ਮੋਗਾ ਵਿੱਚ ਪੰਜਾਬ ਪੁਲੀਸ ਦੀ ਤੀਜੀ ਅੱਖ ਦੋ ਮਹੀਨੇ ਤੋਂ ਬੰਦ
ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਜੂਨ
ਮੋਗਾ ਨਗਰ ਨਿਗਮ ਵੱਲੋਂ ਸ਼ਹਿਰ ਅੰਦਰ ਸੰਵੇਦਨਸ਼ੀਲ ਥਾਵਾਂ ‘ਤੇ ਕਰੀਬ 1.93 ਕਰੋੜ ਰੁਪਏ ਦੀ ਰਕਮ ਖਰਚ ਕੇ ਲਗਵਾਏ 60 ਸੀਸੀਟੀਵੀ ਕੈਮਰੇ ਦੋ ਮਹੀਨੇ ਤੋਂ ਬੰਦ ਪਏ ਹਨ। ਸੀਸੀਟੀਵੀ ਕੈਮਰੇ ਲੁੱਟ ਖੋਹ ਆਦਿ ਵਾਰਦਾਤਾਂ ਸੁਲਝਾਉਣ ਲਈ ਪੁਲੀਸ ਲਈ ਮਦਦਗਾਰ ਸਾਬਤ ਹੋ ਰਹੇ ਹਨ। ਇਸੀ ਕਾਰਨ ਪੁਲੀਸ ਪ੍ਰਸ਼ਾਸਨ ਵੱਲੋਂ ਕੈਮਰੇ ਬੰਦ ਦਾ ਮੁੱਦਾ ਡਿਪਟੀ ਕਮਿਸ਼ਨਰ ਵੱਲੋਂ ਰੱਖੀ ਮੀਟਿੰਗ ਵਿਚ ਵੀ ਚੁੱਕਿਆ ਗਿਆ ਹੈ।
ਡੀਐੱਸਪੀ ਡੀ ਹਰਿੰਦਰ ਸਿੰਘ ਡੋਡ ਨੇ ਨਗਰ ਨਿਗਮ ਵੱਲੋਂ ਸ਼ਹਿਰ ਅੰਦਰ ਸੰਵੇਦਨਸ਼ੀਲ ਥਾਵਾਂ ‘ਤੇ ਲਗਾਏ 60 ਸੀਸੀਟੀਵੀ ਕੈਮਰੇ ਬੰਦ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਸ਼ਹਿਰ ਅੰਦਰ ਲੁੱਟ ਖੋਹ ਆਦਿ ਕਈ ਵਾਰਦਾਤਾਂ ਸੁਲਝਾਉਣ ਵਿਚ ਸਫ਼ਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਕੈਮਰੇ ਬੰਦ ਹੋਣ ਦਾ ਮੁੱਦਾ ਡਿਪਟੀ ਕਮਿਸ਼ਨਰ ਦੀ ਮੀਟਿੰਗ ਵਿਚ ਵੀ ਚੁੱਕਿਆ ਗਿਆ ਹੈ। ਪੰਜਾਬ ਪੁਲੀਸ ਦਾ ਵਿੰਗ ਵਿਸ਼ੇਸ਼ ਕੰਟਰੋਲ ਰੂਮ ਤੋਂ ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਸ਼ਹਿਰ ਅੰਦਰ ਆਉਣ ਜਾਣ ਵਾਲੇ ਹਰ ਵਿਅਕਤੀ ਉੱਤੇ ਨਜ਼ਰ ਰੱਖ ਰਿਹਾ ਹੈ। ਇਸ ਮੁੱਦੇ ਲਈ ਨਗਰ ਨਿਗਮ ਕਮਿਸ਼ਨਰ ਨਾਲ ਸੰਪਰਕ ਨਹੀਂ ਹੋ ਸਕਿਆ।
ਜਾਣਕਾਰੀ ਮੁਤਾਬਕ ਨਗਰ ਨਿਗਮ ਵੱਲੋਂ ਪਿਛਲੇ ਸਾਲ ਸ਼ਹਿਰ ਅੰਦਰ ਸੰਵੇਦਨਸ਼ੀਲ ਥਾਵਾਂ ‘ਤੇ ਕਰੀਬ ਕਰੀਬ 1.93 ਕਰੋੜ ਰੁਪਏ ਦੀ ਰਕਮ ਖਰਚ ਕਰਕੇ ਲੁਧਿਆਣਾ ਦੀ ਇੱਕ ਕੰਪਨੀ ਕੋਲੋਂ 60 ਸੀਸੀਟੀਵੀ ਕੈਮਰੇ ਲਗਾਏ ਗਏ ਸਨ। ਇਸ ਦੌਰਾਨ ਸੂਬੇ ‘ਚ ਸੱਤਾ ਪਰਿਵਰਤਨ ਮਗਰੋਂ ਨਗਰ ਨਿਗਮ ਮੇਅਰ ਦੀ ਕੁਰਸੀ ਉੱਤੇ ਕਾਬਜ਼ ਕਾਂਗਰਸੀ ਮੇਅਰ ਨੀਤਿਕਾ ਭੱਲਾ ਨੂੰ ਹਟਾਉਣ ਲਈ ਸ਼ੁਰੂ ਹੋਏ ਕੁਰਸੀ ਯੁੱਧ ਦੌਰਾਨ ਇਨ੍ਹਾਂ ਸੀਸੀਟੀਵੀ ਕੈਮਰਿਆਂ ਦੀ ਗੁਣਵੱਤਾ ਅਤੇ ਕੀਮਤ ਦੀ ਇੱਕ ਠੇਕੇਦਾਰ ਵੱਲੋਂ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਸ਼ਿਕਾਇਤ ਬਾਅਦ ਨਗਰ ਨਿਗਮ ਨੇ ਸੀਸੀਟੀਵੀ ਕੈਮਰੇ ਲਗਾਉਣ ਵਾਲੀ ਕੰਪਨੀ ਦੀ ਬਕਾਇਆ ਰਹਿੰਦੀ ਰਕਮ 55 ਲੱਖ ਰੁਪਏ ਇਹ ਕਹਿ ਕੇ ਰੋਕ ਦਿੱਤੀ ਕਿ ਇਸ ਮਾਮਲੇ ਦੀ ਵਿਜੀਲੈਂਸ ਕੋਲ ਸ਼ਿਕਾਇਤ ਹੈ। ਹੁਣ ਇਹ ਕੈਮਰੇ ਕਰੀਬ ਦੋ ਮਹੀਨੇ ਤੋਂ ਬੰਦ ਪਏ ਹਨ ਅਤੇ ਨਿਗਮ ਲਈ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਦੱਸਣਯੋਗ ਹੈ ਕਿ ਹਾਈਟੈੱਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸਿਸਟਮ ਤਹਿਤ ਸੂਬੇ ਭਰ ਦੇ ਥਾਣਿਆਂ ਵਿੱਚ ਸੀਸੀਟੀਵੀ ਕੈਮਰੇ ਲੱਗਣ ਨਾਲ ਪੁਲੀਸ ਕੈਮਰਿਆਂ ਦੀ ਨਿਗਰਾਨੀ ਹੇਠ ਕੰਮ ਕਰ ਰਹੀ ਹੈ। ਹਰ ਥਾਣੇ ਵਿਚ ਇੰਟਰੀ ਪੁਆਇੰਟ ਤੋਂ ਤਫ਼ਤੀਸ਼ੀ, ਹਵਾਲਾਤ, ਮੁਨਸ਼ੀ, ਥਾਣਾ ਮੁਖੀ ਦੇ ਦਫ਼ਤਰ ਵਿਚ ਇਹ ਕੈਮਰੇ ਲੱਗ ਚੁੱਕੇ ਸਨ। ਸਥਾਨਕ ਸੀਆਈਏ ਸਟਾਫ਼ ਵਿਖੇ 27 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਥਾਣਿਆਂ ਵਿਚ ਵੀ 10 ਤੋਂ ਪੰਦਰਾਂ ਸੀਸੀਟੀਵੀ ਕੈਮਰੇ ਲੱਗ ਚੁੱਕੇ ਹਨ।
ਵਿਜੀਲੈਂਸ ਜਾਂਚ ਕਾਰਨ ਕੈਮਰਿਆਂ ਦੀ ਨਹੀਂ ਹੋ ਰਹੀ ਦੇਖਭਾਲ: ਅਧਿਕਾਰੀ
ਨਗਰ ਨਿਗਮ ਦੇ ਕਾਰਜਕਾਰੀ ਸਯੁੰਕਤ ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਕੈਮਰੇ ਬੰਦ ਹੋਣ ਦੀ ਪੁਸ਼ਟੀ ਕਰਦਿਆਂ ਆਖਿਆ ਵਿਜੀਲੈਂਸ ਦੀ ਜਾਂਚ ਦੌਰਾਨ ਕੈਮਰੇ ਲਾਉਣ ਦੀ ਵਾਲੀ ਕੰਪਨੀ ਕੈਮਰਿਆਂ ਦੀ ਦੇਖ ਭਾਲ ਨਹੀਂ ਕਰ ਰਹੀ।