ਚੋਰਾਂ ਨੇ ਘਰ ਅਤੇ ਦੋ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
ਪੱਤਰ ਪ੍ਰੇਰਕ
ਕੁਰਾਲੀ, 18 ਅਗਸਤ
ਸ਼ਹਿਰ ਵਿੱਚ ਸਰਗਰਮ ਚੋਰਾਂ ਨੇ ਇੱਕ ਘਰ ਅਤੇ ਕੁਝ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਨਗਦੀ,ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਪਹਿਲੀ ਘਟਨਾ ਸ਼ਹਿਰ ਦੀ ਮਾਡਲ ਟਾਊਨ ਵਿੱਚ ਸਥਿਤ ਬਾਰਾਂ ਮੰਦਰ ਕਲੋਨੀ ਵਿੱਚ ਵਾਪਰੀ। ਸੀਨੀਅਰ ਕਾਂਗਰਸੀ ਆਗੂ ਕਮਲੇਸ਼ ਚੁੱਘ ਨੇ ਦੱਸਿਆ ਕਿ ਉਸ ਦਾ ਪੁੱਤਰ ਅਤੇ ਨੂੰਹ ਜੋ ਇਸ ਮਕਾਨ ਵਿੱਚ ਰਹਿੰਦੇ ਹਨ ਘਰ ਨੂੰ ਤਾਲਾ ਲਗਾ ਕੇ ਸ਼ਹਿਰ ਤੋਂ ਬਾਹਰ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੇ ਘਰ ਵਾਪਸ ਪਹੁੰਚੇ ਤਾਂ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚੋਰ ਢਾਈ ਤੋਲੇ ਦਾ ਸੋਨੇ ਦਾ ਕੜਾ, ਸੋਨੇ ਦਾ ਕਿੱਟੀ ਸੈੱਟ, ਮੰਗਲ ਸੂਤਰ , ਤਿੰਨ ਸੋਨੇ ਦੀਆਂ ਮੁੰਦਰਾਂ ਅਤੇ ਸ੍ਰੀ ਗਣੇਸ਼ ਦੀ ਚਾਂਦੀ ਦੀ ਮੂਰਤੀ, ਬੱਚਿਆਂ ਦੀਆਂ ਗੋਲਕਾਂ ਤੇ ਕਰੀਬ 25 ਹਜ਼ਾਰ ਰੁਪਏ ਦੀ ਨਗਦੀ ਲੈਕੇ ਫਰਾਰ ਹੋ ਗਏ। ਇਸੇ ਦੌਰਾਨ ਚੋਰਾਂ ਨੇ ਅੱਜ ਤੜਕੇ ਮੋਰਿੰਡਾ ਮਾਰਗ ’ਤੇ ਸਥਿਤ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਸ਼ਹਿਰ ਦੀ ਸਿੰਘਪੁਰਾ ਚੌਕ ਵਿੱਚ ਵਰਧਮਾਨ ਕਰਿਆਨਾ ਸਟੋਰ ਦੇ ਮਾਲਕ ਗੋਇਲ ਨੇ ਦੱਸਿਆ ਕਿ ਸੀਸੀਟੀਵੀ ’ਚ ਕੈਦ ਘਟਨਾ ਅਨੁਸਾਰ ਤਿੰਨ ਚੋਰਾਂ ਨੇ ਤੜਕੇ ਤਿੰਨ ਵਜੇ ਦੁਕਾਨ ਦੇ ਸ਼ਟਰ ਨੂੰ ਪੁੱਟ ਕੇ ਦੁਕਾਨ ਅੰਦਰ ਦਾਖਲ ਹੋਏ। ਦੋ ਚੋਰ ਦੁਕਾਨ ਦੇ ਬਾਹਰ ਖੜ੍ਹੇ ਰਹੇ ਜਦਕਿ ਇਕ ਅੰਦਰ ਤਿੰਨ ਵਾਰ ਦਾਖ਼ਲ ਹੋਇਆ ਅਤੇ ਦੋ ਵਾਰ ਗੱਲੇ ਵਿੱਚੋਂ ਨਗਦੀ ਕੱਢ ਕੇ ਬਾਹਰ ਲਿਆਇਆ ਅਤੇ ਤੀਜੀ ਵਾਰ ਗੱਲਾ ਹੀ ਪੁੱਟ ਕੇ ਬਾਹਰ ਲੈ ਗਿਆ। ਉਨਾਂ ਦੱਸਿਆ ਕਿ ਚੋਰ ਗੱਲੇ ਵਿੱਚ ਪਈ ਕਰੀਬ 30-35 ਹਜ਼ਾਰ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ। ਇਸੇ ਦੌਰਾਨ ਚੋਰ ਇਥੇ ਨੇੜੇ ਹੀ ਗੁਰ ਫ਼ਤਹਿ ਟਿੰਬਰ ਸਟੋਰ ਦੇ ਸ਼ਟਰ ਪੁੱਟ ਕੇ ਦੁਕਾਨ ਅੰਦਰ ਦਾਖਲ ਹੋ ਗਏ। ਦੁਕਾਨ ਦੇ ਮਾਲਕ ਹਰਨੇਕ ਸਿੰਘ ਅਤੇ ਰਵਿੰਦਰ ਬਿੱਲਾ ਨੇ ਦੱਸਿਆ ਕਿ ਚੋਰ ਗੱਲੇ ਵਿੱਚ ਪਈ ਨਗਦੀ ਸਮੇਤ ਕਰੀਬ 30-35 ਹਜ਼ਾਰ ਦਾ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ।