ਸਾਂਝੀ ਬ੍ਰਿਕਸ ਕਰੰਸੀ ਦਾ ਹਾਲੇ ਸਮਾਂ ਨਹੀਂ ਆਇਆ: ਪੂਤਿਨ
ਮਾਸਕੋ, 19 ਅਕਤੂਬਰ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਸਾਂਝੀ ਬ੍ਰਿਕਸ ਕਰੰਸੀ ਦਾ ਹਾਲੇ ਸਮਾਂ ਨਹੀਂ ਆਇਆ ਹੈ। ਉਂਝ ਉਨ੍ਹਾਂ ਕਿਹਾ ਕਿ 10 ਮੁਲਕਾਂ ’ਤੇ ਆਧਾਰਿਤ ਗਰੁੱਪ ਦੁਵੱਲੇ ਵਪਾਰ ਅਤੇ ਨਿਵੇਸ਼ ’ਚ ਡਿਜੀਟਲ ਕਰੰਸੀਆਂ ਦੀ ਵਰਤੋਂ ਬਾਰੇ ਵਿਚਾਰ ਕਰ ਰਿਹਾ ਹੈ। ਇਸ ਯੋਜਨਾ ’ਤੇ ਰੂਸ ਅਤੇ ਭਾਰਤ ਤੇ ਹੋਰ ਮੁਲਕਾਂ ਨਾਲ ਪਹਿਲਾਂ ਤੋਂ ਹੀ ਕੰਮ ਚੱਲ ਰਿਹਾ ਹੈ। ਰੂਸ ਵੱਲੋਂ ਕਜ਼ਾਨ ਦੇ ਤਤਾਰਸਤਾਨ ਸ਼ਹਿਰ ’ਚ ਅਗਲੇ ਹਫ਼ਤੇ 16ਵੇਂ ਸਾਲਾਨਾ ਬ੍ਰਿਕਸ ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਅਤੇ 23 ਅਕਤੂਬਰ ਨੂੰ ਹੋਣ ਵਾਲੇ ਸਿਖਰ ਸੰਮੇਲਨ ’ਚ ਹਿੱਸਾ ਲੈਣਗੇ। ਬ੍ਰਿਕਸ ’ਚ ਨਵੇਂ ਮੈਂਬਰ ਜੋੜੇ ਜਾਣ ਮਗਰੋਂ ਇਹ ਪਹਿਲਾ ਸਿਖਰ ਸੰਮੇਲਨ ਹੋਵੇਗਾ।
ਬ੍ਰਿਕਸ ਮੈਂਬਰ ਮੁਲਕਾਂ ਦੇ ਚੋਣਵੇਂ ਸੀਨੀਅਰ ਸੰਪਾਦਕਾਂ ਦੇ ਗਰੁੱਪ ਨਾਲ ਆਪਣੀ ਸਰਕਾਰੀ ਰਿਹਾਇਸ਼ ਨੋਵੋ-ਓਗਾਰਯੋਵੋ ’ਤੇ ਗੱਲਬਾਤ ਕਰਦਿਆਂ ਪੂਤਿਨ ਨੇ ਕਿਹਾ, ‘‘ਬ੍ਰਿਕਸ ਕਰੰਸੀ ਭਵਿੱਖ ਦੀ ਯੋਜਨਾ ਹੈ ਅਤੇ ਇਸ ਬਾਰੇ ਕੋਈ ਵਿਚਾਰ ਨਹੀਂ ਹੋ ਰਿਹਾ ਹੈ। ਬ੍ਰਿਕਸ ਪੂਰੀ ਸਾਵਧਾਨੀ ਅਤੇ ਹੌਲੀ ਰਫ਼ਤਾਰ ਨਾਲ ਅਗਾਂਹ ਵਧੇਗਾ। ਇਸ ਦਾ ਅਜੇ ਸਮਾਂ ਨਹੀਂ ਆਇਆ ਹੈ।’’ ਪੂਤਿਨ ਨੇ ਕਿਹਾ ਕਿ ਕੌਮੀ ਕਰੰਸੀਆਂ ਦੀ ਵਰਤੋਂ ਦੇ ਵਿਸਥਾਰ ਦੀ ਸੰਭਾਵਨਾ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਬ੍ਰਿਕਸ ਸੁਰੱਖਿਅਤ ਸਾਧਨ ਸਥਾਪਿਤ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਗਰੁੱਪ ਇਕ ਟੂਲਕਿਟ ਬਣਾਏਗਾ ਜੋ ਸਬੰਧਤ ਬ੍ਰਿਕਸ ਸੰਸਥਾਵਾਂ ਦੀ ਨਿਗਰਾਨੀ ਹੇਠ ਹੋਣਗੀਆਂ। ਸੰਭਾਵਿਤ ਬ੍ਰਿਕਸ ਰਿਜ਼ਰਵ ਕਰੰਸੀ ਬਾਰੇ ਪੂਤਿਨ ਨੇ ਕਿਹਾ ਕਿ ਇਸ ਬਾਰੇ ਭਾਰਤ, ਚੀਨ ਅਤੇ ਬ੍ਰਾਜ਼ੀਲ ਨਾਲ ਪਹਿਲਾਂ ਹੀ ਵਿਚਾਰ ਵਟਾਂਦਰਾ ਹੋ ਰਿਹਾ ਹੈ।
ਪੇਅ ਮੰਚ ਸ਼ੁਰੂ ਕਰਨ ਦੀ ਵੀ ਤਿਆਰੀ
ਡਿਜੀਟਲ ਕਰੰਸੀਆਂ ਦੇ ਨਾਲ ਨਾਲ ਬ੍ਰਿਕਸ ਪੇਅ ਮੰਚ ਵੀ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਬਲਾਕਚੇਨ ਆਧਾਰਿਤ ਅਦਾਇਗੀ ਪ੍ਰਣਾਲੀ ਹੈ, ਜਿਸ ਦਾ ਉਦੇਸ਼ ਭਾਈਵਾਲਾਂ ’ਚ ਸਰਹੱਦ ਪਾਰ ਲੈਣ-ਦੇਣ ਨੂੰ ਸੁਖਾਲਾ ਬਣਾਉਣਾ ਹੈ। -ਪੀਟੀਆਈ