ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੀਤੇ ਦੀ ਸੋਚ

12:00 PM Oct 27, 2024 IST

ਰਾਮ ਸਿੰਘ ਦਿਲਾਵਰ

Advertisement

‘‘ਨੀਂ ਮਾਂ ਤੂੰ ਮੈਨੂੰ ਜੰਮਿਆ ਕਾਹਤੋਂ ਸੀ।’’ ਪੱਠਿਆਂ ਦੀ ਪੰਡ ਲੱਦਿਆ ਸਾਈਕਲ ਡੰਗਰਾਂ ਵਾਲੇ ਵਰਾਂਡੇ ਵਿੱਚ ਸੁੱਟਦਾ ਹੋਇਆ ਜੀਤਾ ਬੋਲਿਆ। ਵਿਹੜਾ ਸੁੰਭਰਦੀ ਉਸ ਦੀ ਮਾਂ ਮਿੰਨੀ ਜਿਹੀ ਹਾਸੀ ਹੱਸਦੀ ਬੋਲੀ, ‘‘ਤੈਨੂੰ ਕੀ ਹੋ ਗਿਆ, ਘਰੋਂ ਤਾਂ ਚੰਗਾ ਭਲਾ ਤੁਰਿਆ ਸੀ।’’
ਜੀਤਾ ਗਲ ਵਿੱਚ ਪਾਏ ਪਰਨੇ ਨਾਲ ਮੁੜਕਾ ਪੂੰਝਦਾ ਬੋਲਿਆ, ‘‘ਅੱਜ ਮੈਨੂੰ ਕਿਸੇ ਨੇ ਭਰੀ ਨ੍ਹੀਂ ਚੁਕਾਈ, ਘੰਟਾ ਭਰ ਮੈਂ ਦੂਰ ਦੁਰਾਡੇ ਝਾਕਦਾ ਰਿਹਾ, ਹਾਰ ਕੇ ਆਪ ਨੂੰ ਹੀ ਚੁੱਕਣੀ ਪਈ, ਪਿੱਠ ਦੀ ਬੱਸ ਹੋ ਗਈ, ਵੱਡੇ ਬਾਈ ਹੁਰਾਂ ਨੂੰ ਤਾਂ ਤੁਸੀਂ ਦੋਵੇਂ ਕੁਝ ਨਹੀਂ ਕਹਿੰਦੇ, ਦੋ ਕਿਤਾਬਾਂ ਚੁੱਕ ਕੇ ਸਵੇਰੇ ਤੁਰ ਜਾਂਦੇ ਨੇ, ਸ਼ਾਮ ਤੱਕ ਘਰੇ ਨ੍ਹੀਂ ਵੜਦੇ। ਮੈਨੂੰ ਡੰਗਰਾਂ ਵਿੱਚ ਡੰਗਰ ਬਣਾ ਰੱਖਿਆ ਹੈ।’’ ਇੱਕੋ ਸਾਹ ਵਿੱਚ ਉਹ ਬੋਲਦਾ ਗਿਆ। ਉਸਨੇ ਸ਼ਾਇਦ ਅਜੇ ਹੋਰ ਬੋਲਣਾ ਸੀ, ਪਰ ਬਾਬਾ ਦਲਵਾਰਾ ਸਿੰਘ ਖੂੰਡੀ ਫੜੀ ਘਰ ਵਿੱਚ ਵੜਿਆ ਤੇ ਕਹਿਣ ਲੱਗਿਆ, ‘‘ਕਾਹਦਾ ਰੌਲਾ ਪਾ ਰੱਖਿਆ ਤੁਸੀਂ, ਥੋਡੀਆਂ ਆਵਾਜ਼ਾਂ ਦੂਜੀ ਬੀਹੀ ਤੱਕ ਜਾ ਰਹੀਆਂ ਨੇ।’’ ਬਾਬੇ ਨੇ ਰਸੋਈ ਕੋਲ ਖੜ੍ਹਾ ਮੰਜਾ ਡਾਹਿਆ ਅਤੇ ਬੈਠ ਗਿਆ।
