For the best experience, open
https://m.punjabitribuneonline.com
on your mobile browser.
Advertisement

ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਦਫ਼ਤਰ ਘੇਰਿਆ

07:01 AM Aug 13, 2024 IST
ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਦਫ਼ਤਰ ਘੇਰਿਆ
ਡੀਈਓ ਐਲੀਮੈਂਟਰੀ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਅਧਿਆਪਕ। -ਫੋਟੋ: ਲਾਲੀ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 12 ਅਗਸਤ
ਐਲੀਮੈਂਟਰੀ ਟੀਚਰਜ਼ ਯੂਨੀਅਨ ਦੀ ਅਗਵਾਈ ਹੇਠ ਜ਼ਿਲ੍ਹੇ ’ਚ ਹੈੱਡ ਟੀਚਰਾਂ ਦੀਆਂ ਤਰੱਕੀਆਂ ਨਾ ਕਰਨ ਤੋਂ ਖਫ਼ਾ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੇ ਦਫ਼ਤਰ ਦਾ ਘਿਰਾਓ ਕੀਤਾ। ਘਿਰਾਓ ਕਰਦਿਆਂ ਰੋਸ ਧਰਨੇ ’ਤੇ ਡਟੇ ਅਧਿਆਪਕਾਂ ਨੇ ਸ਼ਾਮ ਕਰੀਬ ਸਾਢੇ ਛੇ ਵਜੇ ਤੱਕ ਅਧਿਕਾਰੀਆਂ ਦਾ ਘਿਰਾਓ ਕਰ ਕੇ ਰੱਖਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮਾਹੌਲ ਤਣਾਅਪੂਰਨ ਹੁੰਦਾ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਡਿਊਟੀ ਮੈਜਿਸਟ੍ਰੇਟ ਅਤੇ ਪੁਲੀਸ ਫੋਰਸ ਪੁੱਜੀ। ਇਸ ਤੋਂ ਪਹਿਲਾਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਭਲਵਾਨ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਅਨ ਵੱਲੋਂ ਲਗਾਤਾਰ ਛੇ ਮਹੀਨਿਆਂ ਤੋਂ ਤਰੱਕੀਆਂ ਕਰਵਾਉਣ ਲਈ ਮੰਗ ਪੱਤਰ ਦਿੱਤੇ ਜਾ ਰਹੇ ਹਨ, ਪਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਪਿਛਲੇ ਮਹੀਨੇ ਤੋਂ ਇਸ ਦਫਤਰ ਵੱਲੋਂ ਡੀਪੀਆਈ ਐਲੀਮੈਂਟਰੀ ਤੋਂ ਤਰੱਕੀਆਂ ਲਈ ਅਗਵਾਈ ਮੰਗੀ ਗਈ ਸੀ ਜਿਸ ਵਿੱਚ ਉੱਚ ਅਧਿਕਾਰੀਆਂ ਵੱਲੋਂ ਸਪਸ਼ਟ ਰੂਪ ਵਿੱਚ ਜ਼ਿਲ੍ਹਾ ਸੰਗਰੂਰ ਵਿੱਚ ਹੈਡ ਟੀਚਰਾਂ ਦੀਆਂ ਤਰੱਕੀਆਂ ਕਰਨ ਲਈ ਸਪਸ਼ਟ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਵਰਤਮਾਨ ਸਮੇਂ 55 ਦੇ ਲਗਪਗ ਹੈੱਡ ਟੀਚਰਜ਼ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਜਿਸ ਵਿੱਚ 31 ਪੋਸਟਾਂ ’ਤੇ ਹਾਈਕੋਰਟ ਵੱਲੋਂ ਸਟੇਅ ਹੁਕਮ ਜਾਰੀ ਕੀਤੇ ਹੋਏ ਹਨ ਅਤੇ ਬਾਕੀ 24 ਪੋਸਟਾਂ ’ਤੇ ਤਰੱਕੀਆਂ ਕਰਨੀਆਂ ਬਣਦੀਆਂ ਹਨ ਜਿਸ ਦੀ ਅਗਵਾਈ ਡੀਪੀਆਈ ਦਫਤਰ ਵੱਲੋਂ ਦਿੱਤੀ ਜਾ ਚੁੱਕੀ ਹੈ। ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਵੀ ਇਹ ਤਰੱਕੀਆਂ ਸਮੇਂ ਸਮੇਂ ’ਤੇ ਹੋ ਚੁੱਕੀਆਂ ਹਨ ਪਰ ਜ਼ਿਲ੍ਹਾ ਸੰਗਰੂਰ ਵਿੱਚ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ। ਐਲੀਮੈਂਟਰੀ ਟੀਚਰਜ਼ ਯੂਨੀਅਨ ਇਸ ਗੱਲ ’ਤੇ ਬੱਜ਼ਿੱਦ ਹੈ ਕਿ ਅੱਜ ਦਾ ਧਰਨਾ ਅਣਮਿਥੇ ਸਮੇਂ ਲਈ ਚੱਲਦਾ ਰਹੇਗਾ ਜਦੋਂ ਤੱਕ ਤਰੱਕੀਆਂ ਦੀ ਪਹਿਲੀ ਸੂਚੀ ਜਾਰੀ ਨਹੀਂ ਕੀਤੀ ਜਾਂਦੀ। ਧਰਨੇ ਨੂੰ ਰਾਜ ਸਿੰਘ ਸ਼ੇਰੋਂ, ਜਸਵੀਰ ਸਿੰਘ ਸਾਬਕਾ ਸੀਐਚਟੀ, ਜਗਰੂਪ ਸਿੰਘ ਧਾਂਦਰਾ, ਜਸਵਿੰਦਰ ਸਿੰਘ, ਕੁਲਦੀਪ ਸਿੰਘ, ਨਵਦੀਪ ਸਿੰਘ, ਲਖਵੀਰ ਸਿੰਘ, ਅਮਨਦੀਪ ਸਿੰਘ, ਬਲਕਾਰ ਸਿੰਘ, ਗੁਰਭੇਜ ਸਿੰਘ ਤੇ ਸੁਰਿੰਦਰਪਾਲ ਮਿੱਤਲ ਆਦਿ ਨੇ ਸੰਬੋਧਨ ਕੀਤਾ।
ਸ਼ਾਮ ਕਰੀਬ ਸਾਢੇ ਛੇ ਵਜੇ ਡਿਊਟੀ ਮੈਜਿਸਟ੍ਰੇਟ ਅਤੇ ਪੁਲੀਸ ਵਲੋਂ ਦਖਲ ਦੇਣ ’ਤੇ ਡੀਈਓ ਐਲੀਮੈਂਟਰੀ ਨੇ ਭਰੋਸਾ ਦਿਵਾਇਆ ਕਿ ਭਲਕੇ 13 ਅਗਸਤ ਨੂੰ ਮਸਲਾ ਹੱਲ ਕਰ ਦਿੱਤਾ ਜਾਵੇਗਾ ਜਿਸ ਮਗਰੋਂ ਘਿਰਾਓ ਸਮਾਪਤ ਕੀਤਾ ਗਿਆ।

Advertisement

Advertisement
Advertisement
Author Image

sukhwinder singh

View all posts

Advertisement