ਆਇਆ ਸਮਾਂ ਅਨੋਖਾ...
ਸਵਰਾਜਬੀਰ
ਕਿਸੇ ਵੀ ਸਮਾਜ ਦੇ ਸਭ ਤੋਂ ਵੱਡੇ ਸਬਕ ਵਰਤਮਾਨ ਅਤੇ ਤਜਰਬੇ ਤੋਂ ਸਿੱਖੇ ਜਾਂਦੇ ਹਨ। ਸਾਡੇ ਦੇਸ਼ ਦੀ ਸਿਆਸਤ ਵਿਚ ਪਿਛਲੇ ਕੁਝ ਮਹੀਨਿਆਂ ਦੌਰਾਨ ਇਹ ਮਸਲੇ ਉੱਭਰੇ ਹਨ : ਦਿੱਲੀ ਵਿਚ ਕੇਂਦਰ ਸਰਕਾਰ ਦਾ ਇਕ ਆਰਡੀਨੈਂਸ ਜਾਰੀ ਕਰ ਕੇ ਚੁਣੀ ਹੋਈ ਸਰਕਾਰ ਦੀਆਂ ਤਾਕਤਾਂ ਸੀਮਤ ਕਰਨ ਦਾ ਯਤਨ, ਰਾਹੁਲ ਗਾਂਧੀ ਨੂੰ ਲੋਕ ਸਭਾ ਵਿਚੋਂ ਬਰਖ਼ਾਸਤ ਕਰਨਾ, ਮਨੀਪੁਰ ਵਿਚ ਹੋਈ ਹਿੰਸਾ ਅਤੇ ਉਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ, ਵਿਰੋਧੀ ਪਾਰਟੀਆਂ ਦੁਆਰਾ ਭਾਜਪਾ-ਵਿਰੋਧੀ ਮੁਹਾਜ਼ ਕਾਇਮ ਕਰਨ ਦੀ ਕੋਸ਼ਿਸ਼, ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਵਿਚ ਟੁੱਟ-ਭੱਜ ਅਤੇ ਪੱਛਮੀ ਬੰਗਾਲ ਵਿਚ ਚੋਣਾਂ ਦੌਰਾਨ ਹੋਇਆ ਖ਼ੂਨ-ਖਰਾਬਾ ਆਦਿ। ਇਨ੍ਹਾਂ ਵਿਚ ਸਭ ਤੋਂ ਮਹੱਤਵਪੂਰਨ ਸੁਨੇਹਾ ਮਨੀਪੁਰ ਵਿਚ ਹੋਈ ਹਿੰਸਾ ਸਬੰਧੀ ਪ੍ਰਧਾਨ ਮੰਤਰੀ ਦੀ ਚੁੱਪ ਤੋਂ ਮਿਲਦਾ ਹੈ; ਇਹ ਸੁਨੇਹਾ ਇਹ ਹੈ ਕਿ ਇਹ ਅਜਿਹੇ ਸਮੇਂ ਹਨ ਜਨਿ੍ਹਾਂ ਵਿਚ ਸਿਆਸੀ ਆਗੂ ਕਿਸੇ ਮਹੱਤਵਪੂਰਨ ਘਟਨਾ ਬਾਰੇ ਚੁੱਪ ਰਹਿ ਕੇ ਲੋਕਾਂ ਵਿਚ ਵਿਚਰ ਸਕਦੇ ਹਨ। ਇਸ ਤਰ੍ਹਾਂ ਚੁੱਪ ਰਹਿਣਾ ਕੋਈ ਨਵਾਂ ਵਰਤਾਰਾ ਨਹੀਂ, ਅਜਿਹਾ ਪਹਿਲਾਂ ਵੀ ਹੁੰਦਾ ਆਇਆ ਹੈ।
ਇਸ ਦੀਆਂ ਬਹੁਤ ਪੁਰਾਤਨ ਸਮਿਆਂ ਦੀਆਂ ਮਿਸਾਲਾਂ ਵੀ ਦਿੱਤੀਆਂ ਜਾ ਸਕਦੀਆਂ ਹਨ ਅਤੇ ਆਧੁਨਿਕ ਸਮਿਆਂ ਵਿਚੋਂ ਵੀ। ਪੰਜਾਬ ਦੇ ਇਤਿਹਾਸ ਵਿਚ ਇਕ ਦੁਖਾਂਤਕ ਮਿਸਾਲ 1919 ਦੇ ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਦੀ ਹੈ ਜਦੋਂ ਪੰਜਾਬ ਦੇ ਨਾਮਵਰ ਬੁੱਧੀਜੀਵੀ, ਸਾਹਿਤਕਾਰ ਅਤੇ ਵਿਦਵਾਨ ਇਸ ਸਾਕੇ ਬਾਰੇ ਚੁੱਪ ਰਹੇ; ਇਸ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਦਾ ਕੰਮ ਪ੍ਰਮੁੱਖ ਤੌਰ ’ਤੇ ਆਜ਼ਾਦੀ ਲਈ ਸੰਘਰਸ਼ ਕਰ ਰਹੇ ਸਿਆਸਤਦਾਨਾਂ ਅਤੇ ਲੋਕ-ਕਵੀਆਂ ਦੇ ਹਿੱਸੇ ਆਇਆ ਜਾਂ ਰਾਬਿੰਦਰ ਨਾਥ ਟੈਗੋਰ ਜਿਹੇ ਸਾਹਿਤਕਾਰਾਂ ਦੇ। ਉਸ ਸਮੇਂ ਦੀ ਸਰਕਾਰ ਦੀ ਝੋਲੀ ਚੁੱਕਣ ਵਾਲੇ ਸਿਆਸੀ ਤੇ ਸਮਾਜਿਕ ਆਗੂ ਵੀ ਚੁੱਪ ਰਹੇ। ਚੁੱਪ ਰਹਿਣ ਵਾਲੇ ਸਿਆਸੀ ਆਗੂਆਂ, ਬੁੱਧੀਜੀਵੀਆਂ ਤੇ ਸਾਹਿਤਕਾਰਾਂ ਨੂੰ ਮਹਾਨ ਵਿਅਕਤੀਆਂ ਵਜੋਂ ਮਾਨਤਾ ਮਿਲਦੀ ਰਹੀ ਹੈ।
ਕਈ ਵਾਰ ਮਨੁੱਖ ਆਪਣੇ ਆਪ ਨੂੰ ਬਚਾਉਣ ਲਈ ਚੁੱਪ ਰਹਿੰਦਾ ਹੈ, ਕਈ ਵਾਰ ਸਿਆਸਤ ਤੇ ਵਾਦ-ਵਿਵਾਦ ਦੇ ਪਚੜਿਆਂ ਤੋਂ ਬਚਣ ਲਈ, ਕਈ ਵਾਰ ਉਹ ਬੇਬਸੀ ਕਾਰਨ ਚੁੱਪ ਹੋ ਜਾਂਦਾ ਹੈ, ਉਸ ਦੇ ਬੋਲਾਂ ਨੂੰ ਸਮਾਜਿਕ ਹਮਾਇਤ ਨਹੀਂ ਮਿਲਦੀ, ਕਈ ਵਾਰ ਉਹ ਦੁਖਾਂਤ ਕਾਰਨ ਸਕਤੇ ਵਿਚ ਆ ਜਾਂਦਾ ਹੈ ਪਰ ਇੱਥੇ ਸਵਾਲ ਆਮ ਲੋਕਾਂ ਦੀ ਚੁੱਪ ਦਾ ਨਹੀਂ ਸਗੋਂ ਤਾਕਤਵਰ ਸਿਆਸੀ ਆਗੂਆਂ ਦੀ ਚੁੱਪ ਦਾ ਹੈ; ਬੁੱਧੀਜੀਵੀਆਂ ਅਤੇ ਵਿਦਵਾਨਾਂ ਦੀ ਚੁੱਪ ਦਾ ਹੈ।
ਕਿਸੇ ਅਨਿਆਂਪੂਰਨ ਵਰਤਾਰੇ ਬਾਰੇ ਤਾਕਤਵਰਾਂ ਦੀ ਚੁੱਪ ਇਹ ਦੱਸਦੀ ਹੈ ਕਿ ਉਹ ਉਸ ਵਰਤਾਰੇ ਵਿਰੁੱਧ ਬੋਲਣਾ ਨਹੀਂ ਚਾਹੁੰਦੇ। ਕਿਉਂ ਬੋਲਣਾ ਨਹੀਂ ਚਾਹੁੰਦੇ? ਇਸ ਪ੍ਰਸ਼ਨ ਦਾ ਉੱਤਰ ਸਰਲ ਹੈ : ਕਿਉਂਕਿ ਬੋਲਣ ਨਾਲ ਉਨ੍ਹਾਂ ਦੀ ਤਾਕਤ ਘਟਣ ਦੇ ਇਮਕਾਨ ਹੋ ਸਕਦੇ ਹਨ ਜਾਂ ਫਿਰ ਉਹ ਉਸ ਵਰਤਾਰੇ ਨਾਲ ਸਹਿਮਤੀ ਪ੍ਰਗਟਾ ਰਹੇ ਹੁੰਦੇ ਹਨ।
