ਕੁਲਵਿੰਦਰ, ਜਗਜੀਤ ਨੌਸ਼ਹਿਰਵੀ ਅਤੇ ਨੀਲਮ ਲਾਜ ਸੈਣੀ ਦੀ ਟੀਮ ਮੁੜ ਚੁਣੀ
ਹਰਦਮ ਮਾਨ
ਸਰੀ:
ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਦੀ ਮਾਸਿਕ ਮਿਲਣੀ ਹੋਈ। ਪ੍ਰਧਾਨ ਕੁਲਵਿੰਦਰ ਨੇ ਨਵੇਂ ਸਾਲ ਨੂੰ ਜੀ ਆਇਆਂ ਕਹਿੰਦਿਆਂ ਹਾਜ਼ਰ ਮੈਂਬਰਾਂ ਨੂੰ ਪਿਛਲੇ ਵਰ੍ਹੇ ਦੀ ਕਾਨਫਰੰਸ ਦੀ ਸਫਲਤਾ ਲਈ ਵਧਾਈ ਦਿੱਤੀ। ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਕਾਨਫਰੰਸ ਦੇ ਆਮਦਨ/ਖ਼ਰਚ ਦੀ ਰਿਪੋਰਟ ਪੇਸ਼ ਕੀਤੀ। ਮੀਤ ਪ੍ਰਧਾਨ ਪ੍ਰੋ. ਸੁਰਿੰਦਰ ਸਿੰਘ ਸੀਰਤ ਨੇ ਕਿਹਾ ਕਿ ਕੁਲਵਿੰਦਰ, ਜਗਜੀਤ ਨੌਸ਼ਹਿਰਵੀ ਅਤੇ ਲਾਜ ਨੀਲਮ ਸੈਣੀ ਮੁੜ ਦੋ ਸਾਲ ਲਈ ਕਾਰਜਕਾਰਨੀ ਵਿੱਚ ਸਰਵਸੰਮਤੀ ਨਾਲ ਚੁਣੇ ਗਏ ਹਨ।
ਕੁਲਵਿੰਦਰ ਨੇ ਸਭ ਮੈਂਬਰਾਂ ਦਾ ਇਸ ਫ਼ੈਸਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਰ੍ਹੇ ਅਕਾਦਮੀ ਸਿਲਵਰ ਜੁਬਲੀ ’ਤੇ ਦੋ ਰੋਜ਼ਾ ਕਾਨਫਰੰਸ ਕਰਵਾਏਗੀ। ਸੁਖਦੇਵ ਸਾਹਿਲ ਨੇ ਦੱਸਿਆ ਕਿ ਉਹ ਅਕਾਦਮੀ ਦੇ ਮੈਂਬਰਾਂ ਦੀਆਂ ਗ਼ਜ਼ਲਾਂ ਅਤੇ ਗੀਤਾਂ ਦੀ ਵਿਸ਼ੇਸ਼ ਐਲਬਮ ਤਿਆਰ ਕਰੇਗਾ ਜੋ ਕਾਨਫਰੰਸ ਮੌਕੇ ਲੋਕ ਅਰਪਣ ਕੀਤੀ ਜਾਵੇਗੀ।
ਉਪਰੰਤ ਇਸ ਵਰ੍ਹੇ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਨੂੰ ਤਰਤੀਬ ਦਿੱਤੀ ਗਈ ਜਿਸ ਅਨੁਸਾਰ ਜਨਵਰੀ ਦੇ ਅਖ਼ੀਰਲੇ ਹਫ਼ਤੇ ਅਕਾਦਮੀ ਵੱਲੋਂ ਸਪਾਂਸਰਾਂ ਦੇ ਸਨਮਾਨ ਲਈ ਮੀਟਿੰਗ ਬੁਲਾਈ ਜਾਵੇਗੀ। ਮਾਰਚ ਵਿੱਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਲਾਜ ਨੀਲਮ ਸੈਣੀ ਦੇ ਸਵੈ ਜੀਵਨੀ ਮੂਲਕ ਨਾਵਲ ‘ਅਲਵਿਦਾ!...ਕਦੀ ਵੀ ਨਹੀਂ’ ਅਤੇ ਜਗਜੀਤ ਦੇ ਕਾਵਿ ਸੰਗ੍ਰਹਿ ‘ਹਾਲ ਉਥਾਈਂ ਕਹੀਏ’ ’ਤੇ ਗੋਸ਼ਟੀ ਕਰਵਾਈ ਜਾਵੇਗੀ।
ਨਵੇਂ ਸਾਲ ਵਿੱਚ ਨਵੀਆਂ ਉਮੰਗਾਂ ਨਾਲ ਪਰਵੇਸ਼ ਕਰਨ ਲਈ ਸੁਖਦੇਵ ਸਾਹਿਲ ਨੇ ਸੁਰ ਅਤੇ ਸਾਜ਼ ਨਾਲ ਸਾਂਝ ਪਾਈ। ਉਸ ਨੇ ਤਾਰਾ ਸਾਗਰ ਦਾ ਗੀਤ, ਕੁਲਵਿੰਦਰ, ਜਗਜੀਤ ਅਤੇ ਪ੍ਰੋ. ਸੀਰਤ ਦੀਆਂ ਗ਼ਜ਼ਲਾਂ ਦਾ ਗਾਇਨ ਕੀਤਾ। ਇਸ ਦੇ ਨਾਲ ਹੀ ਕਈ ਕਿਤਾਬਾਂ ’ਤੇ ਗੋਸ਼ਟੀ ਅਤੇ ਵਿਚਾਰ ਵਟਾਂਦਰਾ ਕਰਵਾਉਣ ਦੇ ਨਾਲ ਨਾਲ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ। ਇਸ ਮਿਲਣੀ ਵਿੱਚ ਸੁਖਪਾਲ ਸੰਘੇੜਾ, ਪੰਕਜ, ਅਮਰਜੀਤ ਪੰਨੂੰ, ਗੁਲਸ਼ਨ ਦਿਆਲ, ਵਿਜੈ ਸਿੰਘ, ਸੁਖਦੇਵ ਸਾਹਿਲ, ਸੋਨੂੰ ਅਤੇ ਪ੍ਰੋ. ਬਲਜਿੰਦਰ ਸਿੰਘ ਸਵੈਚ ਸ਼ਾਮਲ ਹੋਏ।
ਸੰਪਰਕ: +1 604 308 6663