ਟਰੈਕਟਰ ਟਰਾਲੀ ਨੇ ਮੋਟਰਸਾਈਕਲ ਲਪੇਟ ’ਚ ਲਿਆ, ਇੱਕ ਹਲਾਕ
ਪੱਤਰ ਪ੍ਰੇਰਕ
ਤਲਵਾੜਾ, 20 ਜੁਲਾਈ
ਬੀਤੀ ਰਾਤ ਪਿੰਡ ਭੋਲ ਕਲੌਤਾ ਵਿਖੇ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਵਿਚਾਲੇ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਸ਼ਾਲ ਚੌਧਰੀ ਪੁੱਤਰ ਦੇਵ ਰਾਜ ਵਾਸੀ ਪਿੰਡ ਛੰਬੜ (ਸਥਾਣਾ) ਤਹਿਸੀਲ ਫ਼ਤਹਿਪੁਰ ਜ਼ਿਲ੍ਹਾ ਕਾਂਗੜਾ (ਹਿ.ਪ੍ਰ.) ਨੇ ਦੱਸਿਆ ਕਿ ਪੌਣੇ ਅੱਠ ਵਜੇ ਉਹ ਅਤੇ ਉਸ ਦਾ ਦੋਸਤ ਰਮਨ ਕੁਮਾਰ ਪੁੱਤਰ ਪ੍ਰਸ਼ੋਤਮ ਚੰਦ ਵਾਸੀ ਛੰਬੜ ਦੋਵੇਂ ਜਣੇ ਬੁਲੇਟ ਮੋਟਰਸਾਈਕਲ ’ਤੇ ਖਾਰੀਆਂ ਟੌਲ ਪਲਾਜ਼ਾ ਤੋਂ ਡਿਊਟੀ ਕਰ ਕੇ ਵਾਪਸ ਘਰ ਪਰਤ ਰਹੇ ਸਨ। ਮੋਟਰਸਾਈਕਲ ਰਮਨ ਚਲਾ ਰਿਹਾ ਸੀ। ਪਿੰਡ ਭੋਲ ਕਲੌਤਾ ਹਸਪਤਾਲ ਤੋਂ ਥੋੜ੍ਹੀ ਅੱਗੇ ਬਿਨਾਂ ਰਿਫਲੈਕਟਰ ਲੱਗਿਆਂ ਟਰੈਕਟਰ ਟਰਾਲੀ ਪਾਈਪਾਂ ਲੈ ਕੇ ਜਾ ਰਹੀ ਸੀ। ਉਨ੍ਹਾਂ ਜਿਵੇਂ ਹੀ ਟਰੈਕਟਰ ਟਰਾਲੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਟਰੈਕਟਰ ਡਰਾਈਵਰ ਨੇ ਟਰੈਕਟਰ ਉਨ੍ਹਾਂ ਵੱਲ ਮੋੜ ਦਿੱਤਾ ਅਤੇ ਮੋਟਰਸਾਈਕਲ ਟਰਾਲੀ ਨਾਲ ਟਕਰਾ ਗਿਆ। ਹਾਦਸੇ ਦੌਰਾਨ ਰਮਨ ਕੁਮਾਰ ਦੀ ਮੌਤ ਹੋ ਗਈ। ਟਰੈਕਟਰ ਟਰਾਲੀ ਡਰਾਈਵਰ ਹਾਦਸੇ ਉਪਰੰਤ ਮੌਕੇ ਤੋਂ ਫ਼ਰਾਰ ਹੋ ਗਿਆ। ਬੀਬੀਐੱਮਬੀ ਹਸਪਤਾਲ ਜ਼ਖ਼ਮੀ ਵਿਸ਼ਾਲ ਚੌਧਰੀ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਪੁਲੀਸ ਨੇ ਕਾਰਵਾਈ ਆਰੰਭ ਦਿੱਤੀ ਹੈ।
ਮੋਟਰਸਾਈਕਲ ਰੇਲਿੰਗ ਨਾਲ ਟਕਰਾਇਆ, ਇੱਕ ਮੌਤ
ਤਰਨ ਤਾਰਨ (ਪੱਤਰ ਪ੍ਰੇਰਕ): ਇੱਥੇ ਤਰਨ ਤਾਰਨ-ਝਬਾਲ ਸੜਕ ਤੇ ਬੀਤੀ ਰਾਤ ਲੱਗੀ ਰੇਲਿੰਗ ਨਾਲ ਟਕਰਾਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ| ਮ੍ਰਿਤਕ ਦੀ ਪਛਾਣ ਅਜੇਪਾਲ ਸਿੰਘ (28) ਵਾਸੀ ਝਬਾਲ ਵਜੋਂ ਹੋਈ। ਅਜੇਪਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਜਾ ਰਿਹਾ ਸੀ ਤਾਂ ਉਹ ਜਿਵੇਂ ਹੀ ਝਬਾਲ ਤੋਂ ਬਾਹਰ ਨਿਕਲਿਆ ਤਾਂ ਉਸ ਦਾ ਮੋਟਰਸਾਈਕਲ ਸੜਕ ਕਿਨਾਰੇ ਰੇਲਿੰਗ ਨਾਲ ਜਾ ਟਕਰਾਇਆ| ਝਬਾਲ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।