For the best experience, open
https://m.punjabitribuneonline.com
on your mobile browser.
Advertisement

ਪੂਤਿਨ ਵੱਲੋਂ ਬੇਲਾਰੂਸ ’ਚ ਪ੍ਰਮਾਣੂ ਹਥਿਆਰਾਂ ਦੀ ਤਾਇਨਾਤੀ ਦੇ ਐਲਾਨ ਨਾਲ ਤਣਾਅ ਵਧਿਆ

08:46 AM Jul 28, 2023 IST
ਪੂਤਿਨ ਵੱਲੋਂ ਬੇਲਾਰੂਸ ’ਚ ਪ੍ਰਮਾਣੂ ਹਥਿਆਰਾਂ ਦੀ ਤਾਇਨਾਤੀ ਦੇ ਐਲਾਨ ਨਾਲ ਤਣਾਅ ਵਧਿਆ
ਰੂਸ-ਅਫਰੀਕਾ ਸਿਖਰ ਸੰਮੇਲਨ ਦੌਰਾਨ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਵਲਾਦੀਮੀਰ ਪੂਤਿਨ। -ਫੋਟੋ: ਰਾਇਟਰਜ਼
Advertisement

ਮਾਸਕੋ, 27 ਜੁਲਾਈ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਬੇਲਾਰੂਸ ’ਚ ਪ੍ਰਮਾਣੂ ਹਥਿਆਰਾਂ ਦੀ ਕਥਿਤ ਤਾਇਨਾਤੀ ਦੇ ਐਲਾਨ ਨਾਲ ਤਣਾਅ ਹੋਰ ਵਧ ਸਕਦਾ ਹੈ। ਜੇਕਰ ਪੂਤਿਨ ਦੇ ਬਿਆਨ ’ਤੇ ਭਰੋਸਾ ਕੀਤਾ ਜਾਵੇ ਤਾਂ ਇਨ੍ਹਾਂ ਗਰਮੀਆ ਵਿੱਚ ਰੂਸ ਵੱਲੋਂ ਘੱਟ ਦੂਰੀ ਤੱਕ ਮਾਰ ਕਰਨ ਵਾਲੇ ਕੁਝ ਪ੍ਰਮਾਣੂ ਹਥਿਆਰ ਬੇਲਾਰੂਸ, ਯੂਕਰੇਨ ਅਤੇ ਨਾਟੋ ਦੀਆਂ ਦਹਿਲੀਜ਼ਾਂ ’ਤੇ ਭੇਜ ਦਿੱਤੇ ਗਏ ਹਨ। ਗੁਆਂਢੀਆਂ ਅਤੇ ਵਫ਼ਦਾਰ ਸਹਿਯੋਗੀਆਂ ਦੇ ਇਲਾਕੇ ’ਚ ਰੂਸੀ ਹਥਿਆਰਾਂ ਦੀ ਤਾਇਨਾਤੀ ਯੂੁਕਰੇਨ ’ਤੇ ਹਮਲੇ ਨੂੰ ਲੈ ਕੇ ਕਰੈਮਲਿਨ ਵੱਲੋਂ ਪ੍ਰਮਾਣੂ ਜੰਗ ਨੂੰ ਭੜਕਾਉਣ ਦਾ ਇੱਕ ਨਵਾਂ ਗੇੜ ਅਤੇ ਪੱਛਮ ਵੱਲੋਂ ਕੀਵ (ਯੂਕਰੇਨ) ਨੂੰ ਫੌਜੀ ਮਦਦ ਵਧਾਉਣ ਤੋਂ ਰੋਕਣ ਦੀ ਕੋਸ਼ਿਸ਼ ਹੈ। ਹਾਲਾਂਕਿ ਰਾਸ਼ਟਰਪਤੀ ਪੂਤਿਨ ਜਾਂ ਉਨ੍ਹਾਂ ਦੇ ਬੇਲਾਰੂਸੀ ਹਮਰੁਤਬਾ ਅਲੈਗਜ਼ੈਂਡਰ ਲੁਕਾਸ਼ੈਂਕੋ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਭੇਜੇ ਗਏ ਹਨ।
ਦੂਜੇ ਪਾਸੇ ਅਮਰੀਕਾ ਜਾਂ ਨਾਟੋ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਨਾਟੋ ਦੇ ਸਕੱਤਰ ਜਨਰਲ ਜੈਨਸ ਸਟੋਲਨਬਰਗ ਨੇ ਮਾਸਕੋ ਦੀ ਬਿਆਨਬਾਜ਼ੀ ਨੂੰ ‘ਖ਼ਤਰਨਾਕ ਅਤੇ ਲਾਪ੍ਰਵਾਹ’ ਕਰਾਰ ਦਿੱਤਾ ਤੇ ਆਖਿਆ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਨਾਟੋ ਨੇ ਰੂਸ ਦੇ ਪ੍ਰਮਾਣੂ ਰੁਖ਼ ’ਚ ਕੋਈ ਬਦਲਾਅ ਨਹੀਂ ਦੇਖਿਆ ਹੈ।
ਹਾਲਾਂਕਿ ਕੁਝ ਮਾਹਿਰਾਂ ਨੇ ਪੂਤਿਨ ਅਤੇ ਲੁਕਾਸ਼ੈਂਕੋ ਦੇ ਦਾਅਵਿਆਂ ’ਤੇ ਸ਼ੱਕ ਜਤਾਇਆ ਹੈ ਪਰ ਹੋਰਨਾਂ ਦਾ ਕਹਿਣਾ ਹੈ ਕਿ ਪੱਛਮੀ ਇੰਟੈਲੀਜੈਂਸ ਅਜਿਹੀ ਸਰਗਰਮੀ ’ਤੇ ਨਜ਼ਰ ਰੱਖਣ ’ਚ ਅਸਮਰੱਥ ਹੋ ਸਕਦੀ ਹੈ।
ਦੱਸਣਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਸੀਐੱਨਐੱਨ ਨੇ ਅਮਰੀਕੀ ਖ਼ੁਫ਼ੀਆ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਸੀ ਕਿ ਉਨ੍ਹਾਂ ਕੋਲ ਬੇਲਾਰੂਸ ਨੂੰ ਹਥਿਆਰਾਂ ਦੀ ਪਹਿਲੀ ਖੇਪ ਦੀ ਡਿਲਿਵਰੀ ਬਾਰੇ ਪੂਤਿਨ ਦੇ ਦਾਅਵੇ ’ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਲਈ ਇਨ੍ਹਾਂ ਨੂੰ ਟਰੈਕ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ। -ਏਪੀ

