ਭਾਰਤ-ਆਸਟਰੇਲੀਆ ਵਿਚਾਲੇ ਖ਼ਿਤਾਬੀ ਮੁਕਾਬਲਾ ਅੱਜ
ਕ੍ਰਿਕਟ ਵਿਸ਼ਵ ਕੱਪ
ਅਹਿਮਦਾਬਾਦ, 18 ਨਵੰਬਰ
ਕ੍ਰਿਕਟ ਵਿਸ਼ਵ ਕੱਪ ਦੀਆਂ ਦੋ ਸਰਵੋਤਮ ਟੀਮਾਂ ਭਾਰਤ ਅਤੇ ਆਸਟਰੇਲੀਆ ਖ਼ਿਤਾਬ ਲਈ ਐਤਵਾਰ ਨੂੰ ਮੈਦਾਨ ਵਿੱਚ ਉਤਰਨਗੀਆਂ। ਇਸ ਦੌਰਾਨ ਦੋਵਾਂ ਟੀਮਾਂ ਦੇ ਖਿਡਾਰੀਆਂ ਦਰਮਿਆਨ ਕੁੱਝ ਸਖ਼ਤ ਵਿਅਕਤੀਗਤ ਭੇੜ ਵੀ ਦੇਖਣ ਨੂੰ ਮਿਲਣਗੇ। ਸਾਰਿਆਂ ਦੀਆਂ ਨਜ਼ਰਾਂ ਕਪਤਾਨ ਰੋਹਿਤ ਸ਼ਰਮਾ ਦੀ ਬੱਲੇਬਾਜ਼ੀ ਅਤੇ ਮੁਹੰਮਦ ਸ਼ਮੀ ਦੀ ਗੇਂਦਬਾਜ਼ੀ ’ਤੇ ਟਿਕੀਆਂ ਹੋਣਗੀਆਂ।
ਭਾਰਤ ਇਕਲੌਤੀ ਅਜਿਹੀ ਟੀਮ ਹੈ ਜਿਸ ਨੇ ਟੂਰਨਾਮੈਂਟ ਦੇ ਸਾਰੇ ਮੈਚ ਜਿੱਤੇ ਹਨ, ਜਦਕਿ ਆਸਟਰੇਲੀਆ ਨੇ ਲਗਾਤਾਰ ਦੋ ਹਾਰਾਂ ਮਗਰੋਂ ਆਪਣੀ ਜੇਤੂ ਲੈਅ ਬਰਕਰਾਰ ਰੱਖੀ ਹੈ। ਟੀਮ ਵਜੋਂ ਭਾਰਤ ਨੇ ਆਸਟਰੇਲੀਆ ਨਾਲੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਇਸ ਹਿਸਾਬ ਨਾਲ ਉਹ 12 ਸਾਲ ਮਗਰੋਂ ਆਪਣੀ ਧਰਤੀ ’ਤੇ ਇਹ ਵੱਕਾਰੀ ਖ਼ਿਤਾਬ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਹੈ। ਹਾਲਾਂਕਿ, ਜਦੋਂ ਆਲਮੀ ਟਰਾਫੀ ਦੀ ਗੱਲ ਆਉਂਦੀ ਹੈ ਤਾਂ ਆਸਟਰੇਲੀਆ ਦਾ ਕੋਈ ਸਾਨੀ ਨਹੀਂ ਹੈ ਅਤੇ ਸੱਤ ਫਾਈਨਲ ਵਿੱਚੋਂ ਪੰਜ ਖ਼ਿਤਾਬ ਜਿੱਤਣਾ ਇਸ ਦਾ ਸਬੂਤ ਹੈ। ਇਸ ਤਰ੍ਹਾਂ ਖ਼ਿਤਾਬੀ ਮੁਕਾਬਲਾ ਰੁਮਾਂਚਕ ਰਹਿਣ ਦੀ ਉਮੀਦ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਪੂਰੇ ਟੂਰਨਾਮੈਂਟ ਦੌਰਾਨ ਸ਼ੁਰੂਆਤੀ ਪਾਵਰਪਲੇਅ ਵਿੱਚ ਗੇਂਦਬਾਜ਼ਾਂ ਨੂੰ ਨਿਸ਼ਾਨਾ ਬਣਾ ਕੇ ਚਰਚਾ ਵਿੱਚ ਰਿਹਾ ਹੈ। ਉਸ ਦੀ ਬੱਲੇਬਾਜ਼ੀ ਨੇ ਬਾਕੀ ਬੱਲੇਬਾਜ਼ਾਂ ਉੱਤੋਂ ਦਬਾਅ ਘੱਟ ਕਰ ਦਿੱਤਾ ਤੇ ਵਿਰਾਟ ਕੋਹਲੀ ਤੇ ਸ਼ੁਭਮਨ ਗਿੱਲ ਵਰਗੇ ਖਿਡਾਰੀ ਆਪਣੀਆਂ ਪਾਰੀਆਂ ਨੂੰ ਅੱਗੇ ਵਧਾਉਣ ਵਿੱਚ ਕਾਮਯਾਬ ਰਹੇ। ਹੁਣ ਸਵਾਲ ਇਹ ਹੈ ਕਿ ਰੋਹਿਤ ਹੁਣ ਕੀ ਭਲਕੇ ਸ਼ੁਰੂਆਤੀ ਪਾਵਰਪਲੇਅ ਵਿੱਚ ਜੋਸ਼ ਹੇਜ਼ਲਵੁੱਡ ਅਤੇ ਮਿਸ਼ੇਲ ਸਟਾਰਕ ਦੀ ਗੇਂਦਬਾਜ਼ੀ ਖ਼ਿਲਾਫ਼ ਆਪਣੀ ਲੈਅ ਬਰਕਰਾਰ ਰੱਖ ਸਕੇਗਾ। ਭਾਰਤ ਫਾਈਨਲ ਵਿੱਚ ਰੋਹਿਤ ’ਤੇ ਕਾਫ਼ੀ ਜ਼ਿਆਦਾ ਨਿਰਭਰ ਰਹੇਗਾ। ਸ਼ਾਇਦ ਇਹ ਰੋਹਿਤ ਦੇ ਕਰੀਅਰ ਦਾ ਸਭ ਤੋਂ ਅਹਿਮ ਮੈਚ ਹੈ ਅਤੇ ਉਮੀਦ ਹੈ ਕਿ ਉਹ ਚੁਣੌਤੀ ਦਾ ਡਟ ਕੇ ਮੁਕਾਬਲਾ ਕਰੇਗਾ। ਛੇ ਮੈਚਾਂ ਵਿੱਚ 23 ਵਿਕਟਾਂ ਲੈਣ ਵਾਲੇ ਸ਼ਮੀ ਲਈ ਇਹ ਟੂਰਨਾਮੈਂਟ ਯਾਦਗਾਰ ਰਿਹਾ ਹੈ। ਕੋਈ ਵੀ ਬੱਲੇਬਾਜ਼ ਇਸ ਦੀ ਗੇਂਦਬਾਜ਼ੀ ਦਾ ਤੋੜ ਨਹੀਂ ਲੱਭ ਸਕਿਆ। ਮੁਹੰਮਦ ਸ਼ਮੀ ਨੇ ਆਪਣੀ ਤੇਜ਼ ਗੇਂਦਬਾਜ਼ੀ ਨਾਲ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰ ਕੇ ਰੱਖਿਆ ਹੈ ਅਤੇ ਬੇਨ ਸਟੋਕਸ ਵਰਗੇ ਚੈਂਪੀਅਨ ਕ੍ਰਿਕਟਰ ਕੋਲ ਵੀ ਉਸ ਦਾ ਕੋਈ ਜਵਾਬ ਨਹੀਂ ਸੀ। -ਪੀਟੀਆਈ
ਇਸੇ ਦਿਨ ਦਾ ਸੁਫ਼ਨਾ ਦੇਖਿਆ ਸੀ: ਰੋਹਿਤ ਸ਼ਰਮਾ
ਭਾਰਤੀ ਕਪਤਾਨ ਰੋਹਿਤ ਸ਼ਰਮਾ ਚਾਹੁੰਦੇ ਹਨ ਕਿ ਉਸ ਦੇ ਸਾਥੀ ਖਿਡਾਰੀ ਐਤਵਾਰ ਨੂੰ ਆਸਟਰੇਲੀਆ ਖ਼ਿਲਾਫ਼ ਹੋਣ ਵਾਲੇ ਵਿਸ਼ਵ ਕੱਪ ਫਾਈਨਲ ਵਿੱਚ ਪਿਛਲੇ ਛੇ ਹਫ਼ਤਿਆਂ ਤੋਂ ਜਾਰੀ ਪ੍ਰਦਰਸ਼ਨ ਨੂੰ ਕਾਇਮ ਰੱਖਦਿਆਂ ਆਪਣੀਆਂ ਭਾਵਨਾਵਾਂ ’ਤੇ ਲਗਾਮ ਕੱਸ ਕੇ ਰੱਖਣ। ਰੋਹਿਤ ਨੇ ਕਿਹਾ ਕਿ ਭਲਕੇ ਦਾ ਦਿਨ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਲ ਹੈ ਜਿਸ ਲਈ ਉਸ ਨੇ ਸੁਫ਼ਨਾ ਦੇਖਿਆ ਸੀ। ਉਸ ਨੇ ਸ਼ਾਇਦ ਆਪਣੇ ਕਰੀਅਰ ਦੇ ਇਸ ਸਭ ਤੋਂ ਵੱਡੇ ਦਿਨ ਦੀ ਪੂਰਬਲੀ ਸੰਧਿਆ ’ਤੇ ਕਿਹਾ, ‘‘ਦੇਖੋ, ਭਾਵਨਾਤਮਕ ਤੌਰ ’ਤੇ ਇਹ ਵੱਡੀ ਚੀਜ਼ ਹੈ, ਵੱਡਾ ਮੌਕਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਕਿਉਂਕਿ ਤੁਹਾਡੀ ਜੋ ਸਖ਼ਤ ਮਿਹਨਤ ਹੈ ਅਤੇ ਸੁਫ਼ਨੇ ਹਨ, ਉਹ ਇਸੇ ਲਈ ਹਨ। ਅਤੇ ਕੱਲ੍ਹ ਇਹ ਦਿਨ ਸਾਡੇ ਸਾਹਮਣੇ ਹੋਵੇਗਾ।’’
ਪਿੱਚ ਦੇ ਰੁਖ਼ ਨੇ ਆਸਟਰੇਲਿਆਈ ਖਿਡਾਰੀ ਸ਼ਸ਼ੋਪੰਜ ’ਚ ਪਾਏ
ਆਸਟਰੇਲੀਆ ਦੇ ਖਿਡਾਰੀ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਦੇ ਰੁਖ਼ ਤੋਂ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਉਨ੍ਹਾਂ ਭਾਰਤ ਖ਼ਿਲਾਫ਼ ਫਾਈਨਲ ਮੈਚ ਤੋਂ ਪਹਿਲਾਂ ਅੱਜ ਇਸ ਪਿੱਚ ਦਾ ਨਿਰੀਖਣ ਕੀਤਾ ਅਤੇ ਫੋਟੋਆਂ ਵੀ ਖਿੱਚੀਆਂ। ਹਾਲਾਂਕਿ, ਮੈਚ ਤੋਂ ਪਹਿਲਾਂ ਪਿੱਚ ਦਾ ਮੁਆਇਨਾ ਕਰਨਾ ਆਮ ਹੈ, ਪਰ ਫੋਟੋਆਂ ਖਿੱਚਣਾ ਥੋੜ੍ਹੀ ਜਿਹੀ ਅਜੀਬ ਗੱਲ ਜਾਪੀ। ਉਨ੍ਹਾਂ ਸ਼ਾਇਦ ਇਹ ਤਸਵੀਰ ਡਰੈਸਿੰਗ ਰੂਮ ਵਿੱਚ ਚਰਚਾ ਅਤੇ ਰਣਨੀਤੀ ਘੜਨ ਲਈ ਹੈ। ਇਸ ਪਿੱਚ ’ਤੇ ਦੋਵਾਂ ਟੀਮਾਂ ਦਰਮਿਆਨ ਐਤਵਾਰ ਨੂੰ ਮੁਕਾਬਲਾ ਹੋਵੇਗਾ। ਆਸਟਰੇਲਿਆਈ ਕਪਤਾਨ ਪੈਟ ਕਮਿਨਸ ਅੱਜ ਇਹ ਪਿੱਚ ਦੇਖਣ ਲਈ ਆਇਆ। ਵੱਡੇ ਮੈਚ ਤੋਂ ਪਹਿਲਾਂ ਸ਼ਾਇਦ ਆਸਟਰੇਲਿਆਈ ਖਿਡਾਰੀਆਂ ਵਿੱਚ ਪਿੱਚ ਨੂੰ ਲੈ ਕੇ ਸ਼ੰਕਾ ਬਣੀ ਹੋਈ ਹੈ।