For the best experience, open
https://m.punjabitribuneonline.com
on your mobile browser.
Advertisement

ਸਮਾਂ

06:06 AM Aug 01, 2024 IST
ਸਮਾਂ
Advertisement

ਸਰੋਜ

Advertisement

ਸਮਾਂ ਕਿਸੇ ਦੀ ਮੁੱਠੀ ਵਿੱਚ ਕੈਦ ਨਹੀਂ ਹੋ ਸਕਦਾ। ਸਮਾਂ ਮੁੱਠੀ ਵਿੱਚੋਂ ਰੇਤ ਵਾਂਗੂੰ ਕਿਰਦਾ ਰਹਿੰਦਾ ਹੈ ਪਰ ਸਮੇਂ ਨਾਲ ਬੀਤ ਗਈਆਂ ਕੁਝ ਤਲਖ਼ ਯਾਦਾਂ ਤੁਹਾਨੂੰ ਚੇਤੇ ਰਹਿੰਦੀਆਂ ਹਨ। ਇਉਂ ਹੀ ਦਹਾਕੇ ਤੋਂ ਵੀ ਵੱਧ ਸਮਾਂ ਪੁਰਾਣੀ ਇੱਕ ਤਲਖ਼ ਯਾਦ ਅਜੇ ਵੀ ਮਨ ’ਤੇ ਉੱਕਰੀ ਪਈ ਹੈ। ਕਹਿੰਦੇ ਹਨ ਕਿ ਵਾਹ ਪਿਆ ਜਾਣੇ ਜਾਂ ਰਾਹ ਪਿਆ ਜਾਣੇ। ਜਦੋਂ ਤੱਕ ਤੁਸੀਂ ਆਪ ਕਿਸੇ ਮੁਸੀਬਤ ਵਿੱਚ ਨਹੀਂ ਪੈਂਦੇ ਤੁਹਾਨੂੰ ਅਸਲ ਜ਼ਿੰਦਗੀ ਦੀ ਸਮਝ ਨਹੀਂ ਆਉਂਦੀ। ਜ਼ਿੰਦਗੀ ਤਜਰਬਿਆਂ ਦਾ ਹੀ ਦੂਜਾ ਨਾਂ ਹੈ। ਮੇਰੇ ਡੈਡੀ ਕਹਿੰਦੇ ਹੁੰਦੇ ਸੀ, ‘‘ਕੰਮ ਹੀ ਸਾਡੀ ਪੂਜਾ ਹੈ। ਜੇ ਅਸੀਂ ਇਮਾਨਦਾਰੀ ਨਾਲ ਆਪਣਾ ਫ਼ਰਜ਼ ਨਿਭਾ ਰਹੇ ਹਾਂ, ਸਿੱਧੇ ਰਸਤੇ ਉੱਤੇ ਚੱਲ ਰਹੇ ਹਾਂ, ਦੂਜਿਆਂ ਵਾਸਤੇ ਵਧੀਆ ਵਿਚਾਰ ਰੱਖਦੇ ਹਾਂ ਤਾਂ ਤੁਹਾਡੇ ਨਾਲ ਵੀ ਕਦੇ ਮਾੜਾ ਨਹੀਂ ਵਾਪਰਦਾ। ਆਪਣੇ ਕੰਮ ਪ੍ਰਤੀ ਵਫ਼ਾਦਾਰੀ ਅਤੇ ਤਨਦੇਹੀ ਵਾਲਾ ਰਵੱਈਆ ਹਮੇਸ਼ਾ ਰੱਖੋ।’’ ਮੇਰੇ ਡੈਡੀ ਮੇਰੇ ਆਦਰਸ਼ ਰਹੇ ਹਨ ਤੇ ਮੈਂ ਸਦਾ ਹੀ ਉਨ੍ਹਾਂ ਦੇ ਪਦ ਚਿੰਨ੍ਹਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰਦੀ ਹਾਂ। ਸਕੂਲ ਵਿੱਚ ਅਧਿਆਪਕਾ ਹੋਣ ਨਾਤੇ ਮੈਂ ਕਦੇ ਆਪਣੇ ਕੰਮ ਵਿੱਚ ਕੁਤਾਹੀ ਨਹੀਂ ਵਰਤੀ। ਰੋਜ਼ ਸਮੇਂ ਸਿਰ ਸਕੂਲ ਜਾਣਾ ਅਤੇ ਪੀਰੀਅਡ ਲਾਉਣੇ, ਪ੍ਰਿੰਸੀਪਲ ਵੱਲੋਂ ਦਿੱਤੇ ਫੰਡ ਦਾ ਕੰਮ ਜਾਂ ਕੋਈ ਹੋਰ ਡਿਊਟੀ ਪਹਿਲ ਦੇ ਆਧਾਰ ’ਤੇ ਕਰਦੀ ਹਾਂ। ਗ਼ਰੀਬ ਅਤੇ ਲੋੜਵੰਦ ਬੱਚਿਆਂ ਦੀ ਮਦਦ ਕਰਦੀ ਹਾਂ। ਅੱਜ ਮੈਂ ਤੁਹਾਡੇ ਨਾਲ ਆਪਣੇ ਸਕੂਲ ਵਿੱਚ ਇੱਕ ਮੰਤਰੀ ਦੇ ਆਉਣ ਦੀ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਰਾਜਨੀਤਿਕ ਲੋਕਾਂ ਦੀ ਸਿਆਸਤ ਕਾਰਨ ਆਪਣੇ ਕੰਮ ਲਈ ਪ੍ਰਤੀਬੱਧ ਅਧਿਆਪਕ ਕਿਵੇਂ ਮਾਨਸਿਕ ਪੀੜਾ ’ਚੋਂ ਲੰਘਦਾ ਹੈ।
ਇਹ ਗੱਲ ਅਗਸਤ 2012 ਦੀ ਹੈ। ਸਕੂਲ ਤਿੰਨ ਦਿਨ ਛੁੱਟੀ ਹੋਣ ਕਰਕੇ ਬੰਦ ਸੀ। ਸੋਮਵਾਰ ਨੂੰ ਮੇਰੀ ਭੂਆ ਦੇ ਮੁੰਡੇ ਦਾ ਅਪਰੇਸ਼ਨ ਹੋਣਾ ਸੀ। ਇਸ ਲਈ ਮੈਂ ਅਚਨਚੇਤ ਛੁੱਟੀ ’ਤੇ ਸੀ। ਮੈਨੂੰ ਸਕੂਲ ਵਿੱਚੋਂ ਪ੍ਰਿੰਸੀਪਲ ਜਾਂ ਕਿਸੇ ਵੀ ਹੋਰ ਸੀਨੀਅਰ ਅਧਿਆਪਕ ਦਾ ਫੋਨ ਨਹੀਂ ਆਇਆ ਕਿ ਅੱਜ ਸਕੂਲ ਮੰਤਰੀ ਜੀ ਆ ਰਹੇ ਹਨ, ਤੁਸੀ ਜ਼ਰੂਰ ਪਹੁੰਚੋ। ਜੇ ਇਸ ਤਰ੍ਹਾਂ ਦਾ ਕੋਈ ਵੀ ਸੰਦੇਸ਼ ਸਾਨੂੰ ਮਿਲਦਾ ਤਾਂ ਸਾਰੇ ਕੰਮ ਵਿੱਚੇ ਛੱਡ ਕੇ ਮੈਂ ਸਕੂਲ ਦੌੜਨਾ ਸੀ।
ਸਕੂਲ ਵਿੱਚ ਮੰਤਰੀ ਜੀ ਦਾ ਆਉਣਾ ਵੀ ਕੋਈ ਆਮ ਨਿਰੀਖਣ ਨਹੀਂ ਸੀ। ਪਿੰਡ ਵਿੱਚ ਦੋ ਪਾਰਟੀਆਂ ਦੇ ਧੜੇ ਸਰਗਰਮ ਸਨ। ਦੋਵੇਂ ਹੀ ਆਪੋ ਆਪਣੇ ਨੇਤਾ ਪਾਸੋਂ ਸਕੂਲ ਵਿੱਚ ਨਵੀਂ ਬਣੀ ਕੰਪਿਊਟਰ ਲੈਬ ਦਾ ਉਦਘਾਟਨ ਕਰਵਾਉਣਾ ਚਾਹੁੰਦੇ ਸਨ ਅਤੇ ਸੱਤਾਧਾਰੀ ਸਿਆਸੀ ਧਿਰ ਬਾਜ਼ੀ ਮਾਰ ਗਈ। ਮੰਤਰੀ ਜੀ ਦੇ ਆਉਣ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੇ ਬੰਦਿਆਂ ਨੇੇ ਸਕੂਲ ਵਿੱਚ ਖੱਪ ਵੀ ਪਾਈ ਸੀ ਜਿਸ ਕਾਰਨ ਸਕੂਲ ਸਟਾਫ ਵੀ ਡਰ ਗਿਆ ਸੀ। ਮੰਤਰੀ ਜੀ ਕੀ ਕੁਝ ਕਰ ਸਕਦੇ ਹਨ, ਇਸ ਦਾ ਪਤਾ ਤਾਂ ਬਾਅਦ ਵਿੱਚ ਲੱਗਾ। ਮੰਤਰੀ ਜੀ ਦਾ ਸਕੂਲ ਵਿੱਚ ਸੁਆਗਤ ਨਹੀਂ ਹੋਇਆ। ਉਨ੍ਹਾਂ ਸਕੂਲ ਵਿੱਚ ਸ਼ਾਮਲ ਸਟਾਫ ਨੂੰ ਉਸ ਵੇਲੇ ਤਾਂ ਕੁਝ ਨਾ ਕਿਹਾ। ਬਾਅਦ ਵਿੱਚ ਜੋ ਛੁੱਟੀ ’ਤੇ ਸਨ ਉਨ੍ਹਾਂ ਦੀ ਰਿਪੋਰਟ ਤਿਆਰ ਕਰਨ ਨੂੰ ਕਿਹਾ। ਬਦਕਿਸਮਤੀ ਨਾਲ ਅਸੀਂ ਉਨ੍ਹਾਂ ਵਿੱਚ ਹੀ ਸ਼ਾਮਲ ਸੀ। ਸਾਨੂੰ ਕਾਰਨ ਦੱਸੋ ਨੋਟਿਸ ਜਾਰੀ ਹੋ ਗਏ ਕਿ ਤੁਸੀਂ ‘ਪ੍ਰੋਟੋਕੋਲ’ ਦੀ ਉਲੰਘਣਾ ਕੀਤੀ ਹੈ। ਤੁਸੀਂ ਸਜ਼ਾ ਦੇ ਹੱਕਦਾਰ ਹੋ। ਅਸੀਂ ਤਾਂ ਸੋਚਿਆ ਸੀ ਕਿ ਅਧਿਆਪਕ ਦਾ ਕੰਮ ਪੜ੍ਹਨਾ ਤੇ ਪੜ੍ਹਾਉਣਾ ਹੀ ਹੈ, ਉਹ ਸਿਆਸਤ ਤੋਂ ਦੂਰ ਹੀ ਰਹਿੰਦੇ ਹਨ। ਅਸੀਂ ਚਿੱਠੀਆਂ ਪ੍ਰਾਪਤ ਕਰਕੇ ਵੀ ਆਪਣੇ ਆਪ ਨੂੰ ਗੁਨਾਹਗਾਰ ਨਹੀਂ ਸਮਝ ਰਹੇ ਸੀ ਕਿਉਂਕਿ ਅਸੀਂ ਤਾਂ ਬੇਕਸੂਰ ਸਾਂ। ਅਚਨਚੇਤ ਛੁੱਟੀ ਲੈਣਾ ਸਾਡਾ ਅਧਿਕਾਰ ਹੈ। ਪ੍ਰਿੰਸੀਪਲ ਨੇ ਸਾਡੀ ਛੁੱਟੀ ਭਰੀ ਹੋਈ ਸੀ। ਹੁਣ ਉਹ ਵੀ ਅਣਭੋਲ ਹੀ ਫਸ ਗਏ ਕਿ ਪ੍ਰਿੰਸੀਪਲ ਨੇ ਸਾਡੀਆਂ ਛੁੱਟੀਆਂ ਕਿਉਂ ਮਨਜ਼ੂਰ ਕੀਤੀਆਂ।
ਉਸ ਤੋਂ ਬਾਅਦ ਅਸੀਂ ਇੱਕ ਵੱਡੇ ਚੱਕਰਵਿਊਹ ਵਿੱਚ ਉਲਝ ਗਏ। ਇੱਕ ਸਾਲ ਅਸੀਂ ਮੰਤਰੀ ਪਿੱਛੇ ਘੁੰਮਦੇ ਰਹੇ। ਉਸ ਨੂੰ ਅਣਗਿਣਤ ਬੇਨਤੀ ਪੱਤਰ ਲਿਖੇ ਕਿ ਸਾਡੀ ਗ਼ਲਤੀ ਮੁਆਫ਼ ਕੀਤੀ ਜਾਵੇ ਕਿਉਂਕਿ ਇਹ ਜਾਣਬੁੱਝ ਕੇ ਕੀਤੀ ਗ਼ਲਤੀ ਨਹੀਂ। ਪਰ ਉਸ ਮੰਤਰੀ ਨੂੰ ਆਪਣੀ ਕੁਰਸੀ ਦਾ ਬੇਹੱਦ ਨਸ਼ਾ ਸੀ। ਅਸਲ ਸਿਆਸਤ ਬਾਰੇ ਸਮਝ ਤਾਂ ਇਸ ਘੁੰਮਣਘੇਰੀ ਵਿੱਚ ਫਸ ਕੇ ਆਈ ਕਿ ਕਿਵੇਂ ਸੱਤਾ ਦੀ ਕੁਰਸੀ ਉੱਤੇ ਬੈਠਾ ਬੰਦਾ ਸਮੇਂ ਨੂੰ ਆਪਣੀ ਮੁੱਠੀ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕਰਦਾ ਹੈ।