ਪਿਛਲੇ ਕੁਝ ਵਰ੍ਹਿਆਂ ਤੋਂ ਚੁੱਪ ਨੂੰ ਸਿਆਸੀ ਸੰਦ ਵਜੋਂ ਵਰਤਣ ਦਾ ਵਰਤਾਰਾ ਵਧਿਆ ਹੈ; ਬਹੁਤ ਸਾਰੇ ਸਿਆਸੀ ਆਗੂ ਜੰਮੂ ਕਸ਼ਮੀਰ ਵਿਚ ਵਾਪਰੀਆਂ ਘਟਨਾਵਾਂ ਬਾਰੇ ਚੁੱਪ ਰਹੇ ਹਨ, ਨਾਗਰਿਕਤਾ ਸੋਧ ਕਾਨੂੰਨ, ਹਜੂਮੀ ਹਿੰਸਾ, ਨਫ਼ਰਤੀ ਭਾਸ਼ਣਾਂ, ਫ਼ਿਰਕੂ ਦੰਗਿਆਂ ਅਤੇ ਜਾਤ ਤੇ ਧਰਮ ਦੇ ਆਧਾਰ ’ਤੇ ਹੁੰਦੇ ਵਿਤਕਰਿਆਂ ਬਾਰੇ ਚੁੱਪ ਰਹੇ ਹਨ। ਲੋਕ ਉਨ੍ਹਾਂ ਦੀ ਚੁੱਪ ਨੂੰ ਸਵੀਕਾਰ ਕਰ ਕੇ ਚੋਣਾਂ ਵਿਚ ਉਨ੍ਹਾਂ ਨੂੰ ਮੁੜ ਮੁੜ ਵੋਟਾਂ ਪਾਉਂਦੇ ਰਹੇ ਹਨ। ਕਿਉਂ? ਇਸ ਸਵਾਲ ਦਾ ਜਵਾਬ ਦੇਣਾ ਆਸਾਨ ਨਹੀਂ। ਕਿਹਾ ਜਾ ਸਕਦਾ ਹੈ ਕਿ ਇਸ ਦਾ ਕਾਰਨ ਇਹ ਹੈ ਕਿ ਸਾਡੇ ਦੇਸ਼ ਵਿਚ ਜਮਹੂਰੀਅਤ ਮੁੱਖ ਤੌਰ ’ਤੇ ਵੋਟਾਂ ਪਾ ਕੇ ਨੁਮਾਇੰਦੇ ਚੁਣਨ ਤਕ ਸੀਮਤ ਹੈ; ਇਹ ਹਿੰਦੋਸਤਾਨੀ ਬਰ੍ਹੇ-ਸਗੀਰ (ਉੱਪ-ਮਹਾਂਦੀਪ) ਵਿਚ ਰਹਿੰਦੇ ਸਮਾਜਾਂ ਦੀ ਜੀਵਨ-ਜਾਚ ਦਾ ਹਿੱਸਾ ਨਹੀਂ ਬਣੀ; ਅਸੀਂ ਆਪਣੇ ਇਤਿਹਾਸ ਦੇ ਬਾਰੇ ਦਾਅਵੇ ਤਾਂ ਬਹੁਤ ਵੱਡੇ ਵੱਡੇ ਕਰਦੇ ਹਾਂ ਪਰ ਸਾਡੇ ਵਰਤਮਾਨ ਦੀ ਜੀਵਨ-ਜਾਚ ਵਿਚ ਜਮਹੂਰੀਅਤ ਪੱਕੇ ਪੈਰੀਂ ਨਹੀਂ ਅਤੇ ਨਿਆਂ ਲਈ ਲੜਨ ਵਾਲੀ ਭਾਵਨਾ ਵੀ ਸੀਮਤ ਹੈ; ਕੁਝ ਵਿਅਕਤੀ ਅਤੇ ਸਮਾਜ ਦਾ ਛੋਟਾ ਜਿਹਾ ਹਿੱਸਾ ਜ਼ਰੂਰ ਅਜਿਹੇ ਯਤਨ ਕਰਦੇ ਹਨ ਅਤੇ ਕਿਤੇ ਵੀ ਹੁੰਦੇ ਅਨਿਆਂ ਵਿਰੁੱਧ ਬੋਲਦੇ ਹਨ ਪਰ ਸੀਮਤ ਸ਼ਕਤੀ ਕਾਰਨ ਉਨ੍ਹਾਂ ਦੀ ਆਵਾਜ਼ ਵੱਡੇ ਪਸਾਰ ਗ੍ਰਹਿਣ ਨਹੀਂ ਕਰ ਸਕਦੀ।
ਇਹ ਨਹੀਂ ਕਿ ਸਿਰਫ਼ ਹਾਕਮ ਜਾਂ ਕੁਝ ਸਿਆਸੀ ਪਾਰਟੀਆਂ ਹੀ ਚੁੱਪ ਹਨ ਸਗੋਂ ਦੇਸ਼ ਦੀ ਵੱਡੀ ਗਿਣਤੀ ਵਿਚ ਲੋਕ ਚੁੱਪ ਹਨ: ਅਸੀਂ ਚੁੱਪ ਹਾਂ; ਬੁੱਧੀਜੀਵੀ, ਸ਼ਾਇਰ ਤੇ ਲੇਖਕ ਚੁੱਪ ਹਨ; ਸ਼ਬਦਾਂ ਨੂੰ ਦਿਸ਼ਾਹੀਣਤਾ ਵਿਚ ਬੰਨ੍ਹ ਕੇ ਬਹੁਤ ਕੁਝ ਬੋਲਿਆ, ਲਿਖਿਆ ਤੇ ਛਪਾਇਆ ਜਾ ਰਿਹਾ ਹੈ ਪਰ ਸਾਡੀ ਅਸਲੀ ਸਥਿਤੀ ਕੁਝ ਅਜਿਹੀ ਹੈ :