Advertisement

ਰੂਸ-ਅਫਰੀਕਾ ਸੰੰਮੇਲਨ: ਪੂਤਿਨ ਵੱਲੋਂ ਆਲਮੀ ਖੁਰਾਕ ਸੰਕਟ ਟਾਲਣ ਲਈ ਕੋਸ਼ਿਸ਼ਾਂ ਦਾ ਵਾਅਦਾ

Advertisement

ਸੇਂਟ ਪੀਟਰਸਬਰਗ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਇੱਥੇ ਅਫਰੀਕੀ ਦੇਸ਼ਾਂ ਦੇ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਦਾ ਮੁਲਕ ਆਲਮੀ ਖੁਰਾਕ ਸੰਕਟ ਰੋਕਣ ਲਈ ਪੂੁਰੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਚਿੰਤਾ, ਕਿ ਯੂਕਰੇਨ ਤੋਂ ਅਨਾਜ ਦੀ ਖੇਪ ਮੰਗਵਾਉਣ ਦੀ ਆਗਿਆ ਦੇਣ ਵਾਲੇ ਸਮਝੌਤੇ ਤੋਂ ਪਿੱਛੇ ਹਟਣ ਨਾਲ ਅਨਾਜ ਦੀ ਕਮੀ ਅਤੇ ਕੀਮਤਾਂ ਵਿੱਚ ਵਾਧਾ ਹੋਵੇਗਾ, ਦੇ ਬਾਵਜੂਦ ਰੂਸ ਵੱਲੋਂ ਇਹ ਕੋੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੂਤਿਨ ਦੋ ਦਿਨਾ ਰੂਸ-ਅਫਰੀਕਾ ਸੰਮੇਲਨ ਦੇ ਉਦਘਾਟਨੀ ਸੈਸ਼ਨ ਮੌਕੇ ਬੋਲ ਰਹੇ ਸਨ ਜਿਸ ਵਿੱਚ 2019 ਦੇ ਸਿਖਰ ਸੰਮੇਲਨ ਦੇ ਮੁਕਾਬਲੇ ਕਾਫੀ ਘੱਟ ਗਿਣਤੀ ’ਚ ਅਫ਼ਰੀਕੀ ਮੁਲਕਾਂ ਤੇ ਸਰਕਾਰਾਂ ਦੇ ਮੁਖੀ ਸ਼ਾਮਲ ਹੋਏ। ਰਾਸ਼ਟਰਪਤੀ ਪੂਤਿਨ ਨੇ ਕਿਹਾ, ‘‘ਸਾਡਾ ਮੁਲਕ ਲੋੜਵੰਦ ਦੇਸ਼ਾਂ ਅਤੇ ਖਿੱਤਿਆਂ ਨੂੰ ਖਾਸਕਰ ਮਨੁੱਖੀ ਸਹਾਇਤਾ ਪ੍ਰਦਾਨ ਕਰਦਾ ਰਹੇਗਾ। ਅਸੀਂ ਸਰੋਤਾਂ ਦੀ ਵੰਡ ਦੀ ਲਈ ਇੱਕ ਨਿਰਪੱਖ ਪ੍ਰਣਾਲੀ ਦੀ ਉਸਾਰੀ ’ਚ ਸ਼ਾਮਲ ਹੋਣਾ ਚਾਹੁੰਦੇ ਹਾਂ। ਅਸੀਂ ਆਲਮੀ ਖੁਰਾਕ ਸੰਕਟ ਤੋਂ ਬਚਣ ਲਈ ਵੱਧ ਤੋਂ ਵੱਧ ਕੋਸ਼ਿਸ਼ਾਂ ਕਰ ਰਹੇ ਹਾਂ।’’ ਉਨ੍ਹਾਂ ਆਖਿਆ, ‘‘ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਸਾਡਾ ਦੇਸ਼ ਵਪਾਰਕ ਆਧਾਰ ’ਤੇ ਅਤੇ ਲੋੜਵੰਦ ਅਫਰੀਕੀ ਦੇਸ਼ਾਂ ਦੀ ਮਦਦ ਲਈ ਯੂਕਰੇਨੀ ਅਨਾਜ ਦਾ ਬਦਲ ਹੋ ਸਕਦਾ ਹੈ, ਕਿਉਂਕਿ ਸਾਨੂੰ ਇਸ ਸਾਲ ਇੱਕ ਹੋਰ ਰਿਕਾਰਡ ਫਸਲ ਹੋਣ ਦੀ ਉਮੀਦ ਹੈ।’’ -ਏਪੀ

