ਅਮਰੀਕੀ ਰੈਪਰ ਚੋਪਾ ਨਾਲ ਦਿਲਜੀਤ ਦੋਸਾਂਝ ਦੇ ਨਵੇਂ ਗੀਤ ਦਾ ਟੀਜ਼ਰ ਜਾਰੀ
ਮੁੰਬਈ:
ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਨੂੰ ਅੱਜ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਗਾਇਕ ਤੇ ਅਦਾਕਾਰ ਨੇ ਅੱਜ ਇੰਸਟਾਗ੍ਰਾਮ ’ਤੇ ਆਪਣੇ ਆਉਣ ਵਾਲੇ ਨਵੇਂ ਗੀਤ ‘ਮੁਹੰਮਦ ਅਲੀ’ ਦਾ ਟੀਜ਼ਰ ਸਾਂਝਾ ਕੀਤਾ ਹੈ। ਦਿਲਜੀਤ ਨਾਲ ਇਸ ਗੀਤ ਵਿੱਚ ਅਮਰੀਕੀ ਰੈਪਰ ਐੱਨਐੱਲਈ ਚੋਪਾ ਵੀ ਗਾਉਂਦਾ ਹੋਇਆ ਨਜ਼ਰ ਆਵੇਗਾ। ਟੀਜ਼ਰ ਵਿੱਚ ਦਿਲਜੀਤ ਦੋਸਾਂਝ ਤੇ ਐੱਨਐੱਲਈ ਚੋਪਾ ਗੀਤ ਦੀਆਂ ਧੁਨਾਂ ’ਤੇ ਝੂਮਦੇ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਦਿਲਜੀਤ ਕੋਲ ਇੱਕ ਹੋਰ ਪ੍ਰਾਜੈਕਟ ਵੀ ਹੈ। ਦਿਲਜੀਤ ਦੀ ਆਉਣ ਵਾਲੀ ਫਿਲਮ ‘ਸਰਦਾਰ ਜੀ 3’ ਅਗਲੇ ਸਾਲ 25 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਸਾਲ 2024 ਦਿਲਜੀਤ ਲਈ ਬੇਹੱਦ ਖਾਸ ਰਿਹਾ ਹੈ। ਪੰਜਾਬੀ ਸੁਪਰਸਟਾਰ ਨੇ ‘ਅਮਰ ਸਿੰਘ ਚਮਕੀਲਾ’ ਵਿੱਚ ਆਪਣੀ ਅਦਾਕਾਰੀ ਰਾਹੀਂ ਸਭ ਦਾ ਦਿਲ ਜਿੱਤਿਆ। ਨੈੱਟਫਲਿਕਸ ’ਤੇ ਰਿਲੀਜ਼ ਹੋਈ ਇਸ ਫਿਲਮ ਵਿੱਚ ਆਸਕਰ ਤੇ ਗਰੈਮੀ ਪੁਰਸਕਾਰ ਜੇਤੂ ਸੰਗੀਤਕਾਰ ਏਆਰ ਰਹਿਮਾਨ ਨੇ ਆਪਣੇ ਸੰਗੀਤ ਦਾ ਜਲਵਾ ਬਿਖੇਰਿਆ। ਦਿਲਜੀਤ ਫਿਲਮ ‘ਕ੍ਰਿਊ’ ਵਿੱਚ ਅਦਾਕਾਰਾ ਤਬੂ, ਕਰੀਨਾ ਕਪੂਰ ਤੇ ਕ੍ਰਿਤੀ ਸੈਨਨ ਨਾਲ ਵੀ ਦਿਖਾਈ ਦਿੱਤਾ ਸੀ। -ਆਈਏਐੱਨਐੱਸ