ਇਨ੍ਹਾਂ ਸਮਿਆਂ ਨਾਲ ਹੀ
ਆਇਆ ਸਮਾਂ ਅਨੋਖਾ
ਬੋਲਣਾ ਲਿਖਣਾ ਬਣ ਗਿਆ
ਸ਼ਬਦਾਂ ਦੇ ਨਾਲ ਧੋਖਾ
ਲੈ ਰੌਲੇ ਦਾ ਚੂਨਾ
ਕੀਤੀ ਅਸਾਂ ਉਸਾਰੀ
ਦੂਰੋਂ ਚਮਕਾਂ ਮਾਰਦੀ
ਸਾਡੀ ਚੁੱਪ-ਅਟਾਰੀ
ਵਿਚ ਅਟਾਰੀ ਬਹਿ ਗਏ
ਸੁੱਖ-ਨਦੀ ਵਿਚ ਵਹਿ ਗਏ
ਲਿਖਣ-ਬੋਲਣ ਦੇ ਬਾਵਜੂਦ ਅਸੀਂ ਹਕੀਕੀ ਰੂਪ ਵਿਚ ਚੁੱਪ ਹਾਂ ਕਿਉਂਕਿ ਸ਼ਾਸਕ ਸ਼ਕਤੀਆਂ ਸਾਡੇ ਅੰਦਰ ਸਹਿਮ ਤੇ ਡਰ ਪੈਦਾ ਕਰਨ ਵਿਚ ਸਫਲ ਹੋ ਰਹੀਆਂ ਹਨ। ਮੱਧ ਵਰਗ ਆਪਣੇ ਆਪ ਨੂੰ ਬਚਾ ਲੈਣਾ ਚਾਹੁੰਦਾ ਹੈ; ਉਸ ਨੂੰ ਨਫ਼ਰਤ ਦਾ ਤੋਹਫ਼ਾ ਵੀ ਦਿੱਤਾ ਗਿਆ ਹੈ। ਨਫ਼ਰਤ ਹਰ ਵਰਗ ਵਿਚ ਵੰਡੀ ਗਈ ਹੈ ਅਤੇ ਹਰ ਵਰਗ ’ਚੋਂ ਵੱਡੀ ਗਿਣਤੀ ਨੇ ਨਫ਼ਰਤ ਨੂੰ ਕਿਸੇ ਨਾ ਕਿਸੇ ਰੂਪ ਵਿਚ ਸਵੀਕਾਰ ਕੀਤਾ ਹੈ; ਇਸ ਸਵੀਕਾਰ ’ਚੋਂ ਲੋਕਾਂ ਦੀ ਵਿਰਾਟ-ਚੁੱਪ ਦਾ ਨਿਰਮਾਣ ਹੋਇਆ ਹੈ ਜਿਸ ਦੀ ਮੁੱਖ ਧੁਰੀ ਇਹ ਹੈ ਕਿ ਜਿੰਨਾ ਚਿਰ ਮੈਂ ਸੁਰੱਖਿਅਤ ਹਾਂ, ਮੈਂ ਕਿਸੇ ਹੋਰ ਦੇ ਹੱਕਾਂ ਦੇ ਲਤਾੜੇ ਜਾਣ ਵਿਰੁੱਧ ਕਿਉਂ ਬੋਲਾਂ ਜਾਂ ਕਿਸੇ ਸ਼ਾਸਕ ਨੂੰ ਬੋਲਣ ਲਈ ਕਿਉਂ ਕਹਾਂ। ਅਸੀਂ ਸਦੀਆਂ ਪੁਰਾਣੇ ਮੁਹਾਵਰਿਆਂ, ‘ਇਕ ਚੁੱਪ ਸੌ ਸੁੱਖ’ ਅਤੇ ‘ਬੋਲ ਚਾਂਦੀ ਨੇ ਪਰ ਚੁੱਪ ਸੋਨਾ ਹੈ’ ਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਬਣਾ ਲਿਆ ਹੈ। ਫ਼ੈਜ਼ ਦੇ ਇਹ ਬੋਲ, ‘‘ਬੋਲ ਕਿ ਲਬ ਆਜ਼ਾਦ ਹੈਂ ਤੇਰੇ/ ਬੋਲ ਜ਼ਬਾਂ ਅਬ ਤਕ ਤੇਰੀ ਹੈ’’ ਵਿਸਾਰ ਦਿੱਤੇ ਗਏ ਹਨ। ਕਿਤੇ ਕਿਤੇ ਕੋਈ ਆਵਾਜ਼ ਇਸ ਸਮੂਹਿਕ ਚੁੱਪ ਨੂੰ ਤੋੜ ਕੇ ਹਾਕਮ-ਚੁੱਪ ਦੇ ਸਾਗਰ ਵਿਚ ਰੋੜੇ ਵਾਂਗ ਵੱਜਦੀ ਅਤੇ ਕੁਝ ਬੁਲਬੁਲੇ ਤੇ ਛੋਟੀਆਂ ਛੋਟੀਆਂ ਘੁੰਮਣਘੇਰੀਆਂ ਪੈਦਾ ਕਰਦੀ ਹੈ... ਤੁਸੀਂ ਜਾਣਦੇ ਹੋ ਇਹ ਬੁਲਬੁਲੇ ਤੇ ਛੋਟੀਆਂ ਛੋਟੀਆਂ ਘੁੰਮਣਘੇਰੀਆਂ ਕਿੰਨੀਆਂ ਬਹੁਮੁੱਲੀਆਂ ਨੇ; ਇਨ੍ਹਾਂ ਸਮਿਆਂ ਵਿਚ ਇਹੋ ਹੀ ਜੀਵਨ-ਲੋਅ ਨੂੰ ਜਿਊਂਦਾ ਰੱਖਣ ਦਾ ਆਸਰਾ ਨੇ।
(2)
ਜਦ ਚੁੱਪ ਰਹਿਣਾ ਤੇ ਜਬਰ ਸਹਿਣਾ ਕਿਸੇ ਸਮਾਜ ਦੀ ਜੀਵਨ-ਜਾਚ ਬਣਾਏ ਜਾ ਰਹੇ ਹੋਣ ਤਾਂ ਕੀ ਵਾਪਰਦਾ ਹੈ? ਕੁਝ ਦਨਿ ਪਹਿਲਾਂ ਦੁਨੀਆ ਨੂੰ ਅਲਵਿਦਾ ਕਹਿ ਗਏ ਚੈੱਕ ਲੇਖਕ ਮਿਲਾਨ ਕੁੰਦੇਰਾ ਦੀਆਂ ਲਿਖਤਾਂ ’ਚੋਂ ਇਸ ਸਵਾਲ ਦੇ ਕਈ ਜਵਾਬਾਂ ’ਚੋਂ ਕੁਝ ਦੀਆਂ ਧੁਨੀਆਂ ਸੁਣਾਈ ਦਿੰਦੀਆਂ ਹਨ। 1968 ਵਿਚ ਚੈਕੋਸਲੋਵਾਕੀਆ, ਜਿੱਥੇ ਕਮਿਊਨਿਸਟ ਪਾਰਟੀ ਦੀ ਹਕੂਮਤ ਸੀ, ਵਿਚ ਜਮਹੂਰੀਅਤ ਦਾ ਨਵਾਂ ਪੁੰਗਾਰਾ ਸ਼ੁਰੂ ਹੋਇਆ ਸੀ। ਉਸ ਨੂੰ ਪਰਾਗ ਦੀ ਬਸੰਤ (Prague Spring- ਪਰਾਗ ਚੈਕੋਸਲੋਵਾਕੀਆ ਦੀ ਰਾਜਧਾਨੀ ਸੀ) ਕਿਹਾ ਗਿਆ। ਹਾਕਮਾਂ ਨੂੰ ਜਮਹੂਰੀਅਤ ਤੋਂ ਖ਼ਤਰਾ ਹੁੰਦਾ ਹੈ। ਸੋਵੀਅਤ ਯੂਨੀਅਨ ਨੇ ਉਸ ਜਮਹੂਰੀ ਪੁੰਗਾਰੇ ਨੂੰ ਦਬਾਉਣ ਲਈ ਫ਼ੌਜਾਂ ਭੇਜੀਆਂ। ਜਮਹੂਰੀਅਤ ਦੇ ਪੈਰੋਕਾਰਾਂ ਨੂੰ ਮਸਲ ਦਿੱਤਾ ਗਿਆ। ਮਿਲਾਨ ਕੁੰਦੇਰਾ ਅਤੇ ਉਸ ਦੀਆਂ ਕਿਤਾਬਾਂ ’ਤੇ ਪਾਬੰਦੀ ਲਗਾ ਦਿੱਤੀ ਗਈ। 1975 ਵਿਚ ਉਹ ਆਪਣਾ ਦੇਸ਼ ਛੱਡ ਕੇ ਫਰਾਂਸ ਜਾ ਵਸਿਆ। 1979 ਵਿਚ ਛਪੀ ਆਪਣੀ ਕਿਤਾਬ ‘ਹਾਸੇ ਤੇ ਭੁੱਲਣ-ਭੁਲਾਉਣ ਦੀ ਕਿਤਾਬ (ਅੰਗਰੇਜ਼ੀ ਵਿਚ : The Book of Laughter and Forgetting)’ ਵਿਚ ਉਸ ਨੇ ਲਿਖਿਆ, ‘‘ਮਨੁੱਖ ਦੀ ਸੱਤਾ/ਤਾਕਤ ਦੇ ਵਿਰੁੱਧ ਲੜਾਈ ਯਾਦਾਂ ਦੀ ਭੁੱਲਣ ਦੀ ਪ੍ਰਕਿਰਿਆ ਦੇ ਵਿਰੁੱਧ ਸੰਘਰਸ਼ ਹੈ।’’ ਸੱਤਾਧਾਰੀ ਸਾਨੂੰ ਸਾਡੀਆਂ ਯਾਦਾਂ ਤੇ ਇਤਿਹਾਸ ਤੋਂ ਮਹਿਰੂਮ ਕਰਨਾ ਚਾਹੁੰਦੇ ਹਨ। ਉਹ ਵਰਤਮਾਨ ਨੂੰ ਏਨਾ ਤੋੜ-ਮਰੋੜ ਦੇਣਾ ਚਾਹੁੰਦੇ ਹਨ ਕਿ ਸਾਨੂੰ ਉਸ ਵਿਚੋਂ ਬੀਤੇ ਦੇ ਦੁੱਖ, ਗ਼ਲਤੀਆਂ, ਹਾਰਾਂ, ਜਬਰ ਆਦਿ ਨਾ ਦਿਸਣ। ਚੈਕੋਸਲੋਵਾਕੀਆ ਵਿਚ ਵੀ ਸੱਤਾਧਾਰੀਆਂ ਨੇ ਇਹੋ ਕੀਤਾ; ਵਰਤਮਾਨ ’ਚੋਂ ਇਤਿਹਾਸ ਨੂੰ ਮਿਟਾਉਣ, ਭੁਲਾਉਣ ਤੇ ਵਿਗਾੜਨ ਦਾ ਮਹਾਂ-ਯਤਨ। ਮਿਲਾਨ ਕੁੰਦੇਰਾ ਨੇ ਤਤਕਾਲੀਨ ਸ਼ਾਸਕ ਗੁਸਤਾਵ ਹੁਸਾਕ (1969 ਤੋਂ 1987 ਤਕ ਕਮਿਊਨਿਸਟ ਪਾਰਟੀ ਦਾ ਸੈਕਟਰੀ ਅਤੇ 1975 ਤੋਂ 1987 ਤਕ ਰਾਸ਼ਟਰਪਤੀ) ਨੂੰ ‘ਭੁੱਲਣ-ਭੁਲਾਉਣ ਦੀ ਪ੍ਰਕਿਰਿਆ ਦਾ ਪ੍ਰਧਾਨ (President of Forgetting)’ ਕਿਹਾ।
ਉਪਰੋਕਤ ਨਾਵਲ ਵਿਚ ਮੈਂ-ਪਾਤਰ ਇਕ ਕਹਾਣੀ ਦੱਸਦਾ ਹੈ। ਅੰਨ੍ਹਾ ਇਤਿਹਾਸਕਾਰ ਮਿਲਾਨ ਹਿਊਬਲ (Milan Huble) ਉਸ ਨੂੰ ਮਿਲਣ ਆਉਂਦਾ ਹੈ। ਹਿਊਬਲ ਕਹਿੰਦਾ ਹੈ, ‘‘ਲੋਕਾਂ ਨੂੰ ਖ਼ਤਮ ਕਰਨ ਵਿਚ ਪਹਿਲਾ ਕਦਮ ਉਨ੍ਹਾਂ ਦੀਆਂ ਯਾਦਾਂ ਨੂੰ ਖ਼ਤਮ ਕਰਨਾ ਹੁੰਦਾ ਹੈ। ਉਨ੍ਹਾਂ ਦੀਆਂ ਕਿਤਾਬਾਂ, ਸੱਭਿਆਚਾਰ ਤੇ ਇਤਿਹਾਸ ਨੂੰ ਤਬਾਹ ਕਰ ਦਿਓ। ਤੇ ਫਿਰ ਕਿਸੇ ਨੂੰ ਲਿਆਓ ਜਿਹੜਾ ਨਵੀਆਂ ਕਿਤਾਬਾਂ ਲਿਖੇ, ਨਵਾਂ ਸੱਭਿਆਚਾਰ ਅਤੇ ਨਵਾਂ ਇਤਿਹਾਸ ਪੈਦਾ ਕਰੇ। ਕੌਮ ਬਹੁਤ ਜਲਦੀ ਭੁੱਲ ਜਾਵੇਗੀ ਕਿ ਉਹ ਕੀ ਸੀ ਅਤੇ ਇਹ ਕੀ ਹੋ ਰਿਹਾ ਹੈ। ਬਾਹਰ ਦੀ ਦੁਨੀਆ ਹੋਰ ਤੇਜ਼ੀ ਨਾਲ ਭੁੱਲੇਗੀ।’’
