ਵਿਗਿਆਨਕ ਚੇਤਨਾ ਦੀ ਮਸ਼ਾਲ ਸੀ ਡਾ. ਦਾਭੋਲਕਰ
ਸੁਮੀਤ ਸਿੰਘ
ਮਹਾਰਾਸ਼ਟਰ ਦੀ ਪ੍ਰਗਤੀਸ਼ੀਲ ਸੰਸਥਾ ਅੰਧ ਸ਼ਰਧਾ ਨਿਰਮੂਲਨ ਸਮਤਿੀ ਦੇ ਸੰਸਥਾਪਕ, ਲੇਖਕ ਅਤੇ ਤਰਕਸ਼ੀਲ ਆਗੂ ਡਾ. ਨਰਿੰਦਰ ਦਾਭੋਲਕਰ ਦਾ ਜਨਮ ਪਹਿਲੀ ਨਵੰਬਰ 1945 ਨੂੰ ਸਤਿਾਰਾ (ਮਹਾਰਾਸ਼ਟਰ) ਵਿਚ ਹੋਇਆ। ਉਨ੍ਹਾਂ ਮਿਰਾਜ ਦੇ ਮੈਡੀਕਲ ਕਾਲਜ ਤੋਂ ਡਾਕਟਰੀ ਦੀ ਡਿਗਰੀ ਹਾਸਲ ਕੀਤੀ ਪਰ ਡਾਕਟਰੀ ਦੀ ਨੌਕਰੀ ਕਰਦਿਆਂ ਉਨ੍ਹਾਂ ਮਹਿਸੂਸ ਕੀਤਾ ਕਿ ਸਮੁੱਚੇ ਮਹਾਰਾਸ਼ਟਰ ਵਿਚ ਧਾਰਮਿਕ ਆਸਥਾ ਦੀ ਆੜ ਹੇਠ ਅੰਧ-ਵਿਸ਼ਵਾਸ ਅਤੇ ਕਰਮ-ਕਾਂਡ ਫੈਲਾਅ ਕੇ ਅਖੌਤੀ ਬਾਬੇ, ਤਾਂਤਰਿਕ ਅਤੇ ਕਾਲੇ ਇਲਮ ਵਾਲੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਕੇ ਲੁੱਟ ਰਹੇ ਹਨ ਜਿਸ ਦੀ ਰੋਕਥਾਮ ਲਈ ਆਮ ਲੋਕਾਂ ਵਿਚ ਸੰਸਥਾਈ ਪੱਧਰ ’ਤੇ ਵਿਗਿਆਨਕ ਚੇਤਨਾ ਵਿਕਸਤ ਕਰਨ ਦੀ ਲੋੜ ਹੈ।
ਇਸੇ ਲੋੜ ਦੀ ਪੂਰਤੀ ਲਈ ਡਾ. ਦਾਭੋਲਕਰ ਨੇ 1983 ਵਿਚ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ, ਕਥਤਿ ਚਮਤਕਾਰਾਂ, ਰੂੜੀਵਾਦੀ ਰਸਮਾਂ ਅਤੇ ਪਾਖੰਡੀ ਬਾਬਿਆਂ ਖਿਲਾਫ ਸੰਘਰਸ਼ ਸ਼ੁਰੂ ਕੀਤਾ ਅਤੇ 1989 ਵਿਚ ਉਨ੍ਹਾਂ ਅੰਧ ਸ਼ਰਧਾ ਨਿਰਮੂਲਨ ਸਮਤਿੀ ਬਣਾ ਕੇ ਅੰਧ-ਵਿਸ਼ਵਾਸਾਂ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਜਥੇਬੰਦਕ ਵਿਗਿਆਨਕ ਚੇਤਨਾ ਲਹਿਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਪੂਰੇ ਮਹਾਰਾਸ਼ਟਰ ਵਿਚ ਇਸ ਸੰਸਥਾ ਦੀਆਂ 200 ਤੋਂ ਵੱਧ ਇਕਾਈਆਂ ਬਣਾਈਆਂ। ਉਨ੍ਹਾਂ ਲਗਾਤਾਰ 40 ਸਾਲ ਮਹਾਰਾਸ਼ਟਰ ਵਿਚ ਕਥਤਿ ਕਾਲੇ ਜਾਦੂ, ਜਾਦੂ-ਟੂਣੇ, ਚਮਤਕਾਰ, ਜੋਤਿਸ਼, ਰਾਸ਼ੀਫਲ ਅਤੇ ਕਥਤਿ ਦੈਵੀ ਸ਼ਕਤੀਆਂ ਦੇ ਦਾਅਵੇਦਾਰਾਂ ਦਾ ਪਰਦਾਫਾਸ਼ ਕਰਨ ਦੇ ਨਾਲ ਨਾਲ ਰੂੜੀਵਾਦੀ ਰਸਮਾਂ, ਨਰਬਲੀ, ਮੂਰਤੀ ਵਿਸਰਜਨ, ਧਾਰਮਿਕ ਅਸਹਿਣਸ਼ੀਲਤਾ, ਜਾਤ-ਪਾਤ, ਛੂਆ-ਛਾਤ, ਨਸ਼ੇ, ਨਾ-ਬਰਾਬਰੀ, ਦਾਜ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਖਿਲਾਫ ਵੀ ਜਾਗਰੂਕਤਾ ਮੁਹਿੰਮ ਚਲਾਈ।
ਇਸੇ ਮੁਹਿੰਮ ਤਹਤਿ ਉਨ੍ਹਾਂ ਵਿਗਿਆਨ ਬੋਧ ਵਾਹਿਨੀ ਨਾਂ ਦੀ ਚਲਦੀ ਫਿਰਦੀ ਪ੍ਰਯੋਗਸ਼ਾਲਾ ਮਹਾਰਾਸ਼ਟਰ ਦੇ ਪਿੰਡਾਂ ਵਿਚ ਚਲਾਈ ਅਤੇ ਲੋਕਾਂ ਨੂੰ ਜਾਗਰੂਕ ਕੀਤਾ। ਅਗਿਆਨਤਾ ਅਤੇ ਅੰਧ-ਵਿਸ਼ਵਾਸਾਂ ਖਿਲਾਫ ਕੀਤੇ ਸੰਘਰਸ਼ ਦੌਰਾਨ ਉਨ੍ਹਾਂ 15 ਸਾਲਾਂ ਵਿਚ ਲਗਭਗ 10 ਹਜ਼ਾਰ ਅਧਿਆਪਕਾਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸਿੱਖਿਅਤ ਕੀਤਾ। ਉਨ੍ਹਾਂ ਵਿਗਿਆਨਕ ਵਿਸ਼ਿਆਂ ਉਤੇ 12 ਕਤਿਾਬਾਂ ਵੀ ਲਿਖੀਆਂ ਅਤੇ ਪ੍ਰਗਤੀਸ਼ੀਲ ਹਫ਼ਤਾਵਾਰ ਰਸਾਲੇ ‘ਸਾਧਨਾ’ ਦੇ ਸੰਪਾਦਕ ਵੀ ਰਹੇ। ਸਮਾਜਿਕ ਬਰਾਬਰੀ ਯਕੀਨੀ ਬਣਾਉਣ ਲਈ ਜਿਥੇ ਉਨ੍ਹਾਂ ‘ਇਕ ਪਿੰਡ ਇਕ ਖੂਹ’ ਦੇ ਅੰਦੋਲਨ ਵਿਚ ਸਰਗਰਮ ਸ਼ਮੂਲੀਅਤ ਕੀਤੀ ਉਥੇ ਹੀ ਸਮਾਜ ਵਿਚੋਂ ਛੂਆ-ਛਾਤ ਖਤਮ ਕਰਨ ਲਈ ਉਠੇ ਸਮਾਜਿਕ ਅੰਦੋਲਨਾਂ ਦੀ ਅਗਵਾਈ ਵੀ ਕੀਤੀ। ਉਨ੍ਹਾਂ ਸਮੁੰਦਰ, ਨਦੀ-ਨਾਲਿਆਂ ਵਿਚ ਦੇਵੀ-ਦੇਵਤਿਆਂ ਦੀਆਂ ਜ਼ਹਿਰੀਲੇ ਰਸਾਇਣਕ ਰੰਗਾਂ ਵਾਲੀਆਂ ਮੂਰਤੀਆਂ ਦੇ ਵਿਸਰਜਨ ਦਾ ਡਟਵਾਂ ਵਿਰੋਧ ਕੀਤਾ ਤਾਂ ਕਿ ਸਮੁੰਦਰੀ ਜੀਵ-ਜੰਤੂਆਂ ਅਤੇ ਮਨੁੱਖੀ ਜਾਨਾਂ ਨੂੰ ਪ੍ਰਦੂਸ਼ਤਿ ਪਾਣੀ ਤੋਂ ਬਚਾਇਆ ਜਾ ਸਕੇ। ਇਸੇ ਕਰ ਕੇ ਉਨ੍ਹਾਂ ਨੂੰ ਧਾਰਮਿਕ ਕੱਟੜਵਾਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਡਾ. ਦਾਭੋਲਕਰ ਦਾ ਮਤ ਸੀ ਕਿ ਧਰਮ ਦੇ ਨਾਂ ਹੇਠ ਕੀਤੇ ਜਾਂਦੇ ਕਰਮ-ਕਾਂਡਾਂ, ਅੰਧ-ਵਿਸ਼ਵਾਸਾਂ ਵਿਰੁੱਧ ਵਿਗਿਆਨਕ ਚੇਤਨਾ ਦੀ ਲਹਿਰ ਨੂੰ ਵਧੇਰੇ ਸਾਰਥਿਕ ਬਣਾਉਣ ਲਈ ਅਜਿਹੇ ਪ੍ਰਭਾਵਸ਼ਾਲੀ ਕਾਨੂੰਨ ਦੀ ਲੋੜ ਹੈ ਜਿਸ ਤਹਤਿ ਲੋਕਾਂ ਦਾ ਆਰਥਿਕ, ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰਨ ਵਾਲੇ ਅਖੌਤੀ ਧਰਮ ਗੁਰੂਆਂ ਅਤੇ ਕਥਤਿ ਦੈਵੀ ਸ਼ਕਤੀਆਂ ਤੇ ਕਾਲੇ ਜਾਦੂ ਦੇ ਦਾਅਵੇਦਾਰਾਂ ਨੂੰ ਸਖਤ ਸਜ਼ਾ ਦਿਵਾਈ ਜਾ ਸਕੇ। ਇਸ ਬਾਬਤ ਉਨ੍ਹਾਂ 1995 ਵਿਚ ਅੰਧ-ਵਿਸ਼ਵਾਸ ਵਿਰੋਧੀ ਬਿੱਲ ਦਾ ਖਰੜਾ ਤਿਆਰ ਕਰ ਕੇ ਮਹਾਰਾਸ਼ਟਰ ਸਰਕਾਰ ਨੂੰ ਭੇਜਿਆ ਪਰ ਵਿਧਾਨ ਸਭਾ ਵਿਚ ਇਸ ਬਿੱਲ ਦੇ ਪੇਸ਼ ਹੋਣ ਮੌਕੇ ਕੁਝ ਸਿਆਸੀ ਅਤੇ ਧਾਰਮਿਕ ਸੰਗਠਨਾਂ ਨੇ ਇਸ ਦਾ ਵਿਰੋਧ ਕੀਤਾ। ਬਿੱਲ ਪਾਸ ਕਰਵਾਉਣ ਦੇ ਯਤਨਾਂ ਦੌਰਾਨ ਡਾ. ਦਾਭੋਲਕਰ ਨੂੰ ਕੁਝ ਧਾਰਮਿਕ ਸੰਗਠਨਾਂ ਅਤੇ ਅਖੌਤੀ ਧਰਮ ਗੁਰੂਆਂ ਵਲੋਂ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਪਰ ਉਨ੍ਹਾਂ ਯਤਨ ਜਾਰੀ ਰੱਖੇ। ਆਖ਼ਰਕਾਰ ਇਹ ਬਿੱਲ 2005 ਵਿਚ ਮਹਾਰਾਸ਼ਟਰ ਵਿਧਾਨ ਸਭਾ ਵਿਚ ਪਾਸ ਹੋ ਗਿਆ ਪਰ ਕੁਝ ਸਿਆਸੀ ਪਾਰਟੀਆਂ ਦੇ ਵਿਰੋਧ ਕਾਰਨ ਵਿਧਾਨ ਪਰਿਸ਼ਦ ਵਿਚ ਪਾਸ ਨਹੀਂ ਹੋ ਸਕਿਆ।
ਦਰਅਸਲ, ਅਜਿਹੀਆਂ ਵਿਰੋਧੀ ਧਿਰਾਂ ਨੂੰ ਡਰ ਸੀ ਕਿ ਜੇ ਅਜਿਹਾ ਬਿੱਲ ਪਾਸ ਹੋ ਕੇ ਲਾਗੂ ਹੋ ਗਿਆ ਤਾਂ ਪਾਖੰਡੀ ਬਾਬਿਆਂ, ਧਰਮ ਗੁਰੂਆਂ ਅਤੇ ਸਾਧਾਂ-ਸੁਆਮੀਆਂ ਦਾ ਅਰਬਾਂ ਰੁਪਏ ਦਾ ਗੋਰਖ ਧੰਦਾ ਤੇ ਉਨ੍ਹਾਂ ਦਾ ਵੱਡਾ ਵੋਟ ਬੈਂਕ ਵੀ ਖਤਮ ਹੋ ਜਾਵੇਗਾ। ਇਹੀ ਵਜ੍ਹਾ ਸੀ ਕਿ ਦਸ ਸਾਲਾਂ ਦੌਰਾਨ ਇਸ ਬਿੱਲ ਦੇ ਖਰੜੇ ਵਿਚ 29 ਵਾਰ ਸੋਧ ਕੀਤੀ ਗਈ। ਡਾ. ਦਾਭੋਲਕਰ ਦੇ ਅਜਿਹੇ ਸਿਰੜੀ ਯਤਨਾਂ ਤੋਂ ਬੁਖ਼ਲਾ ਕੇ ਕੁਝ ਫਿਰਕੂ ਅਨਸਰਾਂ ਨੇ 20 ਅਗਸਤ 2013 ਨੂੰ ਪੁਣੇ (ਮਹਾਰਾਸ਼ਟਰ) ਵਿਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਉਨ੍ਹਾਂ ਹੱਤਿਆ ਕਰ ਦਤਿੀ। ਮਹਾਰਾਸ਼ਟਰ ਸਰਕਾਰ ਨੇ ਡਾ. ਦਾਭੋਲਕਰ ਦੀ ਹੱਤਿਆ ਤੋਂ ਬਾਅਦ ਜਨਤਾ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਇਹ ਬਿੱਲ ਆਰਡੀਨੈਂਸ ਦੇ ਰੂਪ ਵਿਚ ਜਾਰੀ ਕਰ ਦਿੱਤਾ।
ਉੱਧਰ, ਮਹਾਰਾਸ਼ਟਰ ਸਰਕਾਰ ਅਤੇ ਜਾਂਚ ਏਜੰਸੀਆਂ ਨੂੰ ਇਸ ਹੱਤਿਆ ਬਾਰੇ ਸਬੂਤ ਮਿਲਣ ਦੇ ਬਾਵਜੂਦ ਅੱਜ ਤਕ ਸਾਰੇ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ, ਉਨ੍ਹਾਂ ਨੂੰ ਵੀ ਸਿਆਸੀ ਦਬਾਅ ਹੇਠ ਜਾਂਚ ਏਜੰਸੀਆਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦਸ ਸਾਲ ਬਾਅਦ ਵੀ ਕੋਈ ਸਜ਼ਾ ਨਹੀਂ ਦਿਵਾਈ ਜਾ ਸਕੀ।
ਡਾ. ਦਾਭੋਲਕਰ ਦੀ ਹੱਤਿਆ ਤੋਂ ਬਾਅਦ ਪ੍ਰਸਿੱਧ ਤਰਕਸ਼ੀਲ ਚਿੰਤਕਾਂ ਗੋਬਿੰਦ ਪੰਸਰੇ, ਪ੍ਰੋ. ਐੱਮਐੱਮ ਕਲਬੁਰਗੀ ਅਤੇ ਪੱਤਰਕਾਰ ਗੌਰੀ ਲੰਕੇਸ਼ ਦੀਆਂ ਹੱਤਿਆਵਾਂ ਅਜਿਹੀਆਂ ਨੀਤੀਆਂ ਦਾ ਹੀ ਨਤੀਜਾ ਸਨ।
ਡਾ. ਦਾਭੋਲਕਰ ਨੂੰ ਕਤਲ ਕਰ ਕੇ ਤਰਕਸ਼ੀਲ ਲਹਿਰ ਖਤਮ ਕਰਨ ਦਾ ਭਰਮ ਪਾਲਣ ਵਾਲੀਆਂ ਫਿਰਕੂ ਤਾਕਤਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਦੀਆਂ ਪਹਿਲਾਂ ਵੀ ਫਾਸ਼ੀਵਾਦੀ ਤਾਕਤਾਂ ਨੇ ਪ੍ਰਸਿੱਧ ਚਿੰਤਕਾਂ ਅਤੇ ਵਿਗਿਆਨੀਆਂ ਸੁਕਰਾਤ, ਬਰੂਨੋ ਤੇ ਗੈਲੀਲੀਓ ਨੂੰ ਵਿਗਿਆਨਕ ਵਿਚਾਰ ਪ੍ਰਗਟਾਉਣ ਕਰ ਕੇ ਕਤਲ ਕੀਤਾ ਸੀ, ਇਸ ਦੇ ਬਾਵਜੂਦ ਵਿਗਿਆਨਕ ਵਿਚਾਰਧਾਰਾ ਨੇ ਦੁਨੀਆ ਵਿਚ ਵਿਕਾਸ ਕੀਤਾ ਹੈ। ਇਸ ਲਈ ਸਾਨੂੰ ਡਾ. ਦਾਭੋਲਕਰ ਦੀ ਵਿਗਿਆਨਕ ਵਿਚਾਰਧਾਰਾ ਉਤੇ ਡਟ ਕੇ ਪਹਿਰਾ ਦਿੰਦੇ ਹੋਏ ਵਿਗਿਆਨਕ ਚੇਤਨਾ ਲਹਿਰ ਨੂੰ ਘਰ-ਘਰ ਪਹੁੰਚਾਉਣ ਦੀ ਲੋੜ ਹੈ।
ਸੰਪਰਕ: 76960-30173