ਭਾਰਤ ’ਚ ਕਰੋਨਾ ਦੇ ਇੱਕ ਟੀਕੇ ਦਾ ਤੀਜਾ ਟਰਾਇਲ ਅੱਜ ਤੋਂ
ਨਵੀਂ ਦਿੱਲੀ, 18 ਅਗਸਤ
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ ਕਿਹਾ ਕਿ ਦੇਸ਼ ਵਿੱਚ ਕਰੋਨਾਵਾਇਰਸ ਦੇ ਬਣ ਰਹੇ ਤਿੰਨ ਟੀਕਿਆਂ ’ਚੋਂ ਇੱਕ ਦਾ ਭਲਕੇ 19 ਅਗਸਤ ਨੂੰ ਤੀਜੇ ਗੇੜ ਦਾ ਪ੍ਰੀ-ਕਲੀਨੀਕਲ ਮਨੁੱਖੀ ਟਰਾਇਲ ਸ਼ੁਰੂ ਹੋਣ ਜਾ ਰਿਹਾ ਹੈ। ਕੋਵਿਡ-19 ਬਾਰੇ ਕੌਮੀ ਟਾਸਕ ਫੋਰਸ ਦੇ ਮੁਖੀ ਡਾ. ਵੀਕੇ ਪੌਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਹਿਲੇ ਦੋ ਗੇੜਾਂ ਦੇ ਨਤੀਜੇ ਸਾਹਮਣੇ ਆਉਣ ਮਗਰੋਂ ਇੱਕ ਟੀਕਾ ਤੀਜੇ ਗੇੜ ਦੇ ਟਰਾਇਲ ’ਚ ਦਾਖਲ ਹੋ ਰਿਹਾ ਹੈ ਜਦਕਿ ਬਾਕੀ ਦੋ ਟੀਕੇ ਇਸ ਸਮੇਂ ਪਹਿਲੇ ਜਾਂ ਦੂਜੇ ਗੇੜ ਦੇ ਟਰਾਇਲ ’ਚੋਂ ਲੰਘ ਰਹੇ ਹਨ। ਕਿਆਸਰਾਈਆਂ ਹਨ ਕਿ ਭਾਰਤ ਬਾਇਓਟੈੱਕ ਵੱਲੋਂ ਭਾਰਤੀ ਮੈਡੀਕਲ ਖੋਜ ਕੌਂਸਲ ਨਾਲ ਮਿਲ ਕੇ ਵਿਕਸਤ ਕੀਤੀ ਜਾ ਰਹੀ ‘ਕੋਵੈਕਸੀਨ’ ਟਰਾਇਲ ਦੇ ਤੀਜੇ ਗੇੜ ’ਚ ਪੁੱਜੀ ਹੋ ਸਕਦੀ ਹੈ। ਇਸੇ ਦੌਰਾਨ ਚੀਨ ਦੀ ਸਰਕਾਰੀ ਫਾਰਮਾਸਿਊਟੀਕਲ ਕੰਪਨੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਕਰੋਨਵਾਇਰਸ ਬਾਰੇ ਵੈਕਸੀਨ ਇਸ ਸਾਲ ਦੇ ਅੰਤ ਤੱਕ ਵਿਕਣ ਲਈ ਮੁਹੱਈਆ ਹੋਵੇਗੀ। -ਪੀਟੀਆਈ
‘ਵੈਕਸੀਨ ਰਾਸ਼ਟਰਵਾਦ’ ਖਤਮ ਹੋਵੇ: ਡਬਲਯੂਐੱਚਓ
ਜਨੇਵਾ: ਡਬਲਯੂਐੱਚਓ ਦੇ ਮੁਖੀ ਟੈਡਰੋਸ ਅਧਾਨੋਮ ਗੇਬਰੇਯਸਿਸ ਨੇ ਅੱਜ ਕਿਹਾ ਕਿ ਵੱਖ ਵੱਖ ਮੁਲਕਾਂ ਵੱਲੋਂ ਸਿਰਫ਼ ਆਪਣੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਕੋਵਿਡ-19 ਦੇ ਟੀਕੇ ਦੀ ਸਪਲਾਈ ਸੰਭਵ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਲ ਮਹਾਮਾਰੀ ਭਿਆਨਕ ਹੋ ਸਕਦੀ ਹੈ। ਉਨ੍ਹਾਂ ਕਿਹਾ, ‘ਹਰ ਮੁਲਕ ਸਿਰਫ਼ ਆਪਣੇ ਹਿੱਤਾਂ ਨੂੰ ਸਾਹਮਣੇ ਰੱਖ ਰਿਹਾ ਹੈ ਪਰ ਜਦੋਂ ਤੱਕ ਸਾਰੇ ਸੁਰੱਖਿਅਤ ਨਹੀਂ ਹੁੰਦੇ, ਕੋਈ ਵੀ ਸੁਰੱਖਿਅਤ ਨਹੀਂ ਹੋ ਸਕਦਾ। ਇਸ ਲਈ ਕਰੋਨਾ ਦੇ ਟੀਕੇ ਲਈ ਰਾਸ਼ਟਰਵਾਦ ਖਤਮ ਕਰਨਾ ਚਾਹੀਦਾ ਹੈ।’ -ਆਈਏਐੱਨਐੱਸ