ਨਿੱਜੀ ਹਸਪਤਾਲ ’ਚ ਛਾਪਾ ਮਾਰਨ ਵਾਲੀ ਟੀਮ ਕਸੂਤੀ ਫਸੀ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 27 ਮਾਰਚ
ਹਰਿਆਣਾ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲਿੰਗ ਨਿਰਧਾਰਤ ਜਾਂਚ ਕਰਨ ਦੇ ਸ਼ੱਕ ਵਿੱਚ ਪਾਤੜਾਂ ਦੇ ਇੱਕ ਨਿੱਜੀ ਹਸਪਤਾਲ ’ਚ ਛਾਪਾ ਮਾਰਿਆ ਜਿਸ ਦੌਰਾਨ ਸ਼ਹਿਰ ਦੇ ਲੋਕਾਂ ਤੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਬਿਨਾਂ ਕਿਸੇ ਸਬੂਤ ਦੇ ਹਸਪਤਾਲ ਵਿੱਚ ਦਾਖ਼ਲ ਹੋਣ ’ਤੇ ਰੋਸ ਜ਼ਾਹਰ ਕੀਤਾ। ਆਖਰ ਟੀਮ ਤੇ ਹਰਿਆਣਾ ਪੁਲੀਸ ਨੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਪੇਸ਼ ਕਰ ਕੇ ਕਾਰਵਾਈ ਕਰਨ ਦਾ ਆਖ ਕੇ ਖਹਿੜਾ ਛੁਡਵਾਇਆ। ਅਕਾਲੀ ਆਗੂ ਅਜੈਬ ਸਿੰਘ ਮੱਲ੍ਹੀ, ਰਣਧੀਰ ਸਿੰਘ ਬਿੱਲੂ ਤੇ ਕੌਂਸਲਰ ਬਿੱਟੂ ਬਿਦੇਸ਼ਾ ਨੇ ਕਿਹਾ ਕਿ ਹਰਿਆਣਾ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਬਿਨਾਂ ਵਰਦੀ ਤੋਂ ਹਥਿਆਰਾਂ ਸਮੇਤ ਆਈ ਹਰਿਆਣਾ ਪੁਲੀਸ ਨੇ ਨਿੱਜੀ ਹਸਪਤਾਲ ਨੂੰ ਘੇਰ ਲਿਆ। ਲੋਕਾਂ ਨੇ ਜਦੋਂ ਸਬੂਤ ਮੰਗੇ ਤਾਂ ਉਹ ਸਰਕਾਰੀ ਹਸਪਤਾਲ ਪਾਤੜਾਂ ਆ ਗਏ। ਆਗੂਆਂ ਨੇ ਦੋਸ਼ ਲਾਇਆ ਕਿ ਟੀਮ ਦੇ ਅਧਿਕਾਰੀ ਲਿੰਗ ਨਿਰਧਾਰਤ ਜਾਂਚ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਵਾਉਣਾ ਚਾਹੁੰਦੇ ਸਨ। ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਿੰਡ ਬਣਵਾਲਾ ਦੇ ਇਕਾਈ ਦੇ ਪ੍ਰਧਾਨ ਮਾਘ ਸਿੰਘ ਨੇ ਕਿਹਾ ਕਿ ਹਸਪਤਾਲ ਦੇ ਮਾਲਕ ਨਾਲ ਧੱਕੇਸ਼ਾਹੀ ਸਹਿਣ ਨਹੀਂ ਕੀਤੀ ਜਾਵੇਗੀ। ਸਹਾਇਕ ਸਿਵਲ ਸਜਰਨ ਸਿਰਸਾ ਦੇ ਡਾ. ਗੌਰਵ ਨੇ ਕਿਹਾ ਕਿ ਸਿਹਤ ਅਧਿਕਾਰੀਆਂ ਨੂੰ ਸੂਚਨਾ ਮਿਲਣ ’ਤੇ ਟੀਮ ਬਣਾ ਕੇ ਲਿੰਗ ਨਿਰਧਾਰਤ ਜਾਂਚ ਕਰਨ ਵਾਲਿਆਂ ’ਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ ਪਰ ਕੁੱਝ ਵੀ ਬਰਾਮਦ ਨਹੀਂ ਹੋਇਆ। ਸਰਕਾਰੀ ਹਸਪਤਾਲ ਪਾਤੜਾਂ ਦੇ ਮੁੱਖ ਡਾ. ਲਵਕੇਸ਼ ਕੁਮਾਰ ਨੇ ਕਿਹਾ ਕਿ ਸਿਵਲ ਸਰਜਨ ਪਟਿਆਲਾ ਦੇ ਹੁਕਮਾਂ ’ਤੇ ਹਰਿਆਣਾ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਹਿਯੋਗ ਕੀਤਾ ਜਾ ਰਿਹਾ ਸੀ ਪਰ ਕੋਈ ਪੁਖਤਾ ਸਬੂਤ ਨਹੀਂ ਮਿਲੇ ਤੇ ਰਿਪੋਰਟ ਸਿਵਲ ਸਰਜਨ ਪਟਿਆਲਾ ਨੂੰ ਭੇਜੀ ਜਾ ਰਹੀ ਹੈ।