ਜੀਤੇ ਦੀ ਮਾਂ ਕਰਮੀ ਨੇ ਘੁੰਡ ਕੱਢ ਕੇ ਚੁੰਨੀ ਦੰਦਾਂ ਵਿੱਚ ਲੈ ਲਈ, ਛੇਤੀ ਦੇਣੇ ਹੱਥ ਧੋ ਕੇ ਬਾਬੇ ਨੂੰ ਪਾਣੀ ਦਾ ਗਲਾਸ ਫੜਾਉਂਦੀ ਬੋਲੀ, ‘‘ਬਾਪੂ ਇਹ ਜੀਤਾ ਈ ਅੱਜ ਤਪਿਆ ਪਿਆ, ਕਹਿੰਦਾ ਖੇਤ ਕਿਸੇ ਨੇ ਭਰੀ ਨ੍ਹੀਂ ਚੁਕਾਈ, ਗੁੱਸਾ ਮੇਰੇ ’ਤੇ ਲਾਹ ਰਿਹਾ।’’ ਬਾਬੇ ਨੇ ਜੀਤੇ ਨੂੰ ਆਵਾਜ਼ ਮਾਰੀ ਤੇ ਬੋਲਿਆ, ‘‘ਇਹ ਤਾਂ ਸਾਡਾ ਕਾਮਾ ਪੁੱਤ ਹੈ, ਸਾਰਾ ਘਰ ਇਹਦੇ ਸਿਰ ’ਤੇ ਚੱਲਦਾ, ਭਾਈ ਇਹਨੂੰ ਵੀ ਪਾਣੀ-ਧਾਣੀ ਪਿਲਾਓ। ਮੇਰੇ ਇਸ ਪੋਤੇ ਨੂੰ ਸਰਕਾਰੀ ਨੌਕਰੀ ਮਿਲਣੀ ਆ।’’
ਜੀਤਾ ਸਚਮੁੱਚ ਹੀ ਭਰਿਆ ਪਿਆ ਸੀ। ਉਹ ਕਹਿੰਦਾ, ‘‘ਬਾਪੂ ਨੌਕਰੀ ਕਾਹਦੇ ਸਿਰ ਮਿਲਣੀ ਆ, ਪੜ੍ਹਨ ਤਾਂ ਦਿੰਦੇ ਨ੍ਹੀਂ, ਮਾਸਟਰ ਇੰਨਾ ਕੰਮ ਦਿੰਦੇ ਆ ਕਰਨ ਨੂੰ, ਤੇ ਮੇਰੀ ਸਾਰੀ ਸ਼ਾਮ ਘਰ ਤੋਂ ਖੇਤ ਅਤੇ ਖੇਤ ਤੋਂ ਘਰ ’ਚ ਹੀ ਨਿਕਲ ਜਾਂਦੀ ਆ। ਫਿਰ ਕੁੱਟ ਪੈਣ ਦੇ ਡਰ ਨੂੰ ਮੈਂ ਕਈ-ਕਈ ਦਿਨ ਸਕੂਲ ਨ੍ਹੀਂ ਜਾਂਦਾ। ਤੁਸੀ ਬਾਈ ਹੁਰਾਂ ਦੀ ਵੀ ਬਾਰੀ ਬੰਨ੍ਹੋ।’’ ਬਾਬੇ ਕੋਲ ਕੋਈ ਜਵਾਬ ਨਹੀਂ ਸੀ।
