For the best experience, open
https://m.punjabitribuneonline.com
on your mobile browser.
Advertisement

ਗ਼ੈਰ-ਕਾਨੂੰਨੀ ਪਰਵਾਸ ਦਾ ਦੁਖਾਂਤ

10:51 AM Oct 21, 2023 IST
ਗ਼ੈਰ ਕਾਨੂੰਨੀ ਪਰਵਾਸ ਦਾ ਦੁਖਾਂਤ
Advertisement

ਜਗਮੋਹਨ ਸਿੰਘ ਲੱਕੀ

Advertisement

ਨਸ਼ਾ ਤੇ ਨਸ਼ੀਲੀਆਂ ਦਵਾਈਆਂ, ਹਥਿਆਰਾਂ ਦੀ ਤਸਕਰੀ ਤੋਂ ਬਾਅਦ ਗ਼ੈਰ-ਕਾਨੂੰਨੀ ਪਰਵਾਸ ਤੇ ਮਨੁੱਖੀ ਤਸਕਰੀ ਦੁਨੀਆ ਵਿਚ ਸਭ ਤੋਂ ਵੱਡੇ ਜੁਰਮ ਮੰਨੇ ਜਾਂਦੇ ਹਨ। ਏਸ਼ੀਆ ਖਿੱਤੇ ਵਿਚ ਭਾਰਤ ਨੂੰ ਗ਼ੈਰ-ਕਾਨੂੰਨੀ ਪਰਵਾਸ ਅਤੇ ਮਨੁੱਖੀ ਤਸਕਰੀ ਦਾ ਗੜ੍ਹ ਮੰਨਿਆ ਜਾਂਦਾ ਹੈ। ਇਹ ਕੁਸੈਲੀ ਹਕੀਕਤ ਹੈ ਕਿ ਪੰਜਾਬ ਹੁਣ ਗ਼ੈਰ-ਕਾਨੂੰਨੀ ਪਰਵਾਸ ਅਤੇ ਮਨੁੱਖੀ ਤਸਕਰੀ ਦਾ ਧੁਰਾ ਬਣ ਗਿਆ ਹੈ। ਪੰਜਾਬ ਵਿਚੋਂ ਕਾਨੂੰਨੀ ਤਰੀਕੇ ਨਾਲ ਦੂਜੇ ਮੁਲਕਾਂ ਨੂੰ ਪਰਵਾਸ ਕਰਨ ਵਾਲਿਆਂ ਦੀ ਗਿਣਤੀ ਨਾਲੋਂ ਕਿਤੇ ਵੱਧ ਗਿਣਤੀ ਗ਼ੈਰ-ਕਾਨੂੰਨੀ ਪਰਵਾਸ ਕਰਨ ਵਾਲਿਆਂ ਦੀ ਹੈ।
ਸੰਯੁਕਤ ਰਾਸ਼ਟਰ ਦੀ ਸੰਸਥਾ ‘ਯੂਨਾਈਟਿਡ ਨੇਸ਼ਨ ਆਫਿਸ ਆਨ ਡਰੱਗਜ਼ ਐਂਡ ਕਰਾਈਮ’ (ਯੂਐੱਨਓਡੀਸੀ) ਵਲੋਂ ਕੁਝ ਸਮਾਂ ਪਹਿਲਾਂ ਪੰਜਾਬ ਵਿਚੋਂ ਗ਼ੈਰ-ਕਾਨੂੰਨੀ ਤੌਰ ’ਤੇ ਹੁੰਦੇ ਪਰਵਾਸ ਬਾਰੇ ਪੰਜਾਬ ਦਾ ਦੌਰਾ ਕਰ ਕੇ ਵੱਡਾ ਸਰਵੇਖਣ ਗਿਆ। ਸਰਵੇਖਣ ਵਿਚ ਕਿਹਾ ਗਿਆ ਕਿ ਪੰਜਾਬ ਵਿਚੋਂ ਹਰ ਸਾਲ 20 ਹਜ਼ਾਰ ਤੋਂ ਵੱਧ ਨੌਜਵਾਨ ਗ਼ੈਰ-ਕਾਨੂੰਨੀ ਪਰਵਾਸ ਕਰਦੇ ਹਨ। ਇਸ ਸੰਸਥਾ ਦੀ ਰਿਪੋਰਟ ਮੁਤਾਬਕ ਗ਼ੈਰ-ਕਾਨੂੰਨੀ ਪਰਵਾਸ ਕਰਨ ਵਾਲੇ ਪੰਜਾਬੀਆਂ ਵਿਚੋਂ 84 ਫੀਸਦੀ ਪੇਂਡੂ ਖੇਤਰਾਂ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਨੌਜਵਾਨਾਂ ਦੀ ਉਮਰ 21 ਤੋਂ 30 ਸਾਲ ਦੇ ਵਿਚਕਾਰ ਹੁੰਦੀ ਹੈ।
ਗ਼ੈਰ-ਕਾਨੂੰਨੀ ਪਰਵਾਸ ਸਬੰਧੀ ਖੋਜ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਵੱਡੀ ਗਿਣਤੀ ਪੰਜਾਬੀ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ, ਕੈਨੇਡਾ ਅਤੇ ਹੋਰ ਵਿਕਸਤ ਮੁਲਕਾਂ ਵਿਚ ਜਾਣ ਲਈ 10 ਹਜ਼ਾਰ ਕਿਲੋਮੀਟਰ ਦਾ ਪੈਂਡਾ ਤੈਅ ਕਰ ਕੇ ਇੱਕ ਦਰਜਨ ਮੁਲਕਾਂ ਵਿਚੋਂ ਲੰਘ ਕੇ ਲੁਕ-ਛਿਪ ਕੇ ਅਮਰੀਕਾ ਜਾਂ ਕੈਨੇਡਾ ਵਿਚ ਦਾਖਲ ਹੁੰਦੇ ਹਨ ਅਤੇ ਫਿਰ ਉਥੇ ਸ਼ਰਨ ਮੰਗਦੇ ਹਨ। ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ, ਕੈਨੇਡਾ ਅਤੇ ਹੋਰ ਵਿਕਸਤ ਮੁਲਕਾਂ ਵਿਚ ਜਾਣ ਲਈ ਏਜੰਟਾਂ ਨੂੰ ਲੱਖਾਂ ਰੁਪਏ ਦੇ ਕੇ ਨਵੀਂ ਦਿੱਲੀ ਦੇ ਹਵਾਈ ਅੱਡੇ ਤੋਂ ਆਪਣੀਆਂ ਅੱਧ ਮੀਚੀਆਂ ਅੱਖਾਂ ਵਿਚ ਲੱਖਾਂ ਸੁਫ਼ਨੇ ਲੈ ਕੇ ਜਹਾਜ਼ ਚੜ੍ਹਦੇ ਹਨ ਅਤੇ ਸਭ ਤੋਂ ਪਹਿਲਾਂ ਬ੍ਰਾਜ਼ੀਲ ਪਹੁੰਚਦੇ ਹਨ। ਫਿਰ ਬੋਲੀਵੀਆ ਪਹੁੰਚ ਕੇ ਲੀਮਾ (ਪੇਰੂ) ਹੁੰਦੇ ਹੋਏ ਐਕੁਆਡੋਰ, ਕੋਲੰਬੀਆ ਤੇ ਉਸ ਤੋਂ ਬਾਅਦ ਪਨਾਮਾ ਪਹੁੰਚਦੇ ਹਨ। ਪਨਾਮਾ ਤੋਂ ਇਹ ਲੋਕ ਕੋਸਟਾ ਪਹੁੰਚਦੇ ਹਨ ਅਤੇ ਉਸ ਤੋਂ ਬਾਅਦ ਹੋਂਡੂਰਸ ਪਹੁੰਚਦੇ ਹਨ। ਹੋਂਡੂਰਸ ਤੋਂ ਅਗਲਾ ਸਫ਼ਰ ਤੈਅ ਕਰ ਕੇ ਇਹ ਗੁਆਟੇਮਾਲਾ ਹੁੰਦੇ ਹੋਏ ਮੈਕਸੀਕੋ ਪਹੁੰਚਦੇ ਹਨ। ਮੈਕਸੀਕੋ ਤੋਂ ਉਨ੍ਹਾਂ ਦਾ ਸਮੁੰਦਰੀ ਸਫ਼ਰ ਸ਼ੁਰੂੁ ਹੁੰਦਾ ਹੈ ਅਤੇ ਇਹ ਕਿਸ਼ਤੀ ਰਾਹੀਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਦੀ ਧਰਤੀ ਉਪਰ ਪਹੁੰਚਦੇ ਹਨ। ਇਨ੍ਹਾਂ ਵਿਚੋਂ ਕਈ ਤਾਂ ਅਮਰੀਕਾ ਵਿਚ ਲੁਕ-ਛਿਪ ਕੇ ਰਹਿਣ ਦਾ ਜੁਗਾੜ ਕਰ ਲੈਂਦੇ ਹਨ, ਨਹੀਂ ਤਾਂ ਅਨੇਕਾਂ ਪੰਜਾਬੀ ਦਰਜਨ ਭਰ ਮੁਲਕਾਂ ਵਿਚ ਹੀ ਗੇੜੇ ਖਾਂਦਿਆਂ ਜਾਂ ਤਾਂ ਮੌਤ ਦੇ ਮੂੰਹ ਪੈ ਜਾਂਦੇ ਹਨ ਜਾਂ ਫਿਰ ਉਹ ਇਨ੍ਹਾਂ ਬੇਗਾਨੇ ਮੁਲਕਾਂ ਦੀ ਪੁਲੀਸ ਦੇ ਹੱਥ ਚੜ੍ਹ ਜਾਂਦੇ ਹਨ। ਇਨ੍ਹਾਂ ਦੀ ਅਗਲੀ ਜਿ਼ੰਦਗੀ ਫਿਰ ਜੇਲ੍ਹ ਵਿਚ ਹੀ ਬੀਤਦੀ ਹੈ।
ਪੰਜਾਬ ਦੇ ਨੌਜਵਾਨਾਂ ਉਪਰ ਇਸ ਸਮੇਂ ਪੜ੍ਹਾਈ ਦੇ ਬਹਾਨੇ ਵਿਦੇਸ਼ ਵਿਚ ਵਸਣ ਦਾ ਭੂਤ ਸਵਾਰ ਹੈ ਜਿਸ ਦਾ ਸਬੂਤ ਹਰ ਪਿੰਡ ਸ਼ਹਿਰ ਦੀ ਹਰ ਗਲੀ ਹਰ ਮੋੜ ਉਪਰ ਖੁੱਲ੍ਹੇ ਆਈਲੈੱਟਸ ਕੇਂਦਰਾਂ ਤੋਂ ਸਹਿਜੇ ਹੀ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬੀਆਂ ਦੀ ਗਿਣਤੀ ਵੀ ਬਹੁਤ ਜਿ਼ਆਦਾ ਹੈ ਜੋ ਹਰ ਹੀਲੇ-ਵਸੀਲੇ ਵਿਦੇਸ਼ ਜਾਣਾ ਚਾਹੁੰਦੇ ਹਨ। ਇਸ ਲਈ ਉਹ ਅਕਸਰ ਏਜੰਟਾਂ ਦੇ ਢਹੇ ਚੜ੍ਹ ਕੇ ਨਾਜਾਇਜ਼ ਅਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ, ਕੈਨੇਡਾ ਜਾਂ ਆਸਟਰੇਲੀਆ ਅਤੇ ਹੋਰ ਵਿਕਸਤ ਮੁਲਕਾਂ ਵਿਚ ਜਾਣ ਦਾ ਯਤਨ ਕਰਦੇ ਹਨ।
ਇੱਕ ਅੰਦਾਜ਼ੇ ਮੁਤਾਬਕ ਮਾਲਟਾ ਕਾਂਡ ਸਮੇਤ ਕਿਸ਼ਤੀਆਂ ਰਾਹੀਂ ਗ਼ੈਰ-ਕਾਨੂੰਨੀ ਪਰਵਾਸ ਵੇਲੇ ਪੰਜਾਬੀਆਂ ਸਮੇਤ ਹੁਣ ਤੱਕ 35 ਹਜ਼ਾਰ ਤੋਂ ਵੱਧ ਪਰਵਾਸੀ ਸਮੁੰਦਰ ਵਿਚ ਡੁੱਬ ਮੋਏ ਹਨ। ਅਜਿਹੇ ਡੁੱਬ ਮੋਏ ਨੌਜਵਾਨਾਂ ਦੇ ਮਾਪੇ ਅਜੇ ਵੀ ਆਪਣੇ ਪੁੱਤਰਾਂ ਦੀ ਉਡੀਕ ਕਰ ਰਹੇ ਹਨ। ਮਾਲਟਾ ਕਿਸ਼ਤੀ ਹਾਦਸੇ ਤੋਂ ਬਾਅਦ ਪਨਾਮਾ ਕਿਸ਼ਤੀ ਹਾਦਸਾ, ਲੈਂਪੀਡੂਸਾ ਕਿਸ਼ਤੀ ਹਾਦਸਾ, ਯੂਨਾਨੀ ਟਾਪੂਆਂ ਵਿਚ ਵਾਪਰੇ ਕਿਸ਼ਤੀ ਹਾਦਸਿਆਂ ਸਮੇਤ ਅਨੇਕਾਂ ਹੀ ਹੋਰ ਹਾਦਸੇ ਗ਼ੈਰ-ਕਾਨੂੰਨੀ ਪਰਵਾਸ ਕਰਨ ਵਾਲਿਆਂ ਨਾਲ ਵਾਪਰ ਚੁਕੇ ਹਨ। ਇਨ੍ਹਾਂ ਵਿਚ ਵੱਖ ਵੱਖ ਮੁਲਕਾਂ ਦੇ ਹਜ਼ਾਰਾਂ ਗ਼ੈਰ-ਕਾਨੂੰਨੀ ਪਰਵਾਸੀਆਂ ਸਮੇਤ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ, ਕੈਨੇਡਾ, ਇਟਲੀ ਅਤੇ ਹੋਰ ਮੁਲਕਾਂ ਵਿਚ ਜਾ ਰਹੇ ਸੈਂਕੜੇ ਪੰਜਾਬੀ ਵੀ ਮੌਤ ਦੇ ਮੂੰਹ ਜਾ ਪਏ ਹਨ। ਇਸ ਦੇ ਬਾਵਜੂਦ ਹਰ ਦਿਨ ਮਨੁੱਖੀ ਤਸਕਰੀ ਦੇ ਦਲਾਲ ਗ਼ੈਰ-ਕਾਨੂੰਨੀ ਪਰਵਾਸੀਆਂ ਦੀਆਂ ਕਿਸ਼ਤੀਆਂ ਦੀਆਂ ਕਿਸ਼ਤੀਆਂ ਭਰ ਕੇ ਅਮਰੀਕਾ ਅਤੇ ਹੋਰ ਵਿਕਸਤ ਦੇਸ਼ਾਂ ਵਿਚ ਦਾਖਲ ਹੋਣ ਲਈ ਭੇਜਦੇ ਹਨ। ਇਉਂ ਵਿਕਸਤ ਮੁਲਕਾਂ ਵਿਚ ਜਾ ਕੇ ਡਾਲਰ ਕਮਾਉਣ ਦਾ ਸੁਫ਼ਨਾ ਲੈ ਕੇ ਗ਼ੈਰ-ਕਾਨੂੰਨੀ ਢੰਗ ਨਾਲ ਪਰਵਾਸ ਕਰ ਰਹੇ ਹਜ਼ਾਰਾਂ ਪਰਵਾਸੀ ਰਾਹ ਵਿਚ ਹੀ ਰਹਿ ਜਾਦੇ ਹਨ।
ਵਿਦੇਸ਼ ਜਾਣ ਦੀ ਚਾਹ ਵਿਚ ਗ਼ੈਰ-ਕਾਨੂੰਨੀ ਪਰਵਾਸ ਕਰਨ ਵਾਲੇ ਨੌਜਵਾਨ ਆਪ ਤਾਂ ਮਰ ਜਾਂਦੇ ਹਨ ਜਾਂ ਫਿਰ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਪਹੁੰਚ ਜਾਂਦੇ ਹਨ ਪਰ ਪਿੱਛੇ ਉਨ੍ਹਾਂ ਦੇ ਮਾਪੇ, ਪਤਨੀ ਅਤੇ ਪਰਿਵਾਰ ਦੇ ਹੋਰ ਜੀਅ ਵਿਲਕਦੇ ਰਹਿ ਜਾਂਦੇ ਹਨ। ਪੰਜਾਬ ਸਰਕਾਰ ਵਲੋਂ ਭਾਵੇਂ ਪੰਜਾਬ ਵਿਚੋਂ ਗ਼ੈਰ-ਕਾਨੂੰਨੀ ਪਰਵਾਸ ਰੋਕਣ ਅਤੇ ਮਨੁੱਖੀ ਤਸਕਰੀ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਕਾਨੂੰਨ ਬਣਾ ਕੇ ਲਾਗੂ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਪੰਜਾਬ ਵਿਚੋਂ ਦੂਜੇ ਮੁਲਕਾਂ ਨੂੰ ਗ਼ੈਰ-ਕਾਨੂੰਨੀ ਪਰਵਾਸ ਵੱਡੇ ਪੱਧਰ ਉਪਰ ਜਾਰੀ ਹੈ।
ਅਸਲ ਵਿਚ ਪੰਜਾਬੀਆਂ ਦਾ ਹੁਣ ਪੰਜਾਬ ਵਿਚ ਜੀਅ ਨਹੀਂ ਲੱਗਦਾ ਤੇ ਉਹ ਹਰ ਹੀਲੇ ਪਰਵਾਸ ਲੋਚਦੇ ਹਨ। ਪੰਜਾਬ ਵਿਚ ਨਸ਼ੇ ਦਾ ਰੁਝਾਨ, ਰੁਜ਼ਗਾਰ ਦੀ ਘਾਟ, ਮਿਹਨਤ ਦਾ ਮੁੱਲ ਨਾ ਪੈਣ, ਮਹਿੰਗਾਈ ਵਿਚ ਵਾਧੇ, ਪ੍ਰਸ਼ਾਸਨਕ ਪ੍ਰਬੰਧ ਵਿਗੜਨ, ਪਾਰਦਸ਼ਤਾ ਦੀ ਘਾਟ, ਭਿਸ਼ਟਾਚਾਰ ਵਿਚ ਵਾਧੇ, ਉਚ ਯੋਗਤਾ ਪ੍ਰਾਪਤ ਨੌਜਵਾਨਾਂ ਨੂੰ ਵੀ ਪੰਜਾਬ ਵਿਚ ਸਿਰਫ ਪੰਜ ਪੰਜ ਹਜ਼ਾਰ ਰੁਪਏ ਮਹੀਨਾ ਨੌਕਰੀ ਮਿਲਣ, ਕਿਰਤ ਦੀ ਕੋਈ ਕਦਰ ਨਾ ਪੈਣ ਕਾਰਨ, ਖੂਨ ਪੀਣੀਆਂ ਸੜਕਾਂ, ਹਰ ਪਾਸੇ ਆਪਾ-ਧਾਪੀ ਦਾ ਮਾਹੌਲ, ਪੰਜਾਬ ਵਿਚ ਗੰਭੀਰ ਹੋ ਰਹੀ ਅਮਨ ਕਾਨੂੰਨ ਦੀ ਸਥਿਤੀ, ਅਮਨ ਸ਼ਾਂਤੀ ਦੇ ਨਾਂ ’ਤੇ ਸਿੱਖ ਨੌਜਵਾਨਾਂ ਦੀ ਪੁਲੀਸ ਵਲੋਂ ਕੀਤੀ ਜਾਂਦੀ ਤਫਤੀਸ਼ ਅਤੇ ਹੋਰ ਅਜਿਹੇ ਕਾਰਨਾਂ ਕਰ ਕੇ ਹੁਣ ਵੱਡੀ ਗਿਣਤੀ ਪੰਜਾਬੀਆਂ ਦਾ ਆਪਣੇ ਜੱਦੀ ਸੂਬੇ ਪੰਜਾਬ ਨਾਲੋਂ ਮੋਹ ਭੰਗ ਹੋ ਗਿਆ ਹੈ। ਇਹੀ ਕਾਰਨ ਹੈ ਕਿ ਹੁਣ ਵੱਡੀ ਗਿਣਤੀ ਪੰਜਾਬੀ, ਦੂਜੇ ਮੁਲਕਾਂ ਵਿਚ ਜਾਣ ਲਈ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਪਰਵਾਸ ਕਰ ਰਹੇ ਹਨ।
ਸੰਪਰਕ: 94638-19174

Advertisement

Advertisement
Author Image

sukhwinder singh

View all posts

Advertisement