ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੋਸ਼ਨੀ ਦੀ ਮੀਨਾਰ

06:16 AM Aug 18, 2023 IST

ਪ੍ਰੋ. ਕੇ ਸੀ ਸ਼ਰਮਾ

ਗੁਰੂ ਦਾ ਦਰਜਾ ਬਹੁਤ ਉੱਚਾ ਮੰਨਿਆ ਜਾਂਦਾ ਹੈ। ਗੁਰੂ ਸ਼ਬਦ ਦਾ ਮਤਲਬ ਹਨੇਰਾ ਦੂਰ ਕਰਨ ਵਾਲਾ ਹੈ। ਇਸ ਪੱਖ ਤੋਂ ਜਪ, ਤਪ, ਭਗਤੀ, ਸਮਾਧੀ ਦੁਆਰਾ ਪਹੁੰਚੇ ਹੋਏ ਮਹਾਪੁਰਖਾਂ ਦੀ ਹੀ ਗਣਨਾ ਹੁੰਦੀ ਹੈ ਪਰ ਅੱਜ ਅਸੀਂ ਇਥੇ ਕੁਝ ਅਲੱਗ ਪਛਾਣ ਵਾਲੇ ਗੁਰੂਆਂ ਦੀ ਗੱਲ ਕਰਾਂਗੇ; ਮੇਰਾ ਭਾਵ ਉਨ੍ਹਾਂ ਅਧਿਆਪਕਾਂ ਤੋਂ ਹੈ ਜੋ ਸਕੂਲਾਂ ਵਿਚ ‘ੳ ਅ ੲ’ ਦਾ ਗਿਆਨ ਦੇਣ ਤੋਂ ਲੈ ਕੇ ਜੀਵਨ ਦੀਆਂ ਉਚਾਈਆਂ ਛੂਹਣ ਲਈ ਸਾਡੇ ਮਾਰਗ ਦਰਸ਼ਕ ਬਣਦੇ ਹਨ।
ਮੇਰੇ ਜੀਵਨ ਵਿਚ ਪਹਿਲੀ ਤੋਂ ਐੱਮਏ ਤਕ ਦੀ ਵਿਦਿਆ ਪ੍ਰਾਪਤੀ ਵਿਚ ਬਹੁਤ ਅਧਿਆਪਕਾਂ ਨੇ ਮੇਰੇ ਉਤੇ ਅਮਿੱਟ ਛਾਪ ਛੱਡੀ ਹੈ। ਦਸਵੀਂ ਵਿਚ ਪੰਡਤ ਸੌਂਧਾ ਰਾਮ, ਕਾਲਜ ਵਿਚ ਪ੍ਰਿੰਸੀਪਲ ਹਰਦਿੱਤ ਸਿੰਘ ਢਿੱਲੋਂ ਅਤੇ ਐੱਮਏ ਵਿਚ ਡਾ. ਜਗਦੀਸ਼ ਚੰਦਰ ਦੀ ਭੂਮਿਕਾ ਮੇਰੀ ਹੋਂਦ ਵਿਚ ਉੱਚੀ ਹੈ ਪਰ ਸਭ ਤੋਂ ਉੱਚਾ ਸਥਾਨ ਉਸ ਫਰਿਸ਼ਤੇ ਦਾ ਹੈ ਜਿਸ ਦਾ ਨਾਮ ਸ੍ਰੀ ਰੋਸ਼ਨ ਲਾਲ ਚੋਪੜਾ ਹੈ। ਉਨ੍ਹਾਂ ਮੇਰੇ ਪਛੜੇ ਪਿੰਡ ਮੱਲਕੇ ਵਿਚ ਪਹਿਲਾ ਸਰਕਾਰੀ ਪ੍ਰਾਇਮਰੀ ਸਕੂਲ ਬਣਾਇਆ। ਮੈਂ ਆਪਣਾ ਵਿਦਿਅਕ ਸਫ਼ਰ ਉਨ੍ਹਾਂ ਦੀ ਛਤਰ ਛਾਇਆ ਵਿਚ ਹੀ ਸ਼ੁਰੂ ਕੀਤਾ।
