ਕੁਰਾਲੀ ਵਿੱਚ ਆਵਾਰਾ ਕੁੱਤਿਆਂ ਦੀ ਦਹਿਸ਼ਤ
ਮਿਹਰ ਸਿੰਘ
ਕੁਰਾਲੀ, 10 ਨਵੰਬਰ
ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਲੋਕ ਪ੍ਰੇਸ਼ਾਨ ਹਨ। ਅੱਜ ਸਵੇਰੇ ਸ਼ਹਿਰ ਦੇ ਵਾਰਡ ਨੰਬਰ-1 ਵਿੱਚ ਆਵਾਰਾ ਕੁੱਤਿਆਂ ਨੇ ਹਮਲਾ ਕਰ ਕੇ ਦੋ ਜਣਿਆਂ ਨੂੰ ਜ਼ਖ਼ਮੀ ਕਰ ਦਿੱਤਾ, ਇਨ੍ਹਾਂ ਵਿੱਚ ਇੱਕ ਮਹਿਲਾ ਸ਼ਾਮਲ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ।
ਸਥਾਨਕ ਵਾਰਡ ਨੰਬਰ-1 ਦੀ ਵਸਨੀਕ ਰਵਨੀਤ ਕੌਰ ਨੇ ਦੱਸਿਆ ਕਿ ਉਹ ਅੱਜ ਸਵੇਰੇ ਸੈਰ ਕਰ ਕੇ ਪਰਤ ਰਹੀ ਸੀ ਕਿ ਗਲ਼ੀ ਵਿੱਚ ਬੈਠੇ ਕੁੱਤਿਆਂ ਨੇ ਉਸ ਨੂੰ ਵੱਢ ਲਿਆ। ਰਵਨੀਤ ਕੌਰ ਨੇ ਦੱਸਿਆ ਕਿ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਤੋਂ ਕੁਝ ਸਮੇਂ ਬਾਅਦ ਇੱਥੇ ਹੀ ਕੁੱਤਿਆਂ ਨੇ ਇੱਕ ਗੱਡੀ ਦੇ ਡਰਾਈਵਰ ਗੋਬਿੰਦ ਨੂੰ ਵੱਢ ਲਿਆ। ਪੀੜਤ ਨੇ ਦੱਸਿਆ ਕਿ ਉਹ ਵਾਰਡ ਨੰਬਰ-1 ਦੀ ਟੈਲੀਫੋਨ ਐਕਸਚੇਂਜ ਨੇੜੇ ਲੱਕੜ ਦੀ ਫੈਕਟਰੀ ਵਿੱਚ ਸਾਮਾਨ ਲੈ ਕੇ ਆਇਆ ਸੀ ਜਿੱਥੇ ਕੁੱਤਿਆਂ ਨੇ ਉਸ ਨੂੰ ਵੱਢ ਲਿਆ। ਜ਼ਖ਼ਮੀ ਹਾਲਤ ਵਿੱਚ ਗੋਬਿੰਦ ਨੂੰ ਸਥਾਨਕ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਕੁੱਤਿਆਂ ਤੋਂ ਰਾਹਤ ਦਿਵਾਉਣ ਦੀ ਮੰਗ ਕੀਤੀ ਹੈ।
ਕੁੱਤੇ ਦੇ ਵੱਢਣ ਕਾਰਨ ਕੱਟਣੀ ਪਈ ਲੱਤ
ਸ਼ਹਿਰ ਦੇ ਵਾਰਡ ਨੰਬਰ-4 ਦੇ ਵਸਨੀਕ ਵਿਸ਼ਾਲ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਨੂੰ ਆਵਾਰਾ ਕੁੱਤੇ ਨੇ ਵੱਢ ਲਿਆ। ਉਸਨੇ ਕਿਹਾ ਕਿ ਇਲਾਜ ਦੇ ਬਾਵਜੂਦ ਉਸ ਦਾ ਜ਼ਖ਼ਮ ਠੀਕ ਨਹੀਂ ਹੋਇਆ ਅਤੇ ਡਾਕਟਰਾਂ ਨੂੰ ਉਸ ਦੀ ਲੱਤ ਕੱਟਣੀ ਪਈ। ਵਿਸ਼ਾਲ ਕੱਪੜੇ ਪ੍ਰੈੱਸ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਪਰ ਹੁਣ ਉਹ ਖੜ੍ਹਾ ਹੋਣ ਤੋਂ ਵੀ ਅਸਮਰੱਥ ਹੋ ਗਿਆ ਹੈ।