ਦਸਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਰੂਪ ਵਿੱਚ ਪ੍ਰਗਟ ਕਰ ਕੇ ਜੋਤੀ ਜੋਤ ਸਮਾ ਗਏ: ਸੰਤ ਹਰੀ ਸਿੰਘ
ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 19 ਨਵੰਬਰ
ਗੁਰੂ ਗੋਬਿੰਦ ਸਿੰਘ ਦਾ ਜੋਤੀ ਜੋਤ ਦਿਹਾੜਾ ਤੇ ਗੁਰੂ ਗ੍ਰੰਥ ਸਾਹਿਬ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਜਥਾ ਰੰਧਾਵਾ ਦੇ ਮੁਖੀ ਸੰਤ ਹਰੀ ਸਿੰਘ ਰੰਧਾਵਾ ਵਾਲਿਆਂ ਦੀ ਅਗਵਾਈ ਹੇਠ ਜਥਾ ਰੰਧਾਵਾ ਦੇ ਮੁੱਖ ਅਸਥਾਨ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ।
ਵੈਰਾਗਮਈ ਇਤਿਹਾਸ ਦੀ ਕਥਾ ਕਰਦਿਆਂ ਸੰਤ ਰੰਧਾਵਾ ਵਾਲਿਆਂ ਨੇ ਦੱਸਿਆ ਕਿ ਦਸ਼ਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਰੂਪ ਵਿੱਚ ਪ੍ਰਗਟ ਕਰ ਕੇ ਅਤੇ ਖਾਲਸੇ ਦੇ ਲੜ ਲਗਾ ਕੇ ਆਪ ਜੋਤੀ ਜੋਤ ਸਮਾ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਵਰਗਾ ਯੋਧਾ, ਸ਼ੂਰਵੀਰ, ਸਰਬੰਸਦਾਨੀ, ਵਿਦਵਾਨ ਦੁਨੀਆਂ ਦੇ ਇਤਿਹਾਸ ਵਿੱਚ ਕੋਈ ਨਹੀਂ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜਨ ਦੀ ਅਪੀਲ ਕੀਤੀ। ਸੰਤ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਨੇ ਸੰਤ ਰੰਧਾਵੇ ਵਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਜੀਵਨ ਦਾ ਵੱਡਾ ਸਮਾਂ ਕੌਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਲਾਇਆ ਹੈ। ਉਨ੍ਹਾਂ ਗੁਰੂ ਸਾਹਿਬ ਦੀ ਸੋਚ ਨਾਲ ਜੁੜਨ ਦਾ ਸੱਦਾ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਕਿਹਾ, ‘‘ਅੱਜ ਸਾਡੀ ਕੌਮ ਨੂੰ ਘੁਣ ਦੀ ਤਰ੍ਹਾਂ ਖਾ ਰਹੇ ਅਖੌਤੀ ਲੀਡਰ ਜਿਹੜੇ ਸਾਡੇ ਗੁਰਧਾਮਾਂ ’ਤੇ ਕਬਜ਼ਾ ਕਰੀ ਬੈਠੇ ਹਨ ਉਨ੍ਹਾਂ ਤੋਂ ਮੁਕਤ ਕਰਵਾਉਣ ਲਈ ਸਿੱਖ ਕੌਮ ਨੂੰ ਇਕੱਠੇ ਹੋਣ ਦੀ ਲੋੜ ਹੈ।’’ ਇਸ ਮੌਕੇ ਸੰਤ ਕਸ਼ਮੀਰਾ ਸਿੰਘ ਅਲਹੌਰਾਂ, ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੇ, ਸੰਤ ਗਿਆਨੀ ਹਰਭਜਨ ਸਿੰਘ ਢੁੱਡੀਕੇ, ਭਾਈ ਭੁਪਿੰਦਰ ਸਿੰਘ ਰਾਮਪੁਰ ਖੇੜਾ, ਗਿਆਨੀ ਗੁਰਨਾਮ ਸਿੰਘ ਅੰਬਾਵਲੀ, ਗਿਆਨੀ ਜਗਤਾਰ ਸਿੰਘ ਅਭਿਆਸੀ, ਭਾਈ ਚਰਨਜੀਤ ਸਿੰਘ ਭੇੜਵਾਲ, ਵਿਦਿਆਰਥੀ ਜਥਾ ਰੰਧਾਵਾ, ਗਿਆਨੀ ਰਣਜੀਤ ਸਿੰਘ ਪਟਿਆਲਾ ਵਾਲੇ, ਗਿਆਨੀ ਜਸਵਿੰਦਰ ਸਿੰਘ, ਗਿਆਨੀ ਜਸਵੀਰ ਸਿੰਘ ਲੋਪੋਂ, ਗਿਆਨੀ ਅਵਤਾਰ ਸਿੰਘ, ਸੰਤ ਗਿਆਨੀ ਸੁਰਿੰਦਰ ਸਿੰਘ ਭੜੀ ਵਾਲੇ, ਸਰਵੰਸ ਸਿੰਘ ਮਾਣਕੀ ਸ਼੍ਰੋਮਣੀ ਕਮੇਟੀ ਮੈਂਬਰ ਸਮਰਾਲਾ, ਗਿਆਨੀ ਜਸਵੀਰ ਸਿੰਘ ਲੋਪੋ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਸਮਾਜ ਸੇਵੀ ਦਿਲਰਾਜ ਸਿੰਘ ਆਦਿ ਹਾਜ਼ਰ ਸਨ।