ਫ਼ਰੀਦਕੋਟ ’ਚ ਸ਼ਾਮੀਂ ਲੱਗਦੈ ਤਹਿਸੀਲਦਾਰ ਦਾ ਦਫ਼ਤਰ
ਜਸਵੰਤ ਜੱਸ
ਫਰੀਦਕੋਟ, 24 ਦਸੰਬਰ
ਪੰਜਾਬ ਵਿੱਚ ਸੱਤਾ ਤਬਦੀਲੀ ਨੂੰ ਭਾਵੇਂ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪ੍ਰੰਤੂ ਫਰੀਦਕੋਟ ਦੇ ਤਹਿਸੀਲਦਾਰ ਦਫ਼ਤਰ ਵਿੱਚ ਕੰਮ ਕਰਨ ਦਾ ਕੋਈ ਤਰੀਕਾ ਨਹੀਂ ਬਦਲਿਆ। ਸਰਕਾਰ ਨੂੰ ਹਰ ਰੋਜ਼ ਲੱਖਾਂ ਰੁਪਏ ਟੈਕਸ ਦੇ ਕੇ ਆਪਣਾ ਕੰਮ ਕਰਵਾਉਣ ਲਈ ਆਏ ਲੋਕਾਂ ਨੂੰ ਤਿੰਨ ਵਜੇ ਤੱਕ ਅਧਿਕਾਰੀਆਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਆਦੇਸ਼ ਦਿੱਤੇ ਹਨ ਕਿ ਰਜਿਸਟਰੀਆਂ ਦਰਜ ਕਰਨ ਦਾ ਕੰਮ ਸਵੇਰੇ 10 ਵਜੇ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਅਤੇ ਕੁਝ ਸਮੇਂ ਲਈ ਰਜਿਸਟਰੀਆਂ ਸਵੇਰ ਤੋਂ ਹੀ ਰਜਿਸਟਰਡ ਹੋਣੀਆਂ ਸ਼ੁਰੂ ਹੋ ਜਾਂਦੀਆਂ ਸਨ ਪ੍ਰੰਤੂ ਹੁਣ ਇੱਥੇ ਜ਼ਮੀਨਾਂ ਦੀ ਖਰੀਦੋ-ਫਰੋਖਤ ਸਬੰਧੀ ਲਿਖੀਆਂ ਜਾਣ ਵਾਲੀਆਂ ਰਜਿਸਟਰੀਆਂ 3 ਵਜੇ ਤੋਂ ਬਾਅਦ ਰਜਿਸਟਰ ਕੀਤੀਆਂ ਜਾਂਦੀਆਂ ਹਨ ਜੋ ਲੋਕਾਂ ਲਈ ਵੱਡੀ ਮੁਸੀਬਤ ਦਾ ਸਬੱਬ ਬਣਿਆ ਹੋਇਆ ਹੈ ਕਿਉਂਕਿ ਰਜਿਸਟਰੀਆਂ ਦੇ ਮਾਮਲੇ ਵਿੱਚ ਧਿਰਾਂ ਵੱਲੋਂ ਲੱਖਾਂ ਰੁਪਏ ਦਾ ਲੈਣ ਦੇਣ ਕੀਤਾ ਜਾਂਦਾ ਹੈ। ਪ੍ਰੰਤੂ ਤਹਿਸੀਲਦਾਰ ਸਮੇਂ-ਸਿਰ ਆਪਣੇ ਦਫਤਰ ਵਿੱਚ ਨਾ ਹੋਣ ਕਰਕੇ ਇਹ ਰਜਿਸਟਰੀਆਂ ਸ਼ਾਮ ਦੇ ਵਕਤ ਹੀ ਰਜਿਸਟਰਡ ਕੀਤੀਆਂ ਜਾਂਦੀਆਂ ਹਨ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਮਕਸਦ ਨਾਲ ਦੇਰ ਸ਼ਾਮ ਕੰਮ ਸ਼ੁਰੂ ਕੀਤਾ ਜਾਂਦਾ ਹੈ ਤਾਂ ਜੋ ਲੋਕਾਂ ਦੀ ਲੁੱਟ ਘਸੁੱਟ ਕੀਤੀ ਜਾ ਸਕੇ। ਸੂਤਰਾਂ ਅਨੁਸਾਰ ਫਰੀਦਕੋਟ ਤਹਿਸੀਲ ਵਿੱਚ ਰੋਜ਼ਾਨਾ ਸਰਕਾਰ ਨੂੰ 20 ਲੱਖ ਰੁਪਏ ਦੀ ਕਮਾਈ ਹੁੰਦੀ ਹੈ ਅਤੇ 200 ਤੋਂ ਵੱਧ ਵਿਅਕਤੀ ਰਜਿਸਟਰੀਆਂ ਦਰਜ ਕਰਵਾਉਣ ਲਈ ਆਉਂਦੇ ਹਨ ਜਿਸ ਵਿੱਚ ਕਰੋੜਾਂ ਰੁਪਏ ਦਾ ਲੈਣ ਦੇਣ ਹੁੰਦਾ ਹੈ। ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਉਹ ਇਸ ’ਤੇ ਕਾਰਵਾਈ ਕਰ ਰਹੇ ਹਨ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਇਸ ਬਾਰੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਤਹਿਸੀਲ ਵਿੱਚ ਲੋਕਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਰੋਜਾਨਾ ਲੱਖਾਂ ਰੁਪਏ ਟੈਕਸ ਦੇਣ ਵਾਲੇ ਵਿਅਕਤੀਆਂ ਦਾ ਹੱਕ ਹੈ ਕਿ ਤਹਿਸੀਲ ਵਿੱਚ ਆਉਣ ਸਾਰ ਉਹਨਾਂ ਦੀ ਰਜਿਸਟਰੀ ਰਜਿਸਟਰ ਕੀਤੀ ਜਾਵੇ ਅਤੇ ਉਸ ਨੂੰ ਇਸ ਕੰਮ ਲਈ ਕਿਸੇ ਤਰ੍ਹਾਂ ਵੀ ਪਰੇਸ਼ਾਨ ਨਾ ਕੀਤਾ ਜਾਵੇ।
ਮੇਰੇ ਕੋਲ ਹੋਰ ਵਾਧੂ ਚਾਰਜ ਵੀ ਹਨ: ਰਣਜੀਤ ਸਿੰਘ
ਸਬ-ਰਜਿਸਟਰਾਰ ਰਣਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਫਰੀਦਕੋਟ ਦੇ ਨਾਲ-ਨਾਲ ਕੋਟਕਪੂਰਾ ਅਤੇ ਹੋਰ ਵੀ ਕੰਮਾਂ ਦੇ ਵਾਧੂ ਚਾਰਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਪਿੰਡਾਂ ਵਿੱਚੋਂ ਕਬਜ਼ਾ ਕਾਰਵਾਈ ਲਈ ਵੀ ਜਾਂਦੇ ਹਨ, ਇਸ ਕਰਕੇ ਤਹਿਸੀਲ ਵਿੱਚ ਲੇਟ ਬੈਠਦੇ ਹਨ।