ਮੇਰਾ ਵਿਸ਼ਵਾਸ ਹੈ ਕਿ ਮਨੁੱਖ ਦੀ ਵਿਦਿਆ ਘਰ ਵਿਚ ਰੁੜ੍ਹਨ ਵੇਲੇ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਇਸ ਵਿਚ ਸਭ ਤੋਂ ਵੱਡੀ ਭੂਮਿਕਾ ਮਾਂ ਦੀ ਹੁੰਦੀ ਹੈ। ਸਿੱਧੇ ਅਸਿੱਧੇ ਤਰੀਕੇ ਨਾਲ ਬੱਚਾ ਸੰਸਕਾਰ ਅਤੇ ਧਾਰਨਾਵਾਂ ਮਾਂ ਤੋਂ ਹੀ ਸਿੱਖਦਾ ਹੈ ਜੋ ਉਮਰ ਭਰ ਉਸ ਦੀ ਜੀਵਨ ਸ਼ੈਲੀ ਨੂੰ ਸੰਵਾਰਦੇ ਹਨ। ਮਾਂ ਤੋਂ ਸਿੱਖਣ ਬਾਅਦ ਮੈਂ ਚੋਪੜਾ ਸਾਹਿਬ ਦੀ ਸ਼ਰਨ ਆ ਗਿਆ। ਉਨ੍ਹਾਂ ਲਈ ਮਾਸਟਰੀ ਰੋਟੀ ਕਮਾਉਣ ਦਾ ਕਿੱਤਾ ਹੀ ਨਹੀਂ ਸੀ ਸਗੋਂ ਮਿਸ਼ਨ ਸੀ। ਉਨ੍ਹਾਂ ਦਾ ਹਿਸਾਬ ਅਤੇ ਗੁਰਮੁਖੀ ਲੇਖਣੀ ਕਮਾਲ ਦੇ ਸਨ। ਉਹ ਉਰਦੂ ਦੇ ਹਿਸਾਬ ‘ਸੁੰਦਰ’ ਅਤੇ ‘ਗੁਲਾਬ’ ਤੋਂ ਹਿਸਾਬ ਦੇ ਸਵਾਲ ਬੜੀ ਸਰਲਤਾ ਨਾਲ ਸਿਖਾਉਂਦੇ ਸਨ। ਮੌਖਿਕ ਸੁਆਲਾਂ ਲਈ ਉਨ੍ਹਾਂ ਦੇ ਬਣਾਏ ‘ਰੁਪਏ ਦੇ ਆਨਿਆਂ’ ਅਤੇ ‘ਤੋਲੇ ਦੇ ਰੱਤੀ ਮਾਸਿਆਂ ਵਿਚ ਅਨੁਪਾਤ’ ਬਾਰੇ ਫਾਰਮੂਲੇ ਬਹੁਤ ਫਾਇਦੇਮੰਦ ਸਨ।
ਮਾਸਟਰ ਜੀ ਸਿਰਫ਼ ‘ੳ ਅ ੲ... Three R’s’ ਉੱਤੇ ਹੀ ਜ਼ੋਰ ਨਹੀਂ ਦਿੰਦੇ ਸਨ, ਉਹ ਬੱਚੇ ਦੇ ਚੁਤਰਫਾ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਲਈ ਵੀ ਵਚਨਬੱਧ ਸਨ। ਉਹ ਸਾਨੂੰ ਭਾਸ਼ਣ, ਕਵਿਤਾਵਾਂ, ਸਕਿੱਟ ਆਦਿ ਪੇਸ਼ ਕਰਨ ਦੀ ਸਿੱਖਿਆ ਵੀ ਦਿੰਦੇ। ਆਸ-ਪਾਸ ਗੁਰਪੁਰਬਾਂ ਅਤੇ ਹੋਰ ਸਮਾਗਮਾਂ ਵਿਚ ਭਾਸ਼ਣ ਦੇਣ ਅਤੇ ਕਵਿਤਾਵਾਂ ਪੜ੍ਹਨ ਦੇ ਮੁਕਾਬਲਿਆਂ ਲਈ ਤਿਆਰ ਕਰ ਕੇ ਭੇਜਦੇ। ਉਨ੍ਹਾਂ ਦੀ ਪਬਲਿਕ ਵਿਚ ਬੋਲਣ ਦੀ ਗੁੜ੍ਹਤੀ ਕਾਰਨ ਮੈਂ ਹਾਈ ਸਕੂਲਾਂ ਅਤੇ ਕਾਲਜਾਂ ਵਿਚ ਬਹੁਤ ਇਨਾਮ ਜਿੱਤੇ। ਖੇਡਾਂ ਦੇ ਪੀਰੀਅਡ ਵਿਚ ਡਰਿਲ, ਪੀਟੀ ਅਤੇ ਖੇਡਾਂ ਦਾ ਨਿਯਮਤ ਪ੍ਰੋਗਰਾਮ ਹੁੰਦਾ ਸੀ।
ਬੱਚਿਆਂ ਦੀ ਵਧੀਆ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਸਕੂਲ ਦੇ ਵਿਕਾਸ ਵੱਲ ਵੀ ਬਹੁਤ ਧਿਆਨ ਲਗਾਇਆ। ਸਕੂਲ ਇੱਕ ਪੁਰਾਣੇ ਕਮਰੇ ਵਿਚ ਸ਼ੁਰੂ ਹੋਇਆ ਸੀ; ਹੌਲੀ ਹੌਲੀ ਲੋਕਾਂ ਨੂੰ ਪ੍ਰੇਰ ਕੇ, ਮਹਿਕਮੇ ਤੋਂ ਗਰਾਂਟਾਂ ਲਿਆ ਕੇ, ਸਰਦੇ ਪੁੱਜਦੇ ਲੋਕਾਂ ਤੋਂ ਉਗਰਾਹੀ ਕਰ ਕੇ ਸਕੂਲ ਵਿਚ ਹੋਰ ਕਮਰੇ ਬਣਾਉਣੇ ਸ਼ੁਰੂ ਕਰ ਦਿੱਤੇ। ਵਿਦਿਆਰਥੀਆਂ ਦੇ ਬੈਠਣ ਲਈ ਤੱਪੜ, ਪੀਣ ਵਾਲੇ ਪਾਣੀ ਲਈ ਹੈਂਡ ਪੰਪ ਅਤੇ ਗੁਸਲਖਾਨਿਆਂ ਦਾ ਪ੍ਰਬੰਧ ਕੀਤਾ। ਸਕੂਲੀ ਆਂਗਣ ਨੂੰ ਸੁੰਦਰ ਬਣਾਇਆ। ਇੱਟਾਂ ਗੱਡ ਕੇ ਅਲੀਅਰਾਂ ਦੀਆਂ ਵਾੜਾਂ ਨਾਲ ਰਾਸਤੇ ਉਲੀਕੇ। ਫੁੱਲਾਂ ਦੀਆਂ ਕਿਆਰੀਆਂ, ਛਾਂ-ਦਾਰ ਦਰੱਖਤਾਂ ਅਤੇ ਘਾਹ ਵਾਲੇ ਪਾਰਕ ਬਣਾ ਕੇ ਸਕੂਲ ਸਜਾ ਦਿੱਤਾ। ਬਗੀਚੇ ਵਾਸਤੇ ਪਾਣੀ ਲਈ ਐਕਸਈਐੱਨ ਨੂੰ ਮਿਲ ਕੇ ਨਾਲ ਵਗਦੀ ਕੱਸੀ ਵਿਚੋਂ ਪੱਕਾ ਮੋਘਾ ਮਨਜ਼ੂਰ ਕਰਵਾ ਲਿਆ। ਛੁੱਟੀ ਤੋਂ ਬਾਅਦ ਪੌਦਿਆਂ ਦੀ ਸੇਵਾ ਕਰਦੇ। ਉਨ੍ਹਾਂ ਦੀ ਮਿਹਨਤ ਅਤੇ ਸਰਪ੍ਰਸਤੀ ਥੱਲੇ ਸਕੂਲ ਮਿਡਲ ਬਣ ਗਿਆ। ਹੁਣ ਉਨ੍ਹਾਂ ਦਾ ਲਾਇਆ ਬੂਟਾ ਵਧ-ਫੁਲ ਕੇ ਸੀਨੀਅਰ ਸੈਕੰਡਰੀ ਬਣ ਗਿਆ ਹੈ।
ਮਾਸਟਰ ਜੀ ਅਨੁਸ਼ਾਸਨ ਵਾਲੇ ਇਮਾਨਦਾਰ ਅਤੇ ਅਣਥੱਕ ਬਹੁਮੁਖੀ ਪ੍ਰਤਿਭਾ ਦੇ ਮਾਲਿਕ ਸਨ। ਸਕੂਲ ਦੇ ਨਾਲ ਨਾਲ ਉਹ ਪਿੰਡ ਦੇ ਸੁਧਾਰ ਲਈ ਵੀ ਮਸੀਹਾ ਬਣ ਕੇ ਉਭਰੇ। ਪਿੰਡ ਦੀ ਪੰਚਾਇਤ ਵਿਚ ਕੋਈ ਅਧਿਕਾਰੀ ਨਾ ਹੁੰਦੇ ਹੋਏ ਵੀ ਉਨ੍ਹਾਂ ਨੂੰ ਹਰ ਮੀਟਿੰਗ ਵਿਚ ਸ਼ਾਮਲ ਕੀਤਾ ਜਾਂਦਾ ਸੀ। ਹਰ ਕੰਮ ਉਨ੍ਹਾਂ ਤੋਂ ਪੁੱਛ ਕੇ ਕੀਤਾ ਜਾਂਦਾ। ਉਨ੍ਹਾਂ ਦੀ ਅਗਵਾਈ ਵਿਚ ਬੀਡੀਓ ਤੋਂ ਗਰਾਂਟਾਂ ਦੁਆਰਾ ਪਿੰਡ ਵਿਚ ਗਲੀਆਂ ਤੇ ਨਾਲੀਆਂ ਪੱਕੀਆਂ ਬਣਨ ਲਗ ਪਈਆਂ। ਖੇਤੀਬਾੜੀ ਵਿਚ ਕਿਸਾਨਾਂ ਨੂੰ ਨਵੇਂ ਢੰਗ, ਸੰਦ, ਸੁਧਰੇ ਬੀਜ, ਖਾਦਾਂ, ਫਸਲੀ ਵੰਨ-ਸਵੰਨਤਾ ਵਿਚ ਸਬਜ਼ੀਆਂ ਦੀ ਕਾਸ਼ਤ ਅਤੇ ਖਾਸ ਕਰ ਕੇ ਦੋਧੀ ਪਸ਼ੂ ਪਾਲਣ ਬਾਰੇ ਸਿੱਖਿਆ ਦਿੰਦੇ। ਲੰਘਦੇ ਟੱਪਦੇ ਕਿਸਾਨਾਂ ਲਈ ਸਕੂਲ ਦੀ ਬਾਹਰਲੀ ਦੀਵਾਰ ਉਤੇ ਲਿਖੇ ਮਾਟੋ ‘ਆਪਣੇ ਖੇਤਾਂ ਵਿਚੋਂ ਪੋਹਲੀ ਤੇ ਪਿਆਜ਼ੀ (ਉਸ ਸਮੇਂ ਦੇ ਲਦੀਨ) ਮਾਰੋ’, ‘ਦੱਬ ਕੇ ਵਾਹ, ਰੱਜ ਕੇ ਖਾਹ’, ‘ਜਿੰਨੀ ਗੋਡੀ, ਓਨੀ ਡੋਡੀ’ ਮੈਨੂੰ ਅੱਜ ਵੀ ਯਾਦ ਹਨ। ਪਿੰਡ ਦੀ ਧਰਮਸ਼ਾਲਾ ਵਿਚ ਪਾਣੀ ਅਤੇ ਗੁਸਲਖਾਨੇ ਦੀ ਸਹੂਲਤ ਦੁਆਰਾ ਵਧੀਆ ਜੰਙ ਘਰ ਬਣਾ ਦਿੱਤਾ। ਗੁਰਦੁਆਰੇ ਨੂੰ ਵੀ ਨਵਾਂ ਰੂਪ ਦੇ ਦਿੱਤਾ। ਕੰਧਾਂ ਉਪਰ ਗੁਰਬਾਣੀ ਦੇ ਸਲੋਕ ਲਿਖੇ। ਗੁਰਪੁਰਬਾਂ ਵੇਲੇ ਜਲੂਸਾਂ ਵਿਚ ਕੇਸਰੀ ਪਟਕਾ ਬੰਨ੍ਹ ਕੇ, ਹਰਮੋਨੀਅਮ ਉਪਰ ਸ਼ਬਦ ਗਾਉਂਦੇ ਅਗਲੀ ਪੰਗਤੀਆਂ ਵਿਚ ਚਲਦੇ। ਪਿੰਡ ਵਿਚ ਅੱਜ ਤੱਕ ਵੀ ਮਾਸਟਰੀ ਦਾ ਮਤਲਬ ਮਾਸਟਰ ਰੋਸ਼ਨ ਲਾਲ ਤੋਂ ਹੈ। ਉਸ ਹਰਮਨ ਪਿਆਰੇ ਇਨਸਾਨ ਨੂੰ ਪੂਰੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।
ਪ੍ਰਸਿੱਧ ਅੰਗਰੇਜ਼ੀ ਕਵੀ ਜੌਹਨ ਮਿਲਟਨ ਅਨੁਸਾਰ ਰੱਬ ਹਰ ਮਨੁੱਖ ਨੂੰ ਵੱਖਰੇ ਵੱਖਰੇ ਹੁਨਰਾਂ ਨਾਲ ਲੈਸ ਕਰ ਕੇ ਇਸ ਸੰਸਾਰ ਵਿਚ ਭੇਜਦਾ ਹੈ ਤਾਂ ਜੋ ਉਹ ਰੱਬ ਦਾ ਰਾਜਦੂਤ ਬਣ ਕੇ ਉਨ੍ਹਾਂ ਹੁਨਰਾਂ ਦੁਆਰਾ ਮਾਨਵਤਾ ਦੀ ਸੇਵਾ ਕਰੇ। ਮਾਸਟਰ ਜੀ ਸਹੀ ਸ਼ਬਦਾਂ ਵਿਚ ਰੱਬ ਦੇ ਦੂਤ ਬਣ ਕੇ ਵਿਦਿਆ ਦੇ ਪਸਾਰ ਲਈ ਆਏ ਸਨ। ਮੱਲਕਿਆਂ ਤੋਂ ਬਦਲੀ ਪਿੱਛੋਂ ਰੋਸ਼ਨੀ ਦੀ ਚਲਦੀ ਫਿਰਦੀ ਇਸ ਮੀਨਾਰ ਨੇ ਮੋਗੇ ਦੇ ਇਰਦ ਗਿਰਦ ਲੋਪੋ, ਬੁੱਟਰ, ਅਜੀਤਵਾਲ, ਕਪੂਰੇ, ਮਹਿਰੋਂ, ਬੁੱਧਸਿੰਘਵਾਲਾ ਆਦਿ ਪਿੰਡਾਂ ਵਿਚ ਗਿਆਨ ਦੀ ਰੋਸ਼ਨੀ ਫੈਲਾਈ। ਅੱਜ ਉਨ੍ਹਾਂ ਦੇ ਤਰਾਸ਼ੇ ਹਜ਼ਾਰਾਂ ਚੇਲੇ ਸਿਵਲ ਸੇਵਾਵਾਂ, ਬੈਂਕਾਂ, ਵਪਾਰਕ ਤੇ
ਵਿਦਿਅਕ ਸੰਸਥਾਵਾਂ, ਫੌਜ, ਡਾਕਟਰੀ, ਉਦਯੋਗ ਅਤੇ ਹੋਰ ਖੇਤਰਾਂ ਵਿਚ ਉੱਚੇ ਰੁਤਬਿਆਂ ’ਤੇ ਦੇਸ਼, ਵਿਦੇਸ਼ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਦੇ ਸਦਗੁਣਾਂ ਦਾ ਰੰਗ ਅੱਜ ਵੀ ਸਾਡੀ ਛਵੀ ਉਪਰ ਦਿਸਦਾ ਹੈ।
ਮਾਸਟਰ ਜੀ ਦਾ ਜਨਮ 15 ਸਤੰਬਰ 1926 ਨੂੰ ਹੋਇਆ ਸੀ। 37 ਸਾਲ ਦੀ ਗੌਰਵਮਈ ਸੇਵਾ ਤੋਂ ਬਾਅਦ ਉਹ ਅਕਤੂਬਰ 1984 ਵਿਚ ਸੇਵਾਮੁਕਤ ਹੋ ਗਏ। ਸੇਵਾਮੁਕਤੀ ਤੋਂ ਬਾਅਦ ਵੀ ਸਮਾਜ ਸੇਵਾ ਕਰਦੇ ਰਹੇ। ਸਰਵਿਸ ਦੌਰਾਨ ਉਨ੍ਹਾਂ ਨੂੰ ਸਰਕਾਰ, ਸਮਾਜ ਸੇਵੀ ਸੰਸਥਾਵਾਂ ਅਤੇ ਪੰਚਾਇਤਾਂ ਤੋਂ ਰੱਜਵਾਂ ਸਤਿਕਾਰ ਮਿਲਿਆ। ਉਨ੍ਹਾਂ ਦੇ ਆਪਣੇ ਬੱਚੇ ਸੇਵਾਮੁਕਤ ਹੋ ਕੇ ਚੰਡੀਗੜ੍ਹ ਵਿਚ ਰਹਿੰਦੇ ਹਨ। ਪੋਤੇ ਪੋਤਰੀਆਂ ਦੇਸ਼ ਵਿਦੇਸ਼ ਵਿਚ ਨਾਮ ਕਮਾ ਰਹੇ ਹਨ। ਮਾਸਟਰ ਜੀ 97 ਸਾਲਾਂ ਦੇ ਹੋਣ ਵਾਲੇ ਹਨ। ਅਸੀਂ ਉਨ੍ਹਾਂ ਦੀ ਵਧੀਆ ਸਿਹਤ ਅਤੇ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ।
ਸੰਪਰਕ: 95824-28184

Advertisement

Advertisement