ਦਿਲ ’ਤੇ ਹੱਥ ਰੱਖ ਕੇ ਸੋਚੋ! ਕਿਤੇ ਇਹ ਸਾਡੇ ਦੇਸ਼ ਦੀ ਕਹਾਣੀ ਤਾਂ ਨਹੀਂ? ਨਹੀਂ; ਇਹ 1970ਵਿਆਂ ਵਿਚ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਤੇ ਹਾਕਮਾਂ ਦੁਆਰਾ ਦਰੜੇ ਜਾ ਰਹੇ ਚੈਕੋਸਲੋਵਾਕੀਆ ਦੀ ਕਹਾਣੀ ਹੈ। ਰਾਸ਼ਟਰਪਤੀ ਹੁਸਾਕ ਨੇ ਚੈਕੋਸਲੋਵਾਕੀਆ ਦੀਆਂ ਯੂਨੀਵਰਸਿਟੀਆਂ ਅਤੇ ਖੋਜ ਕੇਂਦਰਾਂ ’ਚੋਂ 45 ਇਤਿਹਾਸਕਾਰਾਂ ਨੂੰ ਬਰਖ਼ਾਸਤ ਕਰ ਦਿੱਤਾ। ਕੁੰਦੇਰਾ ਵਿਅੰਗ ਕਰਦਾ ਹੈ ਕਿ ਹਰ ਬਰਖ਼ਾਸਤ ਕੀਤੇ ਗਏ ਇਤਿਹਾਸਕਾਰ ਦੇ ਬਦਲੇ ਧਰਤੀ ’ਚੋਂ ਲੈਨਨਿ ਦੇ ਨਾਂ ਵਾਲੀ ਨਵੀਂ ਇਮਾਰਤ ਨੇ ਜਨਮ ਲਿਆ, ਜਿਵੇਂ ਪਰੀ-ਕਹਾਣੀਆਂ ਵਿਚ ਹੁੰਦਾ ਹੈ। ਉਪਰੋਕਤ ਨਾਵਲ ਦੇ ਉਸੇ ਸਫ਼ੇ ’ਤੇ ਕੁੰਦੇਰਾ ਸਵਾਲ ਪੁੱਛਦਾ ਹੈ, ‘‘ਕੀ ਇਹ ਸੱਚ ਹੈ ਕਿ ਕੋਈ ਕੌਮ ਭੁੱਲਣ-ਭੁਲਾਉਣ ਦੀ ਸਮੂਹਿਕ ਪ੍ਰਕਿਰਿਆ ਦੇ ਦਸ਼ਤ (ਮਾਰੂਥਲ) ਨੂੰ ਪਾਰ ਨਹੀਂ ਕਰ ਸਕਦੀ?’’ ਉਹ ਲਿਖਦਾ ਹੈ, ‘‘ਸਾਡੇ ਵਿਚੋਂ ਕੋਈ ਨਹੀਂ ਜਾਣਦਾ ਕੀ ਹੋਵੇਗਾ? ਪਰ ਇਕ ਗੱਲ ਪੱਕੀ ਹੈ ਕਿ ਡੂੰਘੀ ਸੂਝ ਦੇ ਪਲਾਂ ਵਿਚ ਚੈੱਕ ਕੌਮ ਆਪਣੀ ਮੌਤ ਨੂੰ ਬਹੁਤ ਨੇੜਿਉਂ ਦੇਖ ਸਕਦੀ ਹੈ। ਇਹ ਅਜੇ ਹੋਇਆ ਨਹੀਂ ਅਤੇ ਜ਼ਰੂਰੀ ਨਹੀਂ ਕਿ ਭਵਿੱਖ ਵਿਚ ਇਹ ਜ਼ਰੂਰ ਹੋਵੇ ਪਰ ਇਸ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਕੌਮ/ਦੇਸ਼ ਦੀ ਮੌਤ ਉਸ (ਕੌਮ/ਦੇਸ਼) ਦੇ ਲਾਗੇ ਹੀ ਪਈ ਹੋਈ ਹੈ।’’
ਇਹ ਹੁੰਦਾ ਹੈ, ਲੇਖਕ! ਇਕੋ ਸਫ਼ੇ ’ਤੇ ਆਪਣੇ ਲੋਕਾਂ ਦੇ ਦੁੱਖ ਨੂੰ ਆਪਣੇ ਮਨ ਦੇ ਦੁੱਖ ਵਿਚ ਨਿਚੋੜ ਕੇ ਕਾਗਜ਼ ’ਤੇ ਲਿਖ ਦਿੰਦਾ ਹੈ।
ਆਓ! ਆਪਣੇ ਦੇਸ਼ ਲਈ ਦੁਆ ਮੰਗੀਏ। ਮਨੀਪੁਰ ਅਤੇ ਜੰਮੂ ਕਸ਼ਮੀਰ ਲਈ ਦੁਆ ਮੰਗੀਏ।
