ਥੀਏਟਰ ਫੈਸਟੀਵਲ ਅਮਿੱਟ ਪੈੜਾਂ ਛੱਡਦਾ ਸਮਾਪਤ
ਪੱਤਰ ਪ੍ਰੇਰਕ
ਸੰਗਰੂਰ, 4 ਸਤੰਬਰ
ਰੰਗਸ਼ਾਲਾ ਥੀਏਟਰ ਗਰੁੱਪ ਸੰਗਰੂਰ ਅਤੇ ਸਥਾਨਕ ਕਲਾ ਕੇਂਦਰ ਵੱਲੋਂ ਰਾਮ ਵਾਟਿਕਾ ਬੱਗੀਖਾਨਾ ਦੇ ਮੰਚ ’ਤੇ ਚਲ ਰਹੇ ਦੋ ਦਿਨਾਂ ਥੀਏਟਰ ਫ਼ੈਸਟੀਵਲ ਦੇ ਦੂਜੇ ਦਿਨ ਦੋ ਨਾਟਕਾਂ ਦਾ ਸਫ਼ਲ ਮੰਚਨ ਕੀਤਾ ਗਿਆ| ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਥੀਏਟਰ ਦੇ ਪੁਰਾਣੇ ਕਲਾਕਾਰ ਪ੍ਰਵੀਨ ਸਿੰਘ ਨੇ ਸ਼ਿਰਕਤ ਕੀਤੀ ਜਦੋਂ ਕਿ ਪ੍ਰਧਾਨਗੀ ਪੂਨਮ ਅਗਰਵਾਲ ਨੇ ਕੀਤੀ।
ਪਹਿਲਾ ਨਾਟਕ ਦਵਿੰਦਰ ਦਮਨ ਦਾ ਲਿਖਿਆ ‘ਛਿਪਣ ਤੋਂ ਪਹਿਲਾਂ’ ਅਤੇ ਦੂਜਾ ਕੇਵਲ ਧਾਲੀਵਾਲ ਦਾ ‘ਰਾਜਿਆਂ ਰਾਜ ਕਰਿੰਦਿਆਂ’ ਦਾ ਮੰਚਨ ਕੀਤਾ ਗਿਆ ਜਿਨ੍ਹਾਂ ਦਾ ਨਿਰਦੇਸ਼ਨ ਯਸ਼ ਨੇ ਕੀਤਾ। ਇਸ ਸਬੰਧੀ ਨਿਰਦੇਸ਼ਕ ਯਸ਼ ਨੇ ਦੱਸਿਆ ਕਿ ‘ਰਾਜਿਆ ਰਾਜ ਕਰਿੰਦਿਆਂ’ ਨਾਟਕ ਵਿਚ ਰਾਜੇ ਦੀ ਪਰਜਾ ਦੀ ਦੁਰਦਸ਼ਾ ’ਤੇ ਆਧਾਰਿਤ ਹੈ।
ਇਸੇ ਤਰ੍ਹਾਂ ਦੂਜਾ ਨਾਟਕ ਸ਼ਹੀਦ ਭਗਤ ਸਿੰਘ ਦੇ ਜੇਲ੍ਹ ਜੀਵਨ ਨਾਲ ਸਬੰਧਤ ਸੀ। ਇਸ ਨੂੰ ਨਾਟਕਕਾਰ ਦਵਿੰਦਰ ਦਮਨ ਨੇ ਇਤਿਹਾਸਕ ਦਸਤਾਵੇਜ਼ਾਂ ਦੇ ਅਧਿਐਨ ਤੋਂ ਬਾਅਦ ਲਿਖਿਆ ਹੈ। ਇਨ੍ਹਾਂ ਦੋਵੇਂ ਨਾਟਕਾਂ ਵਿੱਚ ਰਿਸ਼ੀ ਸ਼ਰਮਾ, ਸੁੁਖਦੇਵ ਸ਼ਰਮਾ, ਪਰਮਜੀਤ ਕੌਰ, ਭੁਪਿੰਦਰ ਸ਼ਰਮਾ, ਪ੍ਰਵੀਨ ਸਿੰਘ, ਮਨਦੀਪ ਦੀਵਾਨਾ, ਵਿੱਕੀ ਵਿਸ਼ਾਲ, ਅਨੀਸ਼ ਭਾਰਦਵਾਜ, ਸੁਖਵਿੰਦਰ ਸਿੰਘ, ਸੁਖਦਰਸ਼ਨ ਸਿੰਘ, ਹਰਮੋਲ ਸਿੰਘ, ਕਮਲ ਛਾਜਲੀ, ਮੁਸਕਾਨ ਸ਼ਰਮਾ, ਸਿਮਰਨ ਅਰੋੜਾ ਅਤੇ ਹੈਰੀ ਆਦਿ ਕਲਾਕਾਰਾਂ ਨੇ ਬਾਖ਼ੂਬੀ ਆਪਣੀ ਭੂਮਿਕਾ ਨਿਭਾਈ। ਮੰਚ ਸੰਚਾਲਨ ਜਤਵਿੰਦਰ ਗਾਗਾ ਨੇ ਕੀਤਾ|