ਖੇਤੀਬਾੜੀ ਵਿਭਾਗ ਦੀ ਟੀਮ ਨੇ ਡੀਏਪੀ ਦੇ ਨਮੂਨੇ ਲਏ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 20 ਨਵੰਬਰ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਮੁਹਾਲੀ ਵੱਲੋਂ ਕਿਸਾਨਾਂ ਨੂੰ ਮਿਆਰੀ ਗੁਣਵੱਤਾ ਦੀ ਖਾਦ, ਬੀਜ ਅਤੇ ਕੀਟਨਾਸ਼ਕ/ਨਦੀਨਨਾਸ਼ਕ ਦਵਾਈਆਂ ਉਪਲਬਧ ਕਰਵਾਉਣ ਲਈ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਦੀ ਅਗਵਾਈ ਹੇਠ ਵਿਭਾਗੀ ਦੀ ਟੀਮ ਵੱਲੋਂ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਟੀਮ ਨੇ ਖਾਦ ਦੀ ਗੁਣਵੱਤਾ ਦੀ ਜਾਂਚ ਲਈ ਨਮੂਨੇ ਲਏ।
ਕਾਬਿਲੇਗ਼ੌਰ ਹੈ ਕਿ ਪਿਛਲੇ ਦਿਨੀਂ ਮੁਹਾਲੀ ਜ਼ਿਲ੍ਹੇ ਲਈ 850 ਟਨ ਡੀਏਪੀ ਪ੍ਰਾਪਤ ਹੋਈ ਹੈ। ਇਸ ਦੀ ਗੁਣਵੱਤਾ ਦੀ ਚੈਕਿੰਗ ਲਈ ਫਰਟੀਲਾਈਜ਼ਰ ਇੰਸਪੈਕਟਰ ਖਰੜ ਡਾ. ਗੁਰਦਿਆਲ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਖਾਦਾਂ ਦੇ ਨਮੂਨੇ ਭਰੇ ਹਨ। ਇਨ੍ਹਾਂ ਦੀ ਰਿਪੋਰਟ ਆਉਣ ਬਾਰੇ ਕੁੱਝ ਪਤਾ ਨਹੀਂ, ਜਦੋਂਕਿ ਕਾਫ਼ੀ ਖਾਦ ਸਪਲਾਈ ਕੀਤੀ ਜਾ ਚੁੱਕੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਅਨੁਸਾਰ ਮੁਹਾਲੀ ਜ਼ਿਲ੍ਹੇ ਵਿੱਚ ਫਾਸਫੇਟਿਕ ਖਾਦਾਂ ਦਾ ਕੁੱਲ 7763 ਟਨ ਲੋੜੀਂਦਾ ਕੋਟਾ ਹੈ, ਜਿਸ ’ਚੋਂ ਹੁਣ ਤੱਕ 5334 ਟਨ ਦੀ ਸਪਲਾਈ ਹੋ ਚੁੱਕੀ ਹੈ। ਬਲਾਕ ਖੇਤੀਬਾੜੀ ਅਫ਼ਸਰ ਡਾ. ਸ਼ੁਭਕਰਨ ਸਿੰਘ ਨੇ ਖਾਦ ਡੀਲਰਾਂ ਨੂੰ ਮਿਆਰੀ ਸਮੱਗਰੀ ਵੇਚਣ ਦੀ ਹਦਾਇਤ ਕੀਤੀ।
ਸਰਕਾਰ ਦੀਆਂ ਹਦਾਇਤਾਂ ’ਤੇ ਨਮੂਨੇ ਲਏ: ਡੀਸੀ
ਮੁਹਾਲੀ ਦੇ ਡੀਸੀ ਸ੍ਰੀਮਤੀ ਆਸ਼ਿਕਾ ਜੈਨ ਨੇ ਖਾਦ ਦੀ ਸਪਲਾਈ ਤੇ ਤਾਜ਼ਾ ਨਮੂਨਿਆਂ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਦੱਸਿਆ ਕਿ ਭਾਰਤ ਨੇ ਬਾਹਰੋਂ ਖਾਦ ਮੰਗਵਾਈ ਹੈ। ਪੰਜਾਬ ’ਚ ਖਾਦ ਦੀ ਸਪਲਾਈ ਹੋਣ ਤੋਂ ਪਹਿਲਾਂ ਹੀ ਬੰਦਰਗਾਹ ’ਤੇ ਨਮੂਨੇ ਲੈ ਕੇ ਜਾਂਚ ਕੀਤੀ ਗਈ ਹੈ ਜਿਨ੍ਹਾਂ ਦੇ ਪਾਸ ਹੋਣ ਤੋਂ ਬਾਅਦ ਅੱਗੇ (ਪੰਜਾਬ ਵਿੱਚ) ਸਪਲਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਨਮੂਨੇ ਲਏ ਗਏ ਹਨ ਤੇ ਇਹ ਰੁਟੀਨ ਦੀ ਕਾਰਵਾਈ ਹੈ। ਲਿਹਾਜ਼ਾ ਕਿਸਾਨਾਂ ਨੂੰ ਖਾਦਾਂ ਦੀ ਵੰਡ ਨਹੀਂ ਰੋਕੀ ਜਾ ਸਕਦੀ। ਜੇ ਨਮੂਨਿਆਂ ’ਚ ਗੜਬੜੀ ਪਾਈ ਜਾਂਦੀ ਹੈ ਤਾਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।