ਆਓ! ਯਾਦ ਰੱਖੀਏ ਕਿ ਅਸੀਂ ਪੰਜਾਬੀ ਹਾਂ। ਮਿਲਾਨ ਕੁੰਦੇਰਾ ਤੇ ਮਿਲਾਨ ਹਿਊਬਲ ਦੁਆਰਾ ਚਿਤਵੀ ਕੌਮ ਦੀ ਮੌਤ ਦੇ ਕਈ ਮੁਹਾਂਦਰੇ ਹਨ; ਇਸ ਦਾ ਮਤਲਬ ਸਰੀਰਾਂ ਦਾ ਮਰਨਾ ਨਹੀਂ; ਇਸ ਦਾ ਮਤਲਬ ਕੌਮ ਦੀ ਰੂਹ ਦੇ ਕੁਝ ਹਿੱਸਿਆਂ ਦੇ ਮਰ ਜਾਣ ਤੋਂ ਹੈ। ਪੰਜਾਬੀ ਇਸ ਮੰਜ਼ਰ ਨੂੰ 1947 ਤੋਂ ਹੰਢਾ ਰਹੇ ਹਨ; ਅਮਰਜੀਤ ਚੰਦਨ ਦੇ ਸ਼ਬਦਾਂ ਵਿਚ ਉਨ੍ਹਾਂ ਨੇ ਆਪਣੇ ਗੁਨਾਹਾਂ ਦਾ ਕੁਫ਼ਾਰਾ ਨਹੀਂ ਕੀਤਾ। ਮਨੁੱਖ ਖੱਬਲ ਨਹੀਂ ਹੁੰਦੇ (ਜਿਵੇਂ ਕੁਲਵੰਤ ਸਿੰਘ ਵਿਰਕ ਵੰਡ ਬਾਰੇ ਆਪਣੀ ਕਹਾਣੀ ‘ਖੱਬਲ’ ਵਿਚ ਚਿਤਵਦਾ ਹੈ)। ਜੜ੍ਹੋਂ ਉੱਖੜੇ ਲੋਕਾਂ ਨੂੰ ਕਈ ਉੱਨੀ ਸੌ ਸੱਤਰਾਂ (ਜੋ ਲਹਿੰਦੇ ਪੰਜਾਬੀਆਂ ਨੇ ਬੰਗਲਾਦੇਸ਼ ਵਿਚ ਕੀਤਾ) ਤੇ ਉੱਨੀ ਸੌ ਚੁਰਾਸੀਆਂ (ਜੋ ਚੜ੍ਹਦੇ ਪੰਜਾਬ ਵਿਚ ਹੋਇਆ) ’ਚੋਂ ਗੁਜ਼ਰਨਾ ਪੈਂਦਾ ਹੈ। ਪੂਰਨ ਸਿੰਘ ਜਿਹੇ ਆਵਾਜ਼ਾਂ ਮਾਰਦੇ ਹਨ, ‘‘ਆ-ਵੀਰਾ ਰਾਂਝਿਆ! ਆ-ਭੈਣੇ ਹੀਰੇ! ਸਾਨੂੰ ਛੋੜ ਨਾ ਜਾਵੋ/ ਬਨਿ ਤੁਸਾਂ ਅਸੀਂ ਸੱਖਣੇ।’’ ਪਰ ਮਹਾਂ-ਵਿਛੋੜੇ ਹੁੰਦੇ ਹਨ। ਕੌਮਾਂ ਦੇ ਸੋਚਣ ਦਾ ਤਰੀਕਾ ਬਦਲ ਜਾਂਦਾ ਹੈ। ਸਾਂਝੀਵਾਲਤਾ ਦੇ ਨਕਸ਼ ਗੁਆਚ ਜਾਂਦੇ ਹਨ। ਸੱਤਾ ਕੀ ਨਹੀਂ ਕਰ ਸਕਦੀ? ਇਹ ਲੋਕਾਂ ਨੂੰ ਇਕ-ਦੂਜੇ ਦੇ ਕਾਤਲ ਬਣਾ ਦਿੰਦੀ ਹੈ। ਮਨੁੱਖ ਨੂੰ ਆਪਣੇ ਆਪ ਤੋਂ ਡਰ ਆਉਣ ਲੱਗਦਾ ਹੈ।
ਆਓ! ਏਨੇ ਉਦਾਸ ਨਾ ਹੋਈਏ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ।।’’ ਭਾਵ ਸਾਹਮਣੇ ਮੈਂ ਅੱਗ (ਡਉ) ਜਲਦੀ ਵੇਖਦਾ ਹਾਂ ਅਤੇ ਪਿਛਲੇ ਪਾਸੇ (ਅੱਗੇ ਦੇ ਪਿੱਛੇ) ਹਰੀਆਂ ਕਰੂੰਬਲਾਂ ਵੇਖਦਾ ਹਾਂ। ਮਨੁੱਖ ਅਨਿਆਂ ਤੇ ਨਫ਼ਰਤ ਦੀ ਅੱਗ ਵਿਰੁੱਧ ਲੜਦਾ ਅਤੇ ਮਨੁੱਖਤਾ ਦੀਆਂ ਹਰੀਆਂ ਕਰੂੰਬਲਾਂ ਨੂੰ ਬਚਾਉਣ ਲਈ ਸੰਘਰਸ਼ ਕਰਦਾ ਰਹਿੰਦਾ ਹੈ; ਇਹ ਸੰਘਰਸ਼ ਹੀ ਉਸ ਦੇ ਜੀਵਨ ਦਾ ਤੱਤ-ਸਾਰ ਹੈ।