ਸੰਸਦ ਦਾ ਤੀਜਾ ਦਿਨ ਵੀ ਹੰਗਾਮੇ ਦੀ ਭੇਟ ਚੜ੍ਹਿਆ
ਨਵੀਂ ਦਿੱਲੀ, 28 ਨਵੰਬਰ
ਸੰਸਦ ਦੇ ਸਰਦ ਰੁੱਤ ਇਜਲਾਸ ਦਾ ਲਗਾਤਾਰ ਤੀਜਾ ਦਿਨ ਅੱਜ ਹੰਗਾਮੇ ਦੀ ਭੇਟ ਚੜ੍ਹ ਗਿਆ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਅਡਾਨੀ ਅਤੇ ਮਨੀਪੁਰ ਤੇ ਸੰਭਲ ਹਿੰਸਾ ਦੇ ਮੁੱਦਿਆਂ ’ਤੇ ਚਰਚਾ ਕਰਾਉਣ ਨੂੰ ਲੈ ਕੇ ਰੌਲਾ-ਰੱਪਾ ਪਾਇਆ।
ਸੰਸਦ ਦੇ ਦੋਵੇਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਨੂੰ ਕੁਝ ਹੀ ਸਮੇਂ ਦੇ ਅੰਦਰ ਮੁਲਤਵੀ ਕਰ ਦਿੱਤਾ ਗਿਆ। ਪਹਿਲਾਂ ਦੋਵੇਂ ਸਦਨਾਂ ਨੂੰ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕੀਤਾ ਗਿਆ ਸੀ ਪਰ ਮੁੜ ਜੁੜਨ ’ਤੇ ਵਿਰੋਧੀ ਧਿਰਾਂ ਵੱਲੋਂ ਪ੍ਰਦਰਸ਼ਨ ਜਾਰੀ ਰੱਖੇ ਗਏ ਜਿਸ ਕਾਰਨ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ। ਇਸ ਤੋਂ ਪਹਿਲਾਂ ਲੋਕ ਸਭਾ ਨੇ ਵਕਫ਼ ਸੋਧ ਬਿੱਲ ਬਾਰੇ ਸਾਂਝੀ ਕਮੇਟੀ ਦਾ ਕਾਰਜਕਾਲ ਅਗਲੇ ਸਾਲ ਬਜਟ ਇਜਲਾਸ ਦੇ ਆਖਰੀ ਦਿਨ ਤੱਕ ਲਈ ਵਧਾਉਣ ਵਾਲੇ ਮਤੇ ਨੂੰ ਪਾਸ ਕਰ ਦਿੱਤਾ। ਇਸ ਦੌਰਾਨ ਕਾਂਗਰਸ ਆਗੂਆਂ ਪ੍ਰਿਯੰਕਾ ਗਾਧੀ ਵਾਡਰਾ ਅਤੇ ਰਵਿੰਦਰ ਚਵਾਨ ਨੇ ਲੋਕ ਸਭਾ ਮੈਂਬਰ ਵਜੋਂ ਹਲਫ਼ ਲਿਆ। ਰਾਜ ਸਭਾ ’ਚ ਚਰਚਾ ਕਰਾਉਣ ਸਬੰਧੀ ਦਿੱਤੇ ਗਏ 16 ਨੋਟਿਸ ਰੱਦ ਕਰ ਦਿੱਤੇ ਗਏ।
ਲੋਕ ਸਭਾ ਵਿਚ ਵਿਰੋਧੀ ਧਿਰਾਂ ਦੇ ਮੈਂਬਰ ਸਪੀਕਰ ਦੇ ਆਸਣ ਅੱਗੇ ਆ ਗਏ ਅਤੇ ਉਹ ਯੂਪੀ ਦੇ ਸੰਭਲ ਵਿਚ ਇੱਕ ਮਸਜਿਦ ਵਿੱਚ ਕੀਤੇ ਜਾ ਰਹੇ ਸਰਵੇਖਣ ਦੌਰਾਨ ਹੋਈ ਹਿੰਸਾ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਨਾਅਰੇਬਾਜ਼ੀ ਕਰਦੇ ਰਹੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਵਿਰੋਧ ਪ੍ਰਦਰਸ਼ਨ ਦੀ ਨਿਖੇਧੀ ਕਰਦਿਆਂ ਕਿਹਾ, ‘‘ਮੈਂ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਦੀਆਂ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਾ ਹਾਂ।” ਪ੍ਰਦਰਸ਼ਨ ਜਾਰੀ ਰਹਿਣ ਦੌਰਾਨ ਹੀ ਸਪੀਕਰ ਦੇ ਆਸਣ ’ਤੇ ਵਿਰਾਜਮਾਨ ਤੇਲਗੂ ਦੇਸਮ ਪਾਰਟੀ ਦੇ ਮੈਂਬਰ ਕ੍ਰਿਸ਼ਨ ਪ੍ਰਸਾਦ ਟੈਨੇਤੀ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ। ਉਧਰ ਰਾਜ ਸਭਾ ਵਿਚ ਵੀ ਅਡਾਨੀ ਮੁੱਦੇ ਅਤੇ ਸੰਭਲ ਤੇ ਮਨੀਪੁਰ ਹਿੰਸਾ ਵਰਗੇ ਮੁੱਦਿਆਂ ਨੂੰ ਲੈ ਕੇ ਰੌਲਾ-ਰੱਪਾ ਪੈਂਦਾ ਰਿਹਾ ਜਿਸ ਕਾਰਨ ਚੇਅਰਮੈਨ ਜਗਦੀਪ ਧਨਖੜ ਨੇ ਪਹਿਲਾਂ ਸਦਨ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ ਕੀਤੀ ਅਤੇ ਫਿਰ ਜਦੋਂ ਸਦਨ ਜੁੜਿਆ ਤਾਂ ਹੰਗਾਮਾ ਜਾਰੀ ਰਹਿਣ ਕਾਰਨ ਇਸ ਨੂੰ ਦਿਨ ਭਰ ਲਈ ਉਠਾ ਦਿੱਤਾ। ਇਸ ਤੋਂ ਪਹਿਲਾਂ ਧਨਖੜ ਨੇ ਕਿਹਾ ਕਿ ਉਨ੍ਹਾਂ ਨੂੰ ਨਿਯਮ 267 ਤਹਿਤ ਸਦਨ ਦਾ ਕੰਮਕਾਰ ਮੁਲਤਵੀ ਕਰਕੇ ਵੱਖ ਵੱਖ ਵਿਸ਼ਿਆਂ ’ਤੇ ਚਰਚਾ ਕਰਾਉਣ ਸਬੰਧੀ 16 ਨੋਟਿਸ ਮਿਲੇ ਹਨ ਪਰ ਉਹ ਇਹ ਸਾਰੇ ਨੋਟਿਸ ਰੱਦ ਕਰਦੇ ਹਨ। -ਪੀਟੀਆਈ
ਟੌਲ ਪਲਾਜ਼ਿਆਂ ਤੋਂ ਕੇਂਦਰ ਨੇ 1.44 ਲੱਖ ਕਰੋੜ ਰੁਪਏ ਵਸੂਲੇ
ਕੇਂਦਰ ਸਰਕਾਰ ਨੇ ਅੱਜ ਸੰਸਦ ’ਚ ਦੱਸਿਆ ਕਿ ਉਨ੍ਹਾਂ ਦਸੰਬਰ 2000 ਤੋਂ ਹੁਣ ਤੱਕ ਕੌਮੀ ਹਾਈਵੇਅਜ਼ ’ਤੇ ਟੌਲ ਪਲਾਜ਼ਿਆਂ ਰਾਹੀਂ 1.44 ਲੱਖ ਕਰੋੜ ਰੁਪਏ ਇਕੱਤਰ ਕੀਤੇ ਹਨ। ਲੋਕ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਸੜਕ ਆਵਾਜਾਈ ਅਤੇ ਰਾਜਮਾਰਗਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਕੌਮੀ ਰਾਜਮਾਰਗਾਂ ’ਤੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਤਹਿਤ ਚੱਲ ਰਹੇ ਟੌਲ ਪਲਾਜ਼ਿਆਂ ਤੋਂ ਇਹ ਰਕਮ ਇਕੱਤਰ ਕੀਤੀ ਗਈ ਹੈ। ਗਡਕਰੀ ਨੇ ਕਿਹਾ ਕਿ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਆਧਾਰਿਤ ਟੌਲ ਪ੍ਰਣਾਲੀ ਹਾਲੇ ਲਾਗੂ ਨਹੀਂ ਹੋਈ ਹੈ।
ਧਨਖੜ ਨੇ ਹੰਗਾਮੇ ’ਤੇ ਅਫ਼ਸੋਸ ਜਤਾਇਆ
ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਵਿਰੋਧੀ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਹੰਗਾਮੇ ’ਤੇ ਡੂੰਘਾ ਅਫ਼ਸੋਸ ਪ੍ਰਗਟਾਇਆ। ਉਨ੍ਹਾਂ ਕਿਹਾ, ‘‘ਬੁੱਧਵਾਰ ਨੂੰ ਇੱਕ ਇਤਿਹਾਸਕ ਮੀਲ ਪੱਥਰ ਕਾਇਮ ਹੋਇਆ ਹੈ ਅਤੇ ਉਸ ਦਿਨ ਤੋਂ ਸਾਡੇ ਸੰਵਿਧਾਨ ਦੇ 100 ਸਾਲ ਪੂਰੇ ਹੋਣ ਤੋਂ ਪਹਿਲਾਂ ਆਖਰੀ ਚੌਥਾਈ-ਸਦੀ ਦੀ ਸ਼ੁਰੂਆਤ ਹੋਈ ਹੈ। ਮੈਂਬਰਾਂ ਨੇ ਉਸਾਰੂ ਵਿਚਾਰ-ਵਟਾਂਦਰੇ ਦਾ ਇਕ ਵਧੀਆ ਮੌਕਾ ਗੁਆ ਦਿੱਤਾ ਹੈ। ਇਹ ਸਦਨ ਲਈ ਰਾਸ਼ਟਰਵਾਦ ਦੀ ਭਾਵਨਾ ਤੋਂ ਸੇਧਿਤ ਹੋ ਕੇ 1.4 ਅਰਬ ਭਾਰਤੀਆਂ ਨੂੰ ਉਮੀਦ ਦਾ ਇੱਕ ਮਜ਼ਬੂਤ ਸੰਦੇਸ਼ ਭੇਜਣ, ਉਨ੍ਹਾਂ ਦੇ ਸੁਪਨਿਆਂ ਪ੍ਰਤੀ ਆਪਣੀ ਵਚਨਬੱਧਤਾ ਅਤੇ 2047 ਵਿੱਚ ‘ਵਿਕਸਿਤ ਭਾਰਤ’ ਵੱਲ ਪੈਂਡੇ ਦੀ ਪੁਸ਼ਟੀ ਕਰਨ ਦਾ ਅਹਿਮ ਪਲ ਸੀ ਪਰ ਡੂੰਘੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀਂ ਇਸ ਇਤਿਹਾਸਕ ਮੌਕੇ ਨੂੰ ਗੁਆ ਲਿਆ ਹੈ।’’ ਧਨਖੜ ਨੇ ਕਿਹਾ ਕਿ ਇਹ ਮਹਿਜ਼ ਬਹਿਸ ਦਾ ਸਦਨ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਹ ਉਹ ਥਾਂ ਹੈ ਜਿੱਥੇ ਸਾਡੀ ਕੌਮੀ ਭਾਵਨਾ ਨੂੰ ਆਵਾਜ਼ ਮਿਲਦੀ ਹੈ ਅਤੇ ਜਿੱਥੇ ਸਾਡੇ ਮਹਾਨ ਰਾਸ਼ਟਰ ਦੀ ਕਿਸਮਤ ਬਣਦੀ ਹੈ। ਉਨ੍ਹਾਂ ਕਿਹਾ, “ਸੰਸਦੀ ਵਿਘਨ ਇੱਕ ਉਪਾਅ ਨਹੀਂ ਹੈ, ਸਗੋਂ ਇੱਕ ਬਿਮਾਰੀ ਹੈ ਜੋ ਸਾਡੇ ਲੋਕਤੰਤਰ ਦੀ ਬੁਨਿਆਦ ਨੂੰ ਕਮਜ਼ੋਰ ਕਰਦੀ ਹੈ। ਇਸ ਸਦਨ ਦੀ ਪਵਿੱਤਰਤਾ ਬਹਿਸ ਦੀ ਮੰਗ ਕਰਦੀ ਹੈ, ਨਾ ਕਿ ਮਤਭੇਦ ਦੀ। ਇਹ ਗੱਲਬਾਤ ਦੀ ਹਾਮੀ ਹੈ, ਨਾ ਕਿ ਵਿਘਨ ਦੀ।” -ਪੀਟੀਆਈ