ਇਹ ਲੜਾਈ ਨਿੱਤ ਦੀ ਸੀ। ਜੀਤਾ ਬੋਲ ਵੀ ਦਿੰਦਾ ਸੀ ਤੇ ਕੰਮ ਕਰ ਵੀ ਦਿੰਦਾ ਸੀ। ਜੀਤਾ ਪੰਜਾ ਭਰਾਵਾਂ ’ਚੋਂ ਸਭ ਤੋਂ ਛੋਟਾ ਸੀ। ਤਿੰਨ ਭੈਣਾਂ ਸਨ, ਦੋ ਵਿਆਹੀਆਂ ਤੇ ਛੋਟੀ ਦਾ ਰਿਸ਼ਤਾ ਤੈਅ ਹੋ ਗਿਆ ਸੀ। ਪੰਦਰਾਂ ਕੁ ਸਾਲ ਦੀ ਉਮਰ ਵਿੱਚ ਉਹਦੇ ’ਤੇ ਕੰਮ ਦਾ ਬੋਝ ਪੈ ਗਿਆ ਸੀ। ਪਹਿਲਾਂ ਪਹਿਲ ਕੁਲਵੰਤ ਹੁਰਾਂ ਦਾ ਸੀਰੀ ਇਨ੍ਹਾਂ ਦੇ ਕੰਮਕਾਰ ਕਰ ਜਾਂਦਾ ਸੀ, ਪਰ ਮਜ਼ਦੂਰੀ ਵਿੱਚ ਵੱਧ-ਘੱਟ ਮਿਲਣ ਕਰਕੇ ਉਹ ਛੱਡ ਗਿਆ। ਉਹਦੇ ਛੱਡ ਜਾਣ ਮਗਰੋਂ ਉਹਦੇ ਸਾਰੇ ਕੰਮ ਜੀਤੇ ਸਿਰ ਪਾ ਦਿੱਤੇ ਗਏ। ਜੀਤੇ ਦੇ ਬਾਪੂ ਹਾਕਮ ਸਿੰਘ ਨੇ ਬਹਾਨਾ ਬਣਾਇਆ, ‘‘ਹੁਣ ਸੀਰੀ ਰੱਖਣਾ ਹੀ ਨਹੀਂ। ਉਹਦਾ ਚਾਲ-ਚਲਣ ਵਧੀਆ ਨਹੀਂ ਸੀ। ਵੱਡੇ ਮੁੰਡਿਆਂ ਦੇ ਵਿਆਹ ਹੋਣੇ ਆ, ਕੁੜੀਆਂ ਵਾਲਾ ਘਰ ਹੈ, ਘਰੇ ਓਪਰਾ ਬੰਦਾ ਰੱਖਣਾ ਹੀ ਨਹੀਂ।’’
ਦੂਜੇ ਦੋ ਭਰਾ ਸ਼ਹਿਰ ਕਾਲਜ ਵਿੱਚ ਪੜ੍ਹਨ ਜਾਂਦੇ ਸਨ। ਜੀਤਾ ਵੀ ਹਰ ਸਾਲ ਪਾਸ ਹੋ ਜਾਂਦਾ ਸੀ, ਪਰ ਉਹਦਾ ਕਾਰਨ ਪੜ੍ਹਾਈ ਘੱਟ ਤੇ ਸੇਵਾ ਵੱਧ ਸੀ ਜੋ ਉਹ ਮਾਸਟਰਾਂ ਦੀ ਕਰਦਾ ਸੀ। ਮਾਸਟਰ ਉਸ ਤੋਂ ਘਰੋਂ ਲੱਸੀ, ਦੁੱਧ, ਘਿਓ ਜਾਂ ਸਾਗ ਆਦਿ ਮੰਗਵਾ ਲੈਂਦੇ ਸਨ ਅਤੇ ਰਿਆਇਤੀ ਪਾਸ ਕਰ ਦਿੰਦੇ ਸਨ। ਜੀਤਾ ਛੋਟਾ ਹੁੰਦਾ ਹੀ ਕਬੀਲਦਾਰੀ ਨੇ ਘੇਰ ਲਿਆ ਸੀ। ਭੈਣਾਂ ਅਤੇ ਭੂਆ ਨੂੰ ਸੰਧਾਰਾ ਦੇਣਾ, ਜੁਆਕ ਹੋਣ ’ਤੇ ਉਨ੍ਹਾਂ ਨੂੰ ਪੰਜ਼ੀਰੀਆਂ ਦੇ ਕੇ ਆਉਣਾ, ਉਨ੍ਹਾਂ ਦੇ ਸੁੱਖ-ਦੁੱਖ ਵਿੱਚ ਸ਼ਾਮਲ ਹੋਣਾ ਜੀਤੇ ਦਾ ਹੀ ਕੰਮ ਸੀ। ਹਾਲਾਂਕਿ ਭੈਣਾਂ ਜ਼ਿਆਦਾ ਵੱਡੇ ਭਰਾਵਾਂ ਦਾ ਕਰਦੀਆਂ ਸਨ। ਕਾਰਨ ਕਦੇ ਜੀਤੇ ਨੂੰ ਸਮਝ ਨਹੀਂ ਆਇਆ ਤੇ ਨਾ ਉਸ ਨੇ ਕਦੇ ਸਮਝਣ ਦੀ ਕੋਸ਼ਿਸ਼ ਕੀਤੀ। ਕਿਤੇ ਬਾਹਰ ਜਾਣ ਤੋਂ ਪਹਿਲਾਂ ਉਹਨੂੰ ਦੋ-ਤਿੰਨ ਦਿਨਾਂ ਦੇ ਪੱਠੇ ਵੱਢ ਕੇ ਲਿਆਉਣੇ ਪੈਂਦੇ ਸਨ। ਮੱਝਾਂ ਅਤੇ ਕੱਟੀਆਂ ਵੀ ਉਹਦਾ ਬਹੁਤ ਮੋਹ ਕਰਦੀਆਂ ਸਨ। ਉਹ ਵੀ ਅਕਸਰ ਆਪਣਾ ਦੁੱਖ-ਦਰਦ ਉਨ੍ਹਾਂ ਨੂੰ ਹੀ ਦੱਸਦਾ ਸੀ। ਉਹ ਵਿਚਾਰੀਆਂ ਸਮਝ ਤਾਂ ਲੈਂਦੀਆਂ ਸਨ, ਪਰ ਜੀਤੇ ਵਾਂਗ ਕਰ ਕੁਝ ਨਹੀਂ ਸੀ ਸਕਦੀਆਂ।
ਵਕਤ ਆਪਣੀ ਚਾਲ ਚੱਲਦਾ ਗਿਆ। ਵੱਡੇ ਭਰਾਵਾਂ ਦੇ ਵਿਆਹ ਹੋ ਗਏ ਸਨ। ਜੀਤਾ ਵੀ ਵਿਆਹੁਣ ਯੋਗ ਹੋ ਗਿਆ ਸੀ, ਪਰ ਉਸ ਦੇ ਵਿਆਹ ਦੀ ਕਿਸੇ ਨੂੰ ਕੋਈ ਕਾਹਲ ਨਹੀਂ ਸੀ। ਭਰਜਾਈਆਂ ਫੋਕੀ ਸੁਲ੍ਹਾ ਮਾਰ ਦਿੰਦੀਆਂ ਸਨ ਕਿ ਇਹਦਾ ਰਿਸ਼ਤਾ ਤਾਂ ਮੈਂ ਆਪਣੇ ਪੇਕਿਆਂ ਵਿੱਚ ਕਰਾਉਣਾ ਹੈ, ਪਰ ਜੀਤੇ ਦੀ ਜ਼ਿੰਦਗੀ ਵਿੱਚ ਕੋਈ ਬਦਲ ਨਾ ਆਇਆ। ਆਪਣੇ ਰੋਂਦੇ ਜਵਾਕ ਉਹਨੂੰ ਫੜਾ ਕੇ ਉਹ ਆਪ ਆਪਣਾ ਕੰਮ ਕਰਨ ਲੱਗ ਜਾਂਦੀਆਂ ਸਨ। ਦੋ ਕੁ ਸਾਲਾਂ ਤੱਕ ਬਾਰ੍ਹਵੀਂ ਜਮਾਤ ਉਹਨੇ ਮਸਾਂ ਪਾਸ ਕੀਤੀ। ਕਾਲਜ ਜਾਣ ਦਾ ਨਾ ਤਾਂ ਉਹਦੇ ਵਿੱਚ ਹੌਸਲਾ ਸੀ ਤੇ ਨਾ ਹੀ ਵਿਹਲ। ਉਂਝ ਵੀ ਉਸ ਨੂੰ ਡੰਗਰਾਂ ਦੀ ਫਿਕਰ ਰਹਿੰਦੀ ਸੀ। ਇੱਕ ਮੱਝ ਦਾ ਤਾਂ ਉਹ ਬਹੁਤ ਲਾਡ ਕਰਦਾ ਸੀ।
ਪਿੰਡ ਵਿੱਚ ਜੀਤੇ ਦੇ ਆੜੀ ਨੇ ਸਟੇਸ਼ਨਰੀ ਦੀ ਦੁਕਾਨ ਖੋਲ੍ਹੀ ਤਾਂ ਜੀਤਾ ਉਸੇ ਦੁਕਾਨ ’ਤੇ ਬੈਠਣ ਲੱਗ ਗਿਆ। ਸਾਲ ਬੀਤਦੇ ਗਏ। ਉਹ ਕਾਗਜ਼ਾਂ, ਫਾਰਮਾਂ ਦਾ ਵਧੀਆ ਕੰਮ ਸਿੱਖ ਗਿਆ ਸੀ। ਉਹ ਹੋਰਾਂ ਦੀਆਂ ਨੌਕਰੀਆਂ ਦੇ ਪੇਪਰਾਂ ਦੇ ਫਾਰਮ ਭਰਦਾ-ਭਰਦਾ ਆਪਣੇ ਵੀ ਭਰਨ ਲੱਗ ਪਿਆ ਸੀ। ਉਸ ਨੂੰ ਆਪਣੀ ਉਮਰ ਦੀ ਮਿਆਦ ਦਾ ਫਿਕਰ ਸੀ ਜੋ ਕੁਝ ਨੌਕਰੀਆਂ ਲਈ ਢੁੱਕਵੀਂ ਸੀ। ਦੁਪਹਿਰੇ ਇੱਕ ਘੰਟੇ ਦੀ ਛੁੱਟੀ ਵੇਲੇ ਉਸ ਨੂੰ ਆਪਣੇ ਭਤੀਜਿਆਂ ਨੂੰ ਸਕੂਲ ਤੋਂ ਲੈ ਕੇ ਆਉਣਾ ਹੁੰਦਾ ਸੀ ਅਤੇ ਸਵੇਰੇ ਛੱਡ ਕੇ ਵੀ ਆਉਣਾ ਪੈਂਦਾ ਸੀ। ਕਈ ਵਾਰ ਉਹ ਕੰਮ ’ਤੇ ਲੇਟ ਹੋ ਜਾਂਦਾ ਸੀ ਤੇ ਇੰਤਜ਼ਾਰ ਕਰ ਰਹੇ ਗਾਹਕ ਉਹਨੂੰ ਮਿਹਣਾ ਮਾਰ ਜਾਂਦੇ, ‘‘ਤੂੰ ਭਰਾਵਾਂ ਦੇ ਜੁਆਕ ਪੜ੍ਹਾਉਂਦਾ ਹੀ ਰਹਿ ਜਾਣਾ, ਤੇਰਾ ਆਪਣਾ ਕੁਝ ਨਹੀਂ ਬਣਨਾ।’’ ਉਹ ਹਾਸੇ ਵਿੱਚ ਟਾਲ ਦਿੰਦਾ।
