ਚੁਟਕਲੇ ਆਦਿ ਲਾਉਣ ਦਾ ਜੋ ਰੁਝਾਨ ਸੀ ਉਸ ਵਿੱਚ ਹੁਣ ਤਬਦੀਲੀ ਆਈ ਹੈ। ਅੱਜ ਉਹ ਇਸ ਵੱਲ ਕਾਫ਼ੀ ਤਵੱਕੋ ਦੇ ਰਹੇ ਹਨ ਪਰ ਫਿਰ ਵੀ ਕੁਝ ਮਜਬੂਰੀਆਂ ਵੱਸ ਉਹ ਅਜੇ ਵੀ ਹਲਕੀਆਂ ਫੁਲਕੀਆਂ ਰਚਨਾਵਾਂ ਲਾ ਕੇ ਬੁੱਤਾ ਸਾਰ ਰਹੇ ਹਨ। ਚਲੋ ਜਿੰਨਾ ਹੋ ਰਿਹਾ ਹੈ ਚੰਗਾ ਹੀ ਹੈ। ਪੰਜਾਬੀ ਵਿੱਚ ਅੱਜ ਤਾਂ ਦੋ ਹੀ ਰਸਾਲੇ ਛਪ ਰਹੇ ਹਨ ਜੋ ਹਾਸ ਵਿਅੰਗ ਨੂੰ ਸਮਰਪਿਤ ਹਨ ਇੱਕ ਤਾਂ ਬਠਿੰਡਾ ਤੋਂ ਛਪਦਾ ‘ਸ਼ਬਦ ਤ੍ਰਿੰਝਣ’ ਹੈ ਜਿਸਦੀ ਸੰਪਾਦਕੀ ਦੀ ਜ਼ਿੰਮੇਵਾਰੀ ਮੇਰੇ ਕੋਲ ਹੈ ਅਤੇ ਦੂਸਰਾ ‘ਮੀਰਜ਼ਾਦਾ’ ਜਿਸ ਨੂੰ ਇੰਗਲੈਂਡ ਵੱਸਦੇ ਇੰਦਰਜੀਤ ਸਿੰਘ ਜੀਤ, ਅੱਜਕੱਲ੍ਹ ਭਾਰਤ ਰਹਿੰਦੇ ਕੁਲਦੀਪ ਸਿੰਘ ਬੇਦੀ ਦੇ ਸਹਿਯੋਗ ਨਾਲ ਜਲੰਧਰ ਤੋਂ ਕੱਢ ਰਹੇ ਹਨ ਪਰ ਸ਼ੁਰੂਆਤੀ ਦੌਰ ਵਿੱਚ ਭਾਰਤ ਵਿੱਚ ਮੀਰਜ਼ਾਦਾ, ਮਰਹੂਮ ਬਿਪਨ ਗੋਇਲ ਦੀ ਜ਼ਿੰਮੇਵਾਰੀ ਸੀ। ਇਸ ਮੈਗਜ਼ੀਨ ਨੇ ਹਾਸ ਵਿਅੰਗ ਲੇਖਕਾਂ ਦੀ ਇੱਕ ਪੀੜ੍ਹੀ ਨੂੰ ਪਲੈਟਫਾਰਮ ਮੁਹੱਈਆ ਕਰਵਾਇਆ ਹੋਇਆ ਹੈ।
ਸ਼ਬਦਾਂ ਤੋਂ ਬਿਨਾਂ ਹਾਸ ਵਿਅੰਗ ਦਾ ਕਾਰਟੂਨੀ ਰੂਪ ਵੀ ਲੋਕਾਂ ’ਚ ਬੜਾ ਮਸ਼ਹੂਰ ਹੋ ਰਿਹਾ ਹੈੇ। ਅੱਜ ਯੁੱਗ ਇਸ਼ਤਿਹਾਰਬਾਜ਼ੀ ਦਾ ਹੈ ਇਸ ਵਿੱਚ ਹਾਸ ਵਿਅੰਗ ਦੀ ਰੱਜ ਕੇ ਵਰਤੋਂ ਹੋ ਰਹੀ ਹੈ। ਹੁਣ ਤਾਂ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਛਪਦੀ ਕੋਈ ਵੀ ਰਚਨਾ ਕਾਰਟੂਨ ਤੋਂ ਬਿਨਾਂ ਸੰਪੂਰਨ ਨਹੀਂ ਸਮਝੀ ਜਾਂਦੀ। ਅੱਜਕੱਲ੍ਹ ਪੰਜਾਬੀ ਫਿਲਮਾਂ ਮੋਟਾ ਠੁੱਲਾ ਹਾਸਾ ਤਾਂ ਕਾਫ਼ੀ ਮਾਤਰਾ ’ਚ ਪਰੋਸ ਰਹੀਆਂ ਹਨ ਪਰ ਸੰਜੀਦਾ ਵਿਅੰਗ ਦੇ ਪੱਖੋਂ ਮਾਰ ਖਾ ਰਹੀਆਂ ਹਨ।
ਹਾਸ ਵਿਅੰਗ ਦੀ ਸਮਾਜ ’ਚ ਸਾਕਾਰਾਤਮਕ ਤਬਦੀਲੀਆਂ ਲਿਆਉਣ ਦੀ ਤਾਕਤ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਪੰਜਾਬੀ ਬੋਲੀ ਦੇ ਬਹੁਤੇ ਵਿਦਿਅਕ ਅਦਾਰੇ ਅਤੇ ਸਥਾਪਿਤ ਸਾਹਿਤਕ ਹਲਕੇ ਅਜੇ ਵੀ ਹਾਸ ਵਿਅੰਗ ਨੂੰ ਦੂਜੀਆਂ ਵਿਧਾਵਾਂ ਦੇ ਬਰਾਬਰ ਦਾ ਸਨਮਾਨ ਦੇਣ ਤੋਂ ਹਿਚਕਚਾਉਂਦੇ ਹਨ। ਹੋਰ ਸਾਰੀਆਂ ਵਿਧਾਵਾਂ ਲਈ ‘ਸ਼੍ਰੋਮਣੀ ਐਵਾਰਡ’ ਅਤੇ ਹੋਰ ਅਨੇਕਾਂ ਮਾਨ ਸਨਮਾਨ ਸਰਕਾਰਾਂ ਇਨ੍ਹਾਂ ਸਾਹਿਤਕ ਹਲਕਿਆਂ ਰਾਹੀਂ ਦਿੰਦੀਆਂ ਹਨ ਪਰ ਹਾਸ ਵਿਅੰਗ ਲਈ ‘ਮੇਰੀ ਵਾਰੀ ਖ਼ਾਲੀ ਪਤੀਲਾ ਖੜਕੇ’ ਕਹਿਣ ਵਾਗੂੰ ਮਾਂਜਿਆਂ ਪਤੀਲਾ ਹੀ ਸਾਹਮਣੇ ਹੁੰਦਾ ਹੈ।
ਉਂਝ ਹਾਸ ਵਿਅੰਗ ਲਿਖਣਾ ਇੱਕ ਟੇਢਾ ਕੰਮ ਹੁੰਦਾ ਹੈ। ਇਹ ਹਰ ਇੱਕ ਲੇਖਕ ਦੇ ਵੱਸ ਦਾ ਕੰਮ ਨਹੀਂ। ‘ਫੜੱਕ ਸੁੱਝਣੀ’ ਦੇ ਮਾਲਕ ਹੀ ਇਸ ਨੂੰ ਸਿਰੇ ਚੜ੍ਹਾ ਸਕਦੇ ਹਨ। ਕਿਸੇ ਵੀ ਕਿਸਮ ਦਾ ਸਾਹਿਤ ਰਚਣ ਲਈ ਤੁਹਾਡੇ ਕੋਲ ਵਿਚਾਰਾਂ ਦਾ, ਸ਼ਬਦਾਂ ਦਾ ਤੇ ਭਾਵਨਾਵਾਂ ਦਾ ਭੰਡਾਰ ਹੋਣਾ ਚਾਹੀਦਾ ਹੈ, ਜ਼ਿੰਦਗੀ ਦਾ ਤਜਰਬਾ ਹੋਣਾ ਚਾਹੀਦਾ ਹੈ। ਮਨ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਪਰ ਹਾਸ ਵਿਅੰਗ ਲਿਖਣ ਲਈ ਇਸ ਤੋਂ ਬਿਨਾਂ ਤੁਹਾਡੇ ਕੋਲ ਬਾਜ਼ ਵਰਗੀ ਅੱਖ, ਕੰਪਿਊਟਰ ਵਰਗਾ ਤੇਜ਼ ਦਿਮਾਗ਼, ਨਸਤਰ ਵਰਗੀ ਤਿੱਖੀ ਕਲਮ ਹੋਣੀ ਚਾਹੀਦੀ ਹੈ ਫਿਰ ਹੀ ਤੁਸੀਂ ਕੋਈ ਪ੍ਰਭਾਵੀ ਹਾਸ ਵਿਅੰਗ ਸਿਰਜ ਸਕਦੇ ਹੋ। ਵਿਅੰਗ ਦਾ ਹਥਿਆਰ ਜੇਕਰ ਸਹੀ ਨਿਸ਼ਾਨੇ ’ਤੇ ਨਾ ਲੱਗੇ ਤਾਂ ਇਹ ਮੋੜਵਾਂ ਵਾਰ ਤੁਹਾਡੇ ’ਤੇ ਹੀ ਕਰਦਾ ਹੈ ਜੋ ਬੜਾ ਘਾਤਕ ਹੁੰਦਾ ਹੈ। ਸਮਾਜਿਕ, ਰਾਜਨੀਤਕ, ਆਰਥਿਕ, ਧਾਰਮਿਕ, ਸੱਭਿਆਚਾਰਕ, ਮਨੋਵਿਗਿਆਨਕ ਜਾਣੀ ਕਿ ਸਮਾਜ ਦੇ ਹਰ ਇੱਕ ਖਿੱਤੇ ਵਿੱਚ ਘੁਸਪੈਠ ਕਰ ਚੁੱਕੀਆਂ ਕੁਰੀਤੀਆਂ ਦੇ ਫੱਟੇ ਚੱਕਣਾ ਹੀ ਇਸ ਦਾ ਮੁੱਖ ਉਦੇਸ਼ ਹੁੰਦਾ ਹੈ।
ਸਮਾਜ ਵਿੱਚ ਕ੍ਰਾਂਤੀ ਲਿਆਉਣ ਲਈ ਮੈਦਾਨ ਤਿਆਰ ਕਰਨ ਵਿੱਚ ਹਾਸ ਵਿਅੰਗ ਇੱਕ ਮੋਹਰੀ ਭੂਮਿਕਾ ਨਿਭਾਉਂਦਾ ਹੈ। ਹੁਣੇ ਪਿੱਛੇ ਜਿਹੇ ਭਾਰਤੀ ਪੰਜਾਬ ਵਿੱਚ ਉੱਭਰੀ ਨਵੀਂ ਰਾਜਨੀਤਕ ਪਾਰਟੀ ਨੇ ਜੋ ਲੋਕਾਂ ’ਚ ਆਪਣਾ ਸਥਾਨ ਬਣਾਇਆ ਉਸ ਵਿੱਚ ਹਾਸ ਵਿਅੰਗੀ ਕਲਾਕਾਰ ਭਗਵੰਤ ਮਾਨ ਦੇ ਹਾਸਿਆਂ ਨਾਲ ਭਰਪੂਰ ਅਤੇ ਵਿਅੰਗਾਤਮਕ ਭਾਸ਼ਨਾਂ ਨੇ ਮਹੱਤਵਪੂਰਨ ਰੋਲ ਨਿਭਾਇਆ ਹੈ। ਇਸੇ ਤਰ੍ਹਾਂ ਪੰਜਾਬੀ ਨਾਟਕਕਾਰੀ ਵਿੱਚ ਗੁਰਸ਼ਰਨ ਸਿੰਘ, ਕੁਲਦੀਪ ਸਿੰਘ ਦੀਪ, ਸਤੀਸ਼ ਵਰਮਾ, ਜਤਿੰਦਰ ਬਰਾੜ, ਕੀਰਤੀ ਕ੍ਰਿਪਾਲ, ਬਲਰਾਜ ਸਾਗਰ, ਕੇਵਲ ਬਾਂਸਲ, ਦਵਿੰਦਰ ਗਿੱਲ ਮੋਗਾ ਅਤੇ ਹੋਰ ਅਨੇਕਾਂ ਹੀ ਨਾਟਕ ਲੇਖਕ ਲਿਖਣ ਅਤੇ ਸਟੇਜ ਦੇ ਪੱਧਰ ’ਤੇ ਹਾਸ ਵਿਅੰਗ ਦੇ ਵਿਕਾਸ ਵਿੱਚ ਹਿੱਸਾ ਪਾ ਰਹੇ ਹਨ। ਪਿੱਛੇ ਜਿਹੇ ਬਠਿੰਡਾ ਵਿੱਚ ਮਰਹੂਮ ਟੋਨੀ ਬਾਤਿਸ਼ ਅਤੇ ਉਸ ਦੀ ਟੀਮ ਨੇ ‘ਤਾਜ ਮਹਿਲ ਦਾ ਟੈਂਡਰ’ ਨਾਮੀ ਹਾਸ ਵਿਅੰਗੀ ਨਾਟਕ ਖੇਡ ਕੇ ਧੁੰਮਾਂ ਪਾਈਆਂ ਸਨ। ਨੁੱਕੜ ਨਾਟਕਾਂ ਦੇ ਬਹੁਤੇ ਹਿੱਸੇ ਹਾਸ ਵਿਅੰਗੀ ਹੁੰਦੇ ਹਨ ਜੋ ਅੱਜਕੱਲ੍ਹ ਬੜੇ ਵੱਡੇ ਪੱਧਰ ’ਤੇ ਖੇਡੇ ਜਾ ਰਹੇ ਹਨ।
ਕਿਸੇ ਸਾਹਿਤਕ ਵਿਧਾ ਦੇ ਵਿਕਾਸ ਸਮੇਂ ਨਵੇਂ ਨਵੇਂ ਪ੍ਰਯੋਗਾਂ ਦਾ ਹੋਣਾ ਲਾਜ਼ਮੀ ਹੈ ਨਹੀਂ ਤਾਂ ਖੜੋਤ ਆ ਜਾਣ ਕਰਕੇ ਵਿਧਾ ਦਾ ਵਿਕਾਸ ਹੀ ਨਹੀਂ ਰੁਕਦਾ ਬਲਕਿ ਉਸ ਪ੍ਰਤੀ ਬੇਰੁਖੀ ਵੀ ਪੈਦਾ ਹੋਣ ਲੱਗਦੀ ਹੈ। ਪਿੱਛੇ ਜਿਹੇ ‘ਮੈਂ ਵਿਅੰਗ ਕਿਵੇਂ ਲਿਖਦਾ ਹਾਂ’ ਪ੍ਰਸ਼ਨ ਰਾਹੀਂ ਪੰਜਾਬੀ ਹਾਸ ਵਿਅੰਗੀ ਲੇਖਕਾਂ ਦੇ ਅੰਦਰ ਨੂੰ ਅੱਜ ਦੇ ਵਿਅੰਗ-ਕਿੰਗ ਕੇ.ਐੱਲ. ਗਰਗ ਨੇ ਫਰੋਲਿਆ ਸੀ ਜੋ ਕਿਤਾਬ ਦੇ ਰੂਪ ’ਚ ਉਪਲੱਬਧ ਹੈ। ਨਾਲੇ ਪੰਜਾਬੀ ਹਾਸ ਵਿਅੰਗ ’ਚ ਤਾਂ ਤਜਰਬੇ ਮੁੱਢੋਂ ਹੀ ਹੁੰਦੇ ਆਏ ਹਨ। ਪੰਜਾਬੀ ਹਾਸ ਵਿਅੰਗ ਸਮਰਾਟ ਗੁਰਨਾਮ ਸਿੰਘ ਤੀਰ ਨੇ ‘ਮੈਨੂੰ ਮੈਥੋਂ ਬਚਾਓ’ ਮੋਨੋਲਾਗ ਸ਼ੈਲੀ ’ਚ ਕਿਤਾਬ ਲਿਖੀ, ਸੂਬਾ ਸਿੰਘ ਨੇ ਮਾਡਰਨ ਹੀਰ ਨੂੰ ਹਾਸ ਵਿਅੰਗ ’ਚ ਲਿਖਿਆ। ਇਸੇ ਤਰ੍ਹਾਂ ਕਨ੍ਹੱਈਆ ਲਾਲ ਕਪੂਰ, ਪਿਆਰਾ ਸਿੰਘ ਦਾਤਾ, ਗੁਰਦੇਵ ਸਿੰਘ ਮਾਨ, ਮਨੋਹਰ ਸਿੰਘ ਮਾਰਕੋ, ਭੂਸ਼ਨ ਧਿਆਨਪੁਰੀ, ਸ਼ੇਰ ਜੰਗ ਜਾਂਗਲੀ, ਬਲਦੇਵ ਸਿੰਘ ਆਜ਼ਾਦ ਆਦਿ ਅਨੇਕਾਂ ਵਿਅੰਗਕਾਰਾਂ ਨੇ ਹਾਸ ਵਿਅੰਗ ਲਈ ਨਵੇਂ ਤਜਰਬੇ ਕੀਤੇ। ਪੰਚਤੰਤਰ ਦੀਆਂ ਕਹਾਣੀਆਂ ਨੂੰ ਆਧਾਰ ਬਣਾ ਕੇ ਮੌਜੂਦਾ ਦੌਰ ਦੇ ਦੁਸ਼ਟ ਲੋਕਾਂ ਜੋ ਆਪਣੇ ਚਿਹਰਿਆਂ ’ਤੇ ਲੂੰਬੜਾਂ, ਸ਼ੇਰਾਂ, ਚੀਤਿਆਂ ਸੱਪਾਂ ਦੇ ਮਖੌਟੇ ਚੜ੍ਹਾ ਕੇ ਆਮ ਲੋਕਾਂ ਦਾ ਜੀਣਾ ਦੁੱਭਰ ਕਰ ਰਹੇ ਹਨ, ਬਾਰੇ ‘ਖੜਯੰਤਰ’ ਨਾਮੀ ਕਿਤਾਬ ਲਿਖੀ ਗਈ ਹੈ। ਇਸੇ ਤਰ੍ਹਾਂ ‘ਰੰਮੀ ਰੰਨੀ ਦੇ ਕਾਰਨਾਮੇ ’ ਨਾਮੀ ਬਾਲ ਹਾਸ ਵਿਅੰਗ ਨਾਵਲ ਲਿਖਿਆ ਹੈ ਜਿਸ ਵਿੱਚ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਬੱਚਿਆਂ ਦੇ ਦੋਸਤ ਜੀਵ ਜੰਤੂਆਂ ਨੂੰ ਸਹਾਇਤਾ ਕਰਦੇ ਵਿਖਾਇਆ ਹੈ।
ਜ਼ਮਾਨਾ ਤਕਨਾਲੋਜੀ ਦਾ ਹੈ। ਸੰਚਾਰ ਦੇ ਉੱਚ-ਤਕਨੀਕੀ ਸਾਧਨਾਂ ਨੇ ਦੁਨੀਆ ਨੂੰ ਮੁੱਠੀ ’ਚ ਬੰਦ ਕਰ ਦਿੱਤਾ ਹੈ। ਲੰਬੇ ਸਫ਼ਰਾਂ ਨੂੰ ਪਲਾਂ ’ਚ ਨਬਿੇੜਨਾ ਹੁਣ ਕੋਈ ਸਮੱਸਿਆ ਨਹੀਂ। ਪੰਜਾਬੀ ਲਿਖਾਰੀ ਵੀ ਸੰਸਾਰ ਦੇ ਦੂਸਰੇ ਦੇਸ਼ਾਂ ਵਿੱਚ ਮਜਬੂਰੀ ਵੱਸ, ਸ਼ੌਕਾਂ ਦੀ ਪੂਰਤੀ ਜਾਂ ਹੋਰ ਵਧੀਆ ਜ਼ਿੰਦਗੀ ਜਿਊਣ ਦੀ ਚਾਹਨਾ ਵੱਸ ਜਾ ਵਸੇ ਹਨ। ਉੱਥੇ ਵੀ ਉਨ੍ਹਾਂ ਨੇ ਮਾਂ ਬੋਲੀ ਪੰਜਾਬੀ ਦੇ ਸਰਵਪੱਖੀ ਵਿਕਾਸ ਲਈ ਗਤੀਵਿਧੀਆਂ ’ਚ ਕਮੀ ਨਹੀਂ ਆਉਣ ਦਿੱਤੀ। ਪੰਜਾਬੀ ਹਾਸ ਵਿਅੰਗ ਲਈ ਵੀ ਇਹ ਸ਼ੁਭ ਸੰਕੇਤ ਰਿਹਾ ਹੈ। ਯੂਰਪੀਨ ਦੇਸ਼ਾਂ ਵਿੱਚ ਦਹਾਕਿਆਂ ਪਹਿਲਾਂ ਸ਼ੇਰ ਜੰਗ ਜਾਂਗਲੀ, ਪ੍ਰੀਤਮ ਸਿੱਧੂ, ਇੰਦਰਜੀਤ ਸਿੰਘ ਜੀਤ, ਭਗਵਾਨ ਸਿੰਘ ਤੱਗੜ, ਗੁਰਦਾਸ ਮਿਨਹਾਸ, ਸਾਥੀ ਲੁਧਿਆਣਵੀ, ਡਾ. ਹਰੀਸ਼ ਮਲਹੋਤਰਾ, ਗੁਰਦੇਵ ਚੌਹਾਨ, ਤੇਜਾ ਸਿੰਘ ਤੇਜ ਅਤੇ ਹੋਰ ਅਨੇਕਾਂ ਲੇਖਕਾਂ ਨੇ ਹਾਸ ਵਿਅੰਗ ਲਿਖਿਆ ਤੇ ਪ੍ਰਚਾਰਿਆ। ਉੱਤਰੀ ਅਮਰੀਕਾ ਦੇ ਦੇਸ਼ਾਂ ਖ਼ਾਸ ਕਰਕੇ ਅਮਰੀਕਾ ਤੇ ਕੈਨੇਡਾ ਵਿੱਚ ਅੱਜ ਵੀ ਕਾਫ਼ੀ ਸਾਹਿਤਕਾਰ ਪੰਜਾਬੀ ਹਾਸ ਵਿਅੰਗ ਲਿਖ ਰਹੇ ਹਨ। ਭਾਰਤੀ ਪੰਜਾਬ ਤੋਂ ਆਪਣੀਆਂ ਜੜਾਂ ਉਖਾੜ ਕੇ ਇੱਥੇ ਲਾ ਬੈਠੇ ਕ੍ਰਿਸ਼ਨ ਭਨੋਟ (ਵਿਅੰਗ-ਲੀਲਾ ਗ਼ਜ਼ਲ ਸੰਗ੍ਰਹਿ), ਮੋਹਨ ਸਿੰਘ ਗਿੱਲ (ਕੁੱਤੇ ਦੀ ਤੀਰਥ ਯਾਤਰਾ, ਰੱਬ ਦੌਰੇ ’ਤੇ ਗਿਆ...), ਹਰੀ ਕਾਦਿਆਨੀ, ਬਿਕਰਮਜੀਤ ਨੂਰ, ਜਸਵੀਰ ਭਲੂਰੀਆਂ, ਕੁਲਜੀਤ ਮਾਨ ਕੈਨੇਡਾ ਵਿੱਚ ਅਤੇ ਅੱਜਕੱਲ੍ਹ ਅਮਰੀਕਾ ਵਿੱਚ ਰਹਿੰਦੇ ਕਈ ਸਾਹਿਤਕਾਰਾਂ ਸ਼ੇਰ ਸਿੰਘ ਕੰਵਲ (ਵਿਅੰਗ ਵਢਾਂਗਾ-ਵਿਅੰਗ ਸੰਗ੍ਰਹਿ), ਪ੍ਰਗਟ ਸਿੰਘ ਪੰਜਾਬੀ (ਹਸੰਦਿਆਂ ਖੇਡੰਦਿਆਂ-ਹਾਸਰਸੀ ਕਾਵਿ ਸੰਗ੍ਰਹਿ), ਮੰਗਤ ਕੁਲਜਿੰਦ (ਜਦੋਂ ਮੇਰਾ ਡਾਲਰਾਂ ਨੂੰ ਹੱਥ ਪਿਆ-ਵਿਅੰਗ ਸੰਗ੍ਰਹਿ), ਬਲਬੀਰ ਸਿੰਘ ਐੱਮ.