ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 934
ਕੁਲਦੀਪ ਸਿੰਘ
ਚੰਡੀਗੜ੍ਹ, 28 ਜੁਲਾਈ
ਸ਼ਹਿਰ ਵਿੱਚ ਅੱਜ 24 ਹੋਰ ਵਿਅਕਤੀਆਂ ਨੂੰ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਮਰੀਜ਼ਾਂ ਵਿੱਚ ਪੀਜੀਆਈ ਦੇ ਦੋ ਮੁਲਾਜ਼ਮ, ਸਰਕਾਰੀ ਹਸਪਤਾਲ ਸੈਕਟਰ-32 ਅਤੇ ਸੈਕਟਰ-16 ਦੇ ਇਕ-ਇਕ ਸਟਾਫ਼ ਮੈਂਬਰ ਸ਼ਾਮਲ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 934 ਹੋ ਗਿਆ ਹੈ। ਇਸੇ ਦੌਰਾਨ ਰਾਹਤ ਵਾਲੀ ਖ਼ਬਰ ਹੈ ਕਿ ਅੱਜ 24 ਮਰੀਜ਼ ਤੰਦਰੁਸਤ ਹੋਏ ਹਨ।
ਯੂਟੀ ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸ਼ਹਿਰ ਵਿੱਚ ਨਵੇਂ ਪਾਏ ਗਏ ਮਰੀਜ਼ ਸੈਕਟਰ 15, 22, 23, 32, 40, 46, 48, 61, ਪਿੰਡ ਧਨਾਸ, ਮੌਲੀ ਜਾਗਰਾਂ, ਹੱਲੋਮਾਜਰਾ ਤੇ ਸਾਰੰਗਪੁਰ ਦੇ ਵਸਨੀਕ ਹਨ। ਜਿਹੜੇ ਵਿਅਕਤੀ ਤੰਦਰੁਸਤ ਹੋਏ ਹਨ, ਊਨ੍ਹਾਂ ਨੂੰ ਪੀ.ਜੀ.ਆਈ., ਸਰਕਾਰੀ ਹਸਪਤਾਲ ਸੈਕਟਰ- 32 ਤੇ 16 ਤੇ ਸੂਦ ਧਰਮਸ਼ਾਲਾ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਇਹ ਮਰੀਜ਼ ਸੈਕਟਰ 15, 27, 29, 30, 32, 35, 45, ਮਨੀਮਾਜਰਾ ਤੇ ਰਾਮ ਦਰਬਾਰ ਦੇ ਵਸਨੀਕ ਹਨ।
ਇਸੇ ਦੌਰਾਨ ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 934 ਹੋ ਗਈ ਹੈ ਤੇ ਡਿਸਚਾਰਜ ਮਰੀਜ਼ਾਂ ਦੀ ਗਿਣਤੀ 599 ਹੈ। ਹੁਣ ਤੱਕ 14 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 321 ਹੈ।
ਅੰਬਾਲਾ ਵਿਚ ਦੋ ਬਿਰਧਾਂ ਨੇ ਤੋੜਿਆ ਦਮ
ਅੰਬਾਲਾ (ਰਤਨ ਸਿੰਘ ਢਿੱਲੋਂ): ਅੱਜ ਅੰਬਾਲਾ ਵਿਚ ਕਰੋਨਾਵਾਇਰਸ ਨੇ ਦੋ ਵਿਅਕਤੀਆਂ ਦੀ ਜਾਨ ਲੈ ਲਈ ਹੈ। ਦਮ ਤੋੜਨ ਵਾਲਿਆਂ ਵਿਚ ਅੰਬਾਲਾ ਛਾਉਣੀ ਅਤੇ ਅੰਬਾਲਾ ਸ਼ਹਿਰ ਦੇ ਦੋ ਬਿਰਧ ਸ਼ਾਮਲ ਹਨ। ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਛਾਉਣੀ ਦਾ ਬਿਰਧ ਵਿਅਕਤੀ ਐਲਕੈਮਿਸਟ ਹਸਪਤਾਲ ਪੰਚਕੂਲਾ ਵਿਚ ਦਾਖਲ ਸੀ ਅਤੇ ਸ਼ੂਗਰ, ਦਿਲ ਦੀ ਬੀਮਾਰੀ ਦਾ ਮਰੀਜ਼ ਸੀ। ਦੂਜੇ ਵਿਅਕਤੀ ਦੀ ਮੌਤ ਮੁਲਾਣਾ ਮੈਡੀਕਲ ਕਾਲਜ ਵਿਚ ਹੋਈ ਹੈ। ਊਹ ਹਾਈਪਰਟੈਂਸ਼ਨ ਦਾ ਮਰੀਜ਼ ਸੀ। ਅੱਜ ਅੰਬਾਲਾ ਜ਼ਿਲ੍ਹੇ ਵਿਚ 38 ਨਵੇਂ ਕਰੋਨਾ ਕੇਸ ਆਉਣ ਨਾਲ ਕੁਲ ਮਰੀਜ਼ਾਂ ਦੀ ਗਿਣਤੀ 1372 ਹੋ ਗਈ ਹੈ ਜਦੋਂ ਕਿ 43 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਅੱਜ ਹਸਪਤਾਲ ਵਿਚੋਂ ਡਿਸਚਾਰਜ ਵੀ ਕੀਤਾ ਗਿਆ ਹੈ। ਠੀਕ ਹੋਣ ਵਾਲਿਆਂ ਦੀ ਗਿਣਤੀ 1095 ਹੋ ਗਈ ਹੈ। ਅੱਜ ਇਕ ਮਰੀਜ਼ ਸ਼ਾਹਜ਼ਾਦਪੁਰ ਵਿਚੋਂ, 13 ਅੰਬਾਲਾ ਸ਼ਹਿਰ ਵਿਚੋਂ, 9 ਅੰਬਾਲਾ ਛਾਉਣੀ ਵਿਚੋਂ, 6 ਮੁਲਾਣਾ ਵਿਚੋਂ ਅਤੇ 9 ਮਰੀਜ਼ ਚੌੜਮਸਤਪੁਰ ਵਿਚੋਂ ਮਿਲੇ ਹਨ।