ਐਤਵਾਰ ਵਾਲੇ ਦਿਨ ਵੀ ਉਹਦੇ ਲਈ ਕੋਈ ਨਾ ਕੰਮ ਤਿਆਰ ਹੁੰਦਾ ਸੀ। ਕਣਕ ਦਾ ਪੀਹਣ, ਡੰਗਰਾਂ ਦੇ ਪੱਠੇ, ਡੰਗਰਾਂ ਨੂੰ ਨਹਿਲਾਉਣਾ, ਭੈਣਾਂ ਜਾਂ ਰਿਸ਼ਤੇਦਾਰਾਂ ਦੇ ਕਿਸੇ ਕਾਰ ਵਿਹਾਰ ’ਤੇ ਜਾਣਾ। ਵਿਹਲ ਤਾਂ ਉਹਦੇ ਕਰਮਾਂ ਵਿੱਚ ਰੱਬ ਜਿਵੇਂ ਲਿਖਣਾ ਹੀ ਭੁੱਲ ਗਿਆ ਸੀ। ਉਹਨੂੰ ਕ੍ਰਿਕਟ ਖੇਡਣ ਦਾ ਸ਼ੌਕ ਸੀ। ਸਕੂਲ ਦੇ ਗਰਾਉਂਡ ਵਿੱਚ ਉਹ ਖੇਡਦਾ ਹੁੰਦਾ ਸੀ। ਜਦੋਂ ਸ਼ਾਮ ਨੂੰ ਉਹ ਪੱਠੇ ਵੱਢ ਕੇ ਲੈ ਕੇ ਆਉਂਦਾ ਤਾਂ ਪਿੰਡ ਦੇ ਗਰਾਉਂਡ ਵਿੱਚ ਖੇਡਦੇ ਮੁੰਡਿਆਂ ਨੂੰ ਦੇਖ ਕੇ ਉਹਦਾ ਜੀਅ ਕਰਦਾ ਕਿ ਉਹ ਵੀ ਖੇਡੇ, ਪਰ ਕੰਮਾਂ ਦੀ ਮਸ਼ਰੂਫ਼ੀਅਤ ਨੇ ਉਹਦਾ ਇਹ ਸ਼ੌਕ ਵੀ ਖੋਹ ਲਿਆ ਸੀ।
ਦੁਕਾਨ ’ਤੇ ਭਰੇ ਨੌਕਰੀਆਂ ਦੇ ਫਾਰਮ ਵੀ ਅਜਾਈਂ ਚਲੇ ਜਾਂਦੇ। ਪੇਪਰ ਹੀ ਨਾ ਪਾਸ ਹੁੰਦਾ। ਘੱਟ ਪੜ੍ਹਾਈ ਕੀਤੀ ਹੋਣ ਕਰਕੇ ਉਹਦਾ ਰੈਂਕ ਨਾ ਆਉਂਦਾ। ਇੱਕ ਵਾਰ ਇੱਕੋ-ਇੱਕ ਆਸਾਮੀ ਦਾ ਫਾਰਮ ਆਇਆ। ਹੋਰ ਕਿਸੇ ਨੇ ਨਾ ਭਰਿਆ ਕਿ ਇਹ ਨੌਕਰੀ ਤਾਂ ਸਿਫਾਰਸ਼ ਵਾਲੇ ਨੂੰ ਹੀ ਮਿਲ ਜਾਣੀ ਹੈ। ਜੀਤੇ ਨੇ ਫਾਰਮ ਭਰ ਦਿੱਤਾ। ਉਸ ਨੂੰ ਮਹਿਕਮੇ ਵਿੱਚ ਇੰਟਰਵਿਊ ਲਈ ਬੁਲਾਇਆ ਗਿਆ। ਚਪੜਾਸੀ ਦੀ ਇੱਕ ਆਸਾਮੀ ਲਈ ਕੋਈ ਵੀ ਨਹੀਂ ਆਇਆ ਸੀ। ਮਹਿਕਮੇ ਦੇ ਅਫ਼ਸਰ ਬਹੁਤ ਨਿੱਘੇ ਸਨ। ਉਨ੍ਹਾਂ ਵਿੱਚੋਂ ਇੱਕ ਬੋਲਿਆ, ‘‘ਸੁਰਜੀਤ ਸਿੰਘ, ਮੈਨੂੰ ਲੱਗਦਾ ਇਹ ਨੌਕਰੀ ਤੇਰੇ ਲਈ ਹੀ ਨਿਕਲੀ ਹੈ, ਦੇਖ ਲੈ ਹੋਰ ਕੋਈ ਨ੍ਹੀਂ ਆਇਆ।’’
