ਗਾਜ਼ਾ ਦਾ ਦੁਖਾਂਤ
ਇਜ਼ਰਾਈਲ ਦਾਅਵਾ ਤਾਂ ਇਹ ਕਰਦਾ ਹੈ ਕਿ ਉਸ ਦੀ ਲੜਾਈ ਗਾਜ਼ਾ ਆਧਾਰਿਤ ਦਹਿਸ਼ਤਗਰਦ ਜਥੇਬੰਦੀ ਹਮਾਸ ਵਿਰੁੱਧ ਹੈ ਪਰ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਉਸ ਦੀਆਂ ਫ਼ੌਜੀ ਕਾਰਵਾਈਆਂ ਗਾਜ਼ਾ ਵਿਚ ਰਹਿੰਦੇ ਸਾਰੇ ਫ਼ਲਸਤੀਨੀਆਂ ਵਿਰੁੱਧ ਹਨ। ਸੱਤ ਅਕਤੂਬਰ ਨੂੰ ਹਮਾਸ ਦੁਆਰਾ ਇਜ਼ਰਾਈਲ ’ਤੇ ਕੀਤਾ ਗਿਆ ਹਮਲਾ ਦਹਿਸ਼ਤਗਰਦ ਕਾਰਵਾਈ ਸੀ ਜਿਸ ਵਿਚ 1200-1400 ਇਜ਼ਰਾਇਲੀ ਮਾਰੇ ਗਏ ਅਤੇ 240 ਅਗਵਾ ਕੀਤੇ ਗਏ; ਉਨ੍ਹਾਂ ਵਿਚ ਬੱਚੇ, ਬਜ਼ੁਰਗ ਤੇ ਔਰਤਾਂ ਵੀ ਸ਼ਾਮਿਲ ਸਨ/ਹਨ। ਇਜ਼ਰਾਈਲ ਨੂੰ ਹਮਾਸ ਦੇ ਇਸ ਅਪਰਾਧ ਦਾ ਜਵਾਬ ਦੇਣ ਦਾ ਪੂਰਾ ਹੱਕ ਸੀ/ਹੈ ਪਰ ਇਜ਼ਰਾਈਲ ਦੀਆਂ ਕਾਰਵਾਈਆਂ ਹਮਾਸ ਵਿਰੁੱਧ ਕੇਂਦਰਿਤ ਨਹੀਂ। ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਫ਼ੌਜ ਕਿਸੇ ਦਹਿਸ਼ਤਗਰਦ ਜਥੇਬੰਦੀ ਵਿਰੁੱਧ ਕਾਰਵਾਈ ਕਰਦੀ ਹੈ ਤਾਂ ਇਸ ਵਿਚ ਕਈ ਵਾਰ ਉਹ ਲੋਕ ਵੀ ਮਾਰੇ ਜਾਂਦੇ ਹਨ ਜਿਨ੍ਹਾਂ ਦਾ ਦਹਿਸ਼ਤਗਰਦੀ ਨਾਲ ਕੋਈ ਸਬੰਧ ਨਹੀਂ ਹੁੰਦਾ; ਇਸ ਨੂੰ ਅਸਿੱਧਾ/ਸਹਿਵਰਤੀ ਨੁਕਸਾਨ (Collateral Damage) ਕਿਹਾ ਜਾਂਦਾ ਹੈ ਪਰ ਇਜ਼ਰਾਈਲ ਦੀਆਂ ਕਾਰਵਾਈਆਂ ਅਜਿਹੇ ਨੁਕਸਾਨ ਦੀ ਸ਼੍ਰੇਣੀ ਵਿਚ ਨਹੀਂ ਆਉਂਦੀਆਂ; ਇਨ੍ਹਾਂ ਕਾਰਵਾਈਆਂ ਵਿਚ ਹਸਪਤਾਲਾਂ, ਰਿਹਾਇਸ਼ੀ ਇਮਾਰਤਾਂ, ਸ਼ਰਨਾਰਥੀ ਕੈਂਪਾਂ, ਸਕੂਲਾਂ, ਘਰਾਂ ਸਭ ਨੂੰ ਨਿਸ਼ਾਨਾ ਬਣਾਇਆ ਗਿਆ ਹੈ; ਇਹ ਕਾਰਵਾਈਆਂ ਅਣਮਨੁੱਖੀ ਹਨ। ਇਨ੍ਹਾਂ ਕਾਰਵਾਈਆਂ ਵਿਚ 20,000 ਤੋਂ ਜ਼ਿਆਦਾ ਫ਼ਲਸਤੀਨੀ ਮਾਰੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਬੱਚੇ ਤੇ ਔਰਤਾਂ ਹਨ। ਇਨ੍ਹਾਂ ਕਾਰਵਾਈਆਂ ਤੋਂ ਇਹ ਪ੍ਰਭਾਵ ਉੱਭਰਦਾ ਹੈ ਕਿ ਇਜ਼ਰਾਈਲ ਦੀਆਂ ਕਾਰਵਾਈਆਂ/ਲੜਾਈਆਂ/ਜੰਗ ਸਿਰਫ਼ ਹਮਾਸ ਦੇ ਲੜਾਕਿਆਂ ਵਿਰੁੱਧ ਨਹੀਂ ਸਗੋਂ ਸਾਰੇ ਫ਼ਲਸਤੀਨੀਆਂ ਵਿਰੁੱਧ ਸੇਧਿਤ ਹਨ; ਇਉਂ ਲੱਗਦਾ ਹੈ ਜਿਵੇਂ ਇਜ਼ਰਾਈਲ ਨੇ ਸਾਰੀ ਮਨੁੱਖਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਵਿਰੁੱਧ ਲੜਾਈ ਛੇੜੀ ਹੋਈ ਹੈ।
ਇਜ਼ਰਾਇਲੀ ਕਾਰਵਾਈਆਂ ਸਾਰੇ ਫ਼ਲਸਤੀਨੀਆਂ ਵਿਰੁੱਧ ਕਿਉਂ ਹਨ? ਇਹ ਲੁਕਾਉਣ ਜਾਂ ਛੁਪਾਉਣ ਵਾਲਾ ਤੱਥ ਨਹੀਂ। ਇਸ ਦੀ ਗਵਾਹੀ ਖ਼ੁਦ ਇਜ਼ਰਾਈਲ ਦੇ ਰਾਸ਼ਟਰਪਤੀ ਦੇ ਇਨ੍ਹਾਂ ਸ਼ਬਦਾਂ ਤੋਂ ਮਿਲਦੀ ਹੈ, ‘‘ਪੂਰੀ ਕੌਮ (ਫ਼ਲਸਤੀਨੀ ਕੌਮ) ਜ਼ਿੰਮੇਵਾਰ ਹੈ (ਭਾਵ ਦਹਿਸ਼ਤਗਰਦੀ ਲਈ ਜ਼ਿੰਮੇਵਾਰ ਹੈ)। ਇਹ ਬਿਆਨਬਾਜ਼ੀ ਕਿ ਨਾਗਰਿਕਾਂ (ਸਿਵਲੀਅਨਾਂ) ਨੂੰ ਕੁਝ ਪਤਾ ਨਹੀਂ, ਉਹ ਜ਼ਿੰਮੇਵਾਰ ਨਹੀਂ, ਬਿਲਕੁਲ ਸੱਚ ਨਹੀਂ ਹੈ।’’ ਜਦੋਂ ਦੇਸ਼ ਦਾ ਰਾਸ਼ਟਰਪਤੀ ਕਹਿ ਰਿਹਾ ਹੋਵੇ ਕਿ ਜੰਗ ਸਾਰੇ ਫ਼ਲਸਤੀਨੀਆਂ ਵਿਰੁੱਧ ਹੈ ਤਾਂ ਫ਼ੌਜ ਦੀਆਂ ਕਾਰਵਾਈਆਂ ਦੀ ਦਿਸ਼ਾ ਵੀ ਉਹੋ ਜਿਹੀ ਹੋਣੀ ਸੁਭਾਵਿਕ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਯੋਆਵ ਗੈਲਾਂਟ (Yoav Gallent) ਨੇ 9 ਅਕਤੂਬਰ ਨੂੰ ਫ਼ਲਸਤੀਨੀਆਂ ਨੂੰ ‘ਮਨੁੱਖੀ ਜਾਨਵਰ’ (Human animals) ਕਿਹਾ ਸੀ। ਇਜ਼ਰਾਈਲ ਦੀ ਸੰਸਦ ਦੇ ਮੈਂਬਰਾਂ, ਪੱਤਰਕਾਰਾਂ ਅਤੇ ਸਿਆਸੀ ਆਗੂਆਂ ਨੇ ਵੀ ਕਈ ਭਾਸ਼ਨਾਂ ਤੇ ਲਿਖਤਾਂ ਵਿਚ ਅਜਿਹੀ ਅਣਮਨੁੱਖੀ ਮਾਨਸਿਕਤਾ ਦਾ ਇਜ਼ਹਾਰ ਕੀਤਾ ਹੈ।
ਇਸ ਜੰਗ ਵਿਚ ਮੌਤਾਂ ਦੇ ਨਾਲ ਨਾਲ ਵੱਡੀ ਪੱਧਰ ’ਤੇ ਮਨੁੱਖੀ ਉਜਾੜਾ ਹੋਇਆ ਹੈ; 18 ਲੱਖ ਫ਼ਲਸਤੀਨੀ ਬੇਘਰ ਕਰ ਦਿੱਤੇ ਗਏ ਹਨ; ਨਾ ਤਾਂ ਕੋਈ ਸਕੂਲ ਚੱਲ ਰਿਹਾ ਹੈ ਅਤੇ ਨਾ ਹੀ ਕੋਈ ਹਸਪਤਾਲ। ਲੋਕ ਤੇ ਖ਼ਾਸ ਕਰ ਕੇ ਬੱਚੇ ਭੁੱਖ ਤੇ ਇਲਾਜ ਦੀ ਕਮੀ ਕਾਰਨ ਮਰ ਰਹੇ ਹਨ। ਇਹ ਸਬੰਧ ਵਿਚ ਇਹ ਸਵਾਲ ਬਹੁਤ ਪ੍ਰਮੁੱਖਤਾ ਨਾਲ ਪੁੱਛਿਆ ਜਾ ਰਿਹਾ ਹੈ ਕਿ ਪੱਛਮੀ ਦੇਸ਼ ਕਿੱਥੇ ਹਨ? ਅਮਰੀਕਾ ਤੇ ਪੱਛਮੀ ਯੂਰੋਪ ਦੇ ਦੇਸ਼ ਆਪਣੇ ਆਪ ਨੂੰ ਹਮੇਸ਼ਾ ਮਨੁੱਖੀ ਅਧਿਕਾਰਾਂ ਦੇ ਝੰਡਾਬਰਦਾਰ ਵਜੋਂ ਪੇਸ਼ ਕਰਦੇ ਆਏ ਹਨ; ਉਨ੍ਹਾਂ ਰੂਸ ਦੇ ਯੂਕਰੇਨ ’ਤੇ ਹਮਲੇ ਵਿਰੁੱਧ ਵੱਡੇ ਵੱਡੇ ਬਿਆਨ ਦਿੱਤੇ ਹਨ ਅਤੇ ਯੂਕਰੇਨੀਆਂ ’ਤੇ ਢਾਹੇ ਗਏ ਕਹਿਰ ਵਿਰੁੱਧ ਆਵਾਜ਼ ਉਠਾਈ ਹੈ ਜੋ ਯਕੀਨੀ ਤੌਰ ’ਤੇ ਉਠਾਈ ਜਾਣੀ ਚਾਹੀਦੀ ਸੀ/ਹੈ ਪਰ ਉਹ ਫ਼ਲਸਤੀਨ ਦੇ ਮਾਮਲੇ ਵਿਚ ਚੁੱਪ ਕਿਉਂ ਹਨ? ਇੱਥੇ ਇਹ ਸਵਾਲ ਉੱਠਦਾ ਹੈ ਕਿ ਕੀ ਉਹ (ਅਮਰੀਕਾ ਤੇ ਯੂਰੋਪ ਦੇ ਦੇਸ਼) ਮਨੁੱਖਾਂ ਵਿਚਕਾਰ ਫ਼ਰਕ ਕਰਦੇ ਹਨ। ਜੇ ਇਸ ਵਿਤਕਰੇ ਦਾ ਆਧਾਰ ਇਹ ਹੈ ਕਿ ਫ਼ਲਸਤੀਨੀਆਂ ਦਾ ਧਰਮ ਵੱਖਰਾ ਹੈ ਜਾਂ ਉਹ ਏਸ਼ਿਆਈ ਮੂਲ ਦੇ ਹਨ ਤਾਂ ਇਹ ਸਵਾਲ ਸਮੁੱਚੀ ਮਨੁੱਖਤਾ ਨੂੰ ਸੰਬੋਧਿਤ ਹੈ ਕਿ ਅਸੀਂ ਆਪਣੇ ਆਪ ਨੂੰ ਸਭਿਆ ਕਿਵੇਂ ਅਖਵਾਉਣਾ ਹੈ। ਧਰਵਾਸ ਦੀ ਗੱਲ ਇਹ ਹੈ ਕਿ ਦੁਨੀਆ ਦੇ ਬਹੁਗਿਣਤੀ ਦੇਸ਼ਾਂ ਵਿਚ ਇਜ਼ਰਾਈਲ ਦੀਆਂ ਇਨ੍ਹਾਂ ਕਾਰਵਾਈਆਂ ਵਿਰੁੱਧ ਮੁਜ਼ਾਹਰੇ ਹੋਏ ਹਨ ਅਤੇ ਇਜ਼ਰਾਈਲ ਵਿਰੁੱਧ ਰੋਸ ਵਧ ਰਿਹਾ ਹੈ। ਦੱਖਣੀ ਅਫਰੀਕਾ ਤੇ ਕੁਝ ਹੋਰ ਦੇਸ਼ਾਂ ਨੇ ਇਜ਼ਰਾਈਲ ਵਿਰੁੱਧ ਸਹੀ ਨੈਤਿਕ ਤੇ ਸਿਆਸੀ ਪੈਂਤੜੇ ਲਏ ਹਨ। ਵੱਡੀ ਗਿਣਤੀ ਵਿਚ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਇਜ਼ਰਾਈਲ ਨੂੰ ਜੰਗ ਬੰਦ ਕਰਨ ਲਈ ਕਿਹਾ ਹੈ ਪਰ ਇਜ਼ਰਾਈਲ ਇਨ੍ਹਾਂ ਅਪੀਲਾਂ ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਹੈ। ਇਹ ਇਤਿਹਾਸਕ ਵਿਰੋਧਾਭਾਸ ਹੈ ਕਿ ਯਹੂਦੀ ਜੋ ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਤੇ ਉਸ ਤੋਂ ਪਹਿਲਾਂ ਵੀ ਖ਼ੁਦ ਅਕਹਿ ਜ਼ੁਲਮਾਂ ਦਾ ਸ਼ਿਕਾਰ ਹੋਏ ਹਨ, ਹੁਣ ਗਾਜ਼ਾ ਵਿਚ ਜ਼ੁਲਮ ਕਰ ਰਹੇ ਹਨ। ਲੋਕਾਈ ਵਿਚ ਇਜ਼ਰਾਈਲ ਵਿਰੁੱਧ ਵਧਦੇ ਰੋਸ ਨੇ ਹੀ ਇਜ਼ਰਾਈਲ ਦੀਆਂ ਇਨ੍ਹਾਂ ਕਾਰਵਾਈਆਂ ਦੇ ਰੋਕਣ ਦਾ ਆਧਾਰ ਬਣਨਾ ਹੈ। ਇਜ਼ਰਾਈਲ ਨੂੰ ਲੋਕਾਈ ਦੀ ਇਸ ਸਮੇਂ ਦੀ ਬੇਵਸੀ ਨੂੰ ਸਦੀਵੀ ਨਹੀਂ ਸਮਝਣਾ ਚਾਹੀਦਾ।