ਫੈਕਟਰੀ ’ਚੋਂ ਦੂਜੀ ਵਾਰ ਚੋਰੀ ਕਰਨ ਦੇ ਲਾਲਚ ਨੇ ‘ਫਸਾਇਆ’
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 11 ਜੁਲਾਈ
ਚੋਰਾਂ ਨੇ ਜਗਰਾਉਂ-ਭੂੰਦੜੀ ਰੋਡ ’ਤੇ ਪਿੰਡ ਚੀਮਨਾ ਕੋਲ ਇੱਕ ਟਾਈਲ ਫੈਕਟਰੀ ’ਚੋਂ ਕੁੱਝ ਦਿਨ ਪਹਿਲਾਂ ਇਨਵਰਟਰ ਅਤੇ ਬੈਟਰਾ ਚੋਰੀ ਹੋਇਆ ਸੀ। ਬੀਤੀ ਰਾਤ ਦੁਬਾਰਾ ਏਸੀ ਚੋਰੀ ਕਰਨ ਆਏ ਮੁਲਜ਼ਮ ਪੁਲੀਸ ਦੇ ਹੱਥੇ ਚੜ੍ਹ ਗਏ। ਇਸ ਸਬੰਧੀ ਫੈਕਟਰੀ ਮਾਲਕ ਸਾਬਕਾ ਬੈਂਕ ਮੈਨੇਜਰ ਲਖਵੀਰ ਸਿੰਘ ਉੱਪਲ ਵਾਸੀ ਪਿੰਡ ਮਲਕ ਨੇ ਪੁਲੀਸ ਅਧਿਕਾਰੀ ਰਣਧੀਰ ਸਿੰਘ ਦੀ ਹਾਜ਼ਰੀ ’ਚ ਦੱਸਿਆ ਕਿ ਉਸਦਾ ਬੇਟਾ ਜੈਪਾਲ ਸਿੰਘ ਉਕਤ ਟਾਈਲ ਫੈਕਟਰੀ ਚਲਾਉਂਦਾ ਹੈ। ਲੰਘੀ 27 ਜੂਨ ਦੀ ਰਾਤ ਨੂੰ ਕੁੱਝ ਚੋਰਾਂ ਨੇ ਫੈਕਟਰੀ ਦੀ ਕੰਧ ਟੱਪ ਕੇ ਦਫਤਰ ’ਚੋਂ ਇਨਵਰਟਰ ਅਤੇ ਬੈਟਰਾ ਚੋਰੀ ਕਰ ਲਿਆ ਸੀ। ਦੁਬਾਰਾ ਫਿਰ ਚੋਰਾਂ ਨੇ 3 ਜੁਲਾਈ ਦੀ ਰਾਤ ਨੂੰ ਫੈਕਟਰੀ ’ਚ ਦਾਖਲ ਹੋ ਦਫ਼ਤਰ ’ਚ ਲੱਗਾ ਏਸੀ ਚੁਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋ ਸਕੇ। ਬੀਤੀ ਰਾਤ ਫਿਰ ਉਹੀ ਚੋਰ ਫੈਕਟਰੀ ’ਚ ਦਾਖਲ ਹੋਏ ਅਤੇ ਏਸੀ ਨੂੰ ਲਾਹੁਣ ਲਈ ਯਤਨ ਕਰਨ ਲੱਗੇ ਕਿ ਇੰਨੇ ’ਚ ਫੈਕਟਰੀ ’ਚ ਕੰਮ ਕਰਦੇ ਰਾਮ ਪ੍ਰਸਾਦ ਦੀ ਅੱਖ ਖੁੱਲ੍ਹ ਗਈ ਜਿਸਨੇ ਮਾਲਕਾਂ ਨੂੰ ਫੋਨ ਕੀਤਾ। ਇਸ ਦੌਰਾਨ ਚੋਰ ਇਸਦੀ ਭਿਣਕ ਲੱਗਣ ’ਤੇ ਫ਼ਰਾਰ ਹੋ ਗਏ ਤੇ ਏਸੀ ਉਸੇ ਤਰ੍ਹਾਂ ਹੀ ਛੱਡ ਗਏ। ਲਖਵੀਰ ਸਿੰਘ ਉੱਪਲ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਤੌਰ ’ਤੇ ਚੋਰਾਂ ਦੀ ਸ਼ਨਾਖਤ ਕਰ ਲਈ ਹੈ ਤੇ ਮੋਟਰਸਾਈਕਲ ਦਾ ਨੰਬਰ ਵੀ ਨੋਟ ਹੋ ਗਿਆ ਹੈ। ਪੁਲੀਸ ਨੇ ਲਖਵੀਰ ਸਿੰਘ ਉੱਪਲ ਦੇ ਬਿਆਨਾਂ ’ਤੇ ਸੁਖਚੈਨ ਸਿੰਘ ਚੈਨਾ, ਤਰਸੇਮ ਸਿੰਘ ਸੇਮਾਂ ਦੋਵੇਂ ਵਾਸੀ ਪਿੰਡ ਰਾਮਗੜ੍ਹ ਭੁੱਲਰ ਅਤੇ ਘਿੰਨੀ ਵਾਸੀ ਪਿੰਡ ਚੀਮਨਾਂ ਨੂੰ ਸਮੇਤ ਮੋਟਰਸਾਈਕਲ ਹਿਰਾਸਤ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।