ਜੀਤੇ ਨੂੰ ਨੌਕਰੀ ਮਿਲ ਗਈ, ਦੂਜੇ ਪਿੰਡ ਵਿੱਚ ਕੁਆਰਟਰ ਵੀ ਮਿਲ ਗਿਆ। ਮਾਪਿਆਂ ਨੇ ਛੇਤੀ ਦੇਣੇ ਉਹਦਾ ਵਿਆਹ ਕਰ ਦਿੱਤਾ। ਜੀਤੇ ਨੇ ਘਰੋਂ ਤੁਰਨ ਲੱਗੇ ਨੇ ਉਸ ਮੱਝ ਦੀ ਮੰਗ ਕੀਤੀ ਜੋ ਉਹਨੂੰ ਬਹੁਤ ਪਿਆਰੀ ਸੀ। ਬਾਪੂ ਨੇ ਹਾਂ ਕਰ ਦਿੱਤੀ। ਜੀਤੇ ਦੀ ਜ਼ਿੰਦਗੀ ਵਿੱਚ ਸਕੂਨ ਦਾ ਆਗਮਨ ਹੋਣ ਲੱਗਿਆ। ਦਫ਼ਤਰ ਵਿੱਚ ਬਹੁਤ ਭੱਜ-ਨੱਠ ਸੀ, ਪਰ ਘਰ ਆ ਕੇ ਉਹਨੂੰ ਵਿਹਲ ਮਿਲ ਜਾਂਦੀ ਸੀ। ਰੱਬ ਨੇ ਛੇਤੀ ਹੀ ਉਹਦੀ ਸੁਣੀ ਤੇ ਉਹਦੇ ਘਰ ਪੁੱਤ ਨੇ ਜਨਮ ਲਿਆ। ਮੁੰਡੇ ਦੀ ਲੋਹੜੀ ’ਤੇ ਉਹਨੇ ਸਭ ਨੂੰ ਸੱਦਿਆ। ਉਹਦੇ ਘਰ ਦੇ ਵੀ ਸਾਰੇ ਆਏ। ਉਸ ਦਾ ਬਾਪ ਹਾਕਮ ਮੰਜੇ ’ਤੇ ਬੈਠਾ ਸਭ ਨੂੰ ਆਪਣੇ ਵੱਡੇ ਪੁੱਤਾਂ ਦੀ ਦੁਕਾਨਦਾਰੀ ਤੇ ਅਫ਼ਸਰਸ਼ਾਹੀ ਦਾ ਜ਼ਿਕਰ ਕਰ ਰਿਹਾ ਸੀ।
ਜੀਤੇ ਦੀ ਮਾਂ ਨੇ ਉਹਦਾ ਮੱਥਾ ਚੁੰਮਿਆ ਤੇ ਆਸ਼ੀਰਵਾਦ ਦਿੱਤਾ, ‘‘ਰੱਬ ਕਰੇ ਅਗਲੇ ਸਾਲ ਤੇਰੇ ਪੁੱਤਰਾਂ ਦੀ ਜੋੜੀ ਬਣੇ ਤੇ ਮੈਂ ਵਾਰ-ਵਾਰ ਤੇਰੇ ਮੁੰਡਿਆਂ ਦੀ ਲੋਹੜੀ ’ਤੇ ਆਵਾਂ। ਪੁੱਤ ਇਹ ਆਸ਼ੀਰਵਾਦ ਮੈਨੂੰ ਤੇਰੀ ਦਾਦੀ ਨੇ ਦਿੱਤਾ ਸੀ।’’
