For the best experience, open
https://m.punjabitribuneonline.com
on your mobile browser.
Advertisement

ਗਾਜ਼ਾ ਦੀ ਤ੍ਰਾਸਦੀ

08:11 AM Mar 04, 2024 IST
ਗਾਜ਼ਾ ਦੀ ਤ੍ਰਾਸਦੀ
Advertisement

ਗਾਜ਼ਾ ਵਿਚ ਵੀਰਵਾਰ ਨੂੰ ਖੁਰਾਕੀ ਪਦਾਰਥ ਲੈ ਕੇ ਪੁੱਜੇ ਕਾਫ਼ਲੇ ਕੋਲ ਲੱਗੀ ਭੀੜ ’ਤੇ ਕਥਿਤ ਰੂਪ ’ਚ ਇਜ਼ਰਾਇਲੀ ਸੈਨਾ ਵੱਲੋਂ ਚਲਾਈ ਗੋਲੀ ਨਾਲ 100 ਤੋਂ ਵੱਧ ਫਲਸਤੀਨੀਆਂ ਦੀ ਹੋਈ ਮੌਤ ਦੀ ਕੌਮਾਂਤਰੀ ਪੱਧਰ ’ਤੇ ਨਿੰਦਾ ਹੋਈ ਹੈ। ਭੋਜਨ ਲੈਣ ਲਈ ਜੁੜੀ ਇਸ ਭੀੜ ’ਚ ਬੱਚੇ ਵੀ ਸ਼ਾਮਲ ਸਨ। ਇਸ ਤ੍ਰਾਸਦੀ ’ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਨੇ ਕਿਹਾ ਹੈ- “ਟਕਰਾਅ ’ਚ ਸ਼ਾਮਲ ਸਾਰੀਆਂ ਧਿਰਾਂ ਨੂੰ ਕੌਮਾਂਤਰੀ ਕਾਨੂੰਨਾਂ ਦੇ ਦਾਇਰੇ ਵਿਚ ਆਪਣੀਆਂ ਜਿ਼ੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਹਨ ਤੇ ਉਲੰਘਣਾ ਤੋਂ ਬਚਣਾ ਚਾਹੀਦਾ ਹੈ।” ਇਜ਼ਰਾਈਲ ਦਾ ਦਾਅਵਾ ਹੈ ਕਿ ਬਹੁਤੇ ਲੋਕ ਮਦਦ ਲੈਣ ਵੇਲੇ ਮਚੀ ਭਗਦੜ ਵਿਚ ਮਾਰੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖੁਰਾਕੀ ਪਦਾਰਥ ਲੈਣ ਦੀ ਅਫ਼ਰਾ-ਤਫ਼ਰੀ ਵਿਚ ਕਈਆਂ ਨੇ ਦੂਜਿਆਂ ਨੂੰ ਮਿੱਧ ਦਿੱਤਾ ਤੇ ਬੇਕਾਬੂ ਹੋਈ ਭੀੜ ਤੋਂ ਪੈਦਾ ਹੋਏ ਖ਼ਤਰੇ ਕਾਰਨ ਸੈਨਿਕਾਂ ਨੂੰ ‘ਸੀਮਤ ਜਿਹੀ’ ਜਵਾਬੀ ਕਾਰਵਾਈ ਕਰਨੀ ਪਈ।
