ਸੜਕ ’ਤੇ ਰਾਹਗੀਰਾਂ ਲਈ ਅੜਿੱਕਾ ਬਣਿਆ ਟੌਲ ਪਲਾਜ਼ੇ ਦਾ ਢਾਂਚਾ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 17 ਨਵੰਬਰ
ਬਰਨਾਲਾ-ਲੁਧਿਆਣਾ ਰਾਜ ਮਾਰਗ ਉਪਰ ਮਹਿਲ ਕਲਾਂ ’ਚ ਸਥਿਤ ਟੌਲ ਪਲਾਜ਼ਾ ਨੂੰ ਸੂਬਾ ਸਰਕਾਰ ਵੱਲੋਂ ਬੰਦ ਕੀਤਿਆਂ ਅੱਠ ਮਹੀਨੇ ਦਾ ਸਮਾਂ ਬੀਤ ਗਿਆ ਹੈ ਪਰ ਇਸ ਦੇ ਬਾਵਜੂਦ ਅਜੇ ਤੱਕ ਟੌਲ ਪਲਾਜ਼ਾ ਦੀ ਇਮਾਰਤ ਅਤੇ ਢਾਂਚਾ ਸੜਕ ਤੋਂ ਹਟਾਇਆ ਨਹੀਂ ਗਿਆ ਜੋ ਧੁੰਦ ਦੇ ਮੌਸਮ ਵਿੱਚ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਇਸ ਮਲਬੇ ਨੂੰ ਹਟਾਉਣ ਦੀ ਮੰਗ ਕਰਦੇ ਆ ਰਹੇ ਹਨ। ਜਾਣਕਾਰੀ ਅਨੁਸਾਰ ਮਹਿਲ ਕਲਾਂ ਵਿੱਚ ਇਹ ਟੌਲ ਪਲਾਜ਼ਾ ਕਰੀਬ 15 ਸਾਲ ਚਾਲੂ ਰਿਹਾ ਹੈ। ਇਸੇ ਵਰ੍ਹੇ 2 ਅਪਰੈਲ ਨੂੰ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਿਆਦ ਲੰਘਣ ਮਗਰੋਂ ਇਸ ਟੌਲ ਨੂੰ ਬੰਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਸ ਟੌਲ ਉਪਰ ਪਰਚੀ ਦਾ ਕੰਮ ਬੰਦ ਹੋ ਗਿਆ ਪਰ ਅੱਠ ਮਹੀਨੇ ਬੀਤ ਜਾਣ ਦੇ ਬਾਵਜੂਦ ਸੜਕ ਵਿਚਾਲੇ ਟੌਲ ਦੀ ਇਮਾਰਤ ਖੜ੍ਹੀ ਹੈ ਜਿਸ ਨੂੰ ਪਾਸੇ ਹਟਾਉਣ ਲਈ ਪ੍ਰਸ਼ਾਸਨ ਕੋਈ ਕੰਮ ਕਰਦਾ ਦਿਖਾਈ ਨਹੀਂ ਦੇ ਰਿਹਾ। ਇਸ ਟੌਲ ਇਮਾਰਤ ਦਰਮਿਆਨ ਬਣੇ ਚਾਰ ਰਸਤਿਆਂ ਵਿਚੋਂ ਦੋ ਰਸਤੇ ਮਿੱਟੀ ਨਾਲ ਆਰਜ਼ੀ ਤੌਰ ’ਤੇ ਟੌਲ ਕੰਪਨੀ ਵਲੋਂ ਬੰਦ ਕਰ ਦਿੱਤੇ ਗਏ ਹਨ। ਇਸ ਸਬੰਧੀ ਰਾਹਗੀਰਾਂ ਨੂੰ ਸੁਚੇਤ ਕਰਨ ਲਈ ਕੋਈ ਜਨਤਕ ਤੇ ਦਿਸ਼ ਸੂਚਕ ਬੋਰਡ ਨਹੀਂ ਲਾਇਆ ਗਿਆ ਅਤੇ ਨਾ ਹੀ ਬੈਰੀਕੇਟਿੰਗ ਕੀਤੀ ਗਈ ਹੈ ਜਿਸ ਕਰਕੇ ਰਾਤ ਸਮੇਂ ਜਾਂ ਧੁੰਦ ਵਿੱਚ ਵੱਧ ਰਫ਼ਤਾਰ ’ਤੇ ਆ ਰਹੇ ਰਾਹਗੀਰ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।
ਪ੍ਰਸ਼ਾਸਨ ਸੜਕ ’ਚੋਂ ਢਾਂਚਾ ਸਾਫ ਕਰਵਾਏ: ਹਮੀਦੀ
ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਨਾਥ ਸਿੰਘ ਹਮੀਦੀ ਨੇ ਕਿਹਾ ਕਿ ਪ੍ਰਸ਼ਾਸਨ ਦੀ ਇਹ ਵੱਡੀ ਲਾਪਰਵਾਹੀ ਹੈ ਕਿ ਅੱਠ ਮਹੀਨੇ ਬਾਅਦ ਵੀ ਇਸ ਟੌਲ ਦੀ ਇਮਾਰਤ ਨੂੰ ਸੜਕ ਤੋਂ ਹਟਾਇਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਜੇ ਇਸ ਨੂੰ ਨਾ ਹਟਾਇਆ ਤਾਂ ਇਹ ਕਿਸੇ ਲਈ ਜਾਨੀ ਅਤੇ ਮਾਲੀ ਨੁਕਸਾਨ ਦਾ ਵੱਡਾ ਕਾਰਨ ਬਣੇਗਾ, ਜਿਸ ਕਰਕੇ ਇਸ ਨੂੰ ਤੁਰੰਤ ਹਟਾਇਆ ਜਾਵੇ।