ਡਕਾਲਾ-ਕਰਹਾਲੀ ਸੜਕ ਦਾ ਟੈਂਡਰ ਅਜੇ ਨਹੀਂ ਹੋਇਆ
ਸੁਰਿੰਦਰ ਸਿੰਘ ਚੌਹਾਨ
ਦੇਵੀਗੜ੍ਹ, 13 ਜੂਨ
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬੀਤੇ ਦਿਨੀਂ ਡਕਾਲਾ-ਕਰਹਾਲੀ ਸਾਹਿਬ ਸੜਕ ਦਾ ਟੈਂਡਰ ਹੋਣ ਦਾ ਦਾਅਵਾ ਉਦੋਂ ਸਹੀ ਨਾ ਨਿਕਲਿਆ ਜਦੋਂ ਪੀਡਬਲਿਊਡੀ ਦੇ ਐੱਸਡੀਓ ਸਤਨਾਮ ਸਿੰਘ ਨੇ ਸਪੱਸ਼ਟ ਕੀਤਾ ਕਿ ਇਸ ਸੜਕ ਦਾ ਅਜੇ ਕੋਈ ਟੈਂਡਰ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਕਰਹਾਲੀ ਸਾਹਿਬ ਵਿੱਚ ਇਕੱਠ ਦੌਰਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਗੁਰਦੁਆਰਾ ਕਰਹਾਲੀ ਸਾਹਿਬ ਨੂੰ ਜਾਂਦੀ ਸੜਕ ਦੀ ਹਾਲਤ ਖ਼ਸਤਾ ਹੋਣ ਕਰਕੇ ਇਹ ਸੜਕ ਨਵੀਂ ਬਣਾਉਣ ਲਈ ਟੈਂਡਰ ਦਸ ਦਿਨ ਪਹਿਲਾਂ ਹੋ ਚੁੱਕਿਆ ਹੈ। ਮੰਤਰੀ ਦੇ ਦਾਅਵੇ ਅਨੁਸਾਰ ਇਹ ਟੈਂਡਰ ਹੁਣ ਤੋਂ ਤਿੰਨ ਹਫ਼ਤੇ ਪਹਿਲਾਂ ਹੀ ਹੋ ਚੁੱਕਿਆ ਸੀ ਪਰ ਹਕੀਕਤ ਇਹ ਹੈ ਕਿ ਇਸ ਸੜਕ ਦਾ ਅਜੇ ਤੱਕ ਕੋਈ ਟੈਂਡਰ ਨਹੀਂ ਹੋਇਆ। ਜ਼ਿਕਰਯੋਗ ਹੈ ਕਿ 26 ਕਿਲੋਮੀਟਰ ਲੰਬੀ ਇਹ ਸੜਕ ਪਟਿਆਲਾ ਤੋਂ ਡਕਾਲਾ ਤੇ ਕਰਹਾਲੀ ਸਾਹਿਬ ਨੂੰ ਹੁੰਦੀ ਹੋਈ ਸਮਾਣਾ ਰੋਡ ਨੂੰ ਜੋੜਦੀ ਹੈ। ਇਸ ਵਿੱਚੋਂ 13.80 ਕਿਲੋਮੀਟਰ ਦੀ ਲੰਮੇ ਸਮੇਂ ਤੋਂ ਬਹੁਤ ਹੀ ਖਸਤਾ ਹਾਲਤ ਹੈ। ਇਹ ਸੜਕ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਵੀ ਜੋੜਦੀ ਹੈ, ਜਿਸ ਕਾਰਨ ਇਸ ‘ਤੇ ਵਧੇਰੇ ਆਵਾਜਾਈ ਰਹਿੰਦੀ ਹੈ। ਪੀਡਬਲਿਊਡੀ ਦੇ ਐੱਸਡੀਓ ਸਤਨਾਮ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਜੇ ਤਾਂ ਇਸ ਸੜਕ ਨੂੰ ਬਨਾਉਣ ਲਈ ਐਸਟੀਮੇਟ ਤਿਆਰ ਕਰਵਾ ਕੇ ਟੈਕਨੀਕਲ ਐਡਵਾਈਜ਼ਰ ਕੋਲ ਵੈੱਟ ਹੋਣ ਲਈ ਭੇਜਿਆ ਗਿਆ ਹੈ। ਵੈੱਟ ਹੋਣ ਤੋਂ ਬਾਅਦ ਅਪਰੂਵਲ ਲਈ ਭੇਜਿਆ ਜਾਵੇਗਾ। ਇਸ ਤੋਂ ਬਾਅਦ ਹੀ ਟੈਂਡਰ ਲਈ ਪ੍ਰਕਿਰਿਆ ਸ਼ੁਰੂ ਹੋ ਸਕੇਗੀ।