ਜੀਤਾ ਅੱਜ ਕਿਸੇ ਹੋਰ ਰੌਂਅ ਵਿੱਚ ਸੀ। ਉਹ ਉੱਚੀ ਦੇਣੇ ਬੋਲਿਆ, ‘‘ਨਾ ਬੀਬੀ, ਮੈਂ ਦੂਜਾ ਜੀਤਾ ਨਹੀਂ ਬਣਾਉਣਾ ਚਾਹੁੰਦਾ। ਜੁਆਕ ਓਨੇ ਹੀ ਹੋਣ ਜਿੰਨਿਆਂ ਦਾ ਤੁਸੀਂ ਵਧੀਆ ਪਾਲਣ ਪੋਸ਼ਣ ਕਰ ਸਕਦੇ ਹੋਵੋ। ਜ਼ਿਆਦਾ ਧੀਆਂ ਪੁੱਤਾਂ ਵਾਲੇ ਘਰਾਂ ਵਿੱਚ ਅਕਸਰ ਕੁਝ ਬੱਚਿਆਂ ਨਾਲ ਵਿਤਕਰਾ ਹੋ ਜਾਂਦਾ ਹੈ। ਆਉਣ ਵਾਲੇ ਸਮੇਂ ਵਿੱਚ ਹਰ ਬੱਚੇ ਦੀ ਦੇਖਰੇਖ ਅਤੇ ਪੜ੍ਹਾਈ ਦਾ ਖ਼ਿਆਲ ਰੱਖਣ ਦੀ ਲੋੜ ਹੈ। ਬਿਨਾਂ ਪੜ੍ਹਾਈ ਦੇ ਚਪੜਾਸੀ ਵੀ ਨਹੀਂ ਬਣਿਆ ਜਾਣਾ, ਅਫ਼ਸਰ ਤਾਂ ਬਹੁਤ ਦੂਰ ਦੀ ਗੱਲ ਹੈ। ਮੈਂ ਆਪਣੇ ਬੱਚਿਆਂ ਨੂੰ ਅਫ਼ਸਰ ਬਣਾਊਂ। ਭਾਵੇਂ ਇੱਕ ਹੋਵੇ ਭਾਵੇਂ ਦੋ। ਰੱਬ ਕਰੇ ਦੂਜੀ ਧੀ ਹੋਵੇ। ਬਸ! ਆਪਣਾ ਸਾਰਾ ਧਿਆਨ ਅਤੇ ਜ਼ੋਰ ਉਨ੍ਹਾਂ ਨੂੰ ਪੜ੍ਹਾਉਣ ਵਿੱਚ ਲਾਵਾਂਗਾ। ਡੰਗਰ-ਵੱਛਾ ਰੱਖਾਗਾਂ ਤਾਂ ਆਪ ਕੰਮ ਕਰਾਂਗਾ। ਬੀਬੀ ਹੁਣ ਆਪਣੀ ਸੋਚ ਦੇ ਮਿਆਰ ਨੂੰ ਉੱਚਾ ਚੁੱਕਣ ਦਾ ਸਮਾਂ ਆ ਗਿਆ ਹੈ।’’
ਜੀਤੇ ਦੀ ਮਾਂ ਸੁੰਨ ਹੋ ਕੇ ਸਭ ਸੁਣ ਰਹੀ ਸੀ। ਹਾਕਮ ਸਿੰਘ ਨੂੰ ਵੀ ਕੋਈ ਗੱਲ ਨਾ ਸੁੱਝੀ। ਉਸ ਦੇ ਭਰਾਵਾਂ ਨੇ ਵੀ ਨੀਵੀਆਂ ਪਾ ਲਈਆਂ ਸਨ।
ਸੰਪਰਕ: 98558-30222

Advertisement
Advertisement