ਕਲਰਕ ਸਾਡੀ ਹਾਲਤ ’ਤੇ ਹੱਸਣ ਕਿ ਚਿੱਠੀਆਂ ਦਾ ਜਵਾਬ ਲਿਖਣ ਤੋਂ ਪਹਿਲਾਂ ਸਾਨੂੰ ਕਿਉਂ ਨਹੀਂ ਮਿਲੇ, ਅਸੀਂ ਹੀ ਤਾਂ ਕੋਈ ਰਾਹ ਦੱਸਣਾ ਸੀ। ਵਿਭਾਗ ਦੇ ਡਾਇਰੈਕਟਰ ਨੇ ਵੀ ਇੱਕ ਨਾ ਸੁਣੀ। ਸੌ ਹੱਥ ਰੱਸਾ ਸਿਰੇ ’ਤੇ ਗੰਢ। ਅਖੇ, ਉਸੇ ਮੰਤਰੀ ਨੂੰ ਮਿਲੋ ਜਿਸ ਨੇ ਤੁਹਾਡੇ ਖ਼ਿਲਾਫ਼ ਕਾਰਵਾਈ ਲਈ ਲਿਖਿਆ। ਅਸੀਂ ਫਿਰ ਮੰਤਰੀ ਕੋਲ ਜਾਂਦੇ, ਉਹ ਸਾਡੀ ਕੋਈ ਗੱਲ ਨਾ ਸੁਣਦਾ। ਸਾਨੂੰ ਲੱਗਾ ਕਿ ਸਾਡੀ ਕਿਧਰੇ ਵੀ ਸੁਣਵਾਈ ਨਹੀਂ। ਫਿਰ ਸਾਨੂੰ ਸਜ਼ਾ ਸੁਣਾ ਦਿੱਤੀ ਗਈ। ਸਾਰੇ ਅਧਿਆਪਕਾਂ ਨੇ ਅਦਾਲਤ ਦਾ ਰੁਖ਼ ਕੀਤਾ। ਅਦਾਲਤ ਨੇ ਤਿੰਨ ਸਾਲਾਂ ਬਾਅਦ ਫ਼ੈਸਲਾ ਸਾਡੇ ਹੱਕ ਵਿੱਚ ਦੇ ਦਿੱਤਾ ਅਤੇ ਸਾਡੀ ਸਜ਼ਾ ਮੁਆਫ਼ ਹੋ ਗਈ।
ਮੇਰੇ ਸਮੇਤ ਸਕੂਲ ਦੇ ਸਾਰੇ ਅਧਿਆਪਕ ਮਾਨਸਿਕ ਪੀੜਾ ਵਿੱਚੋਂ ਜਿਸ ਤਰ੍ਹਾਂ ਲੰਘੇ ਉਹ ਸਾਨੂੰ ਹੀ ਪਤਾ ਹੈ। ਸਮੇਂ ਨੇ ਉਸ ਮੰਤਰੀ ਨੂੰ ਵੀ ਕੁਝ ਸਾਲਾਂ ਬਾਅਦ ਸਜ਼ਾ ਦੇ ਦਿੱਤੀ। ਮਾੜੇ ਕੰਮਾਂ ਨੇ ਉਹਦੇ ਮੱਥੇ ਉੱਤੇ ਕਾਲਖ ਲਗਾ ਦਿੱਤੀ ਅਤੇ ਉਹਦਾ ਸਿਆਸੀ ਜੀਵਨ ਖ਼ਤਮ ਹੋ ਕੇ ਰਹਿ ਗਿਆ। ਹੁਣ ਸੋਚਦੀ ਹਾਂ ਸਮਾਂ ਬੜਾ ਬਲਵਾਨ ਹੁੰਦਾ ਹੈ। ਉਹ ਗ਼ਲਤ ਬੰਦੇ ਨੂੰ ਸਜ਼ਾ ਦੇ ਹੀ ਦਿੰਦਾ ਹੈ।
ਸੰਪਰਕ: 94642-36953

Advertisement

Advertisement
Author Image

joginder kumar

View all posts

Advertisement