ਨਾਟਕ ‘ਚੀਫ ਦੀ ਦਾਵਤ’ ਨਾਲ ਸ਼ੁਰੂ ਹੋਇਆ ਤਿੰਨ ਰੋਜ਼ਾ ਉਤਸਵ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 14 ਅਕਤੂਬਰ
ਭੀਸ਼ਮ ਸਾਹਨੀ ਦੀ ਕਹਾਣੀ ‘ਚੀਫ ਦੀ ਦਾਵਤ’ ’ਤੇ ਬਣਿਆ ਨਾਟਕ ‘ਚੀਫ ਦੀ ਦਾਅਵਤ’ ਅਜੋਕੇ ਸਮਾਜ ਦਾ ਸ਼ੀਸ਼ਾ ਹੈ। ਇਹ ਗੱਲ ਹਰਿਆਣਾ ਕਲਾ ਪ੍ਰੀਸ਼ਦ ਦੇ ਡਾਇਰੈਕਟਰ ਨਗੇਂਦਰ ਸ਼ਰਮਾ ਨੇ ਨਿਊ ਉਥਾਨ ਥੀਏਟਰ ਗਰੁੱਪ ਦੇ 15ਵੇਂ ਸਾਲਾਨਾ ਉਤਸਵ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ। ਨਿਊ ਉਥਾਨ ਥੀਏਟਰ ਗਰੁੱਪ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤੀ ਗਈ ਭੀਸ਼ਮ ਸਾਹਨੀ ਵੱਲੋਂ ਲਿਖੀ ਕਹਾਣੀ ‘ਚੀਫ ਦੀ ਦਾਵਤ’ ਨਾਟਕ ਖੇਡਿਆ ਗਿਆ। ਇਸ ਦਾ ਨਿਰਦੇਸ਼ਨ ਥੀਏਟਰ ਕਲਾਕਾਰ ਵਿਕਾਸ ਸ਼ਰਮਾ ਨੇ ਕੀਤਾ। ਨਾਟਕ ਵਿੱਚ ਬਜ਼ੁਰਗਾਂ ਦੀ ਤਰਸਯੋਗ ਹਾਲਤ ਬਾਰੇ ਜਾਣਕਾਰੀ ਦਿੱਤੀ ਗਈ ਹੈ। ਨਾਟਕ ਦੀ ਕਹਾਣੀ ਸ਼ਾਮ ਨਾਥ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਆਪਣੇ ਬੌਸ ਨੂੰ ਖੁਸ਼ ਕਰਨ ਲਈ ਉਸ ਨੂੰ ਆਪਣੇ ਘਰ ਦਾਅਵਤ ਲਈ ਬੁਲਾਉਂਦਾ ਹੈ। ਉਸ ਦੀ ਮਾਂ ਅਨਪੜ੍ਹ ਤੇ ਪੇਂਡੂ ਹੋਣ ਕਰਕੇ ਬੌਸ ਦੇ ਸਾਹਮਣੇ ਆਉਣ ਤੋਂ ਇਨਕਾਰ ਕਰਦੀ ਹੈ। ਸ਼ਾਮ ਲਾਲ ਦਾ ਬੌਸ ਘਰ ਆਉਂਦਾ ਹੈ ਤੇ ਉਸ ਨੂੰ ਖੁਸ਼ ਕਰਨ ਲਈ ਸ਼ਾਮ ਲਾਲ ਕੋਈ ਕਸਰ ਨਹੀਂ ਛੱਡਦਾ। ਬੌਸ ਨਾਲ ਮਾਂ ਦੀ ਮੁਲਾਕਾਤ ਸ਼ਾਮ ਲਾਲ ਦੀ ਤਰੱਕੀ ਵਿੱਚ ਮਦਦਗਾਰ ਸਾਬਤ ਹੁੰਦੀ ਹੈ। ਬੌਸ ਮਾਂ ਨੂੰ ਫੁਲਕਾਰੀ ਬਣਾਉਣ ਲਈ ਕਹਿੰਦਾ ਹੈ ਮਾਂ ਇਨਕਾਰ ਕਰ ਦਿੰਦੀ ਹੈ ਤੇ ਸ਼ਾਮ ਲਾਲ ਹਾਂ ਕਰ ਦਿੰਦਾ ਹੈ। ਬੌਸ ਦੇ ਜਾਣ ਮਗਰੋਂ ਸ਼ਾਮ ਲਾਲ ਆਪਣੀ ਮਾਂ ਨੂੰ ਝਿੜਕਦਾ ਹੈ ਤੇ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਹੈ। ਅਜਿਹੀ ਹਾਲਤ ਵਿਚ ਮਾਂ ਇੱਕਲੀ ਰਹਿ ਜਾਂਦੀ ਹੈ ਤੇ ਆਪਣੇ ਪੁੱਤਰ ਦੀ ਨਫ਼ਰਤ ਤੋਂ ਦੁਖੀ ਹੋ ਕੇ ਆਪਣੀ ਜਾਨ ਦੇ ਦਿੰਦੀ ਹੈ। ਹਰਿਆਣਾ ਕਲਾ ਪ੍ਰੀਸ਼ਦ ਦੇ ਸਾਂਝੇ ਸਹਿਯੋਗ ਨਾਲ ਕਲਾ ਕੀਰਤੀ ਭਵਨ ਵਿੱਚ ਕਰਵਾਏ ਗਏ ਉਤਸਵ ਦੇ ਪਹਿਲੇ ਦਿਨ ਮੁੱਖ ਮਹਿਮਾਨ ਨਗੇਂਦਰ ਸ਼ਰਮਾ ਦੇ ਨਾਲ ਗੀਤਾ ਜੈਅੰਤੀ ਅਥਾਰਿਟੀ ਮੈਂਬਰ ਡਾ. ਸੌਰਭ ਚੌਧਰੀ, ਸੀਨੀਅਰ ਥੀਏਟਰ ਕਲਾਕਾਰ ਬ੍ਰਿਜ ਕਿਸ਼ੋਰ ਸ਼ਰਮਾ, ਕੇਡੀਬੀ ਮੈਂਬਰ ਅਸ਼ੋਕ ਰੋਸ਼ਾ ਨੇ ਸ਼ਿਰਕਤ ਕੀਤੀ।