ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਪੁੱਜੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਟੀਮ
ਚੰਡੀਗੜ੍ਹ: ਗਿੱਪੀ ਗਰੇਵਾਲ ਦੀ ਅਦਾਕਾਰੀ ਵਾਲੀ ਫਿਲਮ ‘ਮੌਜਾਂ ਹੀ ਮੌਜਾਂ’ 20 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦੀ ਸਟਾਰ ਕਾਸਟ ਫਿਲਮ ਦੀ ਸਫਲਤਾ ਤੇ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਅੱਜ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਪੁੱਜੀ। ਇਸ ਮੌਕੇ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਤਨੂ ਗਰੇਵਾਲ, ਹਸ਼ਨੀਨ ਚੌਹਾਨ, ਜਿੰਮੀ ਸ਼ਰਮਾ ਸਮੇਤ ਪੰਜਾਬੀ ਫਿਲਮ ਦੇ ਅਦਾਕਾਰ ਤੇ ਪ੍ਰਬੰਧਕ ਗੁਰੂ ਘਰ ਵਿਚ ਨਤਮਸਤਕ ਹੋਏ। ਉਨ੍ਹਾਂ ਦੀ ਇਹ ਫੇਰੀ ਦੋਸਤੀ ਦਾ ਵੀ ਪ੍ਰਤੀਕ ਹੈ ਕਿ ਕਿਵੇਂ ਮਨੋਰੰਜਨ, ਪਿਆਰ ਅਤੇ ਸੰਗੀਤ ਲਈ ਸਰਹੱਦਾਂ ਕੋਈ ਮਾਅਨੇ ਨਹੀਂ ਰੱਖਦੀਆਂ ਤੇ ਇਹ ਅਜਿਹੀਆਂ ਸਰਹੱਦਾਂ ਨੂੰ ਬਿਨਾ ਰੁਕਾਵਟ ਪਾਰ ਕਰ ਸਕਦੇ ਹਨ। ਇਸ ਫਿਲਮੀ ਟੀਮ ਦਾ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਅਦਾਕਾਰਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨਾਲ ਹੱਥ ਮਿਲਾਇਆ ਤੇ ਸੈਲਫੀਆਂ ਖਿੱਚੀਆਂ। ਨਿਰਮਾਤਾ ਅਮਰਦੀਪ ਗਰੇਵਾਲ ਨੇ ਕਿਹਾ, ‘ਸਾਡੀ ਫਿਲਮ ‘ਮੌਜਾਂ ਹੀ ਮੌਜਾਂ’ ਸਿਰਫ ਇੱਕ ਫਿਲਮ ਨਹੀਂ ਹੈ, ਇਹ ਸਰਹੱਦਾਂ ਤੋਂ ਬਿਨਾ ਪਿਆਰ ਦਾ ਜਸ਼ਨ ਹੈ।’ ਕਰਤਾਰਪੁਰ ਸਾਹਿਬ ਜਾਣ ਤੋਂ ਪਹਿਲਾਂ ਫਿਲਮ ਦੀ ਟੀਮ ਨੇ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਦੇ ਦਰਸ਼ਨ ਵੀ ਕੀਤੇ। -ਟ੍ਰਿਬਿਊਨ ਵੈੱਬ ਡੈਸਕ