ਇਜ਼ਰਾਇਲੀ ਸੈਨਾ ਨੇ ਇਨ੍ਹਾਂ ਮੌਤਾਂ ਦੇ ਮਾਮਲੇ ਦੀ ‘ਵਿਆਪਕ ਤੇ ਢੁੱਕਵੀਂ’ ਜਾਂਚ ਕਰਾਉਣ ਦਾ ਵਾਅਦਾ ਕੀਤਾ ਹੈ ਪਰ ਇਸ ਮਾਮਲੇ ਦੀ ਡੂੰਘਾਈ ਤੱਕ ਪਹੁੰਚਣ ਲਈ ਕੌਮਾਂਤਰੀ ਪੱਧਰ ਦੀ ਜਾਂਚ ਲੋੜੀਂਦੀ ਹੈ। ਇਸ ਤੋਂ ਹੇਠਲੇ ਪੱਧਰ ਦੀ ਕਿਸੇ ਵੀ ਜਾਂਚ ਵਿਚ ਸੱਚ ਸਾਹਮਣੇ ਆਉਣ ਦੀ ਸੰਭਾਵਨਾ ਘੱਟ ਹੈ। ਦੱਖਣੀ ਅਫਰੀਕਾ ਜਿਸ ਨੇ ਇਜ਼ਰਾਈਲ ਵਿਰੁੱਧ ਕੌਮਾਂਤਰੀ ਨਿਆਂ ਅਦਾਲਤ ਵਿਚ ਨਸਲਕੁਸ਼ੀ ਦਾ ਕੇਸ ਦਾਇਰ ਕੀਤਾ ਹੋਇਆ ਹੈ, ਨੇ ਘਟਨਾ ਦੀ ਨਿਖੇਧੀ ਕੀਤੀ ਹੈ। ਭਾਰਤ, ਬ੍ਰਾਜ਼ੀਲ, ਫਰਾਂਸ ਤੇ ਜਰਮਨੀ ਵੀ ਉਨ੍ਹਾਂ ਮੁਲਕਾਂ ਵਿਚ ਸ਼ਾਮਲ ਹਨ ਜਿਨ੍ਹਾਂ ਇਸ ਮਾਮਲੇ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਟਿੱਪਣੀ ਕਰਦਿਆਂ ਮੰਨਿਆ ਹੈ ਕਿ ਇਹ ਘਟਨਾ ਗੋਲੀਬੰਦੀ ਸਮਝੌਤਾ ਕਰਾਉਣ ਅਤੇ ਬੰਦੀਆਂ ਦੀ ਰਿਹਾਈ ਲਈ ਚੱਲ ਰਹੀ ਵਾਰਤਾ ਵਿਚ ਅਡਿ਼ੱਕਾ ਬਣੇਗੀ। ਉਂਝ, ਹਕੀਕਤ ਇਹ ਹੈ ਕਿ ਅਮਰੀਕਾ ਦੀ ਇਜ਼ਰਾਈਲ ਨੂੰ ਅੰਨ੍ਹੀ ਹਮਾਇਤ ਕਾਰਨ ਹੀ ਇਜ਼ਰਾਈਲ ਕਿਸੇ ਦੀ ਵੀ ਗੱਲ ਸੁਣਨ ਲਈ ਤਿਆਰ ਨਹੀਂ। ਅਮਰੀਕਾ ਨੇ ਸੰਯੁਕਤ ਰਾਸ਼ਟਰ ਵਿਚ ਆਇਆ ਹਰ ਉਹ ਮਤਾ ਵੀਟੋ ਕੀਤਾ ਜਿਹੜਾ ਇਜ਼ਰਾਈਲ ਨੂੰ ਡੱਕਣ ਲਈ ਇਸ ਕੌਮਾਂਤਰੀ ਮੰਚ ਵਿੱਚ ਲਿਆਂਦਾ ਜਾਂਦਾ ਸੀ। ਅਸਲ ਵਿਚ ਇਸ ਖਿੱਤੇ ਵਿਚ ਅਮਰੀਕਾ ਦੇ ਆਪਣੇ ਮੁਫਾਦ ਹਨ ਅਤੇ ਇਹ ਮਨੁੱਖੀ ਹੱਕਾਂ ਦਾ ਘਾਣ ਹੋਣ ਦੇ ਬਾਵਜੂਦ ਇਜ਼ਰਾਈਲ ਨੂੰ ਮਰਜ਼ੀ ਕਰਨ ਦੀ ਖੁੱਲ੍ਹ ਦੇ ਰਿਹਾ ਹੈ।
ਗਾਜ਼ਾ ਪੱਟੀ ਵਿਚਲੇ ਮਾਨਵੀ ਸੰਕਟ ਨੇ ਕੁਝ ਇਲਾਕਿਆਂ ਨੂੰ ਭੁੱਖਮਰੀ ਦੇ ਕੰਢੇ ’ਤੇ ਲਿਆ ਖੜ੍ਹਾ ਕੀਤਾ ਹੈ। ਇਜ਼ਰਾਈਲ-ਹਮਾਸ ਦੀ ਜੰਗ ’ਚ ਘਿਰੇ ਲੋਕਾਂ ਤੱਕ ਸੁਰੱਖਿਅਤ ਢੰਗ ਅਤੇ ਤੇਜ਼ੀ ਨਾਲ ਰਾਹਤ ਸਮੱਗਰੀ ਪਹੁੰਚਾਉਣਾ ਵੱਡੀ ਚੁਣੌਤੀ ਬਣ ਗਿਆ ਹੈ। ਜੰਗ ਲੱਗੀ ਨੂੰ ਇਸ ਹਫ਼ਤੇ ਪੰਜ ਮਹੀਨੇ ਹੋ ਜਾਣਗੇ। ਦੱਸਣਯੋਗ ਹੈ ਕਿ ਅਮਰੀਕੀ ਹਵਾਈ ਸੈਨਾ ਦੇ ਜਹਾਜ਼ਾਂ ਨੇ ਗਾਜ਼ਾ ’ਤੇ ਖ਼ੁਰਾਕੀ ਪਦਾਰਥ ਸੁੱਟਣੇ ਸ਼ੁਰੂ ਕਰ ਦਿੱਤੇ ਹਨ। ਇਸੇ ਦੌਰਾਨ ਕੌਮਾਂਤਰੀ ਭਾਈਚਾਰਾ ਇਜ਼ਰਾਈਲ ਨੂੰ ਮਾਨਵੀ ਮਦਦ ਲੈ ਕੇ ਆ ਰਹੇ ਕਾਫ਼ਲਿਆਂ ਲਈ ਸਰਹੱਦੀ ਲਾਂਘੇ ਖੁੱਲ੍ਹੇ ਰੱਖਣ ਦੀ ਬੇਨਤੀ ਕਰ ਰਿਹਾ ਹੈ। ਹੁਣ ਇਹ ਜ਼ਰੂਰੀ ਹੈ ਕਿ ਸੰਯੁਕਤ ਰਾਸ਼ਟਰ ਆਕੀ ਹੋਏ ਇਜ਼ਰਾਈਲ ਪ੍ਰਤੀ ਕਰੜਾ ਰੁਖ਼ ਅਖ਼ਤਿਆਰ ਕਰੇ। ਉਨ੍ਹਾਂ ਗਲਤੀਆਂ ਲਈ ਇਜ਼ਰਾਈਲ ਦੀ ਜਿ਼ੰਮੇਵਾਰੀ ਤੈਅ ਕੀਤੀ ਜਾਵੇ ਜੋ ਮਦਦ ਮੰਗਣ ਆਏ ਫ਼ਲਸਤੀਨੀਆਂ ਦੀਆਂ ਮੌਤਾਂ ਦਾ ਕਾਰਨ ਬਣੀਆਂ ਹਨ। ਖ਼ੂਨ-ਖ਼ਰਾਬੇ ਤੇ ਵਧਦੀ ਭੁੱਖਮਰੀ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਗੋਲੀਬੰਦੀ ਅਤੇ ਬੰਦੀਆਂ ਦੀ ਰਿਹਾਈ ਉਤੇ ਜਲਦੀ ਠੋਸ ਫ਼ੈਸਲੇ ਲਏ ਜਾਣ।

Advertisement

Advertisement
Author Image

Advertisement
Advertisement
×