ਮੁਜ਼ੱਫ਼ਰਨਗਰ ਤੇ ਦਿੱਲੀ ਤੋਂ ਮੋਗਾ ਆਏ ‘ਦਹਿਸ਼ਤਗਰਦ’ ਵਾਰਦਾਤ ਕਰਨ ’ਚ ਅਸਫ਼ਲ, ਭੱਜਦਿਆਂ ਨੂੰ ਲੋਕਾਂ ਨੇ ਕਾਬੂ ਕੀਤਾ
ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਅਗਸਤ
ਇਥੇ ਦਿਨ-ਦਿਹਾੜੇ ਅੰਮ੍ਰਿਤਸਰ ਰੋਡ ਉੱਤੇ ਆਇਲੈੱਟਸ ਸੈਂਟਰ ਸੰਚਾਲਕ ਉੱਤੇ ਜਾਨਲੇਵਾ ਹਮਲਾ ਕਰਨ ’ਚ ਅਸਫ਼ਲ ਰਹਿਣ ਮਗਰੋਂ ਫ਼ਰਾਰ ‘ਦਹਿਸ਼ਤਗਰਦਾਂ’ ਦੀ ਮੋਟਰਸਾਈਕਲ ਸ਼ਹਿਰ ਤੋਂ ਬਾਹਰ ਲੁਹਾਰਾ ਚੌਕ ਥਾਣਾ ਧਰਮਕੋਟ ਖੇਤਰ ’ਚ ਹਾਦਸਾ ਗ੍ਰਸਤ ਹੋ ਗਿਆ। ਮੋਟਰਸਾਈਕਲ ਸਵਾਰ ਦੋਵੇਂ ਦਹਿਸ਼ਤਗਰਦ ਡਿੱਗ ਗਏ ਤਾਂ ਰਾਹਗੀਰ ਮਦਦ ਲਈ ਪੁੱਜੇ ਅਤੇ ਹਸਪਤਾਲ ਲਿਜਾਣ ਲਈ ਆਖਿਆ ਤਾਂ ‘ਦਹਿਸ਼ਤਗਰਦ’ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਲੋਕਾਂ ਨੂੰ ਸ਼ੱਕ ਹੋ ਗਿਆ ਉਨ੍ਹਾਂ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ।
ਦੋਵਾਂ ਦੀ ਡੱਬ ਵਿਚ ਪਿਸਤੌਲ ਸਨ। ਪਿੰਡ ਲੁਹਾਰਾ ਦੇ ਨੌਜਵਾਨ ਜਗਤਾਰ ਸਿੰਘ ਨੇ ਹੋਰ ਨੌਜਵਾਨ ਦਰਸ਼ਨ ਸਿੰਘ ਦੀ ਮਦਦ ਨਾਲ ਕਾਬੂ ਕਰਕੇ ਬਹਾਦਰੀ ਦਿਖਾਈ। ਦੋਵਾਂ ਦੀ ਪਛਾਣ ਹੋ ਗਈ ਹੈ। ਇਨ੍ਹਾਂ ’ਚੋਂ ਇਕ ‘ਦਹਿਸ਼ਤਗਰਦ’ ਮੁਜ਼ੱਫ਼ਰਨਗਰ ਤੇ ਦੂਜਾ ਦਿੱਲੀ ਦਾ ਰਹਿਣ ਵਾਲਾ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਧਰਮਕੋਟ ਪੁਲੀਸ ਨੇ ਆਰਮਜ਼ ਐਕਟ ਆਦਿ ਧਰਾਵਾਂ ਤਹਿਤ ਜਦੋਂ ਕਿ ਥਾਣਾ ਸਿਟੀ ਪੁਲੀਸ ਨੇ ਆਇਲੈੱਟਸ ਸੈਂਟਰ ਸੰਚਾਲਕ ਵਨੀਤ ਸ਼ਰਮਾ ਦੇ ਬਿਆਨ ਉੱਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।