ਏ. (ਇੱਕ ਬੰਗਲਾ ਬਣੇ ਨਿਆਰਾ- ਵਿਅੰਗ ਸੰਗ੍ਰਹਿ), ਤ੍ਰਿਲੋਚਨ ਸਿੰਘ ਦੁਪਾਲ ਪੁਰੀ (ਠਾਹ ਸੋਟਾ-ਕਾਲਮ), ਐੱਸ ਐੱਸ ਅਸ਼ੋਕ ਭੌਰਾ ਕਾਵਿ ਵਿਅੰਗ ਆਦਿ ਆਪਣੀ ਹਾਜ਼ਰੀ ਲਵਾ ਚੁੱਕੇ ਹਨ ਅਤੇ ਨਿਰੰਤਰ ਪੰਜਾਬੀ ਹਾਸ ਵਿਅੰਗ ਨੂੰ ਪ੍ਰਫੁੱਲਿਤ ਕਰਨ ਲਈ ਕੰਮ ਕਰ ਰਹੇ ਹਨ। ਸੋਸ਼ਲ ਮੀਡੀਆ ਦੇ ਕ੍ਰਾਂਤੀਕਾਰੀ ਸਾਧਨਾਂ ਨੇ ਸਾਹਿਤ ਦੀ ਹਰ ਵਿਧਾ ’ਚ ਲਿਖੇ ਸਾਹਿਤ ਨੂੰ ਸੰਭਾਲਣ, ਪ੍ਰਸਾਰਨ ਅਤੇ ਘਰ ਘਰ ਪਹੁੰਚਾਉਣ ਦੇ ਅਨੇਕਾਂ ਰਾਹ ਖੋਲ੍ਹ ਦਿੱਤੇ ਹਨ। ਇਸੇ ਲਈ ਤਾਂ ਹਾਸ ਵਿਅੰਗ ਸਾਹਿਤ ਵੀ ਆਪਣੇ ਬਿਹਤਰ ਸਮਾਜ ਸਿਰਜਣ ਦੇ ਉਦੇਸ਼ ਦੀ ਪੂਰਤੀ ਲਈ ਯਤਨਸ਼ੀਲ ਹੈ। ਹੁਣ ਜ਼ਰੂਰਤ ਹੈ ਕਿ ਹਾਸ ਵਿਅੰਗ ਵਿੱਚ ਲੱਚਰਤਾ, ਅਸ਼ਲੀਲਤਾ ਅਤੇ ਵਾਦ-ਵਿਵਾਦ ਪੈਦਾ ਕਰਨ ਵਾਲੇ ਤੱਤਾਂ ਨੂੰ ਸ਼ਾਮਲ ਹੋਣ ਤੋਂ ਰੋਕਿਆ ਜਾਵੇ ਨਹੀਂ ਤਾਂ ਅੱਜ ਟੀ.ਵੀ. ’ਤੇ ਪਰੋਸੇ ਜਾਂਦੇ, ਨਾਂ ਦੇ ਹਾਸਿਆਂ ਦੇ ਪ੍ਰੋਗਰਾਮਾਂ ਵਾਂਗ ਵਿਅੰਗ ਵੀ ਲੀਹੋਂ ਨਾ ਲੱਥ ਜਾਵੇ।
ਸੰਪਰਕ: 001 425 286 0163

Advertisement

Advertisement
Author Image

joginder kumar

View all posts

Advertisement