ਦੱਖਣ-ਪੂਰਬੀ ਯੂਕਰੇਨ ’ਚ ਜੰਗ ਤੇਜ਼; ਯੂਕਰੇਨੀ ਫੌਜ ਦਾ ਭਾਰੀ ਨੁਕਸਾਨ ਹੋਇਆ: ਪੂਤਿਨ

ਕੀਵ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਕਿਹਾ ਕਿ ਦੱਖਣ-ਪੂਰਬੀ ਯੂਕਰੇਨ ਦੇ ਜ਼ਾਪੋਰਿਜ਼ੀਆ ਇਲਾਕੇ ਵਿੱਚ ‘ਭਿਆਨਕ ਜੰਗ’ ਹੋ ਰਹੀ ਹੈ। ਪੱਛਮੀ ਮੁਲਕ ਦੇ ਇੱਕ ਅਧਿਕਾਰੀ ਨੇ ਪਹਿਲਾਂ ਦੱਸਿਆ ਸੀ ਕਿ ਕੀਵ ਨੇ ਰੂਸੀ ਫੌਜ ਨੂੰ ਪਿੱਛੇ ਧੱਕਣ ਲਈ ਵੱਡੇ ਪੈਮਾਨੇ ’ਤੇ ਮੁਹਿੰਮ ਸ਼ੁਰੂ ਕੀਤੀ ਹੈ। ਅਫ਼ਰੀਕੀ ਨੇਤਾਵਾਂ ਦੇ ਸੰਮੇਲਨ ਲਈ ਸੇਂਟ ਪੀਟਰਸਬਰਗ ’ਚ ਮੌਜੂਦ ਪੂਤਿਨ ਨੇ ਕਿਹਾ ਕਿ ਜਿਹੜੀ ‘ਬਹਾਦਰੀ’ ਨਾਲ ਰੂਸੀ ਫੌਜ ਨੇ ਯੂਕਰੇਨ ਦੇ ਹਮਲਿਆਂ ਦਾ ਜਵਾਬ ਦਿੱਤਾ ਹੈ, ਉਹ ਸਲਾਹੁਣਯੋਗ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰੂਸੀ ਫੌਜ ਨੇ ਨਾ ਸਿਰਫ ਕਈ ਸੈਨਿਕ ਉਪਕਰਨਾਂ ਨੂੰ ਨਸ਼ਟ ਕੀਤਾ ਹੈ ਬਲਕਿ ਕੀਵ ਦੀਆਂ ਫੌਜਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੇ ਇਸ ਦਾਅਵੇ ਦੀ ਸੁਤੰਤਰ ਰੂਪ ’ਚ ਪੁਸ਼ਟੀ ਨਹੀਂ ਕੀਤੀ ਜਾ ਸਕੀ। ਪੂਤਿਨ ਦੀ ਇਸ ਟਿੱਪਣੀ ਦੀ ਇੱਕ ਵੀਡੀਓ ਸਰਕਾਰੀ ਟੀਵੀ ਦੇ ਪੱਤਰਕਾਰ ਪਾਵੇਲ ਜ਼ਾਰੂਬਿਨ ਵੱਲੋਂ ਟੈਲੀਗ੍ਰਾਮ ’ਤੇ ਪੋਸਟ ਕੀਤੀ ਗਈ ਹੈ। -ਏਪੀ

Advertisement
Author Image

sukhwinder